ਪੈਰਿਸ ਦੇ ਕਾਹਵਾ ਘਰਾਂ ਤੇ ਕਬਰਸਤਾਨਾਂ ਦੀ ਵਿਸ਼ੇਸ਼ਤਾ

-ਗੁਲਜ਼ਾਰ ਸਿੰਘ ਸੰਧੂ
ਭਾਰੀ ਭਰਕਮ ਸ਼ਬਦਾਂ ਰਾਹੀਂ ਗੂੰਜ ਪੈਦਾ ਕਰਨ ਵਾਲੇ ਗੁਰਬਚਨ ਨੇ ਤੀਹ ਸਾਲ ਦੇ ਸਫਰਾਂ ਨੂੰ ਜ਼ੁਬਾਨ ਦੇ ਕੇ 336 ਪੰਨਿਆਂ ਦੀ ਪੁਸਤਕ ਤਿਆਰ ਕਰਕੇ ਇਸ ਨੂੰ ਮਹਾਂਯਾਤਰਾ ਦਾ ਨਾਂ ਦਿੱਤਾ ਹੈ। ਉਸ ਦੀ ਧਾਰਨਾ ਹੈ ਕਿ ਮੰਡੀ ਮਨੁੱਖ ਅੰਦਰੋਂ ਸਿਮ੍ਰਤੀਆਂ ਚੂਸ ਲੈਂਦੀ ਹੈ ਤੇ ਉਸ ਨੂੰ ਤੈਅਸ਼ੁਦਾ ਤਰਤੀਬ ਦਾ ਗੁਲਾਮ ਬਣਾ ਦਿੰਦੀ ਹੈ। ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾਂ ਬੰਦੇ ਘਰੋਂ ਕੰਮ ‘ਤੇ ਨਿਕਲਦੇ ਹਨ, ਸੌ ਮੀਲ ਦੀ ਸਪੀਡ ‘ਤੇ ਕਾਰ ਦੌੜਾਉਂਦੇ ਨੇ।

ਵਾਪਸ ਘਰ ਪੁੱਜਣ ਤੱਕ ਹਨ੍ਹੇਰਾ ਪਸਰ ਚੁੱਕਾ ਹੁੰਦਾ ਹੈ। ਲੇਖਕ ਨੇ ਏਨੀ ਯਾਤਰਾ ਕਿਵੇਂ ਕੀਤੀ ਇਸ ਦਾ ਮੂਲ ਕਾਰਨ ਲੇਖਕ ਦੀਆਂ ਬੇਟੀਆਂ ਦਾ ਦੁਨੀਆਂ ਦੇ ਪ੍ਰਸਿੱਧ ਸ਼ਹਿਰਾਂ ਵਿਚ ਵਸਣਾ ਹੈ। ਵੱਡੀ ਬੇਟੀ ਜਪਾਨ ਪੜ੍ਹਨ ਗਈ, ਟੋਕੀਓ ਵਿਚ ਸੈਟਲ ਹੋ ਗਈ ਤੇ ਛੋਟੀ ਫਰਾਂਸ ਦੀ ਲਿਉ ਯੂਨੀਵਰਸਿਟੀ ਵਿਚ ਉਚੀ ਵਿੱਦਿਆ ਪ੍ਰਾਪਤ ਕਰਨ ਗਈ, ਉਥੇ ਵਿਆਹ ਕਰਕੇ ਪੈਰਿਸ ਵਿਚ ਰਹਿਣ ਲੱਗੀ। ਆਪਣੀ ਮਹਾਂਯਾਤਰਾ ਦੌਰਾਨ ਉਹ ਉਤਰ ਦੱਖਣ, ਪੂਰਬ, ਪੱਛਮ, ਜਿਧਰ ਵੀ ਜਾਂਦਾ ਪੈਰਿਸ ਤੇ ਟੋਕੀਓ ਨਾਲ ਤਾਲ ਮੇਲ ਬਣਾ ਹੀ ਰੱਖਦਾ। ਪੈਰਿਸ ਦੇ ਕਾਹਵਾ ਘਰਾਂ ਤੇ ਕਬਰਸਤਾਨਾਂ ਦਾ ਹੇਠ ਲਿਖਿਆ ਬਿਆਨ ਉਸ ਦੀ ਸੋਚ ਤੇ ਸ਼ੈਲੀ ਦੀ ਪੁਸ਼ਟੀ ਲਈ ਕਾਫੀ ਹੋਵੇਗਾ। ਉਹ ਲਿਖਦਾ ਹੈ:
“ਮੇਰੀ ਪੁਸ਼ਤ ਜਿਨ੍ਹਾਂ ਸਾਹਿਤਕਾਰਾਂ ਨੂੰ ਪੜ੍ਹ ਕੇ ਵੱਡੀ ਹੋਈ, ਉਹ ਮੋਮਾਰਤ (ਪੈਰਿਸ ਦੀ ਇਕ ਨਿੱਕੀ ਜਿਹੀ ਪਹਾੜੀ, ਜਿਥੇ ਸੈਂਕੜੇ ਚਿੱਤਰਕਾਰ ਮੂਰਤਾਂ ਪੇਂਟ ਕਰਨ ਲਈ ਬੈਠੇ ਰਹਿੰਦੇ ਹਨ) ਦੇ ਕੈਫਿਆਂ ਵਿਚ ਬੈਠ ਕੇ ਲਿਖਦੇ ਸਨ, ਖਾਸ ਕਰਕੇ ਕਲੋਜਰੀ ਦਾ ਲੀਲਾ ਵਿਖੇ ਹੈਮਿੰਗਵੇ ਨੇ ਆਪਣਾ ਪਹਿਲਾ ਨਾਵਲ ਇਸ ਕੈਫੇ ‘ਚ ਬੈਠ ਕੇ ਲਿਖਿਆ। ਜੇਮਜ਼ ਜੌਇਸ ਅਤੇ ਸੈਮੂਅਲ ਬੈਕਟ ਵੀ ਏਸ ਅੱਡੇ ਦੀ ਉਪਜ ਹਨ। 1905 ਤੋਂ 1914 ਤੱਕ ਇਹ ਕੈਫੇ Ḕਪੋਇਟਰੀ ਐਡ ਪਰੋਜ਼’ ਨਾਂ ਦੀ ਸਾਹਿਤਕ ਪਤ੍ਰਿਕਾ ਦਾ ਦਫਤਰ ਵੀ ਰਿਹਾ। ਇਹਨੂੰ ਸਾਹਿਤਕ ਕੈਫੇ ਕਿਹਾ ਜਾਂਦਾ ਹੈ।”
“ਪੈਰਿਸ ਨੂੰ ਸ਼ਾਇਦ ਇਹਦੇ ਕੈਫਿਆਂ ਕਰਕੇ ਹੀ ਵਿਸ਼ਵ ਦੀ ਕਲਾ ਰਾਜਧਾਨੀ ਕਿਹਾ ਜਾਂਦਾ ਹੈ। ਪਿਕਾਸੋ ਸਪੇਨ ‘ਚ ਪੈਦਾ ਹੋਇਆ, 19 ਸਾਲ ਦੀ ਉਮਰ ‘ਚ ਪੈਰਿਸ ਆ ਗਿਆ। ਜ਼ਿੰਦਗੀ ਦਾ ਵੱਡਾ ਹਿੱਸਾ ਲੈਫਟ ਬੈਂਕ ਦੇ ਇਲਾਕੇ ‘ਚ ਗੁਜ਼ਾਰਿਆ ਉਹਦੀ ਦੋਸਤੀ ਕਵੀ ਮੈਕਸ ਜਾਕਬ ਨਾਲ ਪਈ। ਦੋਵੇਂ ਇਕੋ ਕਮਰੇ ‘ਚ ਰਹਿੰਦੇ ਸਨ। ਜਗ੍ਹਾ ਥੋੜ੍ਹੀ ਹੋਣ ਕਰਕੇ ਪਿਕਾਸੋ ਦਿਨੇ ਸੌਂਦਾ ਤੇ ਰਾਤ ਨੂੰ ਕੰਮ ਕਰਦਾ। 1905 ‘ਚ ਜਦ ਅਮਰੀਕੀ ਲੇਖਿਕਾ ਜਰਟਰੂਡ ਸਟੇਨ ਨੇ ਪਿਕਾਸੋ ਦੇ ਕੰਮ ਦੀ ਪਹਿਲੀ ਨੁਮਾਇਸ਼ ਲਗਾਈ ਤਾਂ ਪਿਕਾਸੋ ਦੀ ਭੇਂਟ ਪੇਂਟਰ ਮਾਤੀਸ ਨਾਲ ਹੋਈ। ਦੋਵੇਂ ਜ਼ਿੰਦਗੀ ਭਰ ਮਿੱਤਰ ਰਹੇ। ਪਿਕਾਸੋ ਨੇ ਸਪੇਨੀ ਸਿਵਲ ਯੁੱਧ ਵੇਲੇ ਜਰਮਨਾਂ ਵੱਲੋਂ ਗਰਨੀਕਾ ਸ਼ਹਿਰ ਦੀ ਕੀਤੀ ਗਈ ਤਬਾਹੀ ਤੋਂ ਆਤੰਕਿਤ ਹੋ ਕੇ ਜਗਤ ਪ੍ਰਸਿੱਧ ਚਿੱਤਰ Ḕਗਰਨੀਕਾ’ ਇਸ ਇਲਾਕੇ ‘ਚ ਰਹਿੰਦਿਆਂ ਬਣਾਇਆ।”
ḔḔਇਹ ਜੋ ਕੈਫੇ ਦੁਇ ਮਾਗੋ ਦੇ ਅੰਦਰ ਸਾਹਮਣੇ ਦੀਵਾਰ ਨਾਲ ਫਿਟ ਹੋਏ ਪੁਰਾਣੀ ਤਰਜ਼ ਦੇ ਬੈਂਚ ‘ਤੇ ਪਿੱਤਲ ਦੀ ਇਕ ਨਿੱਕੀ ਪੱਤਰੀ ਤੇ ਜੇæ ਪੀæ ਸਾਰਤਰ ਖੁਣਿਆ ਹੋਇਆ। ਸਾਰਤਰ ਜਦ ਵੀ ਇਸ ਕੈਫੇ ‘ਚ ਆਉਂਦਾ ਇਸ ਸੀਟ ‘ਤੇ ਬੈਠਦਾ। ਇਹਦੇ ਨਾਲ ਵਾਲੀ ਖਿੜਕੀ ਵਾਲੇ ਪਾਸੇ, ਸਿਮੋਨ ਦਬੂਆ ਦੀ ਸੀਟ ਸੀ। ਚਾਰ ਕੁ ਫੁੱਟ ਉਰ੍ਹਾਂ, ਖੱਬੇ ਹੱਥ ਇਕ ਗੋਲ ਨਿੱਕਾ ਮੇਜ਼ ਹੈ ਜੀਹਦੇ ਦੁਆਲੇ ਦੋ ਕੁਰਸੀਆਂ ਹਨ। ਇਥੇ ਪਿਕਾਸੋ ਅਤੇ ਉਹਦੀ ਨੌਜਵਾਨ ਪਤਨੀ ਬੈਠਦੇ ਸਨ। ਸਾਰਤਰ ਵਾਲੇ ਬੈਂਚ ਦੇ ਖੱਬੇ ਹੱਥ ਰਤਾ ਅਗਾਂਹ ਹੈਮਿੰਗਵੇਅ ਦੀ ਸੀਟ ਰਿਜ਼ਰਵ ਪਈ ਹੈ।”
ਲੇਖਕ ਨੇ ਜਿਹੜੇ ਕੈਫੇ ਦੇਖੇ ਉਹ ਸਾਰੇ ਹੀ ਮਹੱਤਵਪੂਰਨ ਹਨ। ਕੁਝ ਹੀ ਕਦਮਾਂ ‘ਤੇ ਫਰਾਂਸ ਦਾ ਪ੍ਰਸਿੱਧ ਕਲਾ ਸਕੂਲ Ḕਐਕਲ ਦੇ ਬੋ ਜ਼ਾਰ’ ਹੈ ਜਿਥੇ ਪੰਜਾਬ ਦੀ ਅੰਮ੍ਰਿਤਾ ਸ਼ੇਰਗਿੱਲ ਨੇ ਕਲਾ ਦੀ ਸਿੱਖਿਆ ਪ੍ਰਾਪਤ ਕੀਤੀ। ਏਥੇ ਹੀ ਉਨੀਵੀਂ ਸਦੀ ‘ਚ ਸਿਖਰਾਂ ਛੂਹਣ ਵਾਲੇ ਪ੍ਰਸਿੱਧ ਕਲਾਕਾਰ ਕਲੋਦ ਮੋਨੇ ਅਤੇ ਰੈਨੁਵਾ ਨੇ ਕਲਾ ਦੀ ਸਿੱਖਿਆ ਲਈ।
ਪੈਰਿਸ ਦੇ ਕੈਫਿਆਂ ‘ਚ ਲਿਖਣ ਵਾਲਿਆਂ ਨੇ ਲਿਖਣਾ; ਬੋਲਣ ਵਾਲਿਆਂ ਨੇ ਗੋਸ਼ਟ ਕਰਨਾ; ਮਨੁੱਖੀ ਇਨਸਾਫ ਨਾਲ ਖੜਨ ਵਾਲਿਆਂ ਨੇ ਮੀਟਿੰਗਾਂ ਕਰਨੀਆਂ; ਦਮਨਕਾਰੀ ਸੱਤਾ ਵਿਰੁੱਧ ਮਨਸੂਬੇ ਬਨਾਣੇ; ਪ੍ਰਤਿ-ਵਿਚਾਰਾਂ ਦਾ ਮੁਹਾਜ਼ ਉਸਾਰਨਾ। ਫਰਾਂਸੀਸੀ ਕ੍ਰਾਂਤੀ ਤੋਂ ਬਾਅਦ ਕਈ ਕੈਫੇ ਕ੍ਰਾਂਤੀਕਾਰੀਆਂ ਦੇ ਅੱਡੇ ਬਣ ਗਏ। ਜੋ ਵਿਚਾਰਾਂ ਅਤੇ ਕਲਾ ਸ਼ੈਲੀਆਂ ਦਾ ਉਠਾਣ ਯੌਰਪ ‘ਚ ਵੀਹਵੀਂ ਸਦੀ ਵਿਚ ਦੇਖਣ ਨੂੰ ਮਿਲਿਆ ਉਸ ਵਿਚ ਪੈਰਿਸ ਦੇ ਕੈਫਿਆਂ ਦਾ ਹੱਥ ਹੈ। ਕਿਸੇ ਸਮੇਂ ਹਜ਼ਾਰਾਂ ਨਹੀਂ ਲੱਖਾਂ ਕੈਫੇ, ਸਾਰੇ ਫਰਾਂਸ ‘ਚ ਸਨ, ਬਹੁਤੇ ਪੈਰਿਸ ਵਿਚ।
ਉਦੋਂ ਸਭ ਤੋਂ ਮਸ਼ਹੂਰ ਕੈਫੇ ਸੀ, ਲਾ ਕੈਫੇ ਦ ਰੀਜੈਂਸ। ਇਹ ਕੈਫੇ ਲੂਵਰ ਆਰਟ ਗੈਲਰੀ, ਜਿਥੇ ਮੋਨਾ ਲਿਜ਼ਾ ਦੀ ਪੇਂਟਿੰਗ ਲਟਕੀ ਹੋਈ ਹੈ ਤੋ ਕੁਝ ਕਦਮਾਂ ‘ਤੇ ਸੀ। ਉਨੀਵੀਂ ਸਦੀ ‘ਚ ਕੈਫੇ ਰੀਜੈਂਸ Ḕਵਰਕਿੰਗ ਕਲਾਸ ਪਾਲਿਟਿਕਸ’ ਦਾ ਅੱਡਾ ਬਣ ਚੁੱਕਾ ਸੀ। ਕਾਰਲ ਮਾਰਕਸ ਦੀ ਫ੍ਰੈਡਰਿਕ ਐਂਗਲਜ਼ ਨਾਲ ਪਹਿਲੀ ਮਿਲਣੀ ਇਸ ਕੈਫੇ ਵਿਚ ਹੋਈ ਸੀ।
ਜੇਮਜ਼ ਜੌਇਸ ਵੀਹ ਸਾਲ ਪੈਰਿਸ ‘ਚ ਰਿਹਾ ਤੇ Ḕਯੂਲੀਸੀਜ’ ਨਾਵਲ ਪੜ੍ਹ ਕੇ Ḕਵੇਟਿੰਗ ਫਾਰ ਗੇਦੋ’ ਵਾਲਾ ਨੋਬਲ ਪੁਰਸਕਾਰੀ ਸੈਮੁਅਲ ਬੈਕਟ ਜੌਇਸ ਦਾ ਚੇਲਾ ਬਣ ਗਿਆ। ਬੈਕਟ ਬਾਦ ਵਿਚ ਸਾਰੀ ਉਮਰ ਪੈਰਿਸ ‘ਚ ਰਿਹਾ। ਕਮਾਲ ਇਹ ਹੈ ਕਿ ਟੀæ ਐਸ਼ ਐਲੀਅਟ, ਜੇਮਜ਼ ਜੌਇਸ, ਹੈਮਿੰਗਵੇ, ਆਲਬੇਰ ਕਾਮੂ, ਸਾਰਤਰ ਤੇ ਸੈਮੁਅਲ ਬੈਕਟ-ਸਭਨਾਂ ਨੂੰ ਨੋਬਲ ਪੁਰਸਕਾਰ ਪ੍ਰਾਪਤ ਹੋਇਆ।
ਪੈਰਿਸ ਦੇ ਕਬਰਸਤਾਨਾਂ ਨੂੰ ਵੀ ਕਲਾਕਾਰਾਂ ਤੇ ਸਾਹਿਤਕਾਰਾਂ ਦੇ ਪ੍ਰਸੰਗ ਵਿਚ ਵੇਖਣ ਦੀ ਲੋੜ ਹੈ। ਵੱਡਾ ਕਬਰਸਤਾਨ 115 ਏਕੜ ਜ਼ਮੀਨ ਵਿਚ ਬਣਿਆ ਹੋਇਆ ਹੈ। ਲੇਖਕ ਇਸ ਵਿਚ ਵਿਕਟਰ ਹਿਊਗੋ ਤੇ ਸਾਰਤਰ ਦੀਆਂ ਕਬਰਾਂ ਲੱਭਦਾ ਬੌਂਦਲ ਜਾਂਦਾ ਹੈ। ਅਚਾਨਕ ਇਕ ਕਬਰ ਉਤੇ ਉਸ ਨੂੰ ਬਲਜ਼ਾਕ ਦੇ ਚਿਹਰੇ ਵਾਲਾ ਬੁੱਤ ਦਿਖਾਈ ਦਿੰਦਾ ਹੈ। ਕੋਈ ਏਥੇ ਤਾਜ਼ਾ ਫੁੱਲਾਂ ਦਾ ਗੁਲਦਸਤਾ ਤੇ ਇਕ ਕਾਰਡ ਰੱਖ ਗਿਆ ਹੈ ਜਿਸ ‘ਤੇ ਲਿਖਿਆ ਹੈ, ‘ਤੈਨੂੰ ਲੋਕ ਅੱਜ ਵੀ ਪਿਆਰ ਕਰਦੇ ਹਨ।’ ਇਹ ਵੇਖ ਕੇ ਲੇਖਕ ਨੂੰ ਲੰਡਨ ਦੇ ਹਾਈਗੇਟ ਕਬਰਸਤਾਨ ਵਿਚ ਵੇਖੀ ਕਾਰਲ ਮਾਰਕਸ ਦੀ ਕਬਰ ਚੇਤੇ ਆ ਜਾਂਦੀ ਹੈ ਜਿਥੇ ਮਾਰਕਸ ਦਾ ਵਾਕ ਉਕਰਿਆ ਹੋਇਆ ਸੀ। ਦਾਰਸ਼ਨਿਕਾਂ ਨੇ ਦੁਨੀਆਂ ਦੀ ਵਿਆਖਿਆ ਕੀਤੀ ਹੈ, ਲੋੜ ਦੁਨੀਆਂ ਨੂੰ ਬਦਲਣ ਦੀ ਹੈ।
ਲੇਖਕ ਮੁੜ ਆਪਣਾ ਧਿਆਨ ਕਬਰਾਂ ਉਤੇ ਲਿਖੇ ਸ਼ਬਦਾਂ ਤੇ ਵਾਕਾਂ ਵੱਲ ਲਾਉਂਦਾ । ਇਨ੍ਹਾਂ ਵਿਚ ਗਰੀਬਾਂ ਦੇ ਬੋਲ ਵੀ ਹਨ ਤੇ ਅਮੀਰਾਂ ਦੇ ਵੀ। ਦਫਨਾਉਣ ਵਾਲਿਆਂ ਵੱਲੋਂ ਖਰਚੇ ਪੈਸਿਆਂ ਸਮੇਤ। ਇਨ੍ਹਾਂ ਵਿਚ ਹੀ ਕਿਧਰੇ ਨਾਟਕਕਾਰ ਮੋਲੀਅਰ ਦੀ ਕਬਰ ਵੀ ਹੈ ਤੇ ਹੋਮੀਓਪੈਥੀ ਦੇ ਬਾਨੀ ਹਾਈਨਮੈਨ ਦੀ ਵੀ। ਲੇਖਕ ਬਾਹਰ ਨਿਕਲਣ ਲਗਦਾ ਹੈ ਤਾਂ ਅਚਾਨਕ ਅੰਗਰੇਜ਼ੀ ਲੇਖਕ ਆਸਕਰ ਵਾਈਲਡ ਦੀ ਕਬਰ ਦਿੱਸ ਪੈਂਦੀ ਹੈ। ਇਸ ਉਤੇ ਲੱਗਾ ਪੱਥਰ ਲੇਖਕ ਨੂੰ ਅਮੂਰਤ ਬੁਤਤਰਾਸ਼ੀ ਜਾਪਦਾ ਹੈ। ਆਸਕਰ ਦੀ ਬੈਚੇਨ ਆਤਮਾ ਵਰਗਾ। ਆਪਣੇ ਸਮੇਂ ਦੀਆਂ ਰੋਕਾਂ ਨੂੰ ਫੀਤਾ ਫੀਤਾ ਕਰਨ ਵਾਲਾ ਇਕ ਲੇਖਕ ਸਮਲਿੰਗੀ ਸੀ। ਉਸ ਨੂੰ ਇੰਗਲੈਂਡ ਦੀ ਰੈਡਿੰਗ ਜੇਲ੍ਹ ਵਿਚ ਕੈਦ ਕੀਤਾ ਗਿਆ ਸੀ। ਲੇਖਕ ਨੂੰ ਉਸ ਦੀ ਕਬਰ ਪੈਰਿਸ ਵਿਚ ਲੱਭੀ। ਛੋਟੇ ਵੱਡੇ ਬੁਧੀਜੀਵੀਆਂ ਨੂੰ ਚੇਤੇ ਕਰਨ ਲਈ ਏਸ ਕਬਰਸਤਾਨ ਦੀ ਇਕ ਫੇਰੀ ਕਾਫੀ ਨਹੀਂ। ਪੈਰਿਸ ਵਿਚ ਕਬਰਸਤਾਨਾਂ ਦੀ ਵਿਸ਼ੇਸ਼ਤਾ ਕਾਹਵਾ ਘਰਾਂ ਵਰਗੀ ਹੀ ਹੈ।
ਗੁਰਬਚਨ ਦੀ ਮਹਾਂਯਾਤਾਰਾ ਵਿਚ ਉਸਾਕਾ ਤੇ ਟੋਕੀਓ ਦੇ ਵੇਰਵੇ ਵੀ ਪੈਰਿਸ ਨਾਲੋਂ ਘੱਟ ਨਹੀਂ। ਸਾਊਥਾਲ, ਹਾਈਗੇਟ, ਬ੍ਰੈਡਫੋਰਡ, ਸਕਾਟਲੈਂਡ, ਰੋਮ, ਬ੍ਰਾਈਟਨ, ਵੈਨਕੂਵਰ, ਸਿਆਟਲ, ਸੈਂਟਾ ਕਲਾਰਾ, ਫਰੀਮਾਂਟ ਤੇ ਨਿਊ ਯਾਰਕ ਸਮੇਤ। ਇਹ ਕਾਲਮ ਤਾਂ ਕੇਵਲ ਨਮੂਨਾ ਮਾਤਰ ਹੀ ਪੇਸ਼ ਕਰਦਾ ਹੈ। ਪੰਜਾਬੀ ਬੰਦਾ ਕਿਵੇਂ ਤੇ ਕਿੱਥੇ ਕਿੱਥੇ ਗਿਆ, ਪੁਸਤਕ ਉਸ ਦਾ ਨਿਚੋੜ ਵੀ ਪੇਸ਼ ਕਰਦੀ ਹੈ। ਮਹਾਂਯਾਤਰਾ ਪਾਠਕ ਦਾ ਪੂਰਾ ਧਿਆਨ ਮੰਗਦੀ ਹੈ। ਇਹ ਸਫਰਨਾਮਿਆਂ ਵਰਗੀ ਸਰਲ ਨਹੀਂ। ਸਵਾਗਤ ਹੈ।
ਅੰਤਿਕਾ: (ਈਸ਼ਵਰ ਚਿੱਤਰਕਾਰ)
ਤੇਰੇ ਪਿਆਰ ਸਾਹਮਣੇ ਮੇਰੀ ਨਿਗਾਹ ਕੀ ਟਿਕੇ
ਫੁੱਲਾਂ ਦੀ ਮਹਿਕ ਹੈ ਸਦਾ ਫੁੱਲਾਂ ਤੋਂ ਦੌੜਦੀ ਰਹੀ।