ਜੰਗਲ ਦੀਆਂ ਚਿਣਗਾਂ

ਜੰਗਲਨਾਮਾ-7
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ।

ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ। ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ

ਸਤਨਾਮ
ਨਾਸ਼ਤਾ ਅੱਜ ਸਵੀਟ ਡਿਸ਼ ਹੈ। ਪਤੀਲਾ ਰਵੇ ਦੇ ਕੜਾਹ ਨਾਲ ਭਰਿਆ ਪਿਆ ਸੀ ਜਿਸ ਵਿਚ ਮੂੰਗਫਲੀ ਦੀ ਗਿਰੀ ਪਾਈ ਗਈ ਸੀ। ਖਾਣ ਵਾਲੇ ਮਜ਼ਾ ਲੈ ਲੈ ਕੇ ਖਾ ਰਹੇ ਸਨ ਜਦ ਕਿ ਦੂਸਰੇ ਆਪਣੀ ਵਾਰੀ ਵਾਸਤੇ ਉਤਸੁਕ ਸਨ। ਮੈਂ ਵੀ ਖੁਸ਼ ਹੋਇਆ ਕਿ ਅੱਜ ਬਹੁਤ ਦਿਨਾਂ ਬਾਅਦ ਮਿੱਠੀ ਚੀਜ਼ ਦਾ ਮੂੰਹ ਦੇਖਣ ਨੂੰ ਮਿਲਿਆ। ਸੋਚਿਆ, ਅਜਿਹਾ ਇਥੇ ਕਦੇ ਕਦਾਈਂ ਹੀ ਹੁੰਦਾ ਹੋਵੇਗਾ। ਥਾਲੀ ਲੈ ਕੇ ਜਦ ਮੈਂ ਚੱਖਿਆ ਤਾਂ ਮੇਰਾ ਮੂੰਹ ਥਾਏਂ ਖੜ੍ਹ ਗਿਆ। ਇਹ ਨਮਕੀਨ ਪਲਾਅ ਸੀ- ਦੱੱਖਣ ਦੀ ਮਸ਼ਹੂਰ ਡਿਸ਼। ਹੌਲੀ ਹੌਲੀ ਮਿੱਠੇ ਦਾ ਖਿਆਲ ਮਨ ਚੋਂ ਮੱਧਮ ਪੈਂਦਾ ਗਿਆ ਤੇ ਜ਼ੁਬਾਨ ਦਾ ਸਵਾਦ ਬਦਲਦਾ ਗਿਆ। ਅੱਧੀ ਪਲੇਟ ਮੁੱਕਣ ਤੱਕ ਮੈਨੂੰ ਸਵਾਦ ਆਉਣ ਲੱਗ ਪਿਆ।
ਮਿੱਠਾ ਸਿਰਫ਼ ਚਾਹ ਵਿਚ ਹੀ ਪੈਂਦਾ ਹੈ, ਬਾਕੀ ਦੀ ਹਰ ਚੀਜ਼ ਨਮਕੀਨ ਹੁੰਦੀ ਹੈ ਜਾਂ ਫਿੱਕੀ। ਚਾਹ ਵੀ ਸਿਰਫ਼ ਗੁਰੀਲਿਆਂ ਦੀ ਹੀ ਅੱਯਾਸ਼ੀ ਹੈ। ਗੌਂਡ ਲੋਕ ਮਿੱਠੀ ਚੀਜ਼ ਪਸੰਦ ਹੀ ਨਹੀਂ ਕਰਦੇ। ਬਸਤਰ ਦੇ ਪਿੰਡਾਂ ਵਿਚ ਲੱਗਣ ਵਾਲੇ ਹਾਟ ਬਾਜ਼ਾਰਾਂ ਵਿਚ, ਜਿਹੜੇ ਪੰਦਰਾਂ ਦਿਨ ਜਾਂ ਕਈ ਵਾਰ ਪੂਰੇ ਮਹੀਨੇ ਬਾਅਦ ਲੱਗਦੇ ਹਨ, ਨਮਕ ਪਹਿਲੀ ਵਸਤੂ ਹੈ ਜਿਸ ਨੂੰ ਲੋਕ ਖਰੀਦਦੇ ਹਨ। ਏਥੇ ਮਿਲਣ ਵਾਲੇ ਨਮਕ ਦਾ ਰੰਗ ਲਾਲ ਭਾਅ ਮਾਰਦਾ ਹੈ ਅਤੇ ਦਾਣੇਦਾਰ ਹੁੰਦਾ ਹੈ। ਆਇਓਡਾਇਜ਼ਡ ਸਾਲਟ ਨਾ ਉਨ੍ਹਾਂ ਕਦੇ ਸੁਣਿਆ ਹੈ, ਨਾ ਹੀ ਦੇਖਿਆ ਹੈ। ਖੰਡ ਇਨ੍ਹਾਂ ਹਾਟ ਬਾਜ਼ਾਰਾਂ ਵਿਚੋਂ ਨਹੀਂ ਮਿਲਦੀ। ਲੋਕ ਖਰੀਦਦੇ ਹੀ ਨਹੀਂ। ਉਨ੍ਹਾਂ ਨੇ ਇਸ ਦਾ ਸਵਾਦ ਵੀ ਨਹੀਂ ਚੱਖਿਆ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਉਨ੍ਹਾਂ ਦੀ ਸਮਰੱਥਾ ਤੋਂ ਪਰੇ ਦੀ ਚੀਜ਼ ਹੈ। ਖੰਡ, ਗੁੜ, ਸ਼ਹਿਦ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹਨ। ਮਿਠਾਈ ਨਾਮ ਦੀ ਚੀਜ਼ ਨੂੰ ਜੰਗਲ ਦੇ ਲੋਕ ਨਹੀਂ ਜਾਣਦੇ। ਸ਼ਾਦੀ ਵਿਆਹ ਦੀ ਦਾਅਵਤ ਵਿਚ ਵੀ ਇਸ ਦਾ ਕੋਈ ਸਥਾਨ ਨਹੀਂ ਹੁੰਦਾ। ਵਿਆਹਾਂ ਅਤੇ ਮਰਨਿਆਂ ਵੇਲੇ ਦੀਆਂ ਦਾਅਵਤਾਂ ਵਿਚ ਸ਼ਰਾਬ ਤੇ ਮਾਸ ਹੁੰਦੇ ਹਨ। ਏਥੋਂ ਤਕ ਕਿ ਜਦ ਗੌਂਡ ਲੜਕੇ ਦੇ ਮਾਂ-ਬਾਪ ਉਸ ਦੀ ਹੋਣ ਵਾਲੀ ਵਹੁਟੀ ਘਰ ਰਿਸ਼ਤਾ ਪੱਕਾ ਕਰਨ ਜਾਂਦੇ ਹਨ, ਤਾਂ ਉਹ ਸ਼ਰਾਬ ਹੀ ਲੈ ਕੇ ਜਾਂਦੇ ਹਨ। ਜੇ ਲੜਕੀ ਦੇ ਮਾਂ-ਬਾਪ ਉਨ੍ਹਾਂ ਨਾਲ ਮਿਲ ਕੇ ਪੀ ਲੈਣ, ਤਾਂ ਰਿਸ਼ਤਾ ਤੈਅ ਹੋ ਗਿਆ ਮੰਨ ਲਿਆ ਜਾਂਦਾ ਹੈ। ਮਿੱਠੇ ਦਾ ਸਥਾਨ ਕਿਤੇ ਨਹੀਂ ਹੈ। ਚਾਹ ਵੀ ਉਹੀ ਗੌਂਡ ਪੀਂਦੇ ਹਨ ਜਿਹੜੇ ਦਸਤਿਆਂ ਵਿਚ ਸ਼ਾਮਲ ਹਨ। ਆਮ ਜਨਤਾ ਚਾਹ ਨਹੀਂ ਪੀਂਦੀ (ਕਸਬਿਆਂ ਦੇ ਨਾਲ ਵਾਲੇ ਪਿੰਡਾਂ ਵਿਚ ਹਾਲਤ ਥੋੜ੍ਹੀ ਜਿਹੀ ਅਲੱਗ ਹੈ)। ਜਦ ਪਿੰਡ ਵਿਚੋਂ ਕੋਈ ਮੁੰਡਾ ਜਾਂ ਕੁੜੀ ਗੁਰੀਲਿਆਂ ਨਾਲ ਬੈਠ ਕੇ ਚਾਹ ਪੀਣ ਲੱਗ ਪਵੇ ਤਾਂ ਸਮਝ ਲਵੋ ਕਿ ਉਹ ਜਲਦੀ ਹੀ ਉਨ੍ਹਾਂ ਵਿਚ ਸ਼ਾਮਲ ਹੋਣ ਲੱਗਾ ਹੈ।
ਬੇਸ਼ੱਕ, ਨਮਕੀਨ ਪੁਲਾਅ ਤੋਂ ਬਾਅਦ ਚਾਹ ਹੋਰ ਵੀ ਸਵਾਦ ਲੱਗੀ। ਜੇ ਖੰਡ ਤੇ ਦੁੱਧ ਹੋਣ ਤਾਂ ਗੁਰੀਲੇ ਦਿਨ ਵਿਚ ਦੋ ਵਾਰ ਚਾਹ ਪੀਂਦੇ ਹਨ। ਸਵੇਰੇ ਨਾਸ਼ਤੇ ਨਾਲ, ਸ਼ਾਮ ਨੂੰ ਰਾਤ ਦੇ ਖਾਣੇ ਤੋਂ ਪਹਿਲਾਂ।
ਨਾਸ਼ਤੇ ਤੋਂ ਬਾਅਦ ਮੈਂ ਰਸੋਈ ਵਿਚ ਕੁਝ ਸਮਾਂ ਬਿਤਾਉਣ ਬਾਰੇ ਸੋਚਿਆ ਤਾਂ ਕਿ ਉਥੇ ਬੈਠੇ 13-14 ਸਾਲ ਦੇ ਦੋ ਮੁੰਡਿਆਂ ਨਾਲ ਗੱਲਬਾਤ ਕਰ ਸਕਾਂ। ਉਹ ਵਰਦੀ ਵਿਚ ਨਹੀਂ ਸਨ ਅਤੇ ਮੈਂ ਜਾਨਣਾ ਚਾਹੁੰਦਾ ਸਾਂ ਕਿ ਉਹ ਏਥੇ ਕੀ ਕਰਨ ਆਏ ਹਨ। ਰੋਜ਼ ਹੀ ਤਿੰਨ ਚਾਰ ਮੁੰਡੇ ਕੁੜੀਆਂ ਸਿਵਲ ਡਰੈੱਸ ਪਾਈ ਰਸੋਈ ਵਿਚ ਮੈਨੂੰ ਦਿਸਦੇ ਸਨ। ਹਰ ਰੋਜ਼ ਇਹ ਅਲੱਗ ਹੀ ਹੁੰਦੇ ਸਨ। ਯਕੀਨਨ, ਇਹ ਮੁੰਡੇ ਕੁੜੀਆਂ ਖ਼ੇਮੇ ਵਿਚਲੇ ਗੁਰੀਲੇ ਨਹੀਂ ਸਨ।
ਉਨ੍ਹਾਂ ਦੇ ਪਿੰਡਾਂ ਦੇ ਨਾਮ ਅਜੀਬ ਜਿਹੇ ਸਨ ਜਿਹੜੇ ਹੁਣ ਮੇਰੇ ਜ਼ਿਹਨ ਵਿਚੋਂ ਨਿਕਲ ਗਏ ਹਨ। ਨਾਮ ਤਾਂ ਉਂਜ ਹੀ ਮੈਨੂੰ ਯਾਦ ਨਹੀਂ ਰਹਿੰਦੇ, ਪਰ ਇਹ ਤਾਂ ਗੌਂਡ ਬੋਲੀ ਦੇ ਨਾਮ ਸਨ ਜਿਨ੍ਹਾਂ ਨੂੰ ਯਾਦ ਰੱਖਣਾ ਹੋਰ ਵੀ ਮੁਸ਼ਕਲ ਕੰਮ ਸੀ। ਉਨ੍ਹਾਂ ਵਿਚੋਂ ਇਕ ਜਣਾ ਤਿੰਨ ਸਾਲ ਸਕੂਲ ਗਿਆ ਸੀ ਤੇ ਹਿੰਦੀ ਬੋਲ ਸਕਦਾ ਸੀ। ਉਸ ਨੇ ਆਪਣਾ ਨਾਮ ਦੱਸਿਆ, ਪਰ ਜਦ ਮੈਂ ਦੂਸਰੇ ਨੂੰ ਉਸ ਦਾ ਨਾਮ ਪੁੱਛਿਆ ਤਾਂ ਉਹ ਹੱਸਣ ਲੱਗ ਪਿਆ।
“ਇਹ ਹਿੰਦੀ ਨਹੀਂ ਸਮਝਦਾ। ਇਹਨੂੰ ਪਤਾ ਹੀ ਨਹੀਂ ਲੱਗਾ ਕਿ ਪੁੱਛਿਆ ਕੀ ਗਿਆ ਹੈ।” ਪਹਿਲੇ ਨੇ ਕਿਹਾ।
ਮੈਂ ਪਹਿਲੇ ਨੂੰ ਕਿਹਾ ਕਿ ਉਹ ਮੈਨੂੰ ਦੱਸੇ ਕਿ ਮੈਂ ਗੌਂਡ ਬੋਲੀ ਵਿਚ ਇਸ ਦਾ ਨਾਂ ਕਿਵੇਂ ਪੁੱਛਾਂ।
“ਪਿਦਰ ਬਾਤਾ।”
“ਪਿਦਰ ਬਾਤਾ?” ਮੈਂ ਦੂਸਰੇ ਨੂੰ ਸੰਬੋਧਤ ਹੋ ਕੇ ਪਹਿਲੇ ਦੇ ਸ਼ਬਦ ਦੁਹਰਾਅ ਦਿੱਤੇ।
“ਕੰਨਾ।” ਉਸ ਨੇ ਜਵਾਬ ਦਿੱਤਾ। ਦੋਵਾਂ ਨਾਲ ਇਸ ਤਰ੍ਹਾਂ ਗੱਲਬਾਤ ਕਰਨ ਦਾ ਤਰੀਕਾ ਛੱਡ ਕੇ ਮੈਂ ਸਿਰਫ਼ ਪਹਿਲੇ ਤੋਂ ਹੀ ਜਾਣਕਾਰੀ ਹਾਸਲ ਕਰਨ ਦਾ ਫ਼ੈਸਲਾ ਕੀਤਾ।
ਤਿੰਨ ਜਮਾਤਾਂ ਪੜ੍ਹੇ ਉਸ ਮੁੰਡੇ ਨੇ ਮੇਰੇ ਹਰ ਸਵਾਲ ਦਾ ਜਵਾਬ ਸਪਸ਼ਟ ਹਿੰਦੀ ਵਿਚ ਦਿੱਤਾ। ਤਿੰਨ ਤਿੰਨ ਸਾਲਾਂ ਤੋਂ ਦਸਤਿਆਂ ਵਿਚ ਸ਼ਾਮਲ ਲੜਕੇ ਲੜਕੀਆਂ ਅਜੇ ਇਸ ਮੁਕਾਮ ‘ਤੇ ਨਹੀਂ ਪਹੁੰਚੇ ਸਨ ਕਿ ਉਹ ਐਨੀ ਹੀ ਆਸਾਨੀ ਨਾਲ ਹਿੰਦੀ ਬੋਲ ਸਕਦੇ, ਪਰ ਉਹ ਲੜਕਾ ਕਾਫ਼ੀ ਹੁਸ਼ਿਆਰ ਤੇ ਤੇਜ਼ ਸੀ।
ਹਿੰਦੀ ਬੋਲ ਸਕਣ ਵਾਲੇ “ਲੱਚਾ” ਨਾਮ ਦੇ ਉਸ ਮੁੰਡੇ ਨੇ ਮੈਨੂੰ ਦੱਸਿਆ ਕਿ ਉਹ ਰਸੋਈ ਦੀਆਂ ਜ਼ਿੰਮੇਵਾਰੀਆਂ ਵਿਚ ਹੱਥ ਵੰਡਾਉਣ ਆਏ ਹਨ। ਦੋ ਮੁੰਡੇ ਤੇ ਤਿੰਨ ਕੁੜੀਆਂ। ਉਨ੍ਹਾਂ ਨੂੰ ਪਿੰਡ ਵਾਲਿਆਂ ਨੇ ਭੇਜਿਆ ਸੀ। ਕੁੜੀਆਂ ਪਾਣੀ ਲੈਣ ਗਈਆਂ ਹੋਈਆਂ ਸਨ ਤੇ ਇਹ ਮੁੰਡੇ ਲੱਕੜਾਂ ਇਕੱਠੀਆਂ ਕਰ ਕੇ ਲਿਆਏ ਸਨ। ਹਰ ਰੋਜ਼ ਕਿਸੇ ਵੱਖ ਪਿੰਡ ਵੱਲੋਂ ਇਹ ਜ਼ਿੰਮੇਦਾਰੀ ਨਿਭਾਈ ਜਾਂਦੀ ਸੀ ਅਤੇ ਵਾਰੀਆਂ ਬੱਝੀਆਂ ਹੋਈਆਂ ਸਨ।
“ਤੂੰ ਆਪਣੀ ਇੱਛਾ ਨਾਲ ਆਇਆ ਹੈਂ?” ਮੈਂ ਸਵਾਲ ਕੀਤਾ।
“ਹਾਂ। ਮੈਂ ਇਕ ਦਿਨ ਪਹਿਲਾਂ ਵੀ ਆਇਆ ਸਾਂ। ਅੱਜ ਫਿਰ ਮੇਰਾ ਦਿਲ ਕੀਤਾ ਕਿ ਆਵਾਂ।” ਉਸ ਨੇ ਸਹਿਜ-ਭਾਅ ਉਤਰ ਦਿੱਤਾ।
“ਸੋ ਤੈਨੂੰ ਇਹ ਲੋਕ ਚੰਗੇ ਲਗਦੇ ਨੇ?”
“ਹਾਂ। ਜੇ ਇਹ ਕਈ ਦਿਨ ਨਾ ਆਉਣ ਤਾਂ ਮੈਨੂੰ ਚਿੰਤਾ ਹੋ ਜਾਂਦੀ ਹੈ। ਮੈਂ ਇਨ੍ਹਾਂ ਨੂੰ ਉਡੀਕਣ ਲੱਗ ਪੈਂਦਾ ਹਾਂ।”
“ਚਿੰਤਾ? ਕਾਹਦੀ ਚਿੰਤਾ?”
“ਇਨ੍ਹਾਂ ਦੇ ਨਾ ਆਉਣ ਦੀ।”
“ਤੈਨੂੰ ਇਨ੍ਹਾਂ ਦਾ ਕੀ ਫ਼ਾਇਦਾ ਹੈ?”
ਸਵਾਲ ਸੁਣ ਕੇ ਉਹ ਚੁੱਪ ਰਿਹਾ। ਮੈਂ ਉਸ ਨੂੰ ਸਵਾਲ ਦੁਹਰਾਉਣ ਤੋਂ ਪਹਿਲਾਂ ਪੁੱਛਿਆ ਕਿ ਕੀ ਉਸ ਨੂੰ “ਫ਼ਾਇਦਾ” ਸ਼ਬਦ ਦੇ ਅਰਥ ਆਉਂਦੇ ਹਨ, ਉਸ ਨੇ ‘ਹਾਂ’ ਵਿਚ ਜਵਾਬ ਦਿੱਤਾ। ਮੈਂ ਸਵਾਲ ਫਿਰ ਦੁਹਰਾਅ ਦਿੱਤਾ।
“ਨਾ ਆਉਣ ਤਾਂ ਚਿੰਤਾ ਹੋਵੇਗੀ, ਪਰ ਇਹ ਮੈਨੂੰ ਪਤਾ ਨਹੀਂ ਕਿ ਕੀ ਫ਼ਾਇਦਾ ਹੁੰਦਾ ਹੈ।”
ਕੁਝ ਪਲ ਸੋਚਣ ਤੋਂ ਬਾਅਦ ਉਸ ਨੇ ਕਿਹਾ, “ਕੋਈ ਫ਼ਾਇਦਾ ਨਹੀਂ ਹੁੰਦਾ।”
“ਫਿਰ ਚਿੰਤਾ ਦਾ ਕੀ ਕਾਰਨ?”
ਉਹ ਥੋੜ੍ਹਾ ਉਲਝ ਗਿਆ। ਮੈਂ ਉਸ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਫ਼ਾਇਦਾ ਤੇ ਚਿੰਤਾ ਦੋਵਾਂ ਨੂੰ ਆਪਸ ਵਿਚ ਜੋੜ ਸਕੇ ਅਤੇ ਕਿਸੇ ਨਤੀਜੇ ਉਪਰ ਪਹੁੰਚੇ; ਕਿ ਜਾਂ ਤਾਂ ਉਸ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਜਾਂ ਜ਼ਰੂਰ ਹੀ ਕੋਈ ਫ਼ਾਇਦੇ ਹੁੰਦੇ ਹੋਣਗੇ। ਮੈਂ ਕਿਸੇ ਸਿੱਟੇ ਉਪਰ ਪਹੁੰਚਣਾ ਚਾਹੁੰਦਾ ਸਾਂ।
“ਚਿੰਤਾ ਵੀ ਹੁੰਦੀ ਹੈ। ਚੰਗੇ ਵੀ ਲਗਦੇ ਹਨ। ਹਾਂ, ਇਨ੍ਹਾਂ ਕਾਰਨ ਪੁਲਿਸ ਨਹੀਂ ਆਉਂਦੀ।’ ਉਸ ਨੇ ਸੋਚ ਸੋਚ ਕਿਹਾ।
“ਪੁਲਿਸ ਤੰਗ ਕਰਦੀ ਹੈ?”
“ਪੁਲਿਸ ਸਾਡੇ ਮੁਰਗੇ ਖਾ ਜਾਂਦੀ ਹੈ।” ਉਸ ਨੇ ਸਿੱਧਾ ਜਵਾਬ ਦਿੱਤਾ।
“ਇਹ ਤੰਗ ਨਹੀਂ ਕਰਦੇ?”
“ਨਹੀਂ।” ਕਹਿੰਦਾ ਹੋਇਆ ਉਹ ਮੁਸਕਰਾਇਆ।
‘ਦਾਦਾ ਲੋਗਾਂ’ ਦੇ ਕੰਮ ਉਹ ਮਰਜ਼ੀ ਨਾਲ ਕਰਨ ਆਉਂਦਾ ਸੀ। ਦਸਤੇ ਵਿਚ ਸ਼ਾਮਲ ਹੋਣ ਦੀ ਉਸ ਦੀ ਆਪਣੀ ਇੱਛਾ ਕੋਈ ਨਹੀਂ ਸੀ, ਕਿਉਂਕਿ ਉਹ ਮਾਂ-ਬਾਪ ਦਾ ਇਕਲੌਤਾ ਬੱਚਾ ਸੀ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨਾ ਚਾਹੁੰਦਾ ਸੀ। ਉਸ ਦੇ ਪਿੰਡ ਦੀਆਂ ਦੋ ਕੁੜੀਆਂ ਤੇ ਇਕ ਨੌਜਵਾਨ ਦਸਤਿਆਂ ਵਿਚ ਸ਼ਾਮਲ ਸਨ ਜਿਸ ਕਾਰਨ ਉਸ ਨੂੰ ਖੁਸ਼ੀ ਹੁੰਦੀ ਸੀ ਤੇ ਚਿੰਤਾ ਵੀ। ਇਸ ਕੈਂਪ ਵਿਚ ਉਸ ਦੇ ਪਿੰਡ ਦੇ ਤਿੰਨਾਂ ਗੁਰੀਲਿਆਂ ਵਿਚੋਂ ਕੋਈ ਵੀ ਸ਼ਾਮਲ ਨਹੀਂ ਸੀ। ਪੁਲਿਸ ਉਤੇ ਉਹ “ਮੁਰਗ਼ੇ ਖਾਣ” ਕਾਰਨ ਖ਼ਫ਼ਾ ਸੀ।
ਤਦੇ ਕੁੜੀਆਂ ਨਦੀ ਤੋਂ ਪਾਣੀ ਲੈ ਕੇ ਮੁੜੀਆਂ। ਉਹ ਮੇਰੇ ਇਸ਼ਾਰਾ ਕਰਨ ਉਤੇ ਸਾਡੇ ਵੱਲ ਆ ਤਾਂ ਗਈਆਂ, ਪਰ ਅਣਜਾਣ ਬੋਲੀ ਦੀ ਦੀਵਾਰ ਕਾਰਨ ‘ਇੱਲਾ ਇੱਲਾ’ ਕਹਿੰਦੀਆਂ ਤੇ ਲੋਟ-ਪੋਟ ਹੁੰਦੀਆਂ ਰਸੋਈ ਦੇ ਕੰਮ ਵਿਚ ਰੁਝ ਗਈਆਂ।
ਵਾਪਸ ਪਰਤਦਿਆਂ ਰਸਤੇ ਵਿਚ ਐਤੂ ਮਿਲ ਗਿਆ। ਉਹ ਰਸੋਈ ਵੱਲ ਜਾ ਰਿਹਾ ਸੀ।
“ਅੱਜ ਕਸਰਤ-ਮੈਦਾਨ ਨਹੀਂ ਆਏ?” ਹੱਥ ਮਿਲਾਉਂਦਿਆਂ ਉਸ ਨੇ ਪੁੱਛਿਆ।
“ਸੈਰ-ਮੈਦਾਨ ਚਲੇ ਗਏ।”
ਐਤੂ ਭਾਈ ਨੂੰ ਮੈਂ ਨਹਾਉਣ ਜਾਣ ਵਾਸਤੇ ਮਨਾ ਲਿਆ। ਉਹ ਦਸ ਮਿੰਟਾਂ ਵਿਚ ਆਉਣ ਦਾ ਵਾਅਦਾ ਕਰ ਕੇ ਤੇਜ਼ ਕਦਮਾਂ ਨਾਲ ਰਸੋਈ ਵੱਲ ਉਤਰ ਗਿਆ।

ਨਦੀ ਉਤੇ ਅਸੀਂ ਚਾਰ ਲੋਕ ਸਾਂ। ਐਤੂ ਭਾਈ ਇਕ ਜਣੇ ਨੂੰ ਹੋਰ ਨਾਲ ਲੈ ਕੇ ਆਇਆ ਸੀ। ਤਿੰਨ ਜਣੇ ਨਹਾਉਣ ਲੱਗ ਪਏ ਤੇ ਕੋਸਾ ਵੱਡੇ ਪੱਥਰ ਉਤੇ ਚੜ੍ਹ ਕੇ ਦਰੱਖ਼ਤ ਦੇ ਇੱਕ ਤਣੇ ਦਾ ਸਹਾਰਾ ਲੈ ਕੇ ਖੜ੍ਹਾ ਹੋ ਗਿਆ। ਜਦ ਤਕ ਉਨ੍ਹਾਂ ਦੋਵਾਂ ਵਿਚੋਂ ਕੋਈ ਨਹਾ ਨਹੀਂ ਲਵੇਗਾ, ਤਦ ਤਕ ਕੋਸਾ ਉਥੇ ਹੀ ਡਟਿਆ ਰਹੇਗਾ। ਐਤੂ ਨੇ ਤਾਲਾਬ ਬਣਾਉਣ, ਬੰਧ ਉਸਾਰਨ ਅਤੇ ਇਥੋਂ ਤੱਕ ਕਿ ਸਮੁੱਚੇ ਇਲਾਕੇ ਦਾ ਹੁਲੀਆ ਹੀ ਬਦਲ ਦੇਣ ਦਾ ਖ਼ਾਕਾ ਨਹਾਉਂਦੇ ਨਹਾਉਂਦੇ ਹੀ ਮੇਰੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ। ਉਸ ਦਾ ਖ਼ਾਕਾ ਸੋਚਣ ਵਾਸਤੇ ਸਮੱਗਰੀ ਮੁਹੱਈਆ ਕਰਨ ਵਾਲਾ ਸੀ। ਇਕ ਚੀਜ਼ ਦੂਸਰੀ ਚੀਜ਼ ਦਾ ਕਾਰਨ ਬਣ ਕੇ ਉਸ ਨੂੰ ਪੈਦਾ ਕਰਦੀ ਅਤੇ ਫਿਰ ਦੂਸਰੀ ਕਿਸੇ ਹੋਰ ਚੀਜ਼ ਦੇ ਪੈਦਾ ਹੋਣ ਦਾ ਕਾਰਨ ਹੋ ਨਿਬੜਦੀ। ਮੁਰਗ਼ੀਆਂ-ਆਂਡੇ-ਚੂਜ਼ੇ ਅਤੇ ਫਿਰ ਪੋਲਟਰੀ ਫਾਰਮ। ਬੰਧ-ਮੱਛੀਆਂ-ਸਿੰਜਾਈ-ਸਬਜ਼ੀਆਂ-ਅਨਾਜ ਅਤੇ ਫਿਰ ਖ਼ੁਰਾਕ ਸਬੰਧੀ ਆਤਮ-ਨਿਰਭਰਤਾ। ਜੜ੍ਹੀਆਂ-ਬੂਟੀਆਂ-ਦਵਾਈਆਂ-ਡਾਕਟਰ ਅਤੇ ਫਿਰ ਬਿਮਾਰੀਆਂ ਦਾ ਇਲਾਜ। ਜੱਦੋਜਹਿਦ-ਸਿਰਜਣਾ-ਜੱਦੋਜਹਿਦ। ਜੰਗਲ ਦੀ ਕੋਈ ਵੀ ਚੀਜ਼ ਉਠਾਓ, ਉਸ ਦੀ ਵਰਤੋਂ ਸਬੰਧੀ ਪੂਰੇ ਦਾ ਪੂਰਾ ਪ੍ਰਬੰਧ ਖੜ੍ਹਾ ਹੋ ਜਾਂਦਾ ਅਤੇ ਅੰਤ ਉਹ ਲੋਕਾਂ ਦੇ ਜੀਵਨ ਮਿਆਰ ਨੂੰ ਉਚਾ ਚੁੱਕਣ ਦਾ ਸਾਧਨ ਹੋ ਨਿੱਬੜਦਾ। ਐਤੂ ਅਜਿਹਾ ਅਮਲ ਛੇੜ ਦੇਣਾ ਚਾਹੁੰਦਾ ਸੀ, ਮੌਜੂਦਾ ਹਾਲਤ ਨੂੰ ਬਦਲ ਦੇਣਾ ਚਾਹੁੰਦਾ ਸੀ।
ਸਾਡੇ ਸ਼ੇਖ਼ ਚਿੱਲੀ ਦੀ ਕਹਾਣੀ ਮਸ਼ਹੂਰ ਹੈ ਤਾਂ ਚੀਨ ਵਿਚ ਮੂਰਖ਼ ਬੁੱਢੇ ਦੀ। ਸ਼ੇਖ ਚਿੱਲੀ ਦਾ ਸੁਪਨ-ਮਹੱਲ ਢਹਿ-ਢੇਰੀ ਹੋ ਜਾਂਦਾ ਹੈ, ਪਰ ਮੂਰਖ਼ ਬੁੱਢਾ ਪਹਾੜ ਹਟਾਉਣ ਵਿਚ ਕਾਮਯਾਬ ਰਹਿੰਦਾ ਹੈ। ਬਿਹਾਰ ਵਿਚ ਇੱਕ ਬੰਦੇ ਨੇ ਅਜਿਹਾ ਕ੍ਰਿਸ਼ਮਾ ਕਰ ਵੀ ਦਿਖਾਇਆ। ਉਸ ਨੇ ਨਾ ਮੂਰਖ ਬੁੱਢੇ ਦੀ ਕਹਾਣੀ ਪੜ੍ਹੀ ਹੋਵੇਗੀ, ਨਾ ਫਰਹਾਦ ਦਾ ਨਾਮ ਸੁਣਿਆ ਹੋਵੇਗਾ। ਐਤੂ ਨੂੰ ਵੀ ਯਕੀਨ ਹੈ ਕਿ ਇਕ ਦਿਨ ਪਹਾੜ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ। ਕੁਦਾਲ ਹਮੇਸ਼ਾ ਉਸ ਦੇ ਹੱਥਾਂ ਵਿਚ ਰਹਿੰਦੀ ਹੈ। ਉਹ ਪੱਥਰ ਤੋੜਦਾ ਰਹਿੰਦਾ ਹੈ ਤੇ ਮਿੱਟੀ ਹਟਾਉਂਦਾ ਰਹਿੰਦਾ ਹੈ। ਪ੍ਰੋਮਿਥੀਅਸ ਸੱਚੀਂ ਹੀ ਸਵਰਗਾਂ ਤੋਂ ਅੱਗ ਲੈ ਕੇ ਆਇਆ ਸੀ ਕਿ ਨਹੀਂ, ਦੇਵਤਿਆਂ ਨੇ ਸਮੁੰਦਰ ਨੂੰ ਅਸਲੀਅਤ ਵਿਚ ਰਿੜਕਿਆ ਸੀ ਕਿ ਨਹੀਂ, ਇਸ ਉਤੇ ਧਾਰਮਿਕ ਅਕੀਦੇ ਵਾਲਾ ਵੀ ਸ਼ੱਕ ਕਰ ਸਕਦਾ ਹੈ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਇਹ ਮਿਥਿਹਾਸ ਮੰਨੇ ਜਾਂਦੇ ਹਨ।
ਬਸਤਰ ਦਾ ਜੰਗਲ ਠੇਕੇਦਾਰਾਂ, ਹਾਕਮਾਂ, ਚੋਰ-ਉਚੱਕਿਆਂ ਦੀ ਪਕੜ ਤੋਂ ਕਾਫ਼ੀ ਹੱਦ ਤੱਕ ਆਜ਼ਾਦ ਹੋ ਗਿਆ ਹੈ, ਕੁੜੀਆਂ ਬੇ-ਖ਼ੌਫ਼ ਹੋ ਕੇ ਜੰਗਲ ਵਿਚ ਵਿਚਰਦੀਆਂ ਹਨ ਅਤੇ ਮਾਂ-ਬਾਪ ਨੂੰ ਕੋਈ ਹੌਲ ਨਹੀਂ ਉਠਦੇ, ਨਵੀਂ ਸਿਰਜਣਾ ਦੀ ਕਾਂਗ ਹੌਲੀ ਹੌਲੀ ਵੇਗ ਫੜ ਰਹੀ ਹੈ, ਸੁਪਨਾ ਹਕੀਕਤ ਵਿਚ ਬਦਲ ਰਿਹਾ ਹੈ ਅਤੇ ਜਦ ਗੁਰੀਲੇ ਕਈ ਕਈ ਦਿਨ ਨਹੀਂ ਪਹੁੰਚਦੇ ਤਾਂ ਲੱਚਾ ਅਤੇ ਕੰਨਾ ਜਿਹੇ ਵੱਡੇ ਹੋ ਰਹੇ ਬੱਚੇ ਚਿੰਤਤ ਹੋ ਜਾਂਦੇ ਹਨ। ਉਹ ਪਹਾੜ ਨੂੰ ਆਪਣੀਆਂ ਅੱਖਾਂ ਨਾਲ ਹਟਦਾ ਹੋਇਆ ਦੇਖ ਰਹੇ ਹਨ, ਮਿਥਿਹਾਸ ਨੂੰ ਹਕੀਕਤ ਵਿਚ ਢਲਦਾ ਹੋਇਆ ਦੇਖ ਰਹੇ ਹਨ।
ਐਤੂ ਸਾਥੋਂ ਪਹਿਲਾਂ ਨਦੀ ਚੋਂ ਨਿਕਲਿਆ ਅਤੇ ਪਰਨੇ ਨੂੰ ਹੱਥ ਪਾਉਂਦੇ ਹੋਏ ਬੋਲਿਆ, “ਕੋਸਾ! ਤਿਆਰ ਹੋ ਜਾ, ਮੈਂ ਤੇਰੀ ਥਾਂ ਆ ਰਿਹਾਂ।”
ਜਦ ਤਕ ਅਸੀਂ ਨਦੀ ‘ਚੋਂ ਨਿਕਲੇ, ਐਤੂ ਕੋਸਾ ਦੀ ਥਾਂ ਲੈ ਚੁੱਕਾ ਸੀ ਅਤੇ ਕੋਸਾ ਨਦੀ ‘ਚ ਉਤਰਨ ਦੀ ਤਿਆਰੀ ਕਰ ਰਿਹਾ ਸੀ।
“ਐਤੂ ਜਨੂੰਨ, ਜਜ਼ਬੇ ਅਤੇ ਸਿਰੜ ਦਾ ਮੁਜੱਸਮਾ ਹੈ।” ਮੈਂ ਸ਼੍ਰੀ ਕਾਂਤ ਨੂੰ ਕਿਹਾ।
“ਹੂੰ”।
“ਜੇ ਐਤੂ ਦੀ ਸਕੀਮ ਲਾਗੂ ਹੋ ਜਾਵੇ ਤਾਂ ਏਥੇ ਸਵਰਗ ਬਣ ਜਾਵੇ। ਪਰæææ।”
“ਪਰ ਕੀ?” ਸ਼੍ਰੀ ਕਾਂਤ ਨੇ ਮੇਰੇ ਵੱਲ ਦੇਖਿਆ।
“ਜੰਗਲ ਤੋਂ ਬਾਹਰ ਚਾਰੇ ਪਾਸੇ ਹਕੂਮਤ ਦਾ ਕਬਜ਼ਾ ਹੈ। ਅਜਿਹੀ ਹਾਲਤ ਵਿਚ ਉਹ ਅੰਦਰ ਦਾ ਵਿਕਾਸ ਟਿਕਣ ਦੇਵੇਗੀ? ਜਦ ਤਕ ਦੂਰ ਦੂਰ ਤਕ ਅਜਿਹੀ ਹਾਲਤ ਨਹੀਂ ਹੋ ਜਾਂਦੀ, ਇਹ ਸਾਰਾ ਕੁਝ ਕਿਵੇਂ ਸੰਭਵ ਹੈ?”
“ਹੂੰ”।
“ਤੁਸੀਂ ਇਨ੍ਹਾਂ ਚੀਜ਼ਾਂ ਬਾਰੇ ਕੁਝ ਕਹੋ। ਮੈਂ ਸੁਨਣ ਤੇ ਜਾਨਣ ਆਇਆ ਹਾਂ ਤਾਂ ਕਿ ਦੁਨੀਆ ਨੂੰ ਦੱਸ ਸਕਾਂ।”
“ਅਸੀਂ ਸ਼ਾਮ ਦੇ ਵਕਤ ਮਿਲਾਂਗੇ,” ਸ਼੍ਰੀ ਕਾਂਤ ਨੇ ਕਿਹਾ।
ਤਦ ਤੱਕ ਕੋਸਾ ਬਾਹਰ ਨਿਕਲ ਆਇਆ ਸੀ। ਉਸ ਨੇ ਵਰਦੀ ਕੱਸੀ ਤਾਂ ਅਸੀਂ ਵਾਪਸ ਤੰਬੁਆਂ ਵੱਲ ਤੁਰ ਪਏ।
ਦੁਪਹਿਰ ਦੇ ਖਾਣੇ ਤੋਂ ਕੋਈ ਇਕ ਘੰਟਾ ਬਾਅਦ ਸ਼੍ਰੀ ਕਾਂਤ ਮੇਰੇ ਤੰਬੂ ਵਿਚ ਆ ਗਿਆ।

“ਆਓ ਬੈਂਚ ‘ਤੇ ਬੈਠਦੇ ਹਾਂ।” ਉਸ ਨੇ ਕਿਹਾ।
ਮੈਂ ਆਪਣੀ ਫਾਈਲ ਚੁੱਕੀ ਅਤੇ ਅਸੀਂ ਦੋਵੇਂ ਤੰਬੂ ਦੇ ਬਾਹਰ ਪੜ੍ਹਨ ਵਾਸਤੇ ਬਣੇ ਬੈਂਚ ਤੇ ਡੈਸਕ ਉਤੇ ਬੈਠ ਗਏ।
ਸ਼੍ਰੀ ਕਾਂਤ ਬਹੁਤ ਘੱਟ ਬੋਲਣ ਵਾਲਾ ਬੰਦਾ ਸੀ। ਆਪਣੀ ਗੱਲ ਨੂੰ ਸੰਖੇਪ ਵਿਚ ਉਹ ਬਿਨਾ ਕਿਸੇ ਵਲ-ਫੇਰ, ਵਿਆਖਿਆ ਜਾਂ ਵਾਧੂ ਸ਼ਬਦਾਂ ਤੋਂ ਦੱਸ ਸਕਦਾ ਸੀ। ਉਹ ਤੁਹਾਡੀਆਂ ਅੱਖਾਂ ਵਿਚ ਨੀਝ ਲਾ ਕੇ ਦੇਖੇਗਾ ਅਤੇ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰੇਗਾ। ਜਦ ਤੁਸੀਂ ਬੋਲ ਰਹੇ ਹੋ ਤਾਂ ਉਹ ਤੁਹਾਨੂੰ ਟੋਕੇਗਾ ਨਹੀਂ, ਸਗੋਂ ਹੁੰਗਾਰਾ ਭਰ ਕੇ ਬੋਲਦੇ ਜਾਣ ਵਾਸਤੇ ਉਤਸ਼ਾਹਤ ਕਰੇਗਾ। ਜੇ ਤੁਸੀਂ ਬੱਚਿਆਂ ਨੂੰ ਨਾਨੀ ਜਾਂ ਦਾਦੀ ਕੋਲੋਂ ਕਹਾਣੀ ਸੁਣਦੇ ਹੋਏ ਦੇਖਿਆ ਹੈ ਤਾਂ ਤੁਸੀਂ ਜਾਣ ਜਾਵੋਗੇ ਕਿ ਸ਼੍ਰੀ ਕਾਂਤ ਵੀ ਕਿੰਨੇ ਧਿਆਨ ਨਾਲ ਦੂਸਰੇ ਬੰਦੇ ਦੀ ਗੱਲ ਸੁਣ ਸਕਦਾ ਹੈ। ਹੁੰਗਾਰਾ ਭਰਦੇ ਬੱਚੇ ਕਦੇ ਵੀ ਸਿਰ ਨਹੀਂ ਹਿਲਾਉਂਦੇ। ਉਹ ਸਿਰਫ਼ ਹੁੰਗਾਰਾ ਭਰਦੇ ਹਨ ਅਤੇ ਕਹਾਣੀ ਉਨ੍ਹਾਂ ਦੇ ਦਿਲ ਉਤੇ ਉਕਰੀ ਜਾਂਦੀ ਹੈ। ਇਸ ਪਹਿਲੂ ਤੋਂ ਸ਼੍ਰੀ ਕਾਂਤ ਬੱਚਿਆਂ ਜਿਹਾ ਹੈ। ਉਸ ਦਾ ਸਿਰ ਨਹੀਂ ਹਿੱਲਦਾ, ਅੱਖਾਂ ਨਹੀਂ ਹਿੱਲਦੀਆਂ, ਜਿਸਮ ਵਿਚ ਕੋਈ ਹਰਕਤ ਨਹੀਂ ਹੁੰਦੀ। ਬੱਸ, ਗਲੇ ਵਿਚੋਂ ‘ਹੂੰੰ’ ਦੀ ਆਵਾਜ਼ ਹੀ ਨਿਕਲਦੀ ਹੈ ਜਿਸ ਕਾਰਨ ਬੁੱਲ੍ਹ ਵੀ ਨਹੀਂ ਹਿੱਲਦੇ। ਉਹ ਬੋਲਦਾ ਵੀ ਇਸੇ ਤਰ੍ਹਾਂ ਹੈ। ਉਦੋਂ ਸਿਰਫ਼ ਉਸ ਦੇ ਬੁੱਲ੍ਹ ਹਿੱਲਦੇ ਹਨ। ਉਹ ਤੁਹਾਡੇ ਤਕ ਆਪਣੀ ਗੱਲ ਆਵਾਜ਼ ਰਾਹੀਂ ਪਹੁੰਚਾਉਂਦਾ ਹੈ ਅਤੇ ਅੱਖਾਂ ਰਾਹੀਂ ਇਸ ਨੂੰ ਤੁਹਾਡੇ ਅੰਦਰ ਉਤਾਰ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਸੁਣਦਿਆਂ ਤੁਸੀਂ ਕੋਈ ਵੀ ਗੱਲ ਦੁਹਰਾਅ ਕੇ ਨਹੀਂ ਪੁੱਛਦੇ। ਜ਼ਰੂਰਤ ਨਹੀਂ ਪੈਂਦੀ।
ਆਲੇ ਦੁਆਲੇ ਦੇ ਮੈਦਾਨੀ ਇਲਾਕਿਆਂ ਬਾਰੇ ਉਹ ਦੱਸਦਾ ਹੈ ਕਿ ਉਹ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਨ ਕਿ ਵੱਡੇ ਨੁਕਸਾਨਾਂ ਦੇ ਬਾਵਜੂਦ ਵੀ ਉਨ੍ਹਾਂ ਦਾ ਸਿਰੜ ਕਾਇਮ ਹੈ। ਉਹ ਕਹਿੰਦਾ ਹੈ ਕਿ ਜਨਤਾ ਗੁਰੀਲਿਆਂ ਦਾ ਸਾਥ ਦੇਂਦੀ ਹੈ, ਉਨ੍ਹਾਂ ਦਾ ਧਿਆਨ ਰੱਖਦੀ ਹੈ, ਜੀ ਆਇਆਂ ਕਹਿੰਦੀ ਹੈ। ਉਹ ਕਹਿੰਦਾ ਹੈ, “ਅਸੀਂ ਜਾਣਦੇ ਹਾਂ ਕਿ ਲਹਿਰ ਦਾ ਮੈਦਾਨੀ ਇਲਾਕਿਆਂ ਵਿਚ ਮਜ਼ਬੁਤ ਹੋਣਾ ਬਹੁਤ ਜ਼ਰੂਰੀ ਹੈ। ਵਿਆਪਕ ਜਬਰ ਦੇ ਬਾਵਜੂਦ ਇਹਦੇ ਲਈ ਸਿਰਤੋੜ ਕੋਸ਼ਿਸ਼ਾਂ ਜਾਰੀ ਹਨ।” ਉਹ ਇਹ ਵੀ ਕਹਿੰਦਾ ਹੈ ਕਿ ਉਹ ਦੇਸ਼ ਦੇ ਹਰ ਪਹਾੜੀ ਅਤੇ ਜੰਗਲੀ ਹਿੱਸੇ ਵਿਚ ਗੁਰੀਲਾ ਜੰਗ ਸ਼ੁਰੂ ਕਰਨ ਉਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਉਹ ਪਹਿਲਾਂ ਹੀ ਪੂਰਬੀ ਤੇ ਪੱਛਮੀ ਤੱਟ ਦਾ ਜਾਇਜ਼ਾ ਲੈ ਚੁੱਕੇ ਹਨ ਅਤੇ ਬਿਗਲ ਵਜਾਉਣ ਦੀ ਸੋਚ ਰਹੇ ਹਨ। ਜੰਗਲ ਵਿਚ ਵਿਕਾਸ ਦੇ ਕੰਮ ਨੂੰ ਉਹ ਗੁਰੀਲਾ ਜੰਗ ਦੇ ਵਿਕਸਤ ਹੋਣ ਦੇ ਅਮਲ ਨਾਲ ਜੁੜਿਆ ਹੋਇਆ ਦੇਖਦੇ ਹਨ। ਉਨ੍ਹਾਂ ਵਾਸਤੇ ਵਿਕਾਸ “ਆਪਣੇ ਆਪ ਵਿਚ” ਕੋਈ ਨਿਸ਼ਾਨਾ ਨਹੀਂ ਹੈ, ਸਗੋਂ ਇਹ ਇਨਕਲਾਬੀ ਲਹਿਰ ਦਾ ਪੁਰਕ ਹਿੱਸਾ ਹੈ ਜਿਸ ਨੇ ਮੋੜਵੇਂ ਰੂਪ ਵਿਚ ਲਹਿਰ ਨੂੰ ਮਜ਼ਬੁਤ ਬਣਾਉਣਾ ਹੈ। ਇਸ ਨੂੰ ਲਹਿਰ ਦੇ ਫੈਲਣ ਤੋਂ ਬਿਨਾ ਨੇਪਰੇ ਨਹੀਂ ਚੜ੍ਹਾਇਆ ਜਾ ਸਕਦਾ ਅਤੇ ਨਾ ਹੀ ਸਿਰਫ਼ ਜੰਗਲ ਤੱਕ ਸੀਮਤ ਰੱਖਿਆ ਜਾ ਸਕਦਾ ਹੈ।
ਮੈਂ ਉਸ ਨੂੰ ਕਹਿੰਦਾ ਹਾਂ ਕਿ ਦੁਨੀਆ ਸਮਝਦੀ ਹੈ ਕਿ ਤੁਸੀਂ ਰੁਕ ਜਿਹੇ ਗਏ ਹੋ; ਜੰਗਲ ਦੀਆਂ ਤੁਹਾਡੀਆਂ ਪ੍ਰਾਪਤੀਆਂ ਦੀ ਕਿਤੇ ਕੋਈ ਚਰਚਾ ਨਹੀਂ ਹੈ; ਤੁਹਾਡੀਆਂ ਸਰਗਰਮੀਆਂ ਬਾਰੇ ਬਾਹਰ ਦੀ ਜਨਤਾ ਨਹੀਂ ਜਾਣਦੀ; ਦੁਨੀਆਂ ਨੂੰ ਸਿਰਫ਼ ਐਨਾ ਕੁ ਹੀ ਪਤਾ ਹੈ ਕਿ ਝੂਠੇ ਸੱਚੇ ਐਨਕਾਉਂਟਰ ਹੁੰਦੇ ਹਨ ਤੇ ਇਨ੍ਹਾਂ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ; ਬਾਹਰ ਦੇ ਸਮਾਜ ਵਿਚ ਤੁਹਾਡੀ ਇਸ ਲੜਾਈ ਨਾਲ ਕੋਈ ਜ਼ਿਆਦਾ ਹਿਲਜੁਲ ਪੈਦਾ ਨਹੀਂ ਹੋਈ; ਕੁੱਲ ਮਿਲਾ ਕੇ ਤੁਸੀਂ ਦੇਸ਼ ਦੇ ਸਿਆਸੀ ਦ੍ਰਿਸ਼ ਉਤੇ ਸਿਆਸੀ ਹਸਤੀ ਬਣ ਕੇ ਨਹੀਂ ਉਭਰੇ।
ਸ਼੍ਰੀ ਕਾਂਤ ਇਨ੍ਹਾਂ ਸਾਰੀਆਂ ਗੱਲਾਂ ਨੂੰ ਗਹੁ ਨਾਲ ਸੁਣਦਾ ਹੈ ਅਤੇ ਫਿਰ ਹਰ ਮਸਲੇ ਉਤੇ ਆਪਣੀ ਰਾਇ ਕਹਿੰਦਾ ਹੈ। ਰੁਕੇ ਹੋਣ ਦੀ ਗੱਲ ਨੂੰ ਉਹ ਸਹੀ ਪੇਸ਼ਕਾਰੀ ਨਹੀਂ ਮੰਨਦਾ ਅਤੇ ਵਿਆਪਕ ਹਕੂਮਤੀ ਜਬਰ ਦਾ ਉਲੇਖ ਕਰਦਾ ਹੈ। ਉਹ ਪਿਛਲੇ ਕੁਝ ਸਾਲਾਂ ਵਿਚ ਸੈਂਕੜੇ ਕੁਰਬਾਨੀਆਂ ਦਾ ਜ਼ਿਕਰ ਕਰਦਾ ਹੈ ਜਿਸ ਕਾਰਨ ਗੁਰੀਲਿਆਂ ਉਤੇ ਤਾਕਤਾਂ ਨੂੰ ਮੁੜ ਜਥੇਬੰਦ ਕਰਨ ਦਾ ਵੱਡਾ ਕਾਰਜ ਆਣ ਪਿਆ ਹੈ। ਸਥਿਤੀ ਨੂੰ ਉਹ ਨੁਕਸਾਨਾਂ ਦੇ ਦੌਰ ਨਾਲ ਜੋੜਦਾ ਹੈ, ਰੁਕੇ ਹੋਣ ਦੇ ਜੁਮਰੇ ਵਿਚ ਨਹੀਂ ਰੱਖਦਾ। ਉਹ ਕਹਿੰਦਾ ਹੈ ਕਿ ਜੰਗਾਂ ਵਿਚ ਇਹ ਆਮ ਗੱਲ ਹੁੰਦੀ ਹੈ, ਤਾਕਤਾਂ ਦੇ ਤੋਲ ਬਣਦੇ ਵਿਗੜਦੇ ਰਹਿੰਦੇ ਹਨ ਅਤੇ ਅੰਤ ਨੂੰ ਇਨਕਲਾਬੀ ਤਾਕਤਾਂ ਤੋਲ ਨੂੰ ਆਪਣੇ ਪੱਖ ਵਿਚ ਕਰ ਲੈਂਦੀਆਂ ਹਨ। ਉਸ ਨੂੰ ਯਕੀਨ ਹੈ ਕਿ ਇਸ ਤੋਲ ਨੂੰ ਉਹ ਆਪਣੇ ਪੱਖ ਵਿਚ ਕਰ ਲੈਣਗੇ ਅਤੇ ਇਹਦੇ ਵਾਸਤੇ ਉਹ ਸਿਰਤੋੜ ਯਤਨ ਜੁਟਾ ਰਹੇ ਹਨ।
ਪ੍ਰਾਪਤੀਆਂ ਦੀ ਚਰਚਾ ਛੇੜਨ ਵਾਸਤੇ ਉਹ ਪ੍ਰਚਾਰ ਤੰਤਰ ਨੂੰ ਮਜ਼ਬੂਤ ਕਰਨ ਉਤੇ ਜ਼ੋਰ ਦੇਣ ਦੀ ਗੱਲ ਕਰਦਾ ਹੈ। ਦੇਸ਼ ਦੀ ਸਿਆਸਤ ਵਿਚ ਦਖ਼ਲ ਦੇਣ ਸਬੰਧੀ ਉਸ ਨੂੰ ਪਤਾ ਹੈ ਕਿ ਇਨਕਲਾਬੀ ਲਹਿਰ ਦਾ ਪ੍ਰਭਾਵ ਬਹੁਤ ਘੱਟ ਹੈ। ਇਸ ਸਬੰਧੀ ਕੋਸ਼ਿਸ਼ਾਂ ਨੂੰ ਜ਼ਰਬ ਦੇਣ ਦੀ ਜ਼ਰੂਰਤ ਮਹਿਸੂਸ ਕਰਦਾ ਹੈ; ਪਰ ਨਾਲ ਹੀ ਉਹ ਕਹਿੰਦਾ ਹੈ ਕਿ ਇਹ ਭੁੱਲਣਾ ਨਹੀਂ ਚਾਹੀਦਾ ਕਿ ਅਸਲੀ ਦਖ਼ਲਅੰਦਾਜ਼ੀ ਹਥਿਆਰਬੰਦ ਤਾਕਤ ਦੇ ਜ਼ੋਰ ਦੇ ਸਿਰ ਉਤੇ ਹੀ ਕੀਤੀ ਜਾ ਸਕਦੀ ਹੈ। ਇਸ ਪੋਲ ਨੂੰ ਉਹ ਜੀਅ-ਜਾਨ ਨਾਲ ਖੜ੍ਹਾ ਕਰ ਰਹੇ ਹਨ, ਕਿਉਂਕਿ ਇਸ ਦੀ ਮਜ਼ਬੁਤੀ ਹੀ ਉਸ ਦਖ਼ਲਅੰਦਾਜ਼ੀ ਦਾ ਆਧਾਰ ਬਣ ਸਕਦੀ ਹੈ। ਉਸ ਨੂੰ ਯਕੀਨ ਹੈ ਕਿ ਇਕ ਦਿਨ ਦੇਸ਼ ਭਰ ਦੇ ਪੈਮਾਨੇ ਉਤੇ ਉਹ ਸਿਆਸੀ ਤਾਕਤ ਬਣ ਕੇ ਉਭਰ ਆਉਣਗੇ।
ਸ਼੍ਰੀ ਕਾਂਤ ਹਰ ਗੱਲ ਨੂੰ ਸਪਸ਼ਟ, ਸੰਖੇਪ ਅਤੇ ਠੋਸ ਰੂਪ ਵਿਚ ਕਹਿੰਦਾ ਹੈ। ਗ਼ੈਰ-ਲੋੜੀਂਦੀ ਵਿਆਖਿਆ ਤੋਂ ਬਚਦਾ ਹੈ। ਅਸੀਂ ਫਿਰ ਮਿਲਣ ਦੀ ਗੁੰਜਾਇਸ਼ ਰੱਖ ਕੇ ਅਲੱਗ ਹੁੰਦੇ ਹਾਂ।

“ਹੋ ਗਈ ਬਾਤ? ਤੁਸੀਂ ਉਸ ਨੂੰ ਐਨਾ ਬਿਠਾ ਲਿਆ ਤੇ ਬੁਲਵਾ ਲਿਆ; ਵਰਨਾ ਇਹ ਤਾਂ ਜ਼ੁਬਾਨ ਨੂੰ ਘੱਟ ਹੀ ਕਸਰਤ ਕਰਵਾਉਂਦਾ ਹੈ।” ਕਹਿੰਦਾ ਹੋਇਆ ਐਤੂ ਮੇਰੇ ਤੰਬੂ ਵਿਚ ਦਾਖ਼ਲ ਹੋਇਆ। “ਕਿਸੇ ਹੋਰ ਨਾਲ ਗੱਲ ਕਰ ਲੈਂਦੇ ਤਾਂ ਜ਼ਿਆਦਾ ਜਾਣ ਲੈਂਦੇ। ਦੱਸ ਲਾਈਨਾਂ ਦਾ ਕੀ ਕਰੋਗੇ?”
“ਦੱਸ ਹੀ ਕਾਫ਼ੀ ਹਨ।” ਮੈਂ ਹੋਈ ਗੱਲਬਾਤ ਉਤੇ ਤਸੱਲੀ ਪ੍ਰਗਟ ਕਰਦਾ ਹਾਂ।
“ਥਕਾਵਟ ਹੋ ਗਈ ਹੋਵੇਗੀ। ਚਾਹ ਹੋ ਜਾਵੇ? ਨਿੰਬੂ ਵਾਲੀ।”
(ਚਲਦਾ)