ਦਰਬਾਰ ਸਾਹਿਬ ‘ਤੇ ਹਮਲੇ ਬਾਰੇ ਖ਼ੁਫੀਆ ਫਾਈਲਾਂ ਨਸ਼ਰ ਕਰਨ ਦੀ ਮੰਗ ਉਠੀ

ਨਵੀਂ ਦਿੱਲੀ: ਦਿ ਸਿੱਖ ਫੋਰਮ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਸਾਲ 1984 ਵਿਚ ਦਰਬਾਰ ਸਾਹਿਬ, ਅੰਮ੍ਰਿਤਸਰ ਉਤੇ ਭਾਰਤ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ ਬਾਰੇ ਖੁਫੀਆ ਫਾਈਲਾਂ ਨਸ਼ਰ ਕੀਤੀਆਂ ਜਾਣ। ਦਿ ਸਿੱਖ ਫੋਰਮ ਵੱਲੋਂ ਕਰਵਾਏ ਸਮਾਗਮ ਵਿਚ ਸਾਬਕਾ ਲੈਫਟੀਨੈਂਟ ਜਨਰਲ ਐਸ਼ਕੇæ ਸਿਨਹਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਨੇਤਾ ਜੀ ਸੁਭਾਸ਼ ਚੰਦਰ ਬੋਸ ਬਾਰੇ ਖੁਫੀਆ ਫਾਈਲਾਂ ਨਸ਼ਰ ਕਰਨ ਦੇ ਸਰਕਾਰੀ ਫੈਸਲੇ ਨੂੰ ਆਧਾਰ ਬਣਾਉਂਦਿਆਂ ਫੋਰਮ ਦੇ ਮੁਖੀ ਪੁਸ਼ਪਿੰਦਰ ਸਿੰਘ ਚੋਪੜਾ ਨੇ ਕਿਹਾ ਕਿ ਲੋਕ ਉਨ੍ਹਾਂ ਹਾਲਾਤ ਬਾਰੇ ਜਾਣਨਾ ਚਾਹੁੰਦੇ ਹਨ, ਜਿਨ੍ਹਾਂ ਕਾਰਨ ਫੌਜ ਨੂੰ ਦਰਬਾਰ ਸਾਹਿਬ ਕੰਪਲੈਕਸ ਉਤੇ ਹਮਲਾ ਕਰਨਾ ਪਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਨਹਾ ਨੇ ਉਨ੍ਹਾਂ ਸਾਰੀਆਂ ਘਟਨਾਵਾਂ ਬਾਰੇ ਦੱਸਿਆ, ਜਿਨ੍ਹਾਂ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਸੀ। ਦਰਬਾਰ ਸਾਹਿਬ ‘ਤੇ ਹਮਲੇ ਨੂੰ ਆਜ਼ਾਦ ਭਾਰਤ ਦੀ ਸਭ ਤੋਂ ਦਰਦਨਾਕ ਘਟਨਾ ਦੱਸਦਿਆਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਗ੍ਰਿਫਤਾਰ ਕਰਨਾ ਭਾਰਤੀ ਫੌਜ ਦਾ ਕੰਮ ਨਹੀਂ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਪੰਜਾਬ ਪੁਲਿਸ ਤੇ ਨੀਮ ਫੌਜੀ ਦਸਤਿਆਂ ਦੀ ਵਰਤੋਂ ਕੀਤੀ ਜਾਂਦੀ।
ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੀ ਵਿਉਂਤ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜ਼ਹਿਨ ਵਿਚ ਹਮਲੇ ਤੋਂ 18 ਮਹੀਨੇ ਪਹਿਲਾਂ ਤੋਂ ਹੀ ਸੀ। ਫੋਰਮ ਨੇ ਦਰਬਾਰ ਸਾਹਿਬ ਉਤੇ ਹਮਲੇ ਬਾਰੇ ਕਈ ਸਵਾਲ ਉਠਾਏ ਹਨ। ਫੋਰਮ ਨੇ ਸਵਾਲ ਕੀਤਾ ਕਿ ਵੱਡੀ ਗਿਣਤੀ ਸ਼ਰਧਾਲੂਆਂ ਦੇ ਦਰਬਾਰ ਸਾਹਿਬ ਕੰਪਲੈਕਸ ਵਿਚ ਹੋਣ ਦੇ ਬਾਵਜੂਦ ਹਮਲਾ ਕਰਨ ਦੀ ਕਾਹਲ ਕਿਉਂ ਕੀਤੀ ਗਈ ਤੇ ਇਸ ਸਾਰੇ ਮਾਮਲੇ ਸਬੰਧੀ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਕੀ ਸਨ। ਫ਼ੌਜ ਅਤੇ ਤਤਕਾਲੀ ਪ੍ਰਧਾਨ ਮੰਤਰੀ ਬਾਰੇ ਸਵਾਲ ਕਰਦਿਆਂ ਫੋਰਮ ਨੇ ਕਿਹਾ ਕਿ ਕੀ ਫੌਜ ਨੇ ਇੰਦਰਾ ਗਾਂਧੀ ਨੂੰ ਗੁੰਮਰਾਹ ਕੀਤਾ ਜਾਂ ਫਿਰ ਸ੍ਰੀਮਤੀ ਗਾਂਧੀ ਨੇ ਦੇਸ਼ ਨੂੰ ਗੁੰਮਰਾਹ ਕੀਤਾ। ਫੋਰਮ ਦਾ ਕਹਿਣਾ ਹੈ ਕਿ ਇਹ ਸਵਾਲ ਸਿੱਖ ਕੌਮ ਨੂੰ ਲਗਾਤਾਰ ਪ੍ਰਭਾਵਿਤ ਕਰ ਰਹੇ ਹਨ ਤੇ ਇਸ ਹਮਲੇ ਬਾਰੇ ਸਾਰੀਆਂ ਖੁਫੀਆ ਫਾਈਲਾਂ ਨਸ਼ਰ ਹੋਣੀਆਂ ਚਾਹੀਦੀਆਂ ਹਨ।
________________________________________
ਕਤਲੇਆਮ ਚੁਰਾਸੀ ਲਈ ਮੁਆਫੀ ਦਾ ਮੁੱਦਾ ਉਠਾਇਆ
ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ 1984 ਦੇ ਸਿੱਖ ਕਤਲੇਆਮ ਦੇ ਮੁੱਦੇ ਉਤੇ ਸੰਸਦ ਵਿਚ ਬਿਨਾਂ ਸ਼ਰਤ ਮੁਆਫੀ ਮੰਗਣ ਦੀ ਗੱਲ ਆਖੀ ਹੈ। ਇਕ ਟੀæਵੀæ ਚੈਨਲ ਨਾਲ ਖਾਸ ਗੱਲਬਾਤ ਕਰਦਿਆਂ ਮਨਜੀਤ ਸਿੰਘ ਜੀæਕੇæ ਨੇ ਆਖਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਮੁੱਦੇ ਉਤੇ ਮੁਆਫੀ ਮੰਗ ਕੇ ਕੈਨੇਡਾ ਸਰਕਾਰ ਨੇ ਆਪਣੀ ਗਲਤੀ ਦੀ ਭੁੱਲ ਬਖ਼ਸ਼ਾਈ ਹੈ। ਜੀæਕੇæ ਅਨੁਸਾਰ ਇਸ ਗੱਲ ਤੋਂ ਸੇਧ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ 1984 ਦੇ ਕਤਲੇਆਮ ਦੀ ਮੁਆਫੀ ਮੰਗਣੀ ਜਾਣੀ ਚਾਹੀਦੀ ਹੈ। ਮੋਦੀ ਸਰਕਾਰ ਵੱਲੋਂ 1984 ਦੇ ਕਤਲੇਆਮ ਦੀ ਜਾਂਚ ਲਈ ਗਠਿਤ ਕੀਤੀ ਗਈ ਐਸ਼ਆਈæਟੀæ ਵੱਲੋਂ ਅਜੇ ਤੱਕ ਕੰਮ ਸ਼ੁਰੂ ਨਾ ਕੀਤੇ ਜਾਣ ਦੇ ਮੁੱਦੇ ਉਤੇ ਉਨ੍ਹਾਂ ਆਖਿਆ ਕਿ ਇਸ ਸਬੰਧੀ ਉਨ੍ਹਾਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਹੈ।