ਕੇਜਰੀਵਾਲ ਦੇ ਪੈਂਤੜਿਆਂ ਅੱਗੇ ਫਿੱਕੇ ਪੈਣ ਲੱਗੇ ਅਕਾਲੀਆਂ ਦੇ ਦਾਅ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ‘ਪੰਥਕ ਸਿਆਸਤ’ ਨੇ ਅਕਾਲੀ ਦਲ ਦੇ ਹੋਸ਼ ਉਡਾ ਦਿੱਤੇ ਹਨ। ਸਿੱਖ ਕਤਲੇਆਮ ਦੇ ਮਾਮਲੇ ਉਤੇ ਸਟੈਂਡ, ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ, ਪੰਜਾਬੀ ਅਧਿਆਪਕਾਂ ਦੀ ਤਨਖਾਹ ਵਿਚ ਵਾਧਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਉਤੇ ਬਾਰਾਪੁਲਾ ਫਲਾਈਓਵਰ ਦਾ ਨਾਂ ਰੱਖਣਾ ਅਜਿਹੇ ਮੁੱਦੇ ਹਨ, ਜਿਨ੍ਹਾਂ ਕਰ ਕੇ ਆਮ ਆਦਮੀ ਪਾਰਟੀ ਚਰਚਾ ਵਿਚ ਹੈ।

ਦਰਅਸਲ, ਆਮ ਆਦਮੀ ਪਾਰਟੀ ਦੇ ਇਨ੍ਹਾਂ ਫੈਸਲਿਆਂ ਦਾ ਸਿੱਧਾ ਪੰਜਾਬ ਚੋਣਾਂ ਵਿਚ ਅਸਰ ਵੇਖਣ ਨੂੰ ਮਿਲੇਗਾ। ਇਸ ਲਈ ਅਕਾਲੀ ਦਲ ਨੂੰ ‘ਆਪ’ ਦੇ ਇਹ ਪੈਂਤੜੇ ਹਜ਼ਮ ਨਹੀਂ ਹੋ ਰਹੇ। ਕਾਂਗਰਸ ਵੀ ਇਨ੍ਹਾਂ ਮਸਲਿਆਂ ਨੂੰ ਲੈ ਕੇ ‘ਆਪ’ ਉਤੇ ਸਵਾਲ ਉਠਾ ਰਹੀ ਹੈ।
ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਪਹਿਲਾਂ ਪੰਜਾਬੀ ਅਕਾਦਮੀ ਦੇ ਮੁੱਦੇ ਉਤੇ, ਫਿਰ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਪੱਕਾ ਕਰਨ, ਤਨਖਾਹ ਵਧਾਉਣ ਤੇ ਭਾਸ਼ਾ ਨਾਲ ਵਿਤਕਰਾ ਕੀਤੇ ਜਾਣ ਦੇ ਮੁੱਦੇ ਨੂੰ ਲੈ ਕੇ ਕੇਜਰੀਵਾਲ ਸਰਕਾਰ ਨੂੰ ਘੇਰ ਰਹੀ ਸੀ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕੇਜਰੀਵਾਲ ਨੇ ਪਹਿਲਾਂ ਪੰਜਾਬੀ ਅਕਾਦਮੀ ਦੇ ਸਕੱਤਰ ਵਜੋਂ ਗੁਰਭੇਜ ਗੁਰਾਇਆ ਨੂੰ ਨਿਯੁਕਤ ਕੀਤਾ ਤੇ ਹੁਣ ਦਿੱਲੀ ਦੇ ਸਕੂਲਾਂ ਵਿਚ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ ਦਾ ਐਲਾਨ ਕਰ ਕੇ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਪੰਜਾਬੀ ਭਾਈਚਾਰੇ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਦਿੱਲੀ ਤੋਂ ਬਾਅਦ ਪੰਜਾਬ ਵਿਚ ਵੀ ‘ਆਪ’ ਦਾ ਆਧਾਰ ਲਗਾਤਾਰ ਵਧ ਰਿਹਾ ਹੈ। ਇਸ ਲਈ ਵਿਰੋਧੀ ਧਿਰਾਂ ‘ਆਪ’ ਨੂੰ ਗੈਰ ਪੰਜਾਬੀ ਪਾਰਟੀ ਕਹਿ ਕੇ ਭੰਡ ਰਹੀਆਂ ਹਨ। ਇਨ੍ਹਾਂ ਦਾ ਜਵਾਬ ਦੇਣ ਲਈ ਹੀ ‘ਆਪ’ ਨੇ ਪੰਥਕ ਤੇ ਪੰਜਾਬ ਪੱਖੀ ਫੈਸਲੇ ਲਏ ਜਾ ਰਹੇ ਹਨ। ਉਧਰ, ‘ਆਪ’ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਦੇ ਫੈਸਲਿਆਂ ਦਾ ਪੰਜਾਬ ਚੋਣਾਂ ਨਾਲ ਕੋਈ ਸਬੰਧ ਨਹੀਂ। ਦਿੱਲੀ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਇਸ ਲਈ ਇਨ੍ਹਾਂ ਫੈਸਲਿਆਂ ਨਾਲ ਪੰਜਾਬੀ ਭਾਸ਼ਾ ਦਾ ਵਿਕਾਸ ਵੀ ਹੋਏਗਾ। ਰਾਜੌਰੀ ਗਾਰਡਨ ਤੋਂ ਵਿਧਾਇਕ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੀਆਂ ਜੋ ਸਰਕਾਰਾਂ ਪੰਜਾਬੀ ਨਾਲ ਵਿਤਕਰਾ ਕਰ ਰਹੀਆਂ ਸਨ, ਉਹ ਕਿਸੇ ਹੱਦ ਤੱਕ ਦੂਰ ਹੋ ਸਕੇਗਾ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਧਾਨ ਸਭਾ ਵਿਚ ਕਿਹਾ ਕਿ ਸਾਡੀ ਸਰਕਾਰ ਇਹ ਸੋਚਦੀ ਹੈ ਕਿ ਜੇਕਰ ਅਧਿਆਪਕ ਹੋਣਗੇ ਤਾਂ ਬੱਚਾ ਪੰਜਾਬੀ ਪੜ੍ਹੇਗਾ। ਸਿਸੋਦੀਆ ਨੇ ਕਿਹਾ ਪੰਜਾਬੀ ਭਾਸ਼ਾ ਨੂੰ ਸਿਰਫ ਪੰਜਾਬੀ ਹੀ ਨਹੀਂ ਬਲਕਿ ਦਿੱਲੀ ਦੇ ਹੋਰ ਲੋਕ ਵੀ ਪਿਆਰ ਕਰਦੇ ਹਨ, ਤੇ ਸਿੱਖਣਾ ਚਾਹੁੰਦੇ ਹਨ।
ਇਸ ਲਈ ਦਿੱਲੀ ਦੇ ਹਰੇਕ ਸਰਕਾਰੀ ਸਕੂਲ ਵਿਚ ਇਕ ਪੰਜਾਬੀ ਅਧਿਆਪਕ ਦਿੱਤਾ ਜਾਵੇਗਾ।’ਆਪ’ ਦੀ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਕਾਲੀ-ਭਾਜਪਾ ਤੇ ਕਾਂਗਰਸੀ ਲੀਡਰਾਂ ਨੇ ਪੰਜਾਬੀਆਂ ਦੇ ਜਿਹਨ ਵਿਚ ਹਮੇਸ਼ਾ ਹੀ ਆਮ ਆਦਮੀ ਪਾਰਟੀ ਪ੍ਰਤੀ ਗਲਤ ਧਾਰਨਾ ਫੈਲਾਉਣ ਦੀ ਕੋਸ਼ਿਸ਼ ਕੀਤੀ ਕਿ ਪਾਰਟੀ ਗੈਰ ਪੰਜਾਬੀ ਹੈ, ਪਰ ਸੱਚਾਈ ਇਹ ਹੈ ਕਿ ਆਮ ਆਦਮੀ ਪਾਰਟੀ ਇਕੱਲੀ ਅਜਿਹੀ ਪਾਰਟੀ ਹੈ ਜੋ ਪੰਜਾਬੀਆਂ ਦੇ ਮੁੱਦਿਆਂ ਪ੍ਰਤੀ ਗੰਭੀਰ ਹੈ।
ਦੱਸਣਯੋਗ ਹੈ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬੀ ਭਾਸ਼ਾ ਦੇ ਮੁੱਦਈ ਹੋਣ ਦਾ ਪੱਤਾ ਖੇਡਿਆ ਹੈ। ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਹਿਮ ਫੈਸਲਾ ਲੈਂਦੇ ਹੋਏ ਦਿੱਲੀ ਸਰਕਾਰ ਨੇ ਹੁਣ ਸਰਕਾਰੀ ਸਕੂਲਾਂ ਵਿਚ ਪੰਜਾਬੀ ਦਾ ਇਕ ਅਧਿਆਪਕ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਨਤੀਜਾ ਇਹ ਹੋਵੇਗਾ ਕਿ ਦਿੱਲੀ ਵਿਚ ਪੰਜਾਬੀ ਅਧਿਆਪਕਾਂ ਦੀ ਭਰਤੀ ਵੱਡੇ ਪੱਧਰ ਉਤੇ ਹੋਵੇਗੀ। ਇਸ ਤੋਂ ਇਲਾਵਾ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਤਨਖ਼ਾਹ ਵੀ ਦਿੱਲੀ ਸਰਕਾਰ ਨੇ ਵਧਾਉਣ ਦਾ ਐਲਾਨ ਕੀਤਾ ਹੈ।
ਪੰਜਾਬੀਆਂ ਦੀ ਦਿੱਲੀ ਵਿਚ ਸੰਘਣੀ ਆਬਾਦੀ ਨੂੰ ਦੇਖਦੇ ਹੋਏ ਸਾਲ 2000 ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਪ੍ਰਦਾਨ ਕੀਤਾ ਗਿਆ ਸੀ। ਦਿੱਲੀ ਵਿਚ ਤਕਰੀਬਨ ਇਕ ਹਜ਼ਾਰ ਸਕੂਲ ਹਨ ਤੇ ਇਸ ਵਕਤ ਪੰਜਾਬੀ ਪੜ੍ਹਾਉਣ ਵਾਲਿਆਂ ਦੀ ਉਥੇ ਵੱਡੀ ਘਾਟ ਹੈ। ਇਸ ਕਰ ਕੇ ਦਿੱਲੀ ਸਰਕਾਰ ਦੇ ਇਸ ਐਲਾਨ ਨਾਲ ਹੁਣ 500 ਤੋਂ ਵੱਧ ਨਵੇਂ ਅਧਿਆਪਕਾਂ ਨੂੰ ਨੌਕਰੀ ਉਤੇ ਰੱਖੇ ਜਾਣ ਦੀ ਉਮੀਦ ਹੈ। ਪੰਜਾਬੀ ਅਧਿਆਪਕਾਂ ਸਬੰਧੀ ਲਏ ਗਏ ਇਸ ਫੈਸਲੇ ਬਾਰੇ ਬਕਾਇਦਾ ਦਿੱਲੀ ਤੇ ਪੰਜਾਬ ਦੇ ਅਖਬਾਰਾਂ ਵਿਚ ਇਸ਼ਤਿਹਾਰ ਦਿੱਤਾ ਗਿਆ ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਹੁਣ ਸਰਕਾਰੀ ਸਕੂਲਾਂ ਵਿਚ ਪੰਜਾਬੀ ਦਾ ਇਕ ਅਧਿਆਪਕ ਜ਼ਰੂਰ ਹੋਵੇਗਾ, ਇਸ ਤੋਂ ਇਲਾਵਾ ਪੰਜਾਬੀ ਅਧਿਆਪਕਾਂ ਦੀ ਤਨਖਾਹ ਵੀ ਵਧਾਈ ਜਾਵੇਗੀ।
_____________________________________
ਜੀæਕੇæ ਵੱਲੋਂ ਕੇਜਰੀਵਾਲ ਨੂੰ ਰਾਜਨੀਤੀ ਨਾ ਕਰਨ ਦੀ ਨਸੀਹਤ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਨੇ ਦਿੱਲੀ ਵਿਚ ਪੰਜਾਬੀ ਅਧਿਆਪਕਾਂ ਦੀ ਭਰਤੀ ਬਾਰੇ ਕੇਜਰੀਵਾਲ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ, ਪਰ ਨਾਲ ਹੀ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਰਾਜਨੀਤੀ ਨਾ ਕਰਨ ਦੀ ਨਸੀਹਤ ਵੀ ਦਿੱਤੀ। ਜੀæਕੇæ ਨੇ ਆਖਿਆ ਕਿ ਕੇਜਰੀਵਾਲ ਨੂੰ ਹਰ ਫੈਸਲਾ ਪੰਜਾਬ ਦੇ ਚਸ਼ਮੇ ਨਾਲ ਨਹੀਂ ਦੇਖਣਾ ਚਾਹੀਦਾ। ਫ਼ਿਲਮ ‘ਉੱਡਤਾ ਪੰਜਾਬ’ ਦੇ ਮੁੱਦੇ ਉਤੇ ਉਨ੍ਹਾਂ ਆਖਿਆ ਕਿ ਫਿਲਮ ਨੂੰ ਰੋਕਣ ਪਿੱਛੇ ਅਕਾਲੀ ਦਲ ਦਾ ਕੋਈ ਹੱਥ ਨਹੀਂ। ਇਹ ਮੁੱਦਾ ਸੈਂਸਰ ਬੋਰਡ ਤੇ ਫਿਲਮ ਨਿਰਮਾਤਾ ਦਾ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਇਸ ਮੁੱਦੇ ਉਤੇ ਰਾਜਨੀਤੀ ਕਰ ਰਹੀ ਹੈ।