ਸ਼੍ਰੋਮਣੀ ਕਮੇਟੀ ਦਾ ਪੰਜਾਬੀ ਭਾਸ਼ਾ ਸੰਮੇਲਨ ਚੌਥੀ ਵਾਰ ਮੁਲਤਵੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਕਰਵਾਇਆ ਜਾਣ ਵਾਲਾ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਚੌਥੀ ਵਾਰ ਮੁਲਤਵੀ ਹੋ ਗਿਆ ਹੈ। ਹੁਣ ਇਹ ਸੰਮੇਲਨ ਇਸ ਮਹੀਨੇ ਦੀ 25-26 ਤਰੀਕ ਦੀ ਥਾਂ 25-26 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਕੀਤਾ ਜਾਵੇਗਾ। ਇਸ ਸੰਮੇਲਨ ਨੂੰ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਪਿਛਲੇ ਸਾਲ 24-24 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਸੀ, ਪਰ ਪੰਜਾਬ ਵਿਚ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਰਗਾੜੀ ਕਾਂਡ ਤੋਂ ਬਾਅਦ ਸੰਮੇਲਨ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਇਸ ਸੰਮੇਲਨ ਲਈ 5-6 ਫਰਵਰੀ ਦਾ ਐਲਾਨ ਕੀਤਾ ਗਿਆ, ਪਰ ਪੰਥਕ ਹਾਲਾਤ ਦੇਖਦਿਆਂ ਹੋਈਆਂ ਇਸ ਨੂੰ ਫਿਰ ਟਾਲ ਦਿੱਤਾ ਗਿਆ ਅਤੇ 24-26 ਜੂਨ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ। 25 ਜੂਨ ਤੋਂ ਠੀਕ 13 ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇਸ ਸੰਮੇਲਨ ਨੂੰ ਫਿਰ ਟਾਲ ਦਿੱਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਅੱਗੇ ਪਾਉਣ ਪਿੱਛੇ ਇਹ ਕਾਰਨ ਦੱਸਿਆ ਗਿਆ ਹੈ ਕਿ ਕਮੇਟੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਵਧੇਰੇ ਪ੍ਰਫੁਲਿਤ ਕਰਨ ਲਈ ਸਮਾਗਮ ਵਿਚ ਵੱਖ-ਵੱਖ ਦੇਸ਼ਾਂ ਅਮਰੀਕਾ, ਇੰਗਲੈਂਡ, ਕੈਨੇਡਾ, ਜਰਮਨੀ, ਆਸਟਰੇਲੀਆ ਅਤੇ ਪਾਕਿਸਤਾਨ ਆਦਿ ਤੋਂ ਪੰਜਾਬੀ ਭਾਸ਼ਾ ਦੇ ਵਿਦਵਾਨਾਂ ਅਤੇ ਪੰਜਾਬੀ ਪਿਆਰਿਆਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਗਵਾਂਢੀ ਦੇਸ਼ ਪਾਕਿਸਤਾਨ ਤੋਂ ਜਨਾਬ ਫਖਰ ਜਮਾਨ ਦੀ ਅਗਵਾਈ ਵਿਚ ਆਉਣ ਵਾਲੇ ਪੰਜਾਬੀ ਭਾਸ਼ਾ ਮਾਹਰਾਂ ਦਾ ਉਕਤ ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਆਉਣ ਲਈ ਵੀਜ਼ਾ ਨਹੀਂ ਲੱਗ ਸਕਿਆ।
ਦੂਸਰਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਦੀ ਯਾਦ ਵਿਚ ਚੱਪੜਚਿੜੀ ਵਿਖੇ 26 ਜੂਨ ਨੂੰ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਹੀ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰਕ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਦੀਆਂ ਸਮੇਂ-ਸਮੇਂ ਵੱਖ-ਵੱਖ ਸਥਾਨਾਂ ਉਤੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਤੇ ਇਸ ਦੇ ਇਲਾਵਾ ਅਤਿ ਦੀ ਗਰਮੀ ਕਾਰਨ ਵੀ ਫਿਲਹਾਲ ਇਹ ਸਮਾਗਮ ਅੱਗੇ ਪਾ ਦਿੱਤਾ ਗਿਆ ਹੈ। ਹੁਣ ਇਹ ਸਮਾਗਮ 25-26 ਸਤੰਬਰ ਨੂੰ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਵਿਖੇ ਹੀ ਕਰਵਾਇਆ ਜਾਵੇਗਾ।
_________________________________
ਸਰਕਾਰੀ ਅਣਦੇਖੀ ਪੰਜਾਬੀ ਭਾਸ਼ਾ ਦੇ ਵਿਕਾਸ ‘ਚ ਅੜਿੱਕਾ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦੀ ਕੀਤੀ ਜਾ ਰਹੀ ਅਣਦੇਖੀ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਅੜਿੱਕੇ ਖੜ੍ਹੇ ਕੀਤੇ ਹਨ। ਸੂਚਨਾ ਅਧਿਕਾਰ ਕਾਨੂੰਨ ਤਹਿਤ ਹਾਸਲ ਜਾਣਕਾਰੀ ਮੁਤਾਬਕ ਵਿਭਾਗ ਨੇ ਪਿਛਲੇ ਸਾਲਾਂ ਦੌਰਾਨ ਕਿਤਾਬਾਂ ਵੇਚ ਕੇ ਚਾਰ ਕਰੋੜ ਰੁਪਏ ਦੀ ਕਮਾਈ ਤਾਂ ਕੀਤੀ, ਪਰ ਅਦੂਜੀਆਂ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਇਆ ਸਾਹਿਤ ਪੰਜਾਬੀ ਵਿਚ ਛਾਪਣ ਸਬੰਧੀ ਵਿਭਾਗ ਤਕਰੀਬਨ ਫੇਲ੍ਹ ਹੀ ਸਾਬਤ ਹੋਇਆ ਹੈ।
ਗ਼ੈਰਸਰਕਾਰੀ ਸੰਸਥਾ ‘ਹੈੱਲਪ’ ਦੇ ਨੁਮਾਇੰਦੇ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਹਾਸਲ ਕੀਤੀ ਜਾਣਕਾਰੀ ਮੁਤਾਬਕ ਭਾਸ਼ਾ ਵਿਭਾਗ ਵੱਲੋਂ 15 ਸਾਲ ਵਿਚ ਮਹਿਜ਼ ਦੋ ਕਿਤਾਬਾਂ ਦਾ ਹੀ ਪੰਜਾਬੀ ਵਿਚ ਅਨੁਵਾਦ ਕੀਤਾ ਗਿਆ ਹੈ। ਇਨ੍ਹਾਂ ਵਿਚ ਅੰਗਰੇਜ਼ੀ ਨਾਵਲ ‘ਗਾਈਡ’ ਜੋ ਕਿ ਮੂਲ ਰੂਪ ਵਿਚ ਆਰæਕੇæ ਨਰਾਇਣ ਵੱਲੋਂ ਲਿਖਿਆ ਗਿਆ ਸੀ ਅਤੇ ਅੰਗਰੇਜ਼ੀ ਲੇਖਕ ਜੇਨ ਔਸਟਿਨ ਦੀ ਰਚਨਾ ‘ਐਮਾ’ ਦਾ ਅਨੁਵਾਦ ਸ਼ਾਮਲ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਸਾਲ 2001 ਤੋਂ ਬਾਅਦ ਭਾਸ਼ਾ ਵਿਭਾਗ ਵੱਲੋਂ ਜਿਹੜੀਆਂ ਪੁਸਤਕਾਂ ਪ੍ਰਕਾਸ਼ਿਤ ਵੀ ਕੀਤੀਆਂ ਗਈਆਂ, ਉਨ੍ਹਾਂ ਵਿਚੋਂ ਬਹੁਤੀਆਂ ਦੂਜੀ ਵਾਰੀ ਨਹੀਂ ਛਪੀਆਂ, ਕਿਉਂਕਿ ਵਿਭਾਗ ਕੋਲ ਫੰਡਾਂ ਦੀ ਕਮੀ ਹੈ। ਭਾਸ਼ਾ ਵਿਭਾਗ ਨੇ ਮਾਸਿਕ ਰਸਾਲੇ ‘ਪੰਜਾਬੀ ਦੁਨੀਆਂ’ ਅਤੇ ‘ਜਨ ਸਾਹਿਤ’ ਦੀ ਛਪਣ ਗਿਣਤੀ ਵੀ ਘਟਾ ਦਿੱਤੀ ਹੈ। ਹੋਰਨਾਂ ਵਿਭਾਗਾਂ ਵਾਂਗ ਇਹ ਵਿਭਾਗ ਵੀ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਕਮੀ ਨਾਲ ਜੂਝ ਰਿਹਾ ਹੈ। ਖੋਜ ਅਫ਼ਸਰਾਂ ਦੀਆਂ 40 ਵਿਚੋਂ 17, ਡੇਟਾ ਐਂਟਰੀ ਅਤੇ ਕੰਪਿਊਟਰ ਅਪਰੇਟਰਾਂ ਦੀਆਂ 23 ਦੀਆਂ 23 ਅਸਾਮੀਆਂ, ਸੀਨੀਅਰ ਸਹਾਇਕਾਂ ਦੀਆਂ 35 ਵਿਚੋਂ 9 ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ ਲਾਇਬ੍ਰੇਰੀਅਨਾਂ, ਚਿੱਤਰਕਾਰਾਂ, ਖੋਜ ਇੰਸਟਰਕਟਰਾਂ, ਕੈਮਰਾਮੈਨ ਆਦਿ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਕ ਹੋਰ ਜਾਣਕਾਰੀ ਮੁਤਾਬਕ ਵਿਭਾਗ ਨੇ 14 ਸਾਲਾਂ ਵਿਚ 4 ਕਰੋੜ 5 ਲੱਖ 61 ਹਜ਼ਾਰ ਰੁਪਏ ਦੀਆਂ ਕਿਤਾਬਾਂ ਵੇਚੀਆਂ ਹਨ। ਸਾਲ 2013-14 ਦੌਰਾਨ 1 ਕਰੋੜ 52 ਲੱਖ ਰੁਪਏ ਦੀਆਂ ਕਿਤਾਬਾਂ ਵੇਚੀਆਂ ਗਈਆਂ।