ਪੰਜਾਬ ਦੀ ਸਿਆਸਤ ਦੇ ਭਖੇ ਹੋਏ ਪਿੜ ਵਿਚ ਇਕ ਮੁੱਦਾ ਹੋਰ ਮੁੱਖ ਰੂਪ ਵਿਚ ਆਣ ਜੁੜਿਆ ਹੈ। ਕਾਂਗਰਸ ਵੱਲੋਂ ਸੀਨੀਅਰ ਆਗੂ ਕਮਲ ਨਾਥ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਥਾਪਣ ਦੇ ਨਾਲ ਹੀ ਇਹ ਮਸਲਾ ਸਿਆਸੀ ਹਲਕਿਆਂ ਅਤੇ ਮੀਡੀਆ ਵਿਚ ਤੁਰੰਤ ਛਾ ਗਿਆ। ਕਮਲ ਨਾਥ ਉਤੇ ਦੋਸ਼ ਲਗਦਾ ਰਿਹਾ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ, ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦੌਰਾਨ ਭੀੜ ਦੀ ਅਗਵਾਈ ਕੀਤੀ ਸੀ। ਕਾਂਗਰਸ ਪਾਰਟੀ ਕਮਲ ਨਾਥ ਅਤੇ ਹੋਰ ਆਗੂਆਂ ਜਿਨ੍ਹਾਂ ਉਤੇ ਇਹ ਦੋਸ਼ ਲਗਦੇ ਰਹੇ ਹਨ, ਬਾਰੇ ਜਾਂ ਤਾਂ ਖਾਮੋਸ਼ ਹੀ ਰਹੀ ਹੈ, ਤੇ ਜਾਂ ਫਿਰ ਇਨ੍ਹਾਂ ਨੂੰ ‘ਬਰੀ’ ਕਰਦੀ ਰਹੀ ਹੈ ਅਤੇ ਨਾਲ ਹੀ ਸਭ ਕੁਝ ਭੀੜ ਵੱਲੋਂ ਕੀਤਾ-ਕਰਾਇਆ ਕਹਿ ਕੇ ਪੱਲਾ ਝਾੜਦੀ ਰਹੀ ਹੈ।
ਇਹ ਅਜਿਹਾ ਮਸਲਾ ਹੈ ਜਿਹੜਾ ਗਾਹੇ-ਬਗਾਹੇ ਕੇਂਦਰ ਵਿਚ ਆਉਂਦਾ ਰਿਹਾ ਹੈ, ਕਿਉਂਕਿ ਜੋ ਤੱਦੀ 1984 ਵਿਚ ਸਿੱਖਾਂ ਨਾਲ ਮੁਲਕ ਦੀ ਰਾਜਧਾਨੀ ਦਿੱਲੀ ਅਤੇ ਮੁਲਕ ਦੇ ਕੁਝ ਹੋਰ ਹਿੱਸਿਆਂ ਵਿਚ ਹੋਈ ਸੀ, ਉਸ ਦੇ ਜ਼ਖਮ ਕਸੂਰਵਾਰਾਂ ਨੂੰ ਸਜ਼ਾ ਦੇ ਕੇ ਹੀ ਭਰੇ ਜਾ ਸਕਦੇ ਸਨ, ਪਰ ਇਸ ਤੱਦੀ ਨੂੰ ਤਿੰਨ ਦਹਾਕੇ ਹੋ ਗਏ ਹਨ ਤੇ ਇਹ ਆਗੂ ਜਿਉਂ ਦੀ ਤਿਉਂ ਸਿਆਸਤ ਦੇ ਪਿੜ ਵਿਚ ਵਿਚਰ ਰਹੇ ਹਨ। ਉਸ ਸਮੇਂ ਦੌਰਾਨ ਜਿਨ੍ਹਾਂ ਜੀਆਂ ਅਤੇ ਪਰਿਵਾਰਾਂ ਨੇ ਜ਼ਿਆਦਤੀਆਂ ਜਰੀਆਂ, ਉਨ੍ਹਾਂ ਦੇ ਜ਼ਖਮਾਂ ਉਤੇ ਫਹੇ ਰੱਖਣ ਦਾ ਕੰਮ ਸੌੜੀ ਅਤੇ ਨਿੱਘਰ ਚੁੱਕੀ ਸਿਆਸਤ ਦੇ ਪੇਟੇ ਪੈ ਗਿਆ। ਅੱਜ ਵੀ ਇਸ ਮੁੱਦੇ ਉਤੇ ਵੱਖ-ਵੱਖ ਸਿਆਸੀ ਧਿਰਾਂ ਸਿਆਸਤ ਹੀ ਖੇਡ ਰਹੀਆਂ ਹਨ। ਆਰæਐਸ਼ਐਸ਼ ਪ੍ਰਚਾਰਕ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜਿਸ ਨੇ ਇਸ ਮਸਲੇ ਦੀ ਜਾਂਚ ਲਈ ਸਾਲ ਪਹਿਲਾ ਵਿਸ਼ੇਸ਼ ਜਾਂਚ ਟੀਮ (ਐਸ਼ਆਈæਟੀæ) ਬਣਾਈ ਸੀ, ਨੇ ਹਾਲ ਹੀ ਵਿਚ 75 ਕੇਸਾਂ ਦੀ ਜਾਂਚ ਨਵੇਂ ਸਿਰਿਓਂ ਕਰਨ ਦਾ ਐਲਾਨ ਕਰ ਦਿੱਤਾ। ਇਸ ਦਾ ਸਿੱਧਾ ਤੇ ਸਾਫ ਮਤਲਬ ਹੈ- ਪੰਜਾਬ ਵਿਚ ਚੋਣਾਂ ਸਿਰ ‘ਤੇ ਹਨ ਅਤੇ ਭਾਰਤੀ ਜਨਤਾ ਪਾਰਟੀ ਇਸ ਮਾਮਲੇ ‘ਤੇ ਸਿਰਫ ਸਿਆਸੀ ਲਾਭ ਕਮਾਉਣ ਨੂੰ ਹੀ ਅੱਗੇ ਰੱਖ ਰਹੀ ਹੈ। ਇਸ ਦੀ ਭਾਈਵਾਲ ਪਾਰਟੀ- ਸ਼੍ਰੋਮਣੀ ਅਕਾਲੀ ਦਲ ਲਈ ਤਾਂ ਇਹ ਮੁੱਦਾ ‘ਸਦਾ ਬਹਾਰ’ ਰਿਹਾ ਹੈ; ਖਾਸ ਕਰ ਕੇ ਜਦੋਂ ਚੋਣਾਂ ਨੇੜੇ ਹੁੰਦੀਆਂ ਹਨ, ਤਾਂ ਅਕਾਲੀ ਆਗੂ ਇਸ ਮੁੱਦੇ ਤੋਂ ਧੂੜ-ਮਿੱਟੀ ਝਾੜ ਲੈਂਦੇ ਹਨ ਅਤੇ ਇਸ ਨੂੰ ਚੋਣ ਪ੍ਰਚਾਰ ਦੌਰਾਨ ਖੂਬ ਵਰਤਦੇ ਹਨ। ਇਸ ਵਾਰ ਵੀ ਅਜਿਹਾ ਹੀ ਹੋਇਆ ਹੈ। ਪੰਜਾਬ ਅਤੇ ਪੰਜਾਬੀਆਂ ਉਤੇ ਨਸ਼ਿਆਂ ਦੀ ਪੈ ਰਹੀ ਮਾਰ ਕਾਰਨ ਘਿਰੇ ਅਕਾਲੀਆਂ ਨੂੰ ਰਾਤੋ-ਰਾਤ ਇਹ ਮੁੱਦਾ ਮਿਲ ਗਿਆ ਹੈ। ਨਸ਼ਿਆਂ ਦੇ ਮੁੱਦੇ ਕਾਰਨ ਹੋਈ ਦੁਰ-ਦੁਰ ਤੋਂ ਬਾਅਦ ਅਕਾਲੀ ਆਗੂਆਂ ਨੂੰ ਲੋਕਾਂ ਅਤੇ ਮੀਡੀਆ ਸਾਹਮਣੇ ਜਵਾਬ ਦੇਣਾ ਵੀ ਔਖਾ ਹੋਇਆ ਪਿਆ ਸੀ। ਅਸਲ ਵਿਚ, ਸੂਬੇ ਦੀ ਸਾਰੀ ਸਿਆਸਤ ਇਸ ਇਕ ਮੁੱਦੇ ਉਤੇ ਹੀ ਕੇਂਦਰਤ ਹੋ ਗਈ ਜਾਪਦੀ ਸੀ, ਪਰ ਕਮਲ ਨਾਥ ਅਤੇ ਕਾਂਗਰਸ ਦੇ ਮੁੱਦੇ ਨੇ ਇਕਦਮ ਸਿਆਸੀ ਹਵਾ ਦਾ ਰੁਖ ਬਦਲ ਦਿੱਤਾ ਹੈ।
ਉਂਜ, ਕਮਲ ਨਾਥ ਦੀ ਇਸ ਨਵੀਂ ਨਿਯੁਕਤੀ ਜਿਸ ਨਾਲ ਪੰਜਾਬ ਦੀ ਸਿਆਸਤ ਵਿਚ ਪੂਰਾ ਉਬਾਲ ਆਇਆ ਹੈ, ਦਾ ਇਕ ਹੋਰ ਪੱਖ ਵੀ ਹੈ। ਇਸ ਬਾਰੇ ਚਰਚਾ ਸਿਆਸੀ ਹਲਕਿਆਂ ਵਿਚ ਫਿਲਹਾਲ ਬਹੁਤ ਦੱਬਵੀਂ ਸੁਰ ਵਿਚ ਹੋ ਰਹੀ ਹੈ। ਇਨ੍ਹਾਂ ਸਿਆਸੀ ਹਲਕਿਆਂ ਮੁਤਾਬਕ, ਕਾਂਗਰਸ ਦਾ ਇਕ ਧੜਾ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਹਰ ਰਾਹ ਰੋਕਣ ਲਈ ਤਹੂ ਹੋਇਆ ਪਿਆ ਹੈ ਅਤੇ ਇਸ ਧੜੇ ਦੀ ਗਿਣਤੀ-ਮਿਣਤੀ ਵਿਚੋਂ ਹੀ ਕਮਲ ਨਾਥ ਦੀ ਨਵੀਂ ਨਿਯੁਕਤੀ ਹੋਈ ਹੈ। ਹੁਣ ਕੈਪਟਨ ਨੂੰ ਹਰ ਥਾਂ ਸਿਰਫ ਕਮਲ ਨਾਥ ਬਾਰੇ ਹੀ ਸਵਾਲ ਪੁੱਛਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਲਈ ਜਗਦੀਸ਼ ਟਾਈਟਲਰ ਵਾਲਾ ਸਵਾਲ ਗਲੇ ਦੀ ਹੱਡੀ ਬਣਿਆ ਹੋਇਆ ਸੀ। ਟਾਈਟਲਰ ਬਾਰੇ ਸਫਾਈਆਂ ਦਿੰਦਿਆਂ ਉਨ੍ਹਾਂ ਦੀ ਹਰ ਚੋਣ ਮੁਹਿੰਮ ਦਾ ਦਮ ਪਹਿਲਾਂ ਹੀ ਉਖੜ ਰਿਹਾ ਸੀ ਅਤੇ ਰਹਿੰਦੀ ਕਸਰ ਹੁਣ ਕਮਲ ਨਾਥ ਦੀ ਨਿਯੁਕਤੀ ਨੇ ਪੂਰੀ ਕਰ ਦਿੱਤੀ ਹੈ।
ਪਿਛਲੇ ਸਮੇਂ ਦੌਰਾਨ ਸੂਬੇ ਵਿਚ ਤੀਜੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਨੇ ਵੀ ਇਸ ਮੁੱਦੇ ਨੂੰ ਕੇਂਦਰ ਵਿਚ ਲੈ ਆਂਦਾ ਹੈ। ਇਸ ਪਾਰਟੀ ਦੇ ਆਗੂ ਅਤੇ ਉਘੇ ਵਕੀਲ ਐਚæਐਸ਼ ਫੂਲਕਾ ਨੇ ਕਤਲੇਆਮ ਪੀੜਤਾਂ ਦੀ ਕਾਨੂੰਨੀ ਮਦਦ ਲਈ ਬੇਮਿਸਾਲ ਕੰਮ ਕੀਤਾ ਹੈ। ਦੂਜੇ, ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਜਿਨ੍ਹਾਂ ਵਿਚ ਸਿੱਖ ਵੱਡੀ ਗਿਣਤੀ ਵਿਚ ਹਨ, ਖੁੱਲ੍ਹ ਕੇ ਇਸ ਪਾਰਟੀ ਦੀ ਹਮਾਇਤ ਕਰ ਰਹੇ ਹਨ। ਇਸ ਪਾਰਟੀ ਦੀ ਦਿੱਲੀ ਵਿਚ ਚੱਲ ਰਹੀ ਸਰਕਾਰ ਨੇ ਵੀ ਸਿੱਖਾਂ ਦੇ ਕੁਝ ਮਾਮਲਿਆਂ ‘ਤੇ ਪਹਿਲਕਦਮੀਆਂ ਕੀਤੀਆਂ ਹਨ ਅਤੇ ਲੋਕਾਂ ਨੇ ਹੁੰਗਾਰਾ ਵੀ ਭਰਿਆ ਹੈ, ਪਰ ਇਸ ਮਾਮਲੇ ‘ਤੇ ਜਿੰਨਾ ਚਿਰ ਲਕੀਰ ਤੋਂ ਹਟ ਕੇ ਫੈਸਲੇ ਨਹੀਂ ਕੀਤੇ ਜਾਂਦੇ, ਇਹ ਮੁੱਦਾ ਸਿਆਸੀ ਗੇੜੇ ਹੀ ਕੱਢਦਾ ਰਹੇਗਾ। ਉਂਜ, ਇਕ ਗੱਲ ਐਨ ਸਾਫ ਹੋ ਗਈ ਹੈ ਕਿ ਇਸ ਮੁੱਦੇ ਨੂੰ ਵੱਖ-ਵੱਖ ਮੌਕਿਆਂ ‘ਤੇ ਦਬਾਇਆ ਤਾਂ ਭਾਵੇਂ ਜਾ ਸਕਦਾ ਹੈ, ਪਰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਇਸ ਬਾਰੇ ਨਿਤਾਰਾ ਆਖਰਕਾਰ ਹੋਣਾ ਹੀ ਹੈ ਅਤੇ ਕਾਂਗਰਸ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਤਾਂ ਇਸ ਤੋਂ ਅਗਾਂਹ ਦੀ ਗੱਲ ਕੀਤੀ ਹੈ। ਉਨ੍ਹਾਂ 1980ਵਿਆਂ ਦੌਰਾਨ ਪੰਜਾਬ ਵਿਚ ਝੁੱਲੇ ਝੱਖੜ ਉਸ ਕਾਲੇ ਦੌਰ ਬਾਰੇ ‘ਸੱਚਾਈ, ਇਨਸਾਫ ਤੇ ਮੁੜ-ਭਰੋਸਗੀ ਕਮਿਸ਼ਨ’ ਬਣਾਉਣ ਦੀ ਪੈਰਵੀ ਕੀਤੀ ਹੈ ਤਾਂ ਕਿ ਵੱਖ-ਵੱਖ ਧਿਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ। ਇਸ ਕਮਿਸ਼ਨ ਦੇ ਘੇਰੇ ਵਿਚ ਦਿੱਲੀ ਵਾਲਾ ਕਤਲੇਆਮ ਵੀ ਆਵੇਗਾ, ਇਸ ਨਾਲ ਪੀੜਤਾਂ ਨੂੰ ਇਨਸਾਫ ਮਿਲਣ ਦਾ ਰਾਹ ਖੁੱਲ੍ਹੇਗਾ ਅਤੇ ਨਾਲ ਹੀ ਉਨ੍ਹਾਂ ਸਿਆਸੀ ਧਿਰਾਂ ਦੀਆਂ ਲਗਾਮਾਂ ਕੁਝ ਖਿੱਚੀਆਂ ਜਾਣਗੀਆਂ ਜੋ ਅਜਿਹੇ ਅਤਿ-ਸੰਵੇਦਨਸ਼ੀਲ ਮੁੱਦਿਆਂ ਨੂੰ ਸਸਤੀ ਸਿਆਸਤ ਨਾਲ ਰੋਲ ਦਿੰਦੇ ਹਨ। ਉਦੋਂ ਸਿਰਫ ਸੱਚ ਤੇ ਨਿਆਂ ਦੀ ਜੈ-ਜੈਕਾਰ ਹੋਵੇਗੀ।