ਹੁਣ ਪੀਣ ਜੋਗੇ ਪਾਣੀ ਨੂੰ ਵੀ ਤਰਸਣਗੇ ਪੰਜ ਆਬਾਂ ਦੇ ਵਾਰਸ

ਚੰਡੀਗੜ੍ਹ: ਧਰਤੀ ਹੇਠਲੇ ਪਾਣੀ ਬਾਰੇ ਆ ਰਹੀਆਂ ਰਿਪੋਰਟਾਂ ਨੇ ਪੰਜਾਬੀਆਂ ਦੀ ਚਿੰਤਾ ਵਧਾ ਦਿੱਤੀ ਹੈ। ਇਕ ਰਿਪੋਰਟ ਮੁਤਾਬਕ ਖਿੱਤੇ ਵਿਚ ਤਕਰੀਬਨ 80 ਫੀਸਦੀ ਪਾਣੀ ਮੁੱਕ ਚੁੱਕਾ ਹੈ। ਹੁਣ ਕੇਂਦਰੀ ਜਲ ਵਸੀਲਿਆਂ ਸਬੰਧੀ ਵਿਭਾਗ ਦੇ ਸਕੱਤਰ ਨੇ ਵੀ ਇਹ ਕਿਹਾ ਹੈ ਕਿ ਭਾਰਤ ਵਿਚ ਧਰਤੀ ਹੇਠਲਾ ਤਕਰੀਬਨ 75 ਫੀਸਦੀ ਪਾਣੀ ਵਰਤਿਆ ਜਾ ਚੁੱਕਾ ਹੈ ਅਤੇ 25 ਫੀਸਦੀ ਪਾਣੀ ਹੀ ਬਾਕੀ ਰਹਿ ਗਿਆ ਹੈ, ਪਰ ਪੰਜਾਬ ਵਿਚ ਧਰਤੀ ਹੇਠ ਵਰਤਣਯੋਗ 18 ਫੀਸਦੀ ਪਾਣੀ ਹੀ ਰਹਿ ਗਿਆ ਹੈ। ਪੰਜਾਬ ਦੇ 110 ਦੇ ਬਲਾਕਾਂ ਨੂੰ ਧਰਤੀ ਹੇਠ ਪਾਣੀ ਦੀ ਹੋਈ ਕਮੀ ਕਾਰਨ ਕਾਲੇ ਬਲਾਕ ਐਲਾਨਿਆ ਜਾ ਚੁੱਕਾ ਹੈ।

ਇਸ ਸਮੇਂ ਪੰਜਾਬ ਵਿਚ ਖੇਤੀਬਾੜੀ, ਸਨਅਤਾਂ ਅਤੇ ਪਿੰਡਾਂ ਤੇ ਸ਼ਹਿਰਾਂ ਵਿਚ ਪੀਣ ਅਤੇ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਲਈ ਵੱਡੀ ਪੱਧਰ ਉਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਹੋ ਰਹੀ ਹੈ। ਪੰਜਾਬ ਵਿਚ ਖੇਤੀਬਾੜੀ ਲਈ 70 ਫੀਸਦੀ ਪਾਣੀ ਟਿਊਬਵੈੱਲਾਂ ਰਾਹੀਂ ਧਰਤੀ ਹੇਠਲਾ ਵਰਤਿਆ ਜਾ ਰਿਹਾ ਹੈ ਅਤੇ ਸਿਰਫ 25 ਫੀਸਦੀ ਪਾਣੀ ਹੀ ਨਹਿਰਾਂ ਦਾ ਵਰਤਿਆ ਜਾ ਰਿਹਾ ਹੈ। ਰਾਜ ਵਿਚ 13æ75 ਲੱਖ ਦੇ ਲਗਪਗ ਟਿਊਬਵੈੱਲ ਸਿੰਚਾਈ ਲਈ ਧਰਤੀ ਹੇਠੋਂ ਪਾਣੀ ਕੱਢਦੇ ਹਨ ਅਤੇ ਪਿੰਡਾਂ ਤੇ ਸ਼ਹਿਰਾਂ ਵਿਚ 25 ਲੱਖ ਤੋਂ ਵੱਧ ਘਰੇਲੂ ਸਬਮਰਸੀਬਲ ਟਿਊਬਵੈੱਲ ਲੋਕਾਂ ਦੀਆਂ ਪੀਣ ਅਤੇ ਜੀਵਨ ਦੀਆਂ ਹੋਰ ਲੋੜਾਂ ਦੀ ਪੂਰਤੀ ਲਈ ਧਰਤੀ ਹੇਠੋਂ ਪਾਣੀ ਕੱਢ ਰਹੇ ਹਨ।
ਹੁਣ ਸਿਰਫ ਝੋਨੇ ਹੇਠਲੇ ਰਕਬੇ ਜਾਂ ਕਿਸਾਨੀ ਨੂੰ ਹੀ ਪਾਣੀ ਦੀ ਬਰਬਾਦੀ ਲਈ ਦੋਸ਼ੀ ਨਹੀਂ ਗਰਦਾਨਿਆ ਜਾ ਸਕਦਾ, ਸਗੋਂ ਪਿੰਡਾਂ ਅਤੇ ਸ਼ਹਿਰਾਂ ਦੇ ਘਰਾਂ ਵਿਚ ਲੱਗੇ ਸਬਮਰਸੀਬਲ ਪੰਪ ਬਿਨਾਂ ਵਜ੍ਹਾ ਹੀ ਏਨਾ ਪਾਣੀ ਬਰਬਾਦ ਕਰ ਰਹੇ ਹਨ ਕਿ ਖੇਤੀਬਾੜੀ ਲਈ ਵਰਤਿਆ ਜਾਂਦਾ ਪਾਣੀ ਇਸ ਦੇ ਨੇੜ-ਤੇੜ ਵੀ ਨਹੀਂ। ਇਸ ਸਮੇਂ ਇਕੱਲੇ ਪਿੰਡਾਂ ਵਿਚ ਹੀ ਪਾਣੀ ਬਰਬਾਦ ਕਰ ਰਹੇ 25 ਲੱਖ 40 ਹਜ਼ਾਰ ਘਰੇਲੂ ਸਬਮਰਸੀਬਲ ਪੰਪ ਕਿਸੇ ਗਿਣਤੀ-ਮਿਣਤੀ ਵਿਚ ਨਹੀਂ। ਵਿਸ਼ਵ ਪ੍ਰਸਿੱਧ ਸੰਸਥਾ ਨਾਸਾ ਦੀ ਇਹ ਚਿਤਾਵਨੀ ਕਿਸੇ ਵੱਡੇ ਖਤਰੇ ਤੋਂ ਘੱਟ ਨਹੀਂ ਕਿ ਭਾਰਤ ਵਿਚੋਂ 80 ਫੀਸਦੀ ਪਾਣੀ ਮੁੱਕ ਚੁੱਕਾ ਹੈ।
ਨਾਸਾ ਮੁਤਾਬਕ ਪੰਜਾਬ ਦੀ ਧਰਤੀ ਉਤੇ ਖੇਤੀਬਾੜੀ ਸਮੇਤ ਹੋਰਨਾਂ ਸਾਧਨਾਂ ਲਈ ਵਰਤੇ ਜਾਣ ਵਾਲੇ ਪਾਣੀ ਦੀ 73 ਫੀਸਦੀ ਲੋੜ ਇਸ ਵਕਤ ਟਿਊਬਵੈੱਲਾਂ ਰਾਹੀਂ ਪੂਰੀ ਕੀਤੀ ਜਾ ਰਹੀ ਹੈ। ਹੁਣ ਪੰਜਾਬ ਦੀ ਧਰਤੀ ਉਤੇ ਖੇਤੀਬਾੜੀ ਲਈ ਇਕੱਲੇ 13 ਲੱਖ 75 ਹਜ਼ਾਰ ਟਿਊਬਵੈਲਾਂ ਦੀ ਗੱਲ ਨੂੰ ਜੇਕਰ ਪਾਸੇ ਰੱਖ ਦਿੱਤਾ ਜਾਵੇ ਤਾਂ ਇਹ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ ਕਿ ਪੰਜਾਬ ਦੇ 12 ਹਜ਼ਾਰ 700 ਦੇ ਕਰੀਬ ਪਿੰਡਾਂ ਦੇ ਘਰਾਂ ਅੰਦਰ ਲੱਗੇ ਸਬਮਰਸੀਬਲ ਪੰਪ ਪਾਣੀ ਬੁਰੀ ਤਰ੍ਹਾਂ ਬਰਬਾਦ ਕਰਦੇ ਨਜ਼ਰ ਆ ਰਹੇ ਹਨ। ਹੁਣ ਜੇਕਰ ਪੰਜਾਬ ਦੇ ਇਕ ਘਰ ਵਿਚ 20 ਹਜ਼ਾਰ ਲੀਟਰ ਪਾਣੀ ਰੋਜ਼ਾਨਾ ਬਰਬਾਦ ਹੁੰਦਾ ਹੋਵੇ ਤਾਂ ਗੁਰੂਆਂ-ਪੀਰਾਂ ਦੀ ਇਸ ਧਰਤੀ ਉਤੇ ਰੋਜ਼ਾਨਾ ਹੋ ਰਹੀ ਪਾਣੀ ਦੀ ਬਰਬਾਦੀ ਪੰਜਾਬ ਵਾਸੀਆਂ ਨੂੰ ਭਵਿੱਖ ਵਿਚ ਬਰਬਾਦੀ ਦੇ ਕਿਸ ਕੰਢੇ ਲਿਆ ਕੇ ਖੜ੍ਹੀ ਕਰ ਦੇਵੇਗੀ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ। ਇਕ ਸਰਵੇ ਅਨੁਸਾਰ ਜੇਕਰ ਪੰਜਾਬ ਦੇ ਪ੍ਰਤੀ ਪਿੰਡ 200 ਸਬਮਰਸੀਬਲ ਪੰਪ ਗਿਣ ਲਏ ਜਾਣ ਤਾਂ ਸੂਬੇ ਦੇ ਇਕੱਲੇ ਪਿੰਡਾਂ ਵਿਚ 25 ਲੱਖ 40 ਹਜ਼ਾਰ ਤੋਂ ਵੱਧ ਸਬਮਰਸੀਬਲ ਪੰਪ ਬਣਦੇ ਹਨ ਤੇ ਧਰਤੀ ਹੇਠੋਂ ਅੰਨ੍ਹੇਵਾਹ ਪਾਣੀ ਕੱਢ ਕੇ ਛੱਪੜਾਂ ਹਵਾਲੇ ਕੀਤਾ ਜਾ ਰਿਹਾ ਹੈ।
__________________________________________
ਛੇ ਜ਼ਿਲ੍ਹਿਆਂ ਵਿਚ ਸਥਿਤੀ ਗੰਭੀਰ
ਜਲੰਧਰ: ਇਸ ਸਮੇਂ ਦੇਸ਼ ਦੇ 299 ਜ਼ਿਲ੍ਹੇ ਸੋਕੇ ਦੀ ਮਾਰ ਹੇਠ ਹਨ ਜਦਕਿ ਪੰਜਾਬ ਦੇ 6 ਜ਼ਿਲ੍ਹੇ ਵੀ ਇਸ ਮਾਰ ਹੇਠ ਆਉਣ ਵਾਲੇ ਹਨ, ਕਿਉਂਕਿ ਪੰਜਾਬ ਦੇ 138 ਬਲਾਕਾਂ ਵਿਚੋਂ 110 ਬਲਾਕਾਂ ਵਿਚ ਪਾਣੀ ਦਾ ਪੱਧਰ ਬੇਹੱਦ ਤਰਸਯੋਗ ਹਾਲਤ ਵਿਚ ਪੁੱਜ ਚੁੱਕਾ ਹੈ ਅਤੇ ਇਨ੍ਹਾਂ ਨੂੰ ਡਾਰਕ ਜ਼ੋਨ ਐਲਾਨਿਆ ਜਾ ਚੁੱਕਾ ਹੈ। ਪੰਜਾਬ ਦੇ ਕੁਝ ਹਿੱਸਿਆ ਦੇ ਪਾਣੀ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਪਰੋਸਣ ਦਾ ਦੋਸ਼ੀ ਵੀ ਐਲਾਨਿਆ ਜਾ ਚੁੱਕਾ ਹੈ।
____________________________________
ਇਕ ਦਹਾਕੇ ਤੋਂ ਤੇਜ਼ੀ ਨਾਲ ਬਦਲੇ ਹਾਲਾਤ
ਚੰਡੀਗੜ੍ਹ: ਖੇਤੀ ਵਿਭਾਗ ਦੇ ਸਰਵੇ ਮੁਤਾਬਕ ਸਾਲ 2000 ਤੋਂ ਲੈ ਕੇ 2015 ਤੱਕ ਦੇ ਡੇਢ ਦਹਾਕੇ ਦੌਰਾਨ ਸਿਰਫ ਤਿੰਨ ਸਾਲਾਂ ਨੂੰ ਛੱਡ ਕੇ ਮੌਨਸੂਨ ਦੀ ਰੁੱਤ ਦੌਰਾਨ ਬਰਸਾਤ ਸਾਧਾਰਨ ਨਾਲੋਂ ਘੱਟ ਰਹੀ ਹੈ। ਪਿਛਲੇ ਇਕ ਦਹਾਕੇ ਤੋਂ ਧਰਤੀ ਹੇਠਲਾ ਪਾਣੀ 40 ਤੋਂ 80 ਸੈਂਟੀਮੀਟਰ ਪ੍ਰਤੀ ਸਾਲ ਦੇ ਹਿਸਾਬ ਨਾਲ ਹੇਠਾਂ ਜਾ ਰਿਹਾ ਹੈ। ਕੇਂਦਰੀ ਭੂ-ਜਲ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 145 ਵਿਚੋਂ ਸਰਵੇ ਅਧੀਨ ਲਏ ਗਏ 138 ਵਿਚੋਂ 110 ਬਲਾਕ ਅਤਿ ਸ਼ੋਸਤ ਐਲਾਨੇ ਜਾ ਚੁੱਕੇ ਹਨ, ਚਾਰ ਕ੍ਰਿਟੀਕਲ, 2 ਅਰਧ ਅਤਿ ਸ਼ੋਸਤ ਅਤੇ ਕੇਵਲ 22 ਬਲਾਕ ਹੀ ਸੁਰੱਖਿਅਤ ਖੇਤਰ ਵਿਚ ਆਉਂਦੇ ਹਨ। ਇਨ੍ਹਾਂ ਵਿਚ ਵੀ ਜ਼ਿਆਦਾ ਸੇਮ ਮਾਰੇ ਖੇਤਰ ਹਨ।