ਮੋਦੀ ਹਕੂਮਤ ਦੌਰਾਨ ਭਾਰਤ ਵਿਚ ਮਨੁੱਖੀ ਹੱਕਾਂ ਦਾ ਘਾਣ ਵਧਿਆ

ਵਾਸ਼ਿੰਗਟਨ: ਮਨੁੱਖੀ ਹੱਕਾਂ ਲਈ ਕੰਮ ਕਰਦੇ ਕਈ ਅਮਰੀਕੀ ਗਰੁੱਪਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਨਰੇਂਦਰ ਮੋਦੀ ਸਰਕਾਰ ਦੀ ਦੋ-ਸਾਲਾ ਹਕੂਮਤ ਦੌਰਾਨ ਦੇਸ਼ ਵਿਚ ਇਨਸਾਨੀ ਹਕੂਕ ਅਤੇ ਅਕੀਦੇ ਦੀ ਆਜ਼ਾਦੀ ਦੀ ਹਾਲਤ ਖਸਤਾ ਹੋਈ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮੁੱਦੇ ਨੂੰ ਅਮਰੀਕਾ ਦੀ ਭਾਰਤ ਨਾਲ ਜਾਰੀ ਲਗਾਤਾਰ ਗੱਲਬਾਤ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।

ਇਹ ਗੱਲ ਟੌਮ ਲੈਂਟੌਸ ਹਿਊਮਨ ਰਾਈਟਸ ਕਮਿਸ਼ਨ ਵੱਲੋਂ ‘ਚੁਣੌਤੀਆਂ ਤੇ ਮੌਕੇ: ਭਾਰਤ ਵਿਚ ਮਨੁੱਖੀ ਹੱਕਾਂ ਦੀ ਪੇਸ਼ਕਦਮੀ’ ਵਿਸ਼ੇ ਉਤੇ ਕਰਵਾਈ ਗਈ ਇਕ ਸੁਣਵਾਈ ਦੌਰਾਨ ਉਭਰ ਕੇ ਸਾਹਮਣੇ ਆਈ।
ਹਿਊਮਨ ਰਾਈਟ ਵਾਚ ਦੇ ਏਸ਼ੀਆ ਐਡਵੋਕੇਸੀ ਡਾਇਰੈਕਟਰ ਜੌਹਨ ਸਿਫਟਨ ਨੇ ਕਿਹਾ ਹੈ ਕਿ ਜੇ ਮੋਦੀ ਸਰਕਾਰ ਵੱਲੋਂ ਦੇਸ਼ ਵਿਚ ਮਨੁੱਖੀ ਹੱਕਾਂ ਦੀ ਨਿੱਘਰਦੀ ਹਾਲਤ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਹਾਲਾਤ ਹੋਰ ਵਿਗੜਦੇ ਜਾਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਸਾਰੇ ਦੇਸ਼ ਵਾਸੀਆਂ ਲਈ ਨਿਆਂ ਤੇ ਜਵਾਬਦੇਹੀ ਯਕੀਨੀ ਬਣਾਉਂਦਿਆਂ ਕਮਜ਼ੋਰ ਤਬਕਿਆਂ ਦੀ ਰਾਖੀ ਕਰਨੀ ਚਾਹੀਦੀ ਹੈ ਅਤੇ ਵਿਚਾਰਾਂ ਤੇ ਅਸਹਿਮਤੀ ਦੇ ਆਜ਼ਾਦ ਪ੍ਰਗਟਾਵੇ ਦੀ ਖੁੱਲ੍ਹ ਦੇਣੀ ਚਾਹੀਦੀ ਹੈ। ਸ੍ਰੀ ਸਿਫਟਨ ਨੇ ਕਿਹਾ ਕਿ ਭਾਰਤ ਵਿਚ ਅਫ਼ਸਰਸ਼ਾਹਾਂ ਨੂੰ ਮਨੁੱਖੀ ਹੱਕਾਂ ਦੇ ਘਾਣ ਲਈ ਜਵਾਬਦੇਹ ਨਹੀਂ ਬਣਾਇਆ ਜਾਂਦਾ। ਖਾਸਕਰ ਪੁਲਿਸ ਤੇ ਦੂਜੇ ਸਲਾਮਤੀ ਦਸਤਿਆਂ ਨੂੰ ਤਾਂ ਮੁਕੱਦਮੇਬਾਜ਼ੀ ਦਾ ਸਾਹਮਣਾ ਕਰਨ ਤੋਂ ਕਾਨੂੰਨਨ ਛੋਟ ਦਿੱਤੀ ਜਾਂਦੀ ਹੈ।
ਇੰਟਰਨੈਸ਼ਨਲ ਕ੍ਰਿਸਚੀਅਨ ਕਨਸਰਨ ਦੇ ਪ੍ਰਧਾਨ ਜੈਫ਼ ਕਿੰਗ ਨੇ ਕਿਹਾ ਕਿ ਭਾਵੇਂ ਅਜਿਹੇ ਮਾਮਲਿਆਂ ਵਿਚ ਭਾਰਤ ਸਰਕਾਰ ਸਿੱਧੇ ਤੌਰ ਉਤੇ ਤਾਂ ਸ਼ਾਮਲ ਨਹੀਂ ਹੈ, ਪਰ ਪ੍ਰਧਾਨ ਮੰਤਰੀ ਸ੍ਰੀ ਮੋਦੀ ਤੇ ਹੋਰ ਅਧਿਕਾਰੀਆਂ ਦੀ ਖ਼ਾਮੋਸ਼ੀ ਬਹੁਤ ਕੁਝ ਆਖਦੀ ਹੈ। ਇੰਡੀਅਨ ਅਮੈਰਿਕਨ ਮੁਸਲਿਮ ਕੌਂਸਲ ਦੇ ਮੌਸੱਦਿਕ ਥਾਂਗ ਨੇ ਵੀ ਭਾਰਤ ਵਿਚ ਅਕੀਦੇ ਦੀ ਆਜ਼ਾਦੀ ਅਤੇ ਕਾਨੂੰਨ ਦੀ ਹਕੂਮਤ ਸਹੀ ਢੰਗ ਨਾਲ ਲਾਗੂ ਕੀਤੇ ਜਾਣ ਦੀ ਲੋੜ ਉਤੇ ਜ਼ੋਰ ਦਿੱਤਾ।
____________________________________
ਸ਼ਾਂਤੀਪੂਰਨ ਦੇਸ਼ਾਂ ਦੀ ਸੂਚੀ ‘ਚ ਭਾਰਤ ਦਾ 141ਵਾਂ ਨੰਬਰ
ਲੰਡਨ: ਭਾਰਤ ਦੁਨੀਆਂ ਦੇ ਸ਼ਾਂਤੀਪੂਰਨ ਦੇਸ਼ਾਂ ਦੀ ਸੂਚੀ ਵਿਚ 141ਵੇਂ ਨੰਬਰ ਉਤੇ ਹੈ, ਜਿਸ ਨਾਲ ਭਾਰਤ ਘੱਟ ਗੜਬੜ ਵਾਲੇ ਦੇਸ਼ਾਂ ਬਰੂੰਡੀ, ਸਰਬੀਆ ਅਤੇ ਬੁਰਕੀਨਾ ਫਾਸੋ ਦੇਸ਼ਾਂ ਦੀ ਸੂਚੀ ਵਿਚ ਆ ਗਿਆ ਹੈ। ਗਲੋਬਲ ਥਿੰਕ ਟੈਂਕ ਇੰਸਟੀਚਿਊਟ ਫਾਰ ਇਕਨਾਮਿਕ ਐਂਡ ਪੀਸ (ਆਈæਈæਪੀæ) ਵੱਲੋਂ ਕੀਤੇ ਅਧਿਐਨ ਤੋਂ ਬਾਅਦ 163 ਦੇਸ਼ਾਂ ਦੀ ਸੂਚੀ ਜਾਰੀ ਕੀਤੀ ਗਈ। ਸੂਚੀ ਮੁਤਾਬਕ ਸੀਰੀਆ ਦੁਨੀਆਂ ਦਾ ਸਭ ਤੋਂ ਅਸ਼ਾਂਤ ਦੇਸ਼ ਹੈ, ਇਸ ਤੋਂ ਬਾਅਦ ਦੱਖਣੀ ਸੂਡਾਨ, ਇਰਾਕ, ਅਫਗਾਨਿਸਤਾਨ ਅਤੇ ਸੋਮਾਲੀਆ ਹਨ। ਦੂਜੇ ਪਾਸੇ ਆਈਸਲੈਂਡ ਦੁਨੀਆਂ ਦਾ ਸਭ ਤੋਂ ਸ਼ਾਂਤੀਪੂਰਨ ਦੇਸ਼ ਹੈ, ਇਸ ਤੋਂ ਬਾਅਦ ਡੈਨਮਾਰਕ ਅਤੇ ਆਸਟਰੀਆ ਦਾ ਨੰਬਰ ਆਉਂਦਾ ਹੈ। ਦਰਜਾਬੰਦੀ ਵਿਚ ਭੂਟਾਨ 13ਵੇਂ, ਪਾਕਿਸਤਾਨ 153ਵੇਂ ਅਤੇ ਅਫਗਾਨਿਸਤਾਨ 160ਵੇਂ ਨੰਬਰ ‘ਤੇ ਹੈ।