ਓਰਲੈਂਡੋ ਦੇ ਨਾਈਟ ਕਲੱਬ ਵਿਚ ਗੋਲੀ ਨਾਲ 53 ਜਣਿਆਂ ਦੀ ਮੌਤ

ਸਮਲਿੰਗੀਆਂ ਖਿਲਾਫ ਨਫਰਤ ਬਣਿਆ ਹਮਲੇ ਦਾ ਕਾਰਨ
ਓਰਲੈਂਡੋ, ਫਲੋਰਿਡਾ: ਇਥੋਂ ਦੇ ਇਕ ਸਮਲਿੰਗੀ ਨਾਈਟ ਕਲੱਬ ‘ਪਲਸ’ ਵਿਚ ਇਕ ਜਨੂਨੀ ਵਲੋਂ ਚਲਾਈ ਗਈ ਅੰਨੇਵਾਹ ਗੋਲੀ ਨਾਲ 53 ਜਾਨਾਂ ਚਲੀਆਂ ਗਈਆਂ ਅਤੇ ਇੰਨੇ ਹੀ ਵਿਅਕਤੀ ਜ਼ਖਮੀ ਹੋ ਗਏ। ਹਮਲਾਵਰ ਉਮਰ ਮਤੀਨ ਵੀ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ। ਇਸ ਘਟਨਾ ਨੇ ਅਮਰੀਕਾ ਵਿਚ ਆਮ ਨਾਗਰਿਕਾਂ ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਹਮਲਾ ਸਮਲਿੰਗੀਆਂ ਨਾਲ ਨਫਰਤ ਦਾ ਸਿੱਟਾ ਹੈ।

ਹਮਲਾਵਰ ਉਮਰ ਮਤੀਨ ਦੇ ਪਿਤਾ ਮੀਰ ਸੱਦੀਕ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਦਾ ਪੁੱਤਰ ਉਮਰ ਮਤੀਨ ਧਾਰਮਿਕ ਨਹੀਂ ਸੀ, ਪਰ ਕੁਝ ਦਿਨ ਪਹਿਲਾਂ ਦੋ ਸਮਲਿੰਗੀਆਂ ਨੂੰ ਇਕ-ਦੂਸਰੇ ਨੂੰ ਚੁੰਮਦੇ ਦੇਖ ਕੇ ਉਹ ਖਿਝ ਗਿਆ ਸੀ ਤੇ ਪਰੇਸ਼ਾਨ ਰਹਿੰਦਾ ਸੀ।
ਅਤਿਵਾਦੀ ਜਥੇਬੰਦੀ ਇਮਲਾਮਿਕ ਸਟੇਟ ਨੇ ਭਾਵੇਂ ਅਲ-ਬਯਾਨ ਰੇਡੀਓ ‘ਤੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਦਾਅਵਾ ਕੀਤਾ ਹੈ ਕਿ ਹਮਲਾਵਰ ਉਨ੍ਹਾਂ ਦਾ ਬੰਦਾ ਹੈ, ਪਰ ਮੁਢਲੀ ਜਾਂਚ ਇਹੀ ਦੱਸਦੀ ਹੈ ਕਿ ਇਹ ਇਸ ਜਥੇਬੰਦੀ ਦੇ ਸਿੱਧੇ ਸੰਪਰਕ ਵਿਚ ਨਹੀਂ ਸੀ। ਹਮਲਾਵਰ ਦੀ ਸਾਬਕਾ ਪਤਨੀ ਸਿਤੋਰਾ ਅਲੀਸ਼ੇਰਜੋਦਾ ਯੂਸਫੀ ਨੇ ਮਤੀਨ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਉਸ ਦੀ ਪਤਨੀ ਨੇ ਮਤੀਨ ਨੂੰ ਹਿੰਸਕ ਅਤੇ ਮਾਨਸਿਕ ਤੌਰ ਉਤੇ ਬਿਮਾਰ ਦੱਸਿਆ ਹੈ। ਉਸ ਮੁਤਾਬਕ, ਮਤੀਨ ਵਿਆਹ ਤੋਂ ਬਾਅਦ ਉਸ ਨਾਲ ਕੁੱਟਮਾਰ ਕਰਦਾ ਸੀ ਤੇ ਘਰ ਵਿਚ ਬੰਦ ਕਰ ਕੇ ਰੱਖਦਾ ਸੀ।
ਉਧਰ, ਚੋਣਾਂ ਦੇ ਮਾਹੌਲ ਕਾਰਨ ਇਸ ਮਸਲੇ ‘ਤੇ ਸਿਆਸਤ ਵੀ ਅਰੰਭ ਹੋ ਗਈ ਹੈ। ਰਾਸ਼ਟਰਪਤੀ ਦੇ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਲਡ ਟ੍ਰੰਪ ਨੇ ਵਿਦੇਸ਼ੀਆਂ, ਖਾਸ ਕਰ ਕੇ ਮੁਸਲਮਾਨਾਂ ਦੇ ਆਸਾਨ ਦਾਖਲੇ ‘ਤੇ ਓਬਾਮਾ ਸਰਕਾਰ ਨੂੰ ਘੇਰਨ ਦੇ ਯਤਨ ਤੇਜ਼ ਕਰ ਦਿੱਤੇ ਹਨ। ਉਹ ਪਹਿਲਾਂ ਵੀ ਮੁਸਲਮਾਨਾਂ ਖਿਲਾਫ ਅਜਿਹੇ ਬਿਆਨ ਦਾਗਦੇ ਰਹੇ ਹਨ।
ਇਸੇ ਦੌਰਾਨ, ਇਸ ਕਾਂਡ ਤੋਂ ‘ਗੰਨ ਲੌਬੀ’ ਖਿਲਾਫ ਲਾਮਬੰਦੀ ਵੀ ਅਰੰਭ ਹੋ ਗਈ ਹੈ। ਰਾਸ਼ਟਰਪਤੀ ਬਰਾਕ ਓਬਾਮਾ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਅਜਿਹੇ 16 ਸਮੂਹਿਕ ਹੱਤਿਆ ਕਾਂਡ ਵਾਪਰ ਚੁੱਕੇ ਹਨ, ਨੇ ਹਥਿਆਰਾਂ ਦੀ ਖੁੱਲ੍ਹੇਆਮ ਵਿਕਰੀ ਖਿਲਾਫ ਮੁਹਿੰਮ ਛੇੜੀ ਸੀ, ਪਰ ਅਤਿਅੰਤ ਤਾਕਤਵਰ ‘ਗੰਨ ਲੌਬੀ’ ਕਾਰਨ ਉਨ੍ਹਾਂ ਦੇ ਯਤਨਾਂ ਨੂੰ ਬੂਰ ਨਹੀਂ ਸੀ ਪਿਆ। ਓਰਲੈਂਡੋ ਕਾਂਡ ਤੋਂ ਪਹਿਲਾਂ ਵਾਪਰੀਆਂ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਵਿਚ ਇਸਲਾਮੀ ਅਨਸਰ ਘੱਟ ਅਤੇ ਯੂਰਪੀ ਮੂਲ ਦੇ ਈਸਾਈ ਵੱਧ ਸਨ। ਓਰਲੈਂਡੋ ਕਾਂਡ ਦਾ ਨਿਵੇਕਲਾ ਪੱਖ ਇਹ ਹੈ ਕਿ ਹਮਲਾਵਰ ਅਫਗ਼ਾਨ ਮੂਲ ਦਾ ਅਮਰੀਕੀ ਨਾਗਰਿਕ ਸੀ ਅਤੇ ਉਹਨੇ ਹਮਜਿਣਸੀ ਭਾਈਚਾਰੇ ਨਾਲ ਸਬੰਧਤ ਈਸਾਈ ਤੇ ਅਮਰੀਕੀ ਲੋਕਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਵਿਚ ਬੰਦੂਕਾਂ-ਪਿਸਤੌਲਾਂ ਤੇ ਹੋਰ ਹਥਿਆਰਾਂ ਦੀ ਆਸਾਨੀ ਨਾਲ ਉਪਲਬਧਤਾ ਨੇ ਅਜਿਹੇ ਅਨਸਰਾਂ ਲਈ ਕਿਤੇ ਵੀ ਹਮਲਾ ਕਰਨਾ ਆਸਾਨ ਬਣਾ ਦਿੱਤਾ ਹੋਇਆ ਹੈ।
__________________
ਅਫ਼ਗ਼ਾਨ ਮੂਲ ਦਾ ਸੀ ਹਮਲਾਵਰ
ਹਮਲਾਵਰ ਦੀ ਪਛਾਣ ਅਫ਼ਗ਼ਾਨ ਮੂਲ ਦੇ ਅਮਰੀਕੀ ਸ਼ਹਿਰੀ ਉਮਰ ਮਤੀਨ ਵਜੋਂ ਹੋਈ ਹੈ ਜਿਸ ਦਾ ਜਨਮ 1986 ਵਿਚ ਅਫ਼ਗ਼ਾਨ ਮਾਪਿਆਂ ਦੇ ਘਰ ਹੋਇਆ ਅਤੇ ਉਹ ਫਲੋਰਿਡਾ ਦੇ ਪੋਰਟ ਸੇਂਟ ਲੂਈ ਵਿਚ ਰਹਿ ਰਿਹਾ ਸੀ। ਮਤੀਨ ਦਾ ਤਿੰਨ ਸਾਲ ਦਾ ਬੇਟਾ ਹੈ ਅਤੇ ਉਸ ਦੀ ਪਤਨੀ ਸਿਤੋਰਾ ਅਲੀਸ਼ੇਰਜੋਦਾ ਯੂਸਫੀ ਉਜ਼ਬੇਕਿਸਤਾਨ ਮੂਲ ਦੀ ਹੈ। ਦੋਹਾਂ ਦਾ ਵਿਆਹ ਮਾਰਚ 2009 ਵਿਚ ਹੋਇਆ ਸੀ। ਮਤੀਨ ਦਾ ਕੋਈ ਮੁਜਰਮਾਨਾ ਰਿਕਾਰਡ ਨਹੀਂ ਸੀ।
________________________
ਓਰਲੈਂਡੋ ਹਮਲੇ ਪਿਛੋਂ ਸਿੱਖਾਂ ਵਿਚ ਸਹਿਮ
ਵਾਸ਼ਿੰਗਟਨ: ਇਸ ਹਮਲੇ ਨੇ ਸਿੱਖ ਭਾਈਚਾਰੇ ਦਾ ਫਿਕਰ ਵਧਾ ਦਿੱਤਾ ਹੈ। ਸਿੱਖਾਂ ਦੇ ਫਿਕਰ ਨੂੰ ਵੇਖਦਿਆਂ ਅਮਰੀਕਾ ਸਰਕਾਰ ਨੇ ਭਰੋਸਾ ਦੁਆਇਆ ਹੈ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਇਸ ਬਾਰੇ ਅਮਰੀਕੀ ਪ੍ਰਸ਼ਾਸਨ ਦੇ ਨੁਮਾਇੰਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਮਿਲੇ। ਵ੍ਹਾਈਟ ਹਾਊਸ ਦੇ ਘਰੇਲੂ ਪਾਲਿਸੀ ਕੌਂਸਲ ਦੇ ਡਾਇਰੈਕਟਰ ਸੈਸੀਲਿਆ ਮੁਨੌਜ਼ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਮਿਲਣ ਲਈ ਵਾਸ਼ਿੰਗਟਨ ਡੀæਸੀæ ਦੇ ਗੁਰਦੁਆਰੇ ਪਹੁੰਚੀ। ਉਨ੍ਹਾਂ ਭਰੋਸਾ ਦੁਆਇਆ ਕਿ ਸਰਕਾਰ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਏਗੀ। ਗੁਰੂ ਨਾਨਕ ਫਾਊਂਡੇਸ਼ਨ ਦੇ ਚੇਅਰਮੈਨ ਪਰਮਵੀਰ ਸਿੰਘ ਸੋਨੀ ਨੇ ਦੱਸਿਆ ਕਿ ਇਸ ਵੇਲੇ ਸਿੱਖਾਂ ਵਿਚ ਡਰ ਅਤੇ ਸਹਿਮ ਹੈ। ਯਾਦ ਰਹੇ, ਜਹਾਦੀਆਂ ਦੀਆਂ ਕਰਤੂਤਾਂ ਕਾਰਨ ਕੁਝ ਜਨੂੰਨੀ ਅਮਰੀਕੀ ਨਾਗਰਿਕਾਂ ਨੇ ਪਿਛਲੇ ਸਮੇਂ ਦੌਰਾਨ ਸਿੱਖਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਉਹ ਸ਼ਕਲ-ਸੂਰਤ ਤੋਂ ਸਿੱਖਾਂ ਨੂੰ ਜਹਾਦੀ ਸਮਝ ਕੇ ਹਮਲਾ ਕਰਦੇ ਹਨ।