ਰਾਹੁਲ ਨੇ ਨਸ਼ਿਆਂ ਦੇ ਮੁੱਦੇ ‘ਤੇ ਅਕਾਲੀਆਂ ਨੂੰ ਘੇਰਿਆ

ਜਲੰਧਰ: ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨਸ਼ਿਆਂ ਦੇ ਮਾਮਲੇ ਵਿਚ ਪੰਜਾਬ ਦੀ ਸੱਤਾਧਾਰੀ ਧਿਰ ਅਕਾਲੀ-ਭਾਜਪਾ ਗੱਠਜੋੜ ਨੂੰ ਘੇਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਸੌਖੇ ਕਾਰੋਬਾਰ ਦੀ ਗੱਲ ਕਰਦੇ ਹਨ, ਪਰ ਪੰਜਾਬ ਵਿਚ ਹੁਣ ਸਿਰਫ ਨਸ਼ਿਆਂ ਦਾ ਕਾਰੋਬਾਰ ਹੀ ਰਹਿ ਗਿਆ ਹੈ, ਜਿਸ ਨੂੰ ਅਕਾਲੀ ਆਗੂਆਂ ਦੀ ਸਰਪ੍ਰਸਤੀ ਹੈ।

ਪੰਜਾਬ ਕਾਂਗਰਸ ਵੱਲੋਂ ਸੂਬੇ ਵਿਚ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਅਤੇ ਨਸ਼ਿਆਂ ਖਿਲਾਫ਼ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਜਦੋਂ ਉਨ੍ਹਾਂ ਨੇ ਪੰਜਾਬ ਵਿਚ ਚਿੱਟੇ ਦੀ ਗੱਲ ਕੀਤੀ ਸੀ ਤਾਂ ਸੁਖਬੀਰ ਬਾਦਲ ਸਮੇਤ ਕਈ ਅਕਾਲੀ ਆਗੂਆਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ ਪਰ ਉਹ ਅੱਜ ਵੀ ਆਪਣੀ ਇਸ ਗੱਲ ਨੂੰ ਦੁਹਰਾ ਰਹੇ ਹਨ ਕਿ ਨਸ਼ਿਆਂ ਦੀ ਸਮੱਸਿਆ ਹੁਣ ਕਿੰਨੀ ਗੰਭੀਰ ਬਣ ਗਈ ਹੈ ਜਿਸ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੱਤਾ ਵਿਚ ਆਉਣ ਉਤੇ ਨਸ਼ਿਆਂ ਦੇ ਸੌਦਾਗਰਾਂ ਦੀਆਂ ਜਾਇਦਾਦਾਂ ਕੁਰਕ ਕਰਨ ਲਈ ਕਾਨੂੰਨ ਬਣਾਇਆ ਜਾਵੇਗਾ। ਉਨ੍ਹਾਂ ਪੰਜਾਬ ਪੁਲਿਸ ਦੇ ਅਫਸਰਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਵਿਚ ਕੋਈ ਕਮੀ ਨਹੀਂ ਹੈ, ਪਰ ਅਕਾਲੀ ਸਰਕਾਰ ਨੇ ਚੰਗਾ ਕੰਮ ਕਰਨ ਵਾਲੇ ਅਫਸਰਾਂ ਨੂੰ ਖੁੱਡੇ ਲਾਈਨ ਲਾਇਆ ਹੋਇਆ ਹੈ। ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਾਰ ਹਫਤਿਆਂ ਵਿਚ ਨਸ਼ੇ ਖਤਮ ਕਰਨ ਦੇ ਕੀਤੇ ਵਾਅਦੇ ਦੀ ਤਾਈਦ ਕਰਦਿਆਂ ਕਿਹਾ ਕਿ ਸਰਕਾਰ ਬਣਨ ‘ਤੇ ਉਹ ਚੰਗੇ ਪੁਲਿਸ ਅਫਸਰਾਂ ਦੇ ਹੱਥ ਖੋਲ੍ਹ ਦੇਣਗੇ।
ਇਸ ਤਰ੍ਹਾਂ ਇਕ ਮਹੀਨੇ ਵਿਚ ਹੀ ਪੰਜਾਬ ਵਿਚੋਂ ਨਸ਼ਿਆਂ ਦਾ ਖਾਤਮਾ ਕਰ ਦਿੱਤਾ ਜਾਵੇਗਾ। ਫਿਲਮ ‘ਉੜਤਾ ਪੰਜਾਬ’ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੱਚਾਈ ਮੰਨਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਹੀ ਨਸ਼ਿਆਂ ਨੂੰ ਰੋਕ ਸਕਦੀ ਹੈ। ਭੱਟਾ ਪਰਸੋਲ ‘ਚ ਕਿਸਾਨਾਂ ਦੇ ਦਿਲ ਦਾ ਦਰਦ ਸੁਣ ਕੇ ਹੀ ਉਹ ਉਥੇ ਗਏ ਸਨ, ਉਦੋਂ ਵੀ ਵਿਰੋਧੀ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ ਪਰ ਲਗਾਤਾਰ ਉਥੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ‘ਤੇ ਹੀ ਕਿਸਾਨ ਪੱਖੀ ਭੂਮੀ ਗ੍ਰਹਿਣ ਬਿੱਲ ਲਿਆਂਦਾ ਗਿਆ। ਇਸੇ ਤਰ੍ਹਾਂ ਪੰਜਾਬ ਵਿਚ ਨਸ਼ਿਆਂ ਵਿਰੁੱਧ ਵੀ ਉਹ ਡਟੇ ਰਹਿਣਗੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਬਾਦਲਾਂ ਨੂੰ ਤਿੱਖੇ ਰਗੜੇ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਤੇ ਨਸ਼ਿਆਂ ਦੇ ਕਾਰੋਬਾਰ ਲਈ ਸਿਰਫ ਬਾਦਲਾਂ ਦਾ ਟੱਬਰ ਹੀ ਜ਼ਿੰਮੇਵਾਰ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ 47 ਸਾਲਾਂ ਦੇ ਆਪਣੇ ਸਿਆਸੀ ਜੀਵਨ ਵਿਚ ਪੰਜਾਬ ਨੂੰ ਇਸ ਤਰ੍ਹਾਂ ਤਬਾਹ ਹੁੰਦਾ ਕਦੇ ਨਹੀਂ ਦੇਖਿਆ। ਉਨ੍ਹਾਂ ਬਾਦਲਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਕੋਲੋਂ ਸਰਕਾਰ ਨਹੀਂ ਚੱਲਦੀ ਤਾਂ ਉਹ ਛੱਡ ਕੇ ਪੰਜਾਬ ਵਿਚੋਂ ਬਾਹਰ ਚਲੇ ਜਾਣ, ਕਾਂਗਰਸ ਆਪੇ ਹੀ ਸੰਭਾਲ ਲਵੇਗੀ। ਪਾਰਟੀ ਵੱਲੋਂ ਲਾਏ ਜਾ ਰਹੇ ਧਰਨਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਅਜੇ ਸ਼ੁਰੂਆਤ ਹੈ। ਉਨ੍ਹਾਂ ਕਾਂਗਰਸੀਆਂ ਨੂੰ ਅਕਾਲੀਆਂ ਦਾ ਟਾਕਰਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਨਵਾਂ ਸਵੇਰਾ ਲਿਆ ਕੇ ਹੀ ਬਚਾਇਆ ਜਾ ਸਕਦਾ ਹੈ।
______________________________________
ਰਾਹੁਲ ਦਾ ਏਜੰਡਾ ਪੰਜਾਬ ਨੂੰ ਬਦਨਾਮ ਕਰਨਾ: ਚੀਮਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਉਤੇ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਦੋਸ਼ ਲਾਏ ਹਨ। ਪਾਰਟੀ ਦੇ ਬੁਲਾਰੇ ਡਾæ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬੀਆਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਨ ਦੀਆਂ ਉਸੇ ਤਰ੍ਹਾਂ ਦੀਆਂ ਚਾਲਾਂ ਚੱਲ ਰਹੇ ਹਨ, ਜਿਵੇਂ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਦਹਿਸ਼ਤਗਰਦ ਸਿੱਧ ਕਰਨ ਲਈ ਚੱਲੀਆਂ ਸਨ। ਉਨ੍ਹਾਂ ਕਿਹਾ ਕਿ 1984 ਸਿੱਖ ਕਤਲੇਆਮ ਨਾਲ ਸਬੰਧਤ ਕਮਲ ਨਾਥ ਨੂੰ ਪੰਜਾਬ ਕਾਂਗਰਸ ਮਾਮਲਿਆਂ ਦਾ ਇੰਚਾਰਜ ਨਿਯੁਕਤ ਨਹੀਂ ਕਰਨਾ ਚਾਹੀਦਾ ਸੀ।