ਕਿਸ਼ੋਰ ਪਾਰਿਖ ਦੀ ਫੋਟੋਗ੍ਰਾਫੀ

ਹਰਭਜਨ ਸਿੰਘ ਬਾਜਵਾ
ਫੋਨ: +91-98767-41231
ਕਿਸ਼ੋਰ ਪਾਰਿਖ ਭਾਰਤੀ ਫੋਟੋ ਪੱਤਰਕਾਰੀ ਦੇ ਖੇਤਰ ਦੀ ਮਹਾਨ ਸ਼ਖਸੀਅਤ ਸੀ। ਉਸ ਦਾ ਜਨਮ ਗੁਜਰਾਤ ਦੇ ਸ਼ਹਿਰ ਭਾਵਨਗਰ ਵਿਚ 1930 ਨੂੰ ਹੋਇਆ। ਜਦੋਂ ਉਹਨੇ ਆਪਣੀ ਪੜ੍ਹਾਈ ਰਸਾਇਣ ਵਿਗਿਆਨ ਵਿਚ ਸ਼ੁਰੂ ਕੀਤੀ ਤਾਂ ਡਿਗਰੀ ਕਰਨ ਤੋਂ ਪਹਿਲਾਂ ਹੀ ਉਸ ਨੇ ਕਾਲਜ ਪੜ੍ਹਦੇ ਸਮੇਂ ਬਾਕਸ ਕੈਮਰਾ ਖਰੀਦ ਲਿਆ। ਰਸਾਇਣ ਵਿਗਿਆਨ ਦੀ ਡਿਗਰੀ ਕਰਨ ਤੋਂ ਬਾਅਦ ਪਾਰਿਖ ਨੇ ਫਿਲਮ ਨਿਰਮਾਣ ਅਤੇ ਡਾਕੁਮੈਂਟਰੀ ਫੋਟੋਗ੍ਰਾਫੀ ਦੀ ਸਿੱਖਿਆ ਲੈਣ ਲਈ ਸਾਊਥ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ।

ਵਿਦਿਆਰਥੀ ਜੀਵਨ ਦੌਰਾਨ ਹੀ ਉਸ ਨੇ ਬਹੁਤ ਸਾਰੇ ਇਨਾਮ ਜਿੱਤ ਲਏ ਸਨ।
1960 ਵਿਚ ਉਹ ਭਾਰਤ ਵਾਪਸ ਆ ਕੇ ‘ਹਿੰਦੁਸਤਾਨ ਟਾਈਮਜ਼’ ਦਾ ਮੁੱਖ ਫੋਟੋਗ੍ਰਾਫਰ ਬਣ ਗਿਆ। ਇਸ ਸਮੇਂ ਦੌਰਾਨ ਉਸ ਨੇ 1962 ਵਿਚ ਭਾਰਤ-ਚੀਨ ਜੰਗ ਅਤੇ ਉਸ ਤੋਂ ਬਾਅਦ 1965 ਵਿਚ ਭਾਰਤ-ਪਾਕਿਸਤਾਨ ਜੰਗ ਦੀ ਫੋਟੋਗ੍ਰਾਫੀ ਕੀਤੀ। ਸੋਵੀਅਤ ਲੈਂਡ ਨੇ ਉਸ ਨੂੰ ਤਾਸ਼ਕੰਦ ਸੰਮੇਲਨ ਜੋ ਜੰਗ ਦੇ ਸਿੱਟਿਆਂ ਤੋਂ ਬਾਅਦ ਹੋਈ ਸੀ, ਦੀ ਕਵਰੇਜ ਕਰਨ ਲਈ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਸੀ। 1966-67 ਵਿਚ ਬਿਹਾਰ ਵਿਚ ਪਏ ਸੋਕੇ ਦੀਆਂ ਉਸ ਦੀਆਂ ਤਸਵੀਰਾਂ ਨੂੰ ਸੰਯੁਕਤ ਰਾਸ਼ਟਰ ਵਿਚ ਪ੍ਰਦਰਸ਼ਿਤ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹ ਪੰਡਤ ਜਵਾਹਰ ਲਾਲ ਨਹਿਰੂ ਦੇ ਆਖਰੀ ਸਮੇਂ ਤਕ ਉਨ੍ਹਾਂ ਦਾ ਫੋਟੋਗ੍ਰਾਫਰ ਰਿਹਾ।
‘ਹਿੰਦੁਸਤਾਨ ਟਾਈਮਜ਼’ ਵਿਚ ਉਸ ਨੇ ਛੇ ਸਾਲ ਕੰਮ ਕੀਤਾ। ਉਸ ਤੋਂ ਬਾਅਦ ਪਾਰਿਖ ਨੇ 1967 ਵਿਚ ਹਾਂਗਕਾਂਗ ਦੇ ‘ਏਸ਼ੀਆ’ ਮੈਗਜ਼ੀਨ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਇਸ ਕੰਮ ਦੇ ਸਿਲਸਿਲੇ ਵਿਚ ਸਾਰੇ ਏਸ਼ੀਆ ਵਿਚ ਘੁੰਮਿਆ-ਫਿਰਿਆ। 1972 ਤਕ ਉਹ ‘ਪੈਸਿਫਿਕ’ ਮੈਗਜ਼ੀਨ ਦਾ ਫੋਟੋ ਐਡੀਟਰ ਰਿਹਾ। ਇਸ ਤੋਂ ਬਾਅਦ ਉਹ ਵਾਪਸ ਮੁੰਬਈ ਆ ਗਿਆ।
ਪਾਰਿਖ ਸਭ ਤੋਂ ਵੱਧ ਆਪਣੇ ਕੰਮ ਬੰਗਲਾਦੇਸ਼ ਦੀ ਮੁਕਤੀ ਦੀ ਜੰਗ 1971 ਲਈ ਜਾਣਿਆ ਜਾਂਦਾ ਹੈ। ਉਸ ਦੀ ਕਿਤਾਬ ‘ਬੰਗਲਾਦੇਸ਼: ਏ ਬਰੂਟਲ ਬਰਥ’ ਪਾਕਿਸਤਾਨੀ ਫੌਜ ਦੁਆਰਾ ਬੰਗਲਾਦੇਸ਼ੀ ਲੋਕਾਂ ‘ਤੇ ਕੀਤੇ ਗਏ ਜ਼ੁਲਮ ਨੂੰ ਦਰਸਾਉਂਦੀ ਹੈ। ਫੋਟੋਗ੍ਰਾਫਰ ਪਾਬਲੋ ਬਾਰਥੋਲੋਮਿਊ ਅਨੁਸਾਰ ‘ਬੰਗਲਾਦੇਸ਼: ਏ ਬਰੂਟਲ ਬਰਥ’ ਕਿਸ਼ੋਰ ਪਾਰਿਖ ਦੀ ਕਲਾ ਦਾ ਉਚਤਮ ਬਿੰਦੂ ਹੈ। ਆਪਣੀ ਮਰਜ਼ੀ ਨਾਲ ਆਪਣੇ ਰੁਪਏ ਅਤੇ ਦਲੇਰੀ ਨਾਲ ਸਿਰਫ ਦੋ ਹਫ਼ਤੇ ਦੇ ਸਮੇਂ ਵਿਚ ਹੀ ਉਸ ਨੇ ਬੇਹੱਦ ਸ਼ਾਨਦਾਰ ਤਰੀਕੇ ਨਾਲ ਬਹੁਤ ਪ੍ਰਭਾਵਸ਼ਾਲੀ ਤਸਵੀਰਾਂ ਖਿੱਚੀਆਂ ਸਨ। ਇਹ ਬੇਹੱਦ ਵਧੀਆ ਕਿਤਾਬ ਅਤੇ ਸੂਚਨਾ ਦਾ ਸਾਧਨ ਹੈ। ਭਾਰਤ ਸਰਕਾਰ ਨੇ ਇਸ ਕਿਤਾਬ ਦੀਆਂ 20,000 ਕਾਪੀਆਂ ਛਪਵਾ ਕੇ ਵੰਡੀਆਂ। ਇਹ ਕਿਤਾਬ ਮੈਨੂੰ 1977 ਵਿਚ ਮਿਲੀ ਸੀ। ਉਸ ਵਕਤ ਕਿਸ਼ੋਰ ਪਾਰਿਖ ਜਿਉਂਦਾ ਸੀ। ਪਾਰਿਖ ਨੇ ਜਿਹੜੀਆਂ ਜੰਗਾਂ ਦੀ ਫੋਟੋਗ੍ਰਾਫੀ ਕੀਤੀ ਅਤੇ ਜੋ ਕੁਝ ਆਪਣੀਆਂ ਤਸਵੀਰਾਂ ਰਾਹੀਂ ਪੇਸ਼ ਕੀਤਾ, ਉਸ ਨੂੰ ਕੋਈ ਲਿਖਾਰੀ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਇੱਕ ਦਿਨ ਹਿਮਾਲਿਆ ਦੀ ਫੋਟੋਗ੍ਰਾਫੀ ਕਰਦੇ ਸਮੇਂ 1982 ਵਿਚ ਉਹ ਸਦਾ ਲਈ ਗੁੰਮ ਹੋ ਗਿਆ।