ਹਰਿਮੰਦਰ ਸਾਹਿਬ ਦੀ ਚਮਕ ਨੂੰ ਬਰਕਰਾਰ ਰੱਖੇਗਾ ਸਵਾ ਕਰੋੜੀ ਟਾਵਰ

ਅੰਮ੍ਰਿਤਸਰ: ਵਧ ਰਹੇ ਪ੍ਰਦੂਸ਼ਣ ਕਾਰਨ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਫਿੱਕੀ ਪੈ ਰਹੀ ਚਮਕ ਨੂੰ ਬਰਕਰਾਰ ਰੱਖਣ ਲਈ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਟਾਵਰ ਲਾਇਆ ਗਿਆ ਹੈ। ਇਸ ਦੀ ਮਦਦ ਨਾਲ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਲਗਾਤਾਰ ਵਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਿਆ ਜਾ ਸਕੇਗਾ। ਇਹ ਟਾਵਰ ਹਰਿਮੰਦਰ ਸਾਹਿਬ ਦੇ ਬਾਹਰ ਵਾਰ ਗਲਿਆਰੇ ਵਿਚ ਸਥਾਪਤ ਕੀਤਾ ਗਿਆ ਹੈ। ਇਸ ਲਈ ਇਕ ਕਮਰਾ ਬਣਾ ਅਤਿਆਧੁਨਿਕ ਮਸ਼ੀਨਾਂ ਵੀ ਲਾਈਆਂ ਗਈਆਂ ਹਨ।

ਇਸ ਟਾਵਰ ਦੀ ਮਦਦ ਨਾਲ ਪਤਾ ਲਾਇਆ ਜਾ ਸਕੇਗਾ ਕਿ ਹਰਿਮੰਦਰ ਸਾਹਿਬ ਦੇ ਤਕਰੀਬਨ ਇਕ ਕਿਲੋਮੀਟਰ ਦੇ ਘੇਰੇ ਵਿਚ ਕਿਸ ਪਾਸਿਓਂ ਆਉਣ ਵਾਲੀ ਹਵਾ ਦੂਸ਼ਿਤ ਹੈ ਤੇ ਪ੍ਰਦੂਸ਼ਣ ਦੀ ਮਾਤਰਾ ਕਿੰਨੀ ਹੈ। ਇਸ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਉਸ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਯਤਨ ਕਰਨਗੇ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਪਰਤ ਦਿਨੋਂ ਦਿਨ ਫਿੱਕੀ ਪੈਂਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਧ ਰਿਹਾ ਪ੍ਰਦੂਸ਼ਣ ਹੀ ਹੈ।
ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਰੋਕਥਾਮ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਸਨ। ਸ਼ ਬੇਦੀ ਨੇ ਦੱਸਿਆ ਕਿ ਇਸ ਪ੍ਰਦੂਸ਼ਣ ਮਾਪਣ ਵਾਲੇ ਟਾਵਰ ਨੂੰ ਸਥਾਪਤ ਕਰਨ ਲਈ ਕੁੱਲ ਸਵਾ ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਵਿਚੋਂ 27 ਲੱਖ ਰੁਪਏ ਸ਼੍ਰੋਮਣੀ ਕਮੇਟੀ ਤੇ ਬਾਕੀ ਰਕਮ ਪੰਜਾਬ ਸਰਕਾਰ ਤੇ ਨਗਰ ਨਿਗਮ ਨੇ ਖਰਚ ਕੀਤੀ ਹੈ।
____________________________________
ਦਰਬਾਰ ਸਾਹਿਬ ਨੇੜਲਾ ਇਲਾਕਾ ਹੋਵੇਗਾ ਵਾਹਨ ਮੁਕਤ
ਅੰਮ੍ਰਿਤਸਰ: ਵਧ ਰਹੇ ਪ੍ਰਦੂਸ਼ਣ ਦਾ ਮੁੱਖ ਕਾਰਨ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਆਉਣ ਵਾਲੇ ਵਾਹਨ ਸਨ। ਹੁਣ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਦੇ ਆਸ ਪਾਸ ਦੇ ਇਲਾਕੇ ਨੂੰ ਵਾਹਨ ਮੁਕਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਰੂ ਰਾਮ ਦਾਸ ਲੰਗਰ ਹਾਲ ਵਿਚ ਬਣਾਏ ਜਾਣ ਵਾਲੇ ਲੰਗਰ ਲਈ ਬਾਲੀਆਂ ਜਾਣ ਵਾਲੀਆਂ ਲੱਕੜਾਂ ਦਾ ਧੂੰਆਂ ਵੀ ਬਹੁਤ ਘਾਤਕ ਸਿੱਧ ਹੋ ਰਿਹਾ ਸੀ। ਇਸ ਲਈ ਅਤਿਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਜਾ ਰਿਹਾ ਲੰਗਰ ਹਾਲ ਵੀ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਮਿਸਾਲ ਕਾਇਮ ਹੋਵੇਗਾ।
____________________________________
ਸੋਨੇ ਤੇ ਸੰਗਮਰਮਰ ‘ਤੇ ਮਾਰੂ ਅਸਰ ਕਰ ਰਿਹੈ ਪ੍ਰਦੂਸ਼ਣ
ਅੰਮ੍ਰਿਤਸਰ: ਆਈæਆਈæਟੀæ ਦਿੱਲੀ ਵੱਲੋਂ ਕੀਤੇ ਗਏ ਅਧਿਐਨ ਵਿਚ ਸਪੱਸ਼ਟ ਹੋ ਚੁੱਕਿਆ ਹੈ ਕਿ ਇਸ ਇਲਾਕੇ ਵਿਚ ਫੈਲੇ ਪ੍ਰਦੂਸ਼ਣ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਸੋਨੇ ਅਤੇ ਪੁਰਾਣੇ ਸੰਗਮਰਮਰ ਪੱਥਰ ਦੀ ਚਮਕ ਘਟ ਰਹੀ ਹੈ। ਅਧਿਐਨ ਵਿਚ ਸਾਹਮਣੇ ਆਇਆ ਸੀ ਕਿ 47 ਫੀਸਦੀ ਪ੍ਰਦੂਸ਼ਣ ਸੜਕਾਂ ਤੇ ਉੱਡਦੇ ਮਿੱਟੀ ਘੱਟੇ ਕਾਰਨ ਅਤੇ 31 ਫੀਸਦੀ ਪ੍ਰਦੂਸ਼ਣ ਸਨਅਤੀ ਇਕਾਈਆਂ ਦੇ ਕਾਰਨ ਹਨ। ਡੀਜ਼ਲ ਜਨਰੇਟਰ ਅਤੇ ਵਾਹਨਾਂ ਕਾਰਨ 26 ਫੀਸਦੀ ਪ੍ਰਦੂਸ਼ਣ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿਚ ਵਰਤੇ ਜਾਂਦੇ ਲੱਕੜ ਦੇ ਬਾਲਣ ਕਾਰਨ 12 ਫੀਸਦੀ ਪ੍ਰਦੂਸ਼ਣ ਫੈਲ ਰਿਹਾ ਹੈ, ਜਿਸ ਨਾਲ ਜ਼ਹਿਰੀਲੀ ਗੈਸ ਵੀ ਪੈਦਾ ਹੋ ਰਹੀ ਹੈ। ਆਲੇ ਦੁਆਲੇ ਹੋਟਲਾਂ ਅਤੇ ਰੈਸਟੋਰੈਂਟਾਂ ਦੀਆਂ ਰਸੋਈਆਂ ਦੇ ਕਾਰਨ ਵੀ ਜ਼ਹਿਰੀਲੀਆਂ ਗੈਸਾਂ ਵੀ ਪੈਦਾ ਹੋ ਗਈਆਂ ਹਨ। ਸਨਅਤੀ ਕੰਮਾਂ ਦੇ ਕਾਰਨ ਸਲਫਰ ਆਕਸਾਈਡ ਵਰਗੀ ਜ਼ਹਿਰੀਲੀ ਗੈਸ ਬਣ ਰਹੀ ਹੈ।