ਬਰਖਾਸਤ ਪੰਜ ਪਿਆਰਿਆਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵੰਗਾਰ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵੱਲੋਂ ਬਰਖਾਸਤ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਆਪਣਾ ਵੱਖਰਾ ਸਕੱਤਰੇਤ ਸਥਾਪਤ ਕਰ ਲਿਆ ਹੈ। ਇਹ ਸਕੱਤਰੇਤ ਨਿਊ ਅੰਮ੍ਰਿਤਸਰ ਵਿਚ ਬਣਾਇਆ ਗਿਆ ਹੈ। ਯਾਦ ਰਹੇ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਤੇ ਬਾਅਦ ਵਿਚ ਫੈਸਲਾ ਵਾਪਸ ਲੈਣ ਕਾਰਨ ਜਥੇਦਾਰਾਂ ਤੋਂ ਸਪਸ਼ਟੀਕਰਨ ਦੀ ਮੰਗ ਕਰਨ ਉਤੇ ਇਨ੍ਹਾਂ ਪੰਜ ਪਿਆਰਿਆਂ ਨੂੰ ਬਰਖਾਸਤ ਕੀਤਾ ਗਿਆ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਕਰਨ ਵਾਲੇ ਇਨ੍ਹਾਂ ਪੰਜ ਪਿਆਰਿਆਂ ਨੇ ਇਸ ਸਕੱਤਰੇਤ ਨੂੰ ਸਥਾਪਤ ਕਰ ਇਕ ਵਾਰ ਫਿਰ ਸ਼੍ਰੋਮਣੀ ਕਮੇਟੀ ਨੂੰ ਚੁਣੌਤੀ ਦਿੱਤੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਪੰਥ ਜਥੇਦਾਰਾਂ ਨੂੰ ਨਕਾਰ ਚੁੱਕਾ ਹੈ। ਉਨ੍ਹਾਂ ਵੱਲੋਂ ਲਏ ਜਾਣ ਵਾਲੇ ਫੈਸਲੇ ਹੁਣ ਪੰਥ ਪਰਵਾਨ ਨਹੀਂ ਕਰਦਾ। ਅਜਿਹੇ ਵਿਚ ਸਥਾਪਤ ਕੀਤੇ ਨਵੇਂ ਸਕੱਤਰੇਤ ਵਿਚ ਪੰਥਕ ਮਸਲਿਆਂ ‘ਤੇ ਵਿਚਾਰ ਕਰ ਕੇ ਹੱਲ ਲਈ ਫੈਸਲੇ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਤਖ਼ਤਾਂ ਦੇ ਜਥੇਦਾਰਾਂ ਨੇ ਪਹਿਲਾਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮੁਆਫ ਕੀਤਾ ਤੇ ਫਿਰ ਆਪਣੇ ਹੀ ਫੈਸਲੇ ਨੂੰ ਪੰਥਕ ਦਬਾਅ ਹੇਠ ਵਾਪਸ ਲਿਆ ਸੀ। ਜਿਸ ਨਾਲ ਸਿੱਖ ਪੰਥ ਵਿਚ ਰੋਹ ਦੀ ਲਹਿਰ ਦੌੜ ਪਈ। ਇਸ ਮਗਰੋਂ ਪੰਜ ਪਿਆਰਿਆਂ ਨੇ ਜਥੇਦਾਰਾਂ ਨੂੰ ਤਲਬ ਕਰ ਕੇ ਸਪੱਸ਼ਟੀਕਰਨ ਮੰਗਿਆ ਸੀ, ਪਰ ਉਨ੍ਹਾਂ ਪੰਜ ਪਿਆਰਿਆਂ ਅੱਗੇ ਪੇਸ਼ ਹੋਣਾ ਜ਼ਰੂਰੀ ਨਹੀਂ ਸਮਝਿਆ। ਇਸ ਪਿਛੋਂ ਪੰਜ ਪਿਆਰਿਆਂ ਨੇ ਸ਼੍ਰੋਮਣੀ ਕਮੇਟੀ ਦਾ ਕੰਮ ਸੰਭਾਲ ਰਹੀ ਅੰਤ੍ਰਿੰਗ ਕਮੇਟੀ ਨੂੰ ਜਥੇਦਾਰਾਂ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ ਸੀ।
ਸ਼੍ਰੋਮਣੀ ਕਮੇਟੀ ਨੇ ਪੰਜ ਪਿਆਰਿਆਂ ਦੇ ਹੁਕਮ ਨੂੰ ਲਾਗੂ ਕਰਨ ਦੀ ਥਾਂ ਪੰਜ ਪਿਆਰਿਆਂ ਨੂੰ ਹੀ ਬਰਖਾਸਤ ਕਰ ਦਿੱਤਾ ਸੀ। ਫਿਰ ਸੰਗਤਾਂ ਦੇ ਦਬਾਅ ਤੋਂ ਬਾਅਦ ਇਨ੍ਹਾਂ ਦੀ ਬਦਲੀ ਹਾਪੜ ਤੇ ਦਿੱਲੀ ਕਰ ਦਿੱਤੀ ਗਈ ਸੀ, ਪਰ ਇਨ੍ਹਾਂ ਨੇ ਉਥੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ।
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪੰਜ ਪਿਆਰਿਆਂ ਵਿਚੋਂ ਚਾਰ ਨੂੰ ਬਰਖ਼ਾਸਤ ਕਰਨ ਦਾ ਫੈਸਲਾ ਲਿਆ ਗਿਆ ਸੀ। ਜਦਕਿ ਇਕ ਪਿਆਰਾ ਪਹਿਲਾਂ ਹੀ ਸੇਵਾ ਮੁਕਤ ਹੋ ਚੁੱਕਾ ਸੀ। ਐਸ਼ਜੀæਪੀæਸੀæ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸਤਨਾਮ ਸਿੰਘ ਖੰਡਾ, ਤਰਲੋਕ ਸਿੰਘ, ਮੰਗਲ ਸਿੰਘ ਅਤੇ ਸਤਨਾਮ ਸਿੰਘ ਨੂੰ ਬਰਖਾਸਤ ਕਰਨ ਦਾ ਫੈਸਲਾ ਸੁਣਾਇਆ ਅਤੇ ਮੇਜਰ ਸਿੰਘ 31 ਦਸੰਬਰ ਨੂੰ ਸੇਵਾ ਮੁਕਤ ਹੋ ਗਿਆ ਸੀ।
ਨਿਊ ਅੰਮ੍ਰਿਤਸਰ ਵਿਚ ਖੋਲ੍ਹੇ ਗਏ ਦਫਤਰ ਦੀ ਸ਼ੁਰੂਆਤ ਕਰ ਦਿੱਤੀ ਗਈ। ਇਸ ਸਮਾਗਮ ਵਿਚ ਕਈ ਗਰਮਖਿਆਲੀ ਜਥੇਬੰਦੀਆਂ ਸਮੇਤ ਦਲ ਖਾਲਸਾ, ਅਖੰਡ ਕੀਰਤਨੀ ਜਥਾ ਤੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੀ ਸ਼ਾਮਲ ਹੋਏ। ਇਸ ਮੌਕੇ ਸਭ ਤੋਂ ਅਹਿਮ ਗੱਲ ਇਹ ਵੇਖਣ ਨੂੰ ਮਿਲੀ ਕਿ ਸਰਬਤ ਖਾਲਸਾ ਬੁਲਾਉਣ ਵਾਲੀਆਂ ਜਥੇਬੰਦੀਆਂ ਦੇ ਆਗੂ ਇਸ ਸਮਾਗਮ ਤੋਂ ਦੂਰ ਹੀ ਰਹੇ।
ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਕਰਨ ਵਾਲੇ ਸਤਨਾਮ ਸਿੰਘ ਖੰਡਾ ਨੇ ਕਿਹਾ ਕਿ ਇਸ ਖੋਲ੍ਹੇ ਗਏ ਦਫਤਰ ਰਾਹੀਂ ਸਿੱਖ ਪੰਥ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨ ਲਈ ਵਿਚਾਰ ਕਰਨ ਤੋਂ ਇਲਾਵਾ ਸਿੱਖੀ ਦੇ ਪ੍ਰਚਾਰ ਲਈ ਅਹਿਮ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਅਖੰਡ ਕੀਰਤਨੀ ਜਥੇ ਨੇ ਐਲਾਨ ਕੀਤਾ ਕਿ ਉਹ ਬਰਖਾਸਤ ਪੰਜ ਪਿਆਰਿਆਂ ਨੂੰ ਹਰ ਮਹੀਨੇ 25 ਹਜ਼ਾਰ ਰੁਪਏ ਦੇਣਗੇ। ਇਸ ਤੋਂ ਪਹਿਲਾਂ ਇਸੇ ਜਥੇਬੰਦੀ ਵੱਲੋਂ ਇਨ੍ਹਾਂ ਨੂੰ ਇਕ ਇਨੋਵਾ ਗੱਡੀ ਵੀ ਦਿੱਤੀ ਜਾ ਚੁੱਕੀ ਹੈ।