ਫਾਂਸੀ ਤੋਂ ਫਾਹੇ ਵੱਲ?

ਕਿਸਾਨੀ ਖੁਦਕੁਸ਼ੀਆਂ ਬਾਰੇ ਕੁਝ ਨੁਕਤੇ ਕੁਝ ਸਵਾਲ
ਪੰਜਾਬੀ ਕਿਸਾਨਾਂ ਅੰਦਰ ਖੁਦਕੁਸ਼ੀਆਂ ਦਾ ਵਰਤਾਰਾ ਕਹਿਰ ਬਣ ਕੇ ਟੁੱਟਿਆ ਹੈ। ਇਸ ਕਹਿਰ ਨਾਲ ਸਮਾਜ ਦਾ ਹਰ ਤਬਕਾ ਤ੍ਰਾਹ-ਤ੍ਰਾਹ ਕਰ ਉਠਿਆ ਹੈ। ਹਰ ਕੋਈ ਆਪੋ-ਆਪਣੇ ਪੱਧਰ ‘ਤੇ ਇਸ ਸੰਕਟ ਦਾ ਹੱਲ ਸੁਝਾਅ ਰਿਹਾ ਹੈ; ਪਰ ਸਰਕਾਰੀ ਪੱਧਰ ‘ਤੇ ਅਜੇ ਤਕ ਇਸ ਬਾਰੇ ਕੋਈ ਖਾਸ ਹਿਲਜੁਲ ਨਹੀਂ ਹੋਈ ਜਾਪਦੀ। ‘ਪੰਜਾਬ ਟਾਈਮਜ਼’ ਦੇ ਪੰਨਿਆਂ ਲਈ ਕਦੀ-ਕਦਾਈਂ, ਪਰ ਪੂਰੇ ਤਾਣ ਨਾਲ ਕਲਮ ਵਾਹੁਣ ਵਾਲੇ ਮਝੈਲ ਸਿੰਘ ਸਰਾਂ ਨੇ ਐਤਕੀਂ ਇਸ ਅਹਿਮ ਮਸਲੇ ਬਾਰੇ ਇਸ ਲੇਖ ਵਿਚ ਇਸ ਮਸਲੇ ਦੀਆਂ ਜੜ੍ਹਾਂ ਫਰੋਲਦਿਆਂ ਵੱਖ-ਵੱਖ ਪੱਖਾਂ ‘ਤੇ ਪੂਰੇ ਵੇਰਵਿਆਂ ਨਾਲ ਰੌਸ਼ਨੀ ਪਾਈ ਹੈ।

ਉਨ੍ਹਾਂ ਕਿਸਾਨ ਨੂੰ ਤਾਂ ਸਾਦਗੀ ਅਤੇ ਸਿਦਕ ਦੇ ਰਾਹ ਪੈਣ ਲਈ ਹਲੂਣਿਆ ਹੀ ਹੈ, ਇਸ ਦੇ ਨਾਲ ਹੀ ਸਮਾਜ ਦੇ ਉਸ ਵਰਗ ਨੂੰ ਵੀ ਵੰਗਾਰਿਆ ਹੈ ਜਿਹੜਾ ਹਰ ਔਖੀ ਘੜੀ ਵਿਚ ਦੁਖਿਆਰਿਆਂ ਦੀ ਬਾਂਹ ਫੜਨ ਦਾ ਦਾਅਵਾ ਕਰਦਾ ਆਇਆ ਹੈ। -ਸੰਪਾਦਕ

ਮਝੈਲ ਸਿੰਘ ਸਰਾਂ

ਫਾਂਸੀ ਤੋਂ ਫਾਹੇ ਵੱਲ ਕਿਉਂ? ਫਾਂਸੀ ਤੇ ਫਾਹੇ ਵਿਚ ਕਿੰਨਾ ਕੁ ਫਰਕ ਹੁੰਦਾ ਹੈ ਭਲਾਂ! ਓਪਰੀ ਨਜ਼ਰੇ ਤਾਂ ਸ਼ਾਇਦ ਕੋਈ ਖਾਸ ਫਰਕ ਨਾ ਹੀ ਦਿਸੇ, ਲਿਖਣ ਵਿਚ ਵੀ ਤਕਰੀਬਨ ਇੱਕੋ ਜਿਹੇ ਸ਼ਬਦ ਜੋੜ ਨਾਲ ਬਣੇ ਦੋਵੇਂ ਅਲਫਾਜ਼; ਤਰੀਕਾ ਤੇ ਨਤੀਜਾ ਵੀ ਇੱਕੋ ਜਿਹਾ। ਦੋਹਾਂ ਵਿਚ ਹੀ ਰੱਸਾ ਬੰਦੇ ਦੇ ਗਲ ‘ਚ ਪੈਂਦਾ, ਬੰਦਾ ਲਟਕ ਕੇ ਮੌਤ ਨੂੰ ਜੱਫੀ ਪਾ ਲੈਂਦਾ ਤੇ ਸਦਾ ਲਈ ਖਾਮੋਸ਼। ਫਰਕ ਹੁੰਦਾ ਮਨਸੂਬੇ ਦਾ, ਫਰਕ ਹੁੰਦਾ ਸ਼ਹੀਦੀ ਤੇ ਖੁਦਕੁਸ਼ੀ ਦਾ, ਫਰਕ ਹੁੰਦਾ ਰੱਸਾ ਗਲ ‘ਚ ਪਾਉਣ ਦਾ। ਫਾਂਸੀ ਚੜ੍ਹਨ ਵਾਲਾ ਆਪਣੇ ਹੱਥੀਂ ਗਲ ਰੱਸਾ ਨਹੀਂ ਪਾਉਂਦਾ, ਫਾਂਸੀ ਦਾ ਰੱਸਾ ਉਹਦੇ ਗਲ ਵਿਚ ਸਟੇਟ ਪਾਉਂਦੀ ਹੈ। ਦੋ ਕਿਸਮ ਦੇ ਲੋਕਾਂ ਨੂੰ ਫਾਂਸੀ ਦਿੱਤੀ ਜਾਂਦੀ ਰਹੀ ਹੈ, ਇੱਕ ਉਹ ਜਿਹੜੇ ਮੁਲਕ ਦੇ ਕਾਨੂੰਨ ਤੋੜਨ ਵਾਲੇ ਮੁਜਰਿਮ ਬਿਰਤੀ ਵਾਲੇ ਹਨ ਤੇ ਦੂਜੇ ਉਹ ਅਲਬੇਲੇ ਜੋ ਹੱਕ-ਸੱਚ ਤੇ ਇਨਸਾਫ਼ ਦੀ ਬਾਤ ਬੜੇ ਬੇਖੌਫ ਹੋ ਕੇ ਪਾਉਣ ਵਾਲੇ ਜਿਉੜੇ ਹੁੰਦੇ ਹਨ। ਜਿਹੜੇ ਸਮਾਜ ਤੇ ਸਟੇਟ ‘ਤੇ ਕਾਬਜ਼ ਲੋਟੂ ਜਮਾਤ ਦੀਆਂ ਅੱਖਾਂ ਵਿਚ ਸਦਾ ਰੜਕਦੇ ਹਨ, ਉਨ੍ਹਾਂ ਦੇ ਖਾਲੀ ਹੱਥਾਂ ਤੋਂ ਵੀ ਸਟੇਟ ਵੱਡਾ ਖਤਰਾ ਮਹਿਸੂਸ ਕਰਦੀ ਰਹਿੰਦੀ। ਇਹ ਜਿਉੜੇ ਆਪਣੀ ਮਿੱਟੀ ਦੇ ਸਕੇ ਪੁੱਤਰ ਹੁੰਦੇ ਹਨ ਜੋ ਸੀਨਾ ਤਾਣ ਕੇ ਖੜ੍ਹਨ ਦੀ ਹਿੰਮਤ ਰੱਖਦੇ ਹਨ, ਜ਼ਾਲਮ ਹੁਕਮਰਾਨਾਂ ਦੀਆਂ ਸੰਗੀਨਾਂ ਮੋਹਰੇ, ਬਿਨਾਂ ਕਿਸੇ ਡਰ-ਡੁੱਕਰ ਦੇ। ਸੱਚ ਦਾ ਹੋਕਾ ਦਿੰਦੇ ਆਪਣੇ ਮਨੋਰਥ ਲਈ ਉਹ ਟਿਚ ਕਰ ਕੇ ਜਾਣਦੇ ਹਨ ਮੌਤ ਨੂੰ ਵੀ; ਵਸਦੇ-ਰਸਦੇ ਘਰਾਂ ਨੂੰ ਛੱਡ ਕੇ ਬੇਨਾਮੀ ਜ਼ਿੰਦਗੀ ਜਿਉਣ ਵਿਚ ਫਖਰ ਮਹਿਸੂਸ ਕਰਦੇ ਹਨ। ਆਪਣਾ ਆਪ ਨਿਛਾਵਰ ਕਰ ਕੇ ਆਵਾਮ ਨੂੰ ਇਨਸਾਫ਼ ਮਿਲੇ, ਇਹੋ ਇਨ੍ਹਾਂ ਦੇ ਹਿਰਦੇ ਵਿਚਲਾ ਮਨਸੂਬਾ ਹੁੰਦਾ। ਜ਼ਿੰਦਗੀ ਨੂੰ ਅਥਾਹ ਪਿਆਰ ਕਰਨ ਵਾਲੇ ਹੁੰਦੇ ਹਨ ਇਹ ਛਬੀਲੇ, ਖੁਦ ਨੂੰ ਮਿਟਾ ਕੇ ਵੀ ਦੂਜਿਆਂ ਖਾਤਿਰ ਜਿਉਣਾ ਇਨ੍ਹਾਂ ਦੀ ਤਮੰਨਾ ਹੁੰਦੀ ਆ। ਸਟੇਟ ਇਨ੍ਹਾਂ ਸਿਰਲਥਾਂ ਦੇ ਇਨ੍ਹਾਂ ਮਨਸੂਬਿਆਂ ਤੋਂ ਹੀ ਖੌਫਜ਼ਦਾ ਰਹਿੰਦੀ ਹੈ ਤੇ ਹਰ ਜਾਇਜ਼-ਨਾਜਾਇਜ਼ ਬਹਾਨਾ ਬਣਾ ਕੇ ਫਾਂਸੀ ‘ਤੇ ਲਟਕਾ ਦਿੰਦੀ ਹੈ।
ਅਸੀਂ ਪੰਜਾਬੀ ਇਸ ਗੱਲ ‘ਤੇ ਫਖਰ ਮਹਿਸੂਸ ਕਰਦੇ ਹਾਂ ਕਿ ਪੇਂਡੂ ਕਿਸਾਨੀ ਪਿਛੋਕੜ ਵਾਲਾ ਪੰਜਾਬੀ ਪੁੱਤ ਇਸ ਦੂਜੀ ਕਤਾਰ ਵਾਲੇ ਫਾਂਸੀ ਯੋਧਿਆਂ ਵਿਚ ਰਿਹਾ, ਨਾ ਕਿ ਪਹਿਲੀ ਕਿਸਮ ਦੇ ਮੁਜਰਿਮਾਂ ਵਿਚ। ਫਾਂਸੀ ‘ਤੇ ਝੂਲਣ ਵਾਲੇ ਯੋਧਿਆਂ ਦੀਆਂ ਵਾਰਾਂ ਗਾ ਕੇ ਅਸੀਂ ਪੰਜਾਬੀ ਮਾਣ ਮਹਿਸੂਸ ਕਰਦੇ ਹਾਂ।
ਹੁਣ ਗੱਲ ਕਰੀਏ ਫਾਹੇ ਦੀ। ਫਾਹਾ ਲੈਣ ਵਾਲਾ ਖੁਦ ਆਪਣੇ ਹੱਥੀਂ ਕਿਉਂ ਰੱਸਾ ਪਾਉਂਦਾ ਹੈ ਆਪਣੇ ਗਲੇ ਵਿਚ? ਜ਼ਿੰਦਗੀ ਕਿਹਨੂੰ ਪਿਆਰੀ ਨਹੀਂ ਹੁੰਦੀ ਭਲਾਂ? ਖਾਸ ਕਰ ਕੇ ਜਦੋਂ ਪੰਜਾਬੀ ਕਿਸਾਨਾਂ ਦੀ ਗੱਲ ਆਉਂਦੀ ਹੈ ਤਾਂ ਇੱਕ ਅਟੱਲ ਸੱਚਾਈ ਹੈ, ਪਈ ਇਹ ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਆ। ਗਰੀਬੀ ਨੂੰ ਇਹਦੇ ‘ਚ ਕਦੀ ਅੜਿਕਾ ਨਹੀਂ ਬਣਨ ਦਿੱਤਾ ਇਨ੍ਹਾਂ ਨੇ। ਘਰੋਂ ਰੁੱਖੀ-ਮਿੱਸੀ ਖਾ ਕੇ ਵੀ ਰੱਬ ਦਾ ਸ਼ੁਕਰ ਕਰਨ ਵਾਲੇ ਸੀ ਇਹ ਮਿੱਟੀ ਦੇ ਪੁੱਤਰ, ਸਬਰ ਸੰਤੋਖ ਨਾਲ ਲਬਾ-ਲਬ। ਹੱਥ ‘ਤੇ ਆਈ ਇੱਕੋ ਰੋਟੀ ਵਿਚੋਂ ਚੱਪਾ ਬੂਹੇ ‘ਤੇ ਆਏ ਕੁੱਤੇ ਨੂੰ ਪਾ ਕੇ ਵੀ ਵਾਹਿਗੁਰੂ ਬੋਲ ਕੇ ਤਸੱਲੀ ਰੱਖਣ ਵਾਲਾ, ਅੱਜ ਕਿਉਂ ਐਨਾ ਮਾਯੂਸੀ ਦੇ ਹਨੇਰੇ ਵਿਚ ਫਸਿਆ ਪਿਆ ਕਿ ਹੱਥ ‘ਚ ਰੱਸਾ ਚੁੱਕੀ ਫਿਰਦਾ ਗਲ ‘ਚ ਪਾਉਣ ਨੂੰ?
ਕੋਈ ਵਕਤ ਸੀ ਜਦੋਂ ਜੱਟ ਕਰਜ਼ੇ ਨੂੰ ਕੋਹੜ ਸਮਝ ਕੇ ਇਹਤੋਂ ਪਰਹੇਜ਼ ਕਰਨ ਦੀ ਵਾਹ ਲਾਉਂਦਾ ਸੀ, ਪਰ ਹੁਣ ਇਹ ਕੋਹੜ ਉਹਦੇ ਗਲ ਵਿਚ ਫਾਹਾ ਬਣ ਕੇ ਪੈ ਗਿਆ ਤੇ ਜ਼ਿੰਦਗੀ ਨੂੰ ਲਾਡ ਲਡਾਉਣ ਵਾਲਾ ਖੁਦ ਜ਼ਿੰਦਗੀ ਤੋਂ ਐਨੀ ਨਫਰਤ ਕਿਉਂ ਕਰਨ ਲੱਗ ਪਿਆ? ਜਿਹੜਾ ਦੂਜੇ ਦਾ ਸਹਾਰਾ ਬਣਦਾ ਹੁੰਦਾ ਸੀ, ਖੁਦ ਨੂੰ ਕਿਉਂ ਬੇਸਹਾਰਾ ਸਮਝ ਖੁਦਕੁਸ਼ੀ ਨੂੰ ਇੱਕੋ ਇੱਕ ਹੱਲ ਸਮਝ ਕੇ ਆਪਣੇ ਹੀ ਨਿਆਣਿਆਂ ਨੂੰ ਨਿਆਸਰਾ ਛੱਡ ਕੇ ਮੌਤ ਨੂੰ ਗਲੇ ਲਾਉਣ ਲੱਗ ਪਿਆ?
ਫਾਹਾ ਲੈਣ ਵਾਲੇ ਨੂੰ ਸਮਾਜ ਅਕਸਰ ਡਰਪੋਕ ਸਮਝਦਾ, ਜ਼ਿੰਦਗੀ ਤੋਂ ਭਗੌੜਾ ਹੋਇਆ ਤੇ ਆਪਣੇ ਫਰਜ਼ਾਂ ਤੋਂ ਭੱਜਿਆ ਇਨਸਾਨ ਮੰਨਿਆ ਜਾਂਦਾ। ਖੁਦਕੁਸ਼ੀ ਕਰਨ ਵਾਲੇ ਪ੍ਰਤੀ ਸਮਾਜ ਘ੍ਰਿਣਾਮਈ ਹਮਦਰਦੀ ਪ੍ਰਗਟਾਉਂਦਾ। ਕਿਸੇ ਹੋਰ ਬਾਰੇ ਤਾਂ ਕੁਝ ਨਹੀਂ ਕਹਿੰਦਾ, ਪਰ ਪੰਜਾਬੀ ਕਿਸਾਨਾਂ ਬਾਰੇ ਡਰਪੋਕ, ਫਰਜ਼ਾਂ ਤੋਂ ਭਗੌੜਾ, ਜ਼ਿੰਦਗੀ ਨੂੰ ਬੋਝ ਸਮਝਣ ਵਾਲਾ ਕਹਿਣਾ? ਨਹੀਂ! ਕਦੀ ਵੀ ਨਹੀਂ। ਦਿਲ ਨਹੀਂ ਮੰਨਦਾ, ਇਸ ਕਰ ਕੇ ਨਹੀਂ ਕਿ ਮੈਂ ਵੀ ਇਨ੍ਹਾਂ ਵਿਚੋਂ ਹਾਂ; ਇਤਿਹਾਸ ਗਵਾਹ ਹੈ ਅਤੇ ਮੁੱਢ ਕਦੀਮ ਤੋਂ ਜਿੰਨਾ ਕੁ ਆਪਾਂ ਜਾਣਦੇ ਹਾਂ, ਇਹ ਡਰਪੋਕ ਕਿਥੋਂ ਹੋ ਗਏ ਜਿਹੜੇ ਮਜ਼ਲੂਮ ਦੀ ਇੱਜ਼ਤ ਖਾਤਿਰ ਆਪ ਆਪਣੀ ਜਾਨ ‘ਤੇ ਖੇਲ ਜਾਂਦੇ ਸੀ? ਦੂਜਿਆਂ ਦੀ ਆਜ਼ਾਦੀ ਖਾਤਿਰ ਆਪ ਫਾਂਸੀਆਂ ‘ਤੇ ਝੂਲ ਜਾਣ ਵਾਲੇ, ਮੁਲਕ ਦੀ ਹਿਫਾਜ਼ਤ ਖਾਤਿਰ ਮੂਹਰਲੇ ਮੋਰਚਿਆਂ ‘ਤੇ ਲੜਨ ਵਾਲੇæææ ਕੀ ਇਹ ਭਲਾ ਡਰਪੋਕਾਂ ਦੇ ਲੱਛਣ ਹਨ? ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਪੰਜਾਬੀਆਂ ਨੇ ਕਿਹੜਾ ਖਤਰਾ ਮੁੱਲ ਨਹੀਂ ਲਿਆ, ਦੁਨੀਆਂ ਦਾ ਕਿਹੜਾ ਮੁਲਕ ਹੈ ਜਿਥੇ ਨਹੀਂ ਪਹੁੰਚੇ? ਇਕੱਲਾ ਪਹੁੰਚੇ ਈ ਨਹੀਂ, ਹੱਡ-ਭੰਨਵੀਂ ਮਿਹਨਤ ਕਰ ਕੇ ਜ਼ਿੰਦਗੀ ਰਵਾਂ ਕੀਤੀ। ਇਹ ਇਨ੍ਹਾਂ ਦੇ ਜ਼ਿੰਦਗੀ ਨਾਲ ਪਿਆਰ ਸਦਕਾ ਹੈ। ਇਹ ਜ਼ਿੰਦਗੀ ਕੱਟਣ ਨਹੀਂ ਆਏ, ਜਿਉਣ ਆਏ ਹਨ। ਜਦੋਂ ਜ਼ਿੰਦਗੀ ਨਾਲ ਐਨਾ ਮੋਹ ਹੋਵੇ, ਫਿਰ ਵੀ ਜੇ ਕੋਈ ਫਾਹਾ ਲੈਣ ਲਈ ਮਜਬੂਰ ਹੋਇਆ, ਫਿਰ ਕਿਤੇ ਕੋਈ ਖੁਨਾਮੀ ਤਾਂ ਹੈ ਈ! ਇਹ ਫਾਂਸੀ ਤੋਂ ਫਾਹੇ ਵਾਲੇ ਸਫਰ ‘ਤੇ ਤੁਰਨ ਲਈ ਕਿਸ ਨੇ ਮਜਬੂਰ ਕੀਤਾ ਇਸ ਭੋਲੇ-ਭਾਲੇ ਕਿਸਾਨ ਨੂੰ? ਮਰਜ਼ ਤਾਂ ਕਿਤੇ ਹੈ ਈ!
ਅੱਜ ਹਰ ਪੰਜਾਬੀ ਸੋਚਣ ‘ਤੇ ਮਜਬੂਰ ਹੋ ਗਿਆ ਹੈ ਇਨ੍ਹਾਂ ਕਿਸਾਨੀ ਖੁਦਕੁਸ਼ੀਆਂ ਤੋਂ ਕਿ ਇਹ ਹਰ ਹਾਲਤ ਵਿਚ ਰੁਕਣੀਆਂ ਚਾਹੀਦੀਆਂ ਹਨ। ਰੁਕਣੀਆਂ ਇਹ ਉਦੋਂ ਆ, ਜਦੋਂ ਸਹੀ ਮਰਜ਼ ਦਾ ਪਤਾ ਲੱਗਾ। ਸਾਰੇ ਸੂਝਵਾਨ ਇਸ ਗੱਲ ‘ਤੇ ਸਹਿਮਤ ਹਨ ਕਿ ਇਨ੍ਹਾਂ ਖੁਦਕੁਸ਼ੀਆਂ ਦੀ ਮਰਜ਼ ਹੈਗੀ ਆ ਕਿਸਾਨ ਦੇ ਸਿਰ ਚੜ੍ਹਿਆ ਕਰਜ਼ਾ ਜਿਹੜਾ ਫਸਲ-ਦਰ-ਫਸਲ ਵਧੀ ਜਾਂਦਾ। ਕਿਸ ਨੇ ਪੁਆਇਆ ਕਿਸਾਨ ਨੂੰ ਕਰਜ਼ੇ ਦਾ ਕਸੂਤਾ ਭੁਸ? ਜ਼ਾਹਰਾ ਤੌਰ ‘ਤੇ ਹੁਕਮਰਾਨਾਂ ਤੇ ਉਹਦੇ ਜੋਟੀਦਾਰ ਧਨਾਢ ਘਰਾਣਿਆਂ ਨੇ ਆਪਣੇ ਮੁਨਾਫਾਖੋਰੀ ਦੇ ਮਕਸਦ ਲਈ। ਪੰਜਾਬ ਦਾ ‘ਹਰਾ ਇਨਕਲਾਬ’ ਇਹਦੀ ਸ਼ੁਰੂਆਤ ਸੀ; ਇਹ ਹਰਾ ਇਨਕਲਾਬ ਸਾਡੇ ਦੇਖਦਿਆਂ ਹੀ ਪਿਛਲੀ ਸਦੀ ਦੇ ਸੱਤਰਵਿਆਂ ਵਿਚ ਆਇਆ। ਇੱਕ ਦਮ ਕਣਕ-ਝੋਨੇ ਦੇ ਝਾੜ ਵਿਚ ਬੜਾ ਵੱਡਾ ਵਾਧਾ ਹੋਇਆ, ਪੰਜਾਬੀ ਕਿਸਾਨ ਬੜਾ ਖੁਸ਼ ਹੋਇਆ। ਜਿਥੇ ਪਹਿਲਾਂ ਉਹਦੇ ਆਪਣੇ ਘਰ ਖਾਣ ਲਈ ਦਾਣੇ ਮੁੱਕ ਜਾਂਦੇ ਸੀ, ਉਹ ਹੁਣ ਅੰਨ ਦਾਤਾ ਕਹਾਉਣ ਲੱਗ ਪਿਆ। ਇਸ ਹਰੇ ਇਨਕਲਾਬ ਨੇ ਉਹਦੇ ਘਰ ਵਿਚ ਬਰਕਤਾਂ ਲਿਆ ਦਿਤੀਆਂ। ਜਿਥੇ ਉਹ ਚਾਰ ਛਿੱਲੜਾਂ ਨੂੰ ਤਰਸਦਾ ਸੀ, ਇਸ ਇਨਕਲਾਬ ਨੇ ਉਹਦੀ ਜੇਬ ਸੌ ਸੌ ਦੇ ਨੋਟਾਂ ਨਾਲ ਭਰ ਦਿੱਤੀ। ਫਰਾਖਦਿਲ ਤਾਂ ਉਹ ਪਹਿਲਾਂ ਹੀ ਸੀ, ਨੋਟਾਂ ਨੇ ਉਹਨੂੰ ਖਰਚੀਲਾ ਵੀ ਬਣਾ ਦਿੱਤਾ, ਪਰ ਇਨਕਲਾਬੀਆਂ ਨੇ ਉਹਦਾ ਬੰਨ੍ਹ-ਸੁਬ ਪਹਿਲਾਂ ਹੀ ਕੀਤਾ ਹੋਇਆ ਸੀ। ਇੱਕ ਹੱਥ ਕਿਸਾਨ ਨੂੰ ਪੈਸੇ ਦੇ ਕੇ ਅਗਾਂਹ ਦਸ ਹੱਥ ਤਿਆਰ ਬੈਠੇ ਸੀ ਉਹੀ ਪੈਸੇ ਵਾਪਿਸ ਲੈਣ ਨੂੰ। ਨਵੇਂ ਬੀਜਾਂ, ਖਾਦਾਂ, ਕੀੜੇ-ਮਾਰ ਤੇ ਨਦੀਨ-ਮਾਰ ਦਵਾਈਆਂ ਦੀਆਂ ਕੰਪਨੀਆਂ, ਵੱਖ-ਵੱਖ ਤਰ੍ਹਾਂ ਦੇ ਨਵੇਂ ਖੇਤੀ ਸੰਦ ਮਸ਼ੀਨਰੀ ਵਾਲੇ ਆ ਧਮਕੇ, ਕਿਸਾਨ ਕੋਲੋਂ ਪੈਸੇ ਲੈਣ। ਪੈਸੇ ਆਉਣ ਨਾਲੋਂ ਜਾਣ ਨੂੰ ਪਹਿਲਾਂ ਕਾਹਲੇ ਸਨ। ਸ਼ੁਰੂ ਵਿਚ ਕਿਸਾਨ ਇਹ ਸਭ ਕਰਦਾ ਰਿਹਾ, ਕਿਉਂਕਿ ਜ਼ਮੀਨ ਨੇ ਉਹਦਾ ਸਾਥ ਦਿੱਤਾ, ਪਰ ਇਹ ਕਿੰਨਾ ਕੁ ਚਿਰ ਚਲਦਾ? ਜ਼ਮੀਨ ‘ਤੇ ਫਸਲਾਂ ਦਾ ਵਾਧੂ ਬੋਝ ਪਾ ਦਿੱਤਾ, ਜ਼ਮੀਨ ਨੇ ਨਾਂਹ ਕਰਨੀ ਸ਼ੁਰੂ ਕੀਤੀ ਪਰ ਕਿਸਾਨ ਨੇ ਇਹਦੀ ਇੱਕ ਨਾ ਸੁਣੀ, ਜਾਂ ਸੁਣਨ ਹੀ ਨਾ ਦਿੱਤੀ। ਕਿਸਾਨ ਹੁਣ ਲੋਭੀ ਵੀ ਹੋ ਗਿਆ ਸੀ ਤੇ ਉਹਨੇ ਦੇਖਦੇ-ਦੇਖਦੇ ਸਾਰੇ ਖੂੰਜੇ ਖਰਲੇ ਪੱਧਰੇ ਕਰ ਕੇ ਬਜ਼ੁਰਗਾਂ ਦੇ ਪਾਲੇ ਪੁਰਾਣੇ ਤੋਂ ਪੁਰਾਣੇ ਦਰਖਤ ਆਪਣੇ ਹੱਥੀਂ ਵੱਢ ਕੇ ਸਾਰੀ ਜ਼ਮੀਨ ਵਿੰਨ੍ਹ ਦਿੱਤੀ ਬੋਰਾਂ ਨਾਲ। ਹਰ ਦੂਜੇ-ਤੀਜੇ ਖੇਤ ਵਿਚ ਟਿਊਬਵੈਲ ਲੱਗ ਗਿਆ। ਪਹਿਲਾਂ ਕਿਸਾਨ ਨੇ ਪੈਸਾ ਦੇਖਿਆ ਨਹੀਂ ਸੀ, ਫਿਰ ਜਦੋਂ ਆਉਣ ਲੱਗਾ ਤਾਂ ਹਾਬੜ ਕੇ ਪੈ ਗਿਆ। ਹਰੇ ਇਨਕਲਾਬ ਨੇ ਖੇਤੀ ਨੂੰ ਇੱਕਪਾਸੜ ਵਪਾਰਕ ਬਣਾ ਦਿੱਤਾ, ਮਤਲਬ ਕਿਸਾਨ ਵਲੋਂ ਖੇਤੀ ਲਈ ਵਰਤੀ ਜਾਣ ਵਾਲੀ ਹਰ ਵਸਤ ਦਾ ਰੇਟ ਵੀ ਵਪਾਰੀ ਦੇ ਹੱਥ ਅਤੇ ਫਸਲ ਦਾ ਰੇਟ ਵੀ ਵਪਾਰੀ ਦੇ ਹੱਥ। ਇਥੋਂ ਸ਼ੁਰੂ ਹੋ ਗਈ ਕਿਸਾਨ ਦੀ ਲੁੱਟ ਜਿਸ ਨੂੰ ਉਹ ਸਮਝ ਨਾ ਸਕਿਆ। ਅੱਜ ਵੀ ਸਮਝ ਕੇ ਭਲਾਂ ਕੀ ਕਰ ਲਿਆ? ਬੱਸ ਰੱਸਾ ਹੀ ਹੱਥ ਆਇਆ ਫਾਹਾ ਲੈਣ ਨੂੰ!
ਹਰੇ ਇਨਕਲਾਬ ਦੇ ਇਨਕਲਾਬੀਆਂ ਨੇ ਜਾਣ-ਬੁਝ ਕੇ ਕਿਸਾਨ ਨੂੰ ਪਾਇਆ ਇਸ ਕਣਕ-ਝੋਨੇ ਦੇ ਫਸਲੀ ਚੱਕਰ ਵਿਚ ਤਾਂ ਕਿ ਮੁਲਕ ਦੀ ਅੰਨ ਲੋੜ ਪੂਰੀ ਹੋ ਸਕੇ। ਇਹ ਹੁਣ ਕਈ ਚਿਰ ਪਹਿਲਾਂ ਦੀ ਪੂਰੀ ਹੋ ਚੱਕੀ ਹੈ, ਪਰ ਕਿਸਾਨ ਨੂੰ ਇਸ ਚੱਕਰ ਵਿਚੋਂ ਨਹੀਂ ਨਿਕਲਣ ਦਿੱਤਾ। ਜੇ ਕੋਸ਼ਿਸ਼ ਕਰਦਾ ਵੀ ਹੈ ਤਾਂ ਮੰਡੀ ਦੀ ਸਮੱਸਿਆ ਉਹਦੇ ਅੱਗੇ ਬੜੀ ਵੱਡੀ ਚਾਲ ਤਹਿਤ ਖੜ੍ਹੀ ਕਰ ਦਿੱਤੀ ਜਾਂਦੀ ਆ। ਹਰੇ ਇਨਕਲਾਬ ਨੇ ਕਿਸਾਨ ਦੇ ਘਰ ਦਾਣੇ ਹੀ ਲਿਆਂਦੇ, ਬਾਕੀ ਘਰੇਲੂ ਲੋੜ ਦੀਆਂ ਚੀਜ਼ਾਂ ਜੋ ਕਦੇ ਉਹ ਆਪਣੇ ਖੇਤਾਂ ਵਿਚੋਂ ਹੀ ਕੱਢਦਾ ਸੀ ਜਿਵੇਂ ਦਾਲਾਂ, ਮਿੱਠਾ, ਕਪਾਹ, ਤੇਲ, ਬੀਜ, ਸਬਜ਼ੀਆਂ ਵਗੈਰਾ; ਸਭ ਗਾਇਬ ਕਰ ਦਿੱਤੇ ਇਸ ਹਰੇ ਇਨਕਲਾਬ ਨੇ। ਇਹੋ ਚੀਜਾਂ ਹੁਣ ਉਹਨੂੰ ਮਹਿੰਗੇ ਮੁੱਲ ਬਾਜ਼ਾਰੋਂ ਲੈਣੀਆਂ ਪੈਦੀਆਂ। ਸਾਡੀ ਜ਼ਮੀਨ ਕੋਈ ਜ਼ਿਆਦਾ ਨਹੀਂ ਤੇ ਜੋ ਹੈ ਉਹ ਵੀ ਪਿੰਡ ਦੇ ਤਿੰਨ ਪਾਸੇ। ਦੋ ਪਾਸੇ ਵਾਲੀ ਸੇਂਜੂ ਤੇ ਇੱਕ ਪਾਸੇ ਵਾਲੀ ਬਰਾਨੀ। ਜਦੋਂ ਹਰਾ ਇਨਕਲਾਬ ਸ਼ੁਰੂ ਹੋਇਆ, ਉਦੋਂ ਮੈਂ ਕੋਈ ਛੇਵੀਂ-ਸੱਤਵੀਂ ਵਿਚ ਸੀ। ਬਰਾਨੀ ਖੇਤਾਂ ਵਿਚ ਸਾਡੇ ਬਾਪ ਨੇ ਹਾੜ੍ਹੀ ਵਿਚ ਮਸਰ, ਛੋਲੇ, ਤਾਰਾਮੀਰਾ, ਅਲਸੀ ਵਗੈਰਾ ਬੀਜਣੇ ਅਤੇ ਸਾਉਣੀ ਨੂੰ ਮਾਂਹ, ਤਿਲ, ਕਪਾਹ ਵਗੈਰਾ। ਮੈਨੂੰ ਪੂਰਾ ਚੇਤਾ, ਬਾਪੂ ਜੀ ਛੋਲਿਆਂ ਦੇ ਬੋਹਲ ਦਾ ਗੱਡਾ ਭਰ ਕੇ ਘਰ ਲਿਆਉਂਦੇ, ਤੇ ਸਾਰਾ ਸਾਲ ਬੌਲਦਾਂ ਨੂੰ ਪੇੜਾ (ਛੋਲੇ ਕਣਕ ਰਲਾ ਕੇ) ਦਿੰਦੇ। ਇਸ ਹਰੇ ਇਨਕਲਾਬ ਨੇ ਸਾਡੀ ਉਹ ਬਰਾਨੀ ਵੀ ਸੇਂਜੂ ਬਣਾ ਦਿੱਤੀ। ਬੱਸ 10 ਕੁ ਸਾਲਾਂ ਵਿਚ ਮੈਂ ਸ਼ਹਿਰੋਂ ਦੋ ਦੋ ਕਿੱਲੋ ਮਸਰ ਤੇ ਛੋਲੇ ਲਫਾਫਿਆਂ ਵਿਚ ਘਰ ਦਾਲ ਬਣਾਉਣ ਲਈ ਲਿਆਉਣ ਲੱਗ ਪਿਆ ਤੇ ਇੱਕ ਕਿੱਲੋ ਛੋਲੇ ਬਾਜ਼ਾਰੋਂ ਕੋਈ 7-8 ਕਿੱਲੋ ਕਣਕ ਦੇ ਮੁੱਲ ਦੇ ਹਿਸਾਬ ਨਾਲ ਮਿਲਦੇ। ਇੰਜ ਕਣਕ-ਝੋਨੇ ਦਾ ਪੈਸਾ ਕਈ ਗੁਣਾ ਵਧ ਕੇ ਕਿਸਾਨ ਦੇ ਘਰੋਂ ਨਿਕਲਣ ਲੱਗ ਪਿਆ। ਆਮਦਨ-ਖਰਚ ਦੇ ਇਸ ਫਰਕ ਨੂੰ ਪੂਰਾ ਕਰਨ ਲਈ ਕਿਸਾਨਾਂ ਨੂੰ ਕਰਜ਼ੇ ਦੀ ਅਲਾਮਤ ਲੱਗੀ।
ਮੁਲਕ ਦੇ ਧਨਾਢਾਂ ਨੇ ਹੁਕਮਰਾਨਾਂ ਨਾਲ ਅੱਟ-ਸੱਟੀ ਲਾ ਕੇ ਕਿਸਾਨ ਦੀ ਜ਼ਮੀਨ ‘ਤੇ ਅੱਖ ਰੱਖ ਲਈ ਤੇ ਬੈਂਕ ਕਿਸਾਨ ਨੂੰ ਕਰਜ਼ਾ ਲੈਣ ਲਈ ਹੁਲਾਰਾ ਦੇਣ ਲੱਗੇ। ਕਿਸਾਨ ਇਸ ਜਾਲ ਵਿਚ ਸਹਿਜੇ ਹੀ ਫਸਦਾ ਗਿਆ। ਗੈਰ-ਖੇਤੀ ਕੰਮਾਂ ਲਈ ਕਰਜ਼ਾ ਦੇਣ ਦਾ ਰਾਹ ਬੈਂਕਾਂ ਨੇ ਹੀ ਦੱਸਿਆ ਕਿਸਾਨ ਨੂੰ, ਤੇ ਇਵਜ਼ ਵਿਚ ਉਹਦੀ ਜ਼ਮੀਨ ਗਹਿਣੇ ਕਰਨੀ ਸ਼ੁਰੂ ਕਰ ਦਿੱਤੀ। ਫਿਰ ਕਰਜ਼ੇ ਦਾ ਵਿਆਜ਼ ਸੂਣ ਲੱਗ ਪਿਆ ਤੇ ਕਿਸਾਨ ਆੜ੍ਹਤੀਏ ਕੋਲੋਂ ਫੜ ਕੇ ਬੈਂਕ ਨੂੰ ਮੋੜਨ ਲੱਗਾ। ਇਹ ਕਰਜ਼ਾ ਖੜ੍ਹੀ ਫਸਲ ਖਾਣ ਲੱਗ ਪਿਆ। ਬੈਂਕ ਦੀਆਂ ਕੁਰਕੀਆਂ ਨੇ ਉਹਨੂੰ ਕਚਹਿਰੀਆਂ ਤੇ ਵਕੀਲਾਂ ਦੇ ਗੇੜ ਵਿਚ ਪਾ ਦਿੱਤਾ। ਦਿਨੇ ਹੀ ਹਨੇਰਾ ਦਿਸਣ ਲੱਗਾ। ਜੱਟ ਦਾ ਸੁਭਾਅ ਹੈ ਕਿ ਉਹ ਹਰ ਹਭੀ-ਨਭੀ ਝੱਲ ਸਕਦਾ, ਪਰ ਜ਼ਮੀਨ ਹੱਥੋਂ ਨਹੀਂ ਖੁੱਸਣ ਦੇਣਾ ਚਾਹੁੰਦਾ। ਇਹ ਨੌਬਤ ਉਹਨੂੰ ਮੌਤ ਤੋਂ ਵੀ ਬੁਰੀ ਲੱਗਦੀ ਹੈ ਤੇ ਇਸ ਨਾਲੋਂ ਉਹ ਮਰਨਾ ਬਿਹਤਰ ਸਮਝਦਾ।
ਹਰੇ ਇਨਕਲਾਬ ਲਈ ਪੰਜਾਬ ਨੂੰ ਹੀ ਕਿਉਂ ਸਭ ਤੋਂ ਪਹਿਲਾਂ ਚੁਣਿਆ, ਜਦੋਂ ਕਿ ਹੋਰ ਵਿਕਾਸ ਲਈ ਦੂਜੇ ਸੂਬਿਆਂ ਵੱਲ ਰੁਖ ਜ਼ਿਆਦਾ ਰਿਹਾ ਦਿੱਲੀ ਵਾਲਿਆਂ ਦਾ! ਦਰਅਸਲ ਹਰੇ ਇਨਕਲਾਬ ਲਈ ਜ਼ੋਰ ਅਮਰੀਕਾ ਤੋਂ ਹੀ ਪਿਆ ਸੀ, ਭਾਰਤ ਸਰਕਾਰ ‘ਤੇ। ਉਦੋਂ ਅਮਰੀਕਾ ਇੱਕ ਸਮਝੌਤੇ ਤਹਿਤ ਭਾਰਤ ਨੂੰ ਕਣਕ (ਪੀæਐਲ਼ 480) ਭੇਜਦਾ ਸੀ। ਅਮਰੀਕਾ ਭਾਰਤ ਵਿਚ ਆਪਣੀਆਂ ਕੰਪਨੀਆਂ ਖੋਲ੍ਹ ਕੇ ਕਾਰੋਬਾਰ ਵਧਾਉਣਾ ਚਾਹੁੰਦਾ ਸੀ। ਇਸੇ ਮਕਸਦ ਲਈ ਉਸ ਨੇ ਭਾਰਤ ‘ਤੇ ਦਬਾਅ ਪਾਇਆ ਕਿ ਉਹਦੀ ਖੇਤੀ ਨਾਲ ਸਬੰਧਤ ਸਨਅਤ ਭਾਰਤ ਵਿਚ ਲੱਗੇ, ਕਿਉਂਕਿ ਹੋਰ ਸਨਅਤ ਵਿਚ ਭਾਰਤ ਦਾ ਰੁਝਾਨ ਰੂਸ ਵੱਲ ਸੀ, ਤੇ ਅਮਰੀਕਾ ਨੇ ਹਰੇ ਇਨਕਲਾਬ ਦਾ ਮਾਡਲ ਭਾਰਤ ਨੂੰ ਦਿੱਤਾ। ਇਸ ਦਾ ਨਤੀਜਾ ਕੀਟਨਾਸ਼ਕ ਦਵਾਈਆਂ ਦੇ ਬੁਰੇ ਪ੍ਰਭਾਵ, ਜ਼ਮੀਨ ਦੀ ਸਿਹਤ ‘ਤੇ ਪੈਣ ਵਾਲਾ ਮਾੜਾ ਅਸਰ, ਖੇਤੀ ਲਈ ਵਰਤੋਂ ਵਿਚ ਆਉਣ ਵਾਲਾ ਵਾਧੂ ਪਾਣੀ ਅਤੇ ਇਸ ਦੀ ਕਮੀ ਵਿਚ ਨਿਕਲਣਾ ਸੀ। ਇੱਕ ਵਾਰ ਦਿੱਲੀ ਸਰਕਾਰ ਨੇ ਇਹ ਪੇਸ਼ਕਸ਼ ਠੁਕਰਾ ਵੀ ਦਿੱਤੀ ਸੀ, ਪਰ ਅੰਨ ਦੀ ਕਮੀ ਤੇ ਅਮਰੀਕਾ ਦੇ ਦਬਾਅ ਹੇਠ ਹਰੇ ਇਨਕਲਾਬ ਵਾਲੇ ਮਾਡਲ ਦੀ ਤਜਵੀਜ਼ ਮੰਨ ਲਈ ਤੇ ਸੂਬਾ ਚੁਣਿਆ ਪੰਜਾਬ! ਹੁਣ ਸਮਝਣਾ ਕੋਈ ਔਖਾ ਨਹੀਂ ਕਿ ਪੰਜਾਬ ਪ੍ਰਤੀ ਹੇਜ ਕਿਉਂ ਜਾਗਿਆ ਸੀ?
ਉਦੋਂ ਅਸੀਂ ਪੰਜਾਬੀ ਬੜੇ ਖੁਸ਼ ਸੀ ਇਸ ਫੈਸਲੇ ਨਾਲ, ਖੁਸ਼ ਤਾਂ ਅੱਜ ਵੀ ਹਾਂ ਕਿ ਹਰੇ ਇਨਕਲਾਬ ਨੇ ਹੀ ਸਾਡੀ ਕਾਇਆ ਕਲਪ ਕੀਤੀ ਹੈ, ਮਾੜੇ ਅਸਰਾਂ ਵਲੋਂ ਤਾਂ ਅਸੀਂ ਸਦਾ ਹੀ ਬੇਧਿਆਨੇ ਰਹੇ ਹਾਂ। ਇਹ ਨਹੀਂ ਕਿ ਮੈਂ ਖੇਤੀ ਦੀ ਤਰੱਕੀ ਦੇ ਖਿਲਾਫ ਹਾਂ। ਜੇ ਕਿਸਾਨ ਦੇ ਕਰਜ਼ੇ ਤੇ ਉਹਦੀਆਂ ਖੁਦਕੁਸ਼ੀਆਂ ਦੇ ਕਾਰਨਾਂ ਨੂੰ ਜਾਣਨਾ ਹੈ ਤਾਂ ਹਰੇ ਇਨਕਲਾਬ ਦੇ ਬੁਰੇ ਪ੍ਰਭਾਵਾਂ ਦਾ ਜ਼ਿਕਰ ਜ਼ਰੂਰੀ ਹੈ। ਜੇ ਪੰਜਾਬ ‘ਚ ਹਰਾ ਇਨਕਲਾਬ ਲਿਆਉਣ ਦੀ ਪਹਿਲ ਕਰਨੀ ਸੀ, ਤਾਂ ਵਰਤੋਂ ਲਈ ਵਾਧੂ ਪਾਣੀ ਦਾ ਪ੍ਰਬੰਧ ਕਰਨਾ ਵੀ ਤਾਂ ਸਰਕਾਰ ਦਾ ਫਰਜ਼ ਸੀ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਪਾਕਿਸਤਾਨ ਵਾਲੇ ਪੰਜਾਬ ਵਿਚ ਬਾਰਾਂ ਆਬਾਦ ਕਰਨ ਤੋਂ ਪਹਿਲਾਂ ਨਹਿਰਾਂ ਕੱਢੀਆਂ। ਉਨ੍ਹਾਂ ਜ਼ਮੀਨ ਹੇਠਲੇ ਪਾਣੀ ਨੂੰ ਛੇੜਿਆ ਤੱਕ ਨਹੀਂ। ਅੱਜ ਵੀ ਲਹਿੰਦੇ ਪੰਜਾਬ ਦੇ ਜ਼ਮੀਨੀ ਪਾਣੀ ਦਾ ਪੱਧਰ ਸਾਡੇ ਪੰਜਾਬ ਨਾਲੋਂ ਬਿਹਤਰ ਹੈ। ਹੁਣ ਕਿਸੇ ਤੋਂ ਇਹ ਗੁੱਝਾ ਨਹੀਂ ਕਿ ਪੰਜਾਬ ਦਾ ਜ਼ਮੀਨੀ ਪਾਣੀ ਖਤਮ ਹੋਣ ਦੇ ਕਿਨਾਰੇ ਹੈ ਤੇ ਸਰਕਾਰ ਹੋਰ ਡੇਢ ਲੱਖ ਟਿਊਬਵੈਲਾਂ ਦੇ ਨਵੇਂ ਕੁਨੈਕਸ਼ਨ ਦੇ ਕੇ ਕੀ ਪੰਜਾਬ ਨੂੰ ਬੰਜਰ ਬਣਾਉਣ ਦੀ ਤਰੀਕ ਨੇੜੇ ਨਹੀਂ ਲਿਆ ਰਹੀ? ਕਰੋੜਾਂ ਦੇ ਕਰਜ਼ੇ ਚੁੱਕ ਕੇ ਨਵੇਂ ਟਿਊਬਵੈਲ ਲਾ ਕੇ ਮਹਿੰਗੀ ਮਸ਼ੀਨਰੀ ਖਰੀਦ ਕੇ ਵੀ ਕਿਸਾਨਾਂ ਨੂੰ ਜਦੋਂ ਜ਼ਮੀਨ ‘ਚੋਂ ਪਾਣੀ ਨਹੀਂ ਮਿਲਣਾ, ਕਿਉਂਕਿ ਜ਼ਮੀਨ ਵਿਚ ਪਾਣੀ ਹੀ ਨਹੀਂ, ਤਾਂ ਕੀ ਇਹ ਖੁਦਕੁਸ਼ੀਆਂ ਨੂੰ ਹੋਰ ਹਾਕਾਂ ਮਾਰਨ ਵਾਲੀ ਗੱਲ ਨਹੀਂ?
ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਡਾਕਾ ਰੋਕਣਾ ਸਿਆਸੀ ਹਾਕਮਾਂ ਦੇ ਸਿਰਫ ਵੋਟ ਏਜੰਡੇ ਤੱਕ ਹੀ ਸੀਮਤ ਹੈ। ਹਕੀਕੀ ਪੱਧਰ ‘ਤੇ ਤਾਂ ਜੋ ਨਹਿਰਾਂ ਪੰਜਾਬ ‘ਚ ਹੈ ਵੀ, ਉਹ ਵੀ ਸੁੱਕੀਆਂ ਪਈਆਂ। ਕਿਸਾਨੀ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ। ਹਰੇ ਇਨਕਲਾਬ ਦਾ ਇੱਕ ਅਸਰ ਇਹ ਪਿਆ ਕਿ ਇਸ ਨੇ ਪੰਜਾਬ ਵਿਚੋਂ ਹਰਿਆਲੀ ਹੀ ਖਤਮ ਕਰ ਦਿੱਤੀ। ਕਿਸੇ ਹੋਰ ਨੇ ਨਹੀਂ, ਅਸੀਂ ਆਪ ਆਪਣੇ ਹੱਥੀਂ ਵੱਢੇ ਪੁਰਾਣੇ ਤੋਂ ਪੁਰਾਣੇ ਦਰਖਤ, ਤਾਂ ਕਿ ਹਰੇ ਇਨਕਲਾਬ ਦੇ ਟਰੈਕਟਰਾਂ ਨੂੰ ਕੋਈ ਅੜਿੱਕਾ ਨਾ ਪਵੇ। ਸਾਰੇ ਪਿੰਡ ਰੁੰਡ-ਮਰੁੰਡ ਕਰ ਕੇ ਸਾਹ ਲਿਆ। ਅੱਜ ਤਾਂ ਬੱਸ ਹਰਿਆਈ ਸਿਰਫ ਅਜਮੇਰ ਸਿੰਘ ਲੱਖੋਵਾਲ ਦੇ ਸਿਰ ਬੱਝੀ ਗੂੜ੍ਹੀ ਤੋਤੇ ਰੰਗੀ ਹਰੀ ਪੱਗ ਦੀ ਹੀ ਰਹਿ ਗਈ ਹੈ। ਸ਼ੁੱਕਰ ਹੈ ਸਰਕਾਰ ਦਾ, ਉਹਦੀ ਹਰਿਆਲੀ ਬਣਾਈ ਰੱਖਣ ਲਈ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਲਾ ਦਿੱਤਾ, ਨਹੀਂ ਤਾਂ ਕੁਝ ਪੱਲੇ ਨਹੀਂ ਸੀ ਰਹਿਣਾ ਹਰੇ ਇਨਕਲਾਬ ਦੇ।
ਇਹ ਕਹਿਣਾ ਸੌ ਫੀਸਦੀ ਸੱਚ ਨਹੀਂ ਕਿ ਕਿਸਾਨਾਂ ਦਾ ਆਪਣਾ ਕੋਈ ਕਸੂਰ ਹੀ ਨਹੀਂ, ਕਰਜ਼ੇ ਦੀ ਜ਼ਿਲਣ ਵਿਚ ਫਸਣ ਦਾ। ਅਸੀਂ ਖੁਦ ਤੁਰੇ ਉਸ ਪਾਸੇ। ਖੇਤੀ ਦੀ ਤਰੱਕੀ ਮਾੜੀ ਨਹੀਂ ਸੀ, ਪਰ ਕਿਉਂ ਛੱਡ ਦਿੱਤੀਆਂ ਕੁਝ ਰਵਾਇਤੀ ਫਸਲਾਂ ਜੋ ਘਰੇਲੂ ਲੋੜਾਂ ਪੂਰੀਆਂ ਕਰਦੀਆਂ ਸਨ? ਕਿਉਂ ਛੱਡ ਕੇ ਬਹਿ ਗਏ ਹੱਥੀਂ ਕੰਮ? ਯੂæਪੀæ ਤੋਂ ਜਾ ਕੇ ਪੰਜਾਬ ਵਿਚ ਗੰਨਾ ਮੁੱਲ ਲੈ ਕੇ ਗੁੜ ਬਣਾਉਣ ਵਾਲਿਆਂ ਨੇ ਪੈਸੇ ਬਣਾ ਲਏ, ਪਰ ਅਸੀਂ ਇਹ ਕੰਮ ਛੱਡ ਗਏ, ਹਾਲਾਂਕਿ ਬਹੁਤੇ ਕਿਸਾਨਾਂ ਕੋਲ ਆਪਣੇ ਸੰਦ ਹੈਗੇ ਸੀ, ਗੁੜ ਬਣਾਉਣ ਵਾਲੇ। ਪਹਿਲਾਂ ਬਣਾਉਂਦੇ ਹੀ ਸੀਗੇ। ਸ਼ਰਮ ਆਉਂਦੀ ਆ, ਖਬਰਨੀਂ ਇਸ ਕੰਮ ਤੋਂ! ਬਾਹਰੋਂ ਗਏ ਕਿਸੇ ਬੰਦੇ ਕੋਲ ਮੰਗ ਪਾਉਣ ‘ਚ ਕਦੇ ਸੰਗ ਨਹੀਂ ਮੰਨਦੇ, ਦੂਰ-ਅੰਦੇਸ਼ੀ ਕਿਸਾਨਾਂ ਵਿਚ ਹੈ ਨਹੀਂ। ਇੱਕ ਫਸਲ ਤੋਂ ਅੱਗੇ ਸੋਚਦੇ ਹੀ ਨਹੀਂ। ਹਿਸਾਬ-ਕਿਤਾਬ ਪੱਖੋਂ ਵੀ ਊਣੇ, ਪੈਸਾ ਜੇਬ ਵਿਚ ਆਇਆ ਨਹੀਂ, ਤੇ ਬਾਦਸ਼ਾਹ ਬਣੇ ਨਹੀਂ; ਭਾਵੇਂ ਕਰਜ਼ੇ ਦਾ ਹੀ ਕਿਉਂ ਨਾ ਹੋਵੇ ਭਲਾ! ਸਭ ਤੋਂ ਪਹਿਲਾਂ ਸੁੱਖੀਆਂ ਸੁੱਖਣਾ ਲਾਹੁਣ ਤੁਰ ਪੈਂਦੇ ਹਨ ਡੇਰਿਆਂ ਨੂੰ, ਸ਼ੁਰੂ ਕਰਵਾ ਦਿੰਦੇ ਹਨ ਅਖੰਡ ਪਾਠਾਂ ਦੀਆਂ ਲੜੀਆਂ। ਅਗਾਂਹ ਡੇਰੇਦਾਰ ਵੀ ਪਤੰਦਰ ਡਾਕੂ ਬਣ ਕੇ ਟੱਕਰਦੇ ਆ, ਕੱਖ ਪੱਲੇ ਨਹੀਂ ਰਹਿਣ ਦਿੰਦੇ। ਤੋਰ ਦਿੰਦੇ ਫੁੱਲੀਆਂ, ਮਿਸ਼ਰੀ, ਲੈਚੀਆਂ ਦੀਆਂ ਲਫਾਫੀਆਂ ਹੱਥਾਂ ‘ਚ ਦੇ ਕੇ। ਅਸੀਂ ਖੁਦ ਲੱਖਾਂ ਦੇ ਕਰਜ਼ੇ ਨਾਲ ਲਏ ਟਰੈਕਟਰ ਮਗਰ ਟਰਾਲੀਆਂ ‘ਤੇ ਦੋਹਰੀਆਂ ਛੱਤਾਂ ਬਣਾ ਕੇ ਸਾਰੇ ਪਿੰਡ ਨੂੰ ਵਿਚ ਬਹਾ ਕੇ ਤੁਰ ਪੈਂਦੇ ਹਾਂ ਧਾਰਮਿਕ ਯਾਤਰਾ ‘ਤੇ ਵਡਭਾਗ ਸਿੰਘ ਦੇ ਡੇਰੇ। ਕਿਹੜੀ ਸਿਆਣਪ ਹੈ ਇਨ੍ਹਾਂ ਕੰਮਾਂ ਵਿਚ? ਇਹ ਤਾਂ ਕਿਤੇ ਹਰੇ ਇਨਕਲਾਬ ਵਿਚ ਨਹੀਂ ਸੀ ਲਿਖਿਆ! ਹਰੇ ਇਨਕਲਾਬ ਨੇ ਇਹ ਤਾਂ ਨਹੀਂ ਕਿਹਾ ਸੀ, ਪਈ ਸਾਦਗੀ ਤਿਆਗ ਦਿਓ! ਇਹ ਵੀ ਨਹੀਂ ਸੀ ਹਰੇ ਇਨਕਲਾਬ ਦੀ ਮੱਦ ਕਿ ਨਿਆਣਿਆਂ ਦੇ ਵਿਆਹ ਤੋਂ ਪਹਿਲਾਂ ਰੋਕੇ, ਠਾਕੇ, ਚੁੰਨੀਆਂ ਚੜ੍ਹਾਉਣ, ਰਿੰਗ ਸੈਰੇਮਨੀਆਂ, ਮਹਿੰਦੀ ਵਰਗੀਆਂ ਬੇਲੋੜੀਆਂ ਰਸਮਾਂ ਪੈਲੇਸਾਂ ਵਿਚ ਕਰੋ! ਇਹ ਤਾਂ ਖੁਦ ਸਹੇੜੀਆਂ ਅਲਾਮਤਾਂ ਹਨ ਆੜ੍ਹਤੀਆਂ ਕੋਲੋਂ ਪੈਸੇ ਫੜ ਕੇ। ਫਿਰ ਕਹਿਣਾ, ਕਰਜ਼ਾ ਨਹੀਂ ਲਹਿੰਦਾ। ਕੌਣ ਗਲ ‘ਚ ‘ਗੂਠਾ ਦਿੰਦਾ ਕਿ ਵਿਆਹਾਂ ‘ਚ ਨੱਚਦਿਆਂ ਦੇ ਉਤੋਂ ਦੀ ਤਾਸ਼ ਦੇ ਪੱਤਿਆਂ ਵਾਂਗ ਸੌ ਸੌ ਦੇ ਨੋਟ ਸੁੱਟੋ? ਕਿਹੜੀ ਕਮਾਈ ਆਉਂਦੀ ਆ ਮਜੀਠੀਏ ਵਾਲੀ ਭਲਾ ਐਨੀ ਹੁਲਰੀ ਉਡਾਉਣ ਨੂੰ? ਜੇ ਐਦਾਂ ਹੀ ਰਿਹਾ ਤਾਂ ਨਾ ਤਾਂ ਇਹ ਕਰਜ਼ਾ ਲਹਿਣਾ, ਤੇ ਨਾ ਗਲ ‘ਚ ਰੱਸਾ ਪੈਣੋਂ ਹਟਣਾ। ਕਿਨ ਕਹਿਣਾ ਕਿ ਹੁਣ ਲਾ ਦਿਓ ਫੁੱਲ ਸਟਾਪ? ਨਾ ਬਾਦਲ ਨੇ, ਨਾ ਮੱਕੜ ਤੇ ਨਾ ਕਿਸੇ ਬਾਬੇ ਨੇ। ਆਪ ਹੀ ਲਾਉਣਾ ਪੈਣਾ ਜੇ ਰੱਸਾ ਗਲ ‘ਚ ਨਹੀਂ ਪਾਉਣਾ ਤਾਂ!
ਕਿਸਾਨੀ ਸਿਰ ਕਰਜ਼ੇ ਦਾ ਇੱਕ ਹੋਰ ਕਾਰਨ ਪੰਜਾਬ ਦਾ ਵਿਦਿਅਕ ਢਾਂਚਾ ਵੀ ਹੈ। ਸਰਕਾਰੀ ਪ੍ਰਾਇਮਰੀ ਸਕੂਲ ਖਾਲੀ ਪਏ ਹਨ ਤੇ ਨੈਕਟਾਈ ਵਾਲੇ ਦੁਕਾਨ ਮਾਰਕਾ ਅੰਗਰੇਜ਼ੀ ਸਕੂਲਾਂ ਵਿਚ ਨਿਆਣਿਆਂ ਦੀ ਕੁਰਬਲ-ਕੁਰਬਲ ਹੋਈ ਪਈ ਆ। ਹਰ ਕਿਸਾਨ ਆਪਣੇ ਨਿਆਣੇ ਨੂੰ ਇਨ੍ਹਾਂ ਅੰਗਰੇਜ਼ੀ ਸਕੂਲਾਂ ਵਿਚ ਹੀ ਪੜ੍ਹਨ ਪਾਉਂਦਾ ਹੈ ਤੇ ਮੋਟੀਆਂ ਫੀਸਾਂ ਤੇ ਕਿਤਾਬਾਂ-ਕਾਪੀਆਂ ‘ਤੇ ਪੈਸੇ ਖਰਚਦਾ। ਆਮਦਨ ਦਾ ਸਾਧਨ ਤਾਂ ਖੇਤੀ ਹੀ ਹੈ, ਉਹ ਵੀ ਅੱਧ-ਪਚੱਧੀ ਠੇਕੇ ‘ਤੇ ਹੁੰਦੀ ਆ। ਅੱਜਕੱਲ੍ਹ ਬਹੁਤੇ ਨੈਕਟਾਈ ਵਾਲੇ ਸਕੂਲ ਪਿੰਡਾਂ ਵਿਚ ਹੀ ਹਨ ਤੇ ਪੜ੍ਹਾਉਣ ਵਾਲੇ ਬਾਹਰਵੀਂ ਪਾਸ। ਕੋਈ ਮਿਆਰੀ ਪੜ੍ਹਾਈ ਇਨ੍ਹਾਂ ਸਕੂਲਾਂ ਵਿਚ ਹੈ ਨਹੀਂ, ਮਾਪਿਆਂ ਨੂੰ ਖੁਸ਼ ਕਰਨ ਲਈ ਨਿਆਣਿਆਂ ਦੇ ਨੰਬਰ 90% ਤੋਂ ਉਪਰ ਦੇ ਕੇ ਇਹ ਦੱਸਣ ਦੀ ਕੋਸ਼ਿਸ਼ ਹੁੰਦੀ ਕਿ ਤੁਹਾਡਾ ਨਿਆਣਾ ਬਹੁਤ ਹੁਸ਼ਿਆਰ ਹੈ ਤੇ ਸਕੂਲ ‘ਚ ਪੜ੍ਹਾਈ ਬਹੁਤ ਵਧੀਆ ਹੈ। ਆੜ੍ਹਤੀਆਂ ਤੋਂ ਫੜ ਕੇ ਦੇਈ ਜਾਂਦੇ ਹਨ ਨੋਟ ਪੜ੍ਹਾਈ ਦੇ ਨਾਂ ‘ਤੇ ਇਨ੍ਹਾਂ ਠੱਗਾਂ ਨੂੰ, ਇਹ ਸੋਚ ਕੇ ਕਿ ਬੜਾ ਹੋ ਕੇ ਮੁੰਡਾ ਸਭ ਧੋਣੇ ਧੋ ਦੇਊ। ਉਹ ਵਿਚਾਰਾ ਕਿਥੋਂ ਧੋਣੇ ਧੋਣ ਜੋਗਾ ਹੋਣਾ, ਉਨੀ ਦੇਰ ਨੂੰ ਮਾਪੇ ਪੂਰੀ ਤਰ੍ਹਾਂ ਧੋਤੇ ਜਾਂਦੇ ਹਨ ਕਰਜ਼ੇ ਨਾਲ। ਇਹੋ ਜਿਹੇ ਸਕੂਲਾਂ ‘ਚ ਪੜ੍ਹਦੇ ਨਿਆਣੇ ਘਰ ਦਾ ਕੰਮ ਵੀ ਘੱਟ-ਵੱਧ ਹੀ ਕਰਦੇ। ਬੱਸ ਫਿਰ ਮੁੰਡੇ ਤੇ ਮਾਪਿਆਂ ਸਿਰ ਇੱਕੋ ਗੱਲ ਹਾਵੀ ਹੋ ਜਾਂਦੀ ਕਿ ਬਾਹਰਲੇ ਮੁਲਕ ਚੱਲੋ। ਰਹਿੰਦੀ ਕਸਰ ਇਥੇ ਪੂਰੀ ਕਰਦੇ ਆ ਏਜੰਟ। ਬਚਦੀ ਜ਼ਮੀਨ ਵੀ ਵਿਕਣ ਕੰਢੇ ਲੱਗ ਜਾਂਦੀ ਆ। ਇਹ ਵਰਤਾਰਾ ਕਿਸਾਨ ਨੂੰ ਗਮਗੀਨ ਤੇ ਮਾਯੂਸ ਕਰਦਾ, ਜੋ ਕਈ ਵਾਰੀ ਕਾਰਨ ਬਣਦਾ ਖੁਦਕੁਸ਼ੀ ਦਾ।
ਪੰਜਾਬ ਦੇ ਕਿਸਾਨ ਦੀਆਂ ਖੁਦਕੁਸ਼ੀਆਂ ਲਈ ਅਜੋਕੇ ਨਸ਼ਿਆਂ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਪੰਜਾਬ ਵਿਚ ਨਸ਼ੇ ਪਹਿਲਾਂ ਵੀ ਸੀਗੇ, ਪਰ ਜ਼ਹਿਰ ਬਣ ਕੇ ਹੱਡਾਂ ‘ਚ ਨਹੀਂ ਸੀ ਰਚਦੇ। ਪਿੰਡਾਂ ‘ਚ ਸੁਣਦੇ ਹੁੰਦੇ ਸੀ, ਪਈ ਫਲਾਣਾ ਬੰਦਾ ‘ਫੀਮ ਜਾਂ ਡੋਡੇ ਖਾਂਦਾ ਤਾਂ ਜ਼ਿਆਦਾ ਕੰਮ ਕਰਦਾ। ਲੋਕ ਇਹਨੂੰ ਚੰਗਾ ਨਹੀਂ ਸੀ ਸਮਝਦੇ, ਪਰ ਉਹ ਵਾਧੂ ਕੰਮ ਕਰਨ ਲੱਗਾ, ਇਹ ਨਸ਼ਾ ਕਰਦਾ ਹੁੰਦਾ ਹੋਣਾ। ਅੱਜ ਦੇ ਨਸ਼ੇ ਸਰੀਰ ਗਾਲ ਰਹੇ ਹਨ। ਇੱਕ ਵਾਰ ਸੰਘੋਂ ਅੰਦਰ ਗਿਆ ਤੇ ਬੰਦਾ ਡਰੱਗੀ ਬਣ ਜਾਂਦਾ। ਉਤੋਂ ਐਨਾ ਮਹਿੰਗਾ ਕਿ ਹਾਰੀ-ਸਾਰੀ ਦਾ ਕੰਮ ਨਹੀਂ ਖਰੀਦਣਾ। ਮੁੰਡੇ ਅਨਜਾਣਪੁਣੇ ਵਿਚ ਮਿੱਤਰਾਂ ਦੀ ਟੋਲੀ ਵਿਚ ਫਸ ਕੇ ਇਨ੍ਹਾਂ ਨਸ਼ਿਆਂ ਦੇ ਆਦੀ ਹੋ ਜਾਂਦੇ ਤੇ ਮਾਪਿਆਂ ਨੂੰ ਪਤਾ ਹੀ ਉਦਣ ਲੱਗਦਾ ਜਦੋਂ ਪਾਣੀ ਸਿਰੋਂ ਲੰਘ ਤੁਰਦਾ। ਮਾਪੇ ਨਾ ਚਾਹੁੰਦੇ ਹੋਏ ਵੀ ਆਪਣੇ ਮੁੰਡਿਆਂ ਨੂੰ ਜਿਉਂਦਾ ਰੱਖਣ ਖਾਤਿਰ ਜ਼ਮੀਨ ਵੇਚ ਕੇ ਨਸ਼ਾ ਦੇਣ ਲਈ ਮਜਬੂਰ ਹੋ ਗਏ। ਇਹ ਮਾਯੂਸੀ ਸਭ ਤੋਂ ਵੱਧ ਜ਼ਿੰਮੇਵਾਰ ਹੈ ਖੁਦਕੁਸ਼ੀਆਂ ਲਈ।
ਇੱਕ ਹੋਰ ਕਾਰਨ ਕਿਸਾਨਾਂ ਸਿਰ ਕਰਜ਼ਾ ਚੜ੍ਹਨ ਦਾ ਹੈ, ਜਿਦੋ-ਜਿਦੀ ਵੱਧ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਨੀ। ਇੱਕ-ਅੱਧ ਫਸਲ ਮਾਰੀ ਗਈ, ਬਸ ਆ ਗਿਆ ਕਰਜ਼ੇ ਹੇਠ; ਕਿਉਂਕਿ ਹੁਣ ਫਸਲ ਬੀਜਣ ਤੇ ਪਾਲਣ ‘ਤੇ ਬਹੁਤ ਵੱਡਾ ਖਰਚਾ ਹੁੰਦਾ। ਇਨ੍ਹਾਂ ਖੁਦਕੁਸ਼ੀਆਂ ਦਾ ਇੱਕ ਕਾਰਨ ਕੁਝ ਰੱਜੇ-ਪੁੱਜੇ ਜ਼ਿਮੀਂਦਾਰ ਵੀ ਹਨ ਜੋ ਆਪਣੇ ਆਪ ਨੂੰ ਕਿਸਾਨਾਂ ਵਿਚ ਸ਼ਾਮਲ ਕਰਦੇ ਹਨ, ਪਰ ਪਹੁੰਚ ਉਨ੍ਹਾਂ ਦੀ ਸਰਕਾਰੇ-ਦਰਬਾਰੇ ਵੀ ਤੇ ਕਿਸਾਨ ਯੂਨੀਅਨਾਂ ਵਿਚ ਵੀ ਹੈ। ਰਹਿਣ-ਸਹਿਣ ਰਾਠਾਂ ਵਰਗਾ। ਉਨ੍ਹਾਂ ਨੂੰ ਖੇਤੀ ਲਈ ਕਰਜ਼ਿਆਂ ਦੀ ਕੋਈ ਜ਼ਰੂਰਤ ਹੀ ਨਹੀਂ, ਪਰ ਸਭ ਤੋਂ ਵਧ ਕਰਜ਼ਾ ਉਨ੍ਹਾਂ ਨੇ ਬੈਂਕਾਂ ਦਾ ਦੇਣਾ ਹੁੰਦਾ। ਉਹ ਮੋੜ ਵੀ ਸਕਦੇ ਹਨ, ਪਰ ਮੋੜਦੇ ਨਹੀਂ। ਹਾਕਮਾਂ ਤੇ ਸਰਕਾਰੀ ਤੰਤਰ ਦਾ ਉਨ੍ਹਾਂ ਦੀ ਪਿਠ ‘ਤੇ ਪੂਰਾ ਹੱਥ ਹੁੰਦਾ। ਉਹ ਇਸ ਕਰ ਕੇ ਕਰਜ਼ੇ ਨਹੀਂ ਮੋੜਦੇ ਕਿ ਜੇ ਸਰਕਾਰ ਨੇ ਮੁਆਫ ਕੀਤਾ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਕਰਜ਼ਿਆਂ ‘ਤੇ ਲਕੀਰ ਫਿਰਨੀ ਹੈ। ਇਹੋ ਜਿਹੇ ਜ਼ਿਮੀਂਦਾਰ ਕਿਸਾਨ ਅੰਦਰੋਗਤੀ ਇਹ ਚਾਹੁੰਦੇ ਹਨ ਕਿ ਕਰਜ਼ੇ ‘ਚ ਫਸੇ ਛੋਟੇ ਕਿਸਾਨ ਹੋਰ ਖੁਦਕੁਸ਼ੀਆਂ ਕਰਨ ਤਾਂ ਕਿ ਸਰਕਾਰ ‘ਤੇ ਕਰਜ਼ਾ ਮੁਆਫੀ ਦਾ ਦਬਾਅ ਵਧੇ ਤੇ ਇਸ ਦਾ ਲਾਭ ਉਹ ਲੈਣ। ਜੇ ਅਜਿਹੇ ਜ਼ਿਮੀਂਦਾਰ ਕਰਜ਼ਾ ਮੋੜ ਦੇਣ ਤਾਂ ਛੋਟੀ ਕਿਸਾਨੀ ਸਿਰ ਚੜ੍ਹਿਆ ਕਰਜ਼ਾ ਬਹੁਤਾ ਰਹਿਣਾ ਹੀ ਨਹੀਂ, ਤੇ ਸਰਕਾਰ ਨੂੰ ਇਸ ‘ਤੇ ਲਕੀਰ ਮਾਰਨੀ ਕੁਝ ਸੌਖੀ ਹੋ ਸਕਦੀ ਹੈ ਤਾਂ ਕਿ ਜਿਹੜੇ ਵਿਚਾਰੇ ਖੁਦਕੁਸ਼ੀ ਕਰਦੇ ਆ, ਉਹ ਬਚ ਸਕਣ।
ਖੁਦਕੁਸ਼ੀ ਦਾ ਕਾਰਨ ਜੇ ਕਰਜ਼ਾ ਹੈ ਤਾਂ ਕਿਸਾਨ ਨੂੰ ਆਪ ਵੀ ਇਸ ਤੋਂ ਜਿੰਨਾ ਹੋ ਸਕੇ, ਪਰਹੇਜ਼ ਕਰਨਾ ਚਾਹੀਦਾ। ਜੇ ਲੈਣਾ ਹੀ ਪਵੇ ਤਾਂ ਸਰਫੇ ਨਾਲ ਖਰਚੇ। ਖਰਚੇ ਤਾਂ ਘਟਾਉਣੇ ਪੈਣੇ ਆ, ਫਾਲਤੂ ਦੀਆਂ ਧਾਰਮਿਕ ਤੇ ਸਮਾਜਿਕ ਰਸਮਾਂ ਨੂੰ ਅਲਵਿਦਾ ਕਹਿਣੀ ਪੈਣੀ ਆ। ਐਵੇਂ ਨਾ ਮੱਸਿਆ, ਪੁੰਨਿਆ, ਸੰਗਰਾਂਦਾਂ ‘ਤੇ ਚੌਕੀਆਂ ਭਰਨ ਤੁਰੇ ਰਹਿਣ ਸਾਧਾਂ ਦੇ ਡੇਰਿਆਂ ‘ਤੇ! ਕਿਸੇ ਦੀ ਰੀਸੇ ਵਿਆਹ ਸ਼ਾਦੀਆਂ ‘ਤੇ ਖਰਚਾ ਨਾ ਵਧਾਉਣ, ਜੇ ਜ਼ਿੰਦਗੀ ਜਿਉਣੀ ਆ ਤਾਂ, ਨਹੀਂ ਤਾਂ ਰੱਸਾ ਤਾਂ ਕਿੱਲੀ ਟੰਗਿਆ ਹੀ ਹੋਇਆ। ਖੁਦਕੁਸ਼ੀ ਸਮਾਜਿਕ ਬੁਰਾਈ ਹੈ, ਇਹਦੇ ਨਾਲ ਸਾਰਾ ਸਮਾਜ ਪ੍ਰਭਾਵਿਤ ਹੁੰਦਾ ਤੇ ਹੰਭਲਾ ਵੀ ਸਮਾਜ ਨੂੰ ਰਲ ਕੇ ਮਾਰਨਾ ਪੈਣਾ ਕਿ ਕੋਈ ਭਰਾ ਇਸ ਰਾਹ ਨਾ ਪਵੇ। ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿਚ ਸਮਾਜਿਕ ਕੁਰੀਤੀਆਂ ਤੇ ਬੁਰਾਈਆਂ ਨੂੰ ਦੂਰ ਕਰਨ ਲਈ ਬਹੁਤ ਪ੍ਰਚਾਰ ਕੀਤਾ। ਸਿੱਖ ਧਰਮ ਦੇ ਪ੍ਰਚਾਰਕ ਧਰਮ ਦੇ ਨਾਲ ਨਾਲ ਪੰਜਾਬ ਦੇ ਕਿਸਾਨਾਂ ਵਿਚ ਆਈ ਮਾਯੂਸੀ ਤੇ ਫਿਰ ਖੁਦਕੁਸ਼ੀ ਦੇ ਰੁਝਾਨ ਨੂੰ ਰੋਕਣ ਵਿਚ ਮੋਹਰੀ ਰੋਲ ਅਦਾ ਕਰਨ, ਕਿਉਂਕਿ ਇਨ੍ਹਾਂ ਨੂੰ ਸਾਰੇ ਹੀ ਸੁਣਦੇ ਹਨ ਤੇ ਅਸਰ ਵੀ ਕਬੂਲ ਕਰਦੇ ਆ। ਗੁਰਬਾਣੀ ਵਿਚੋਂ ਮਿਸਾਲਾਂ ਦੇ ਕੇ ਸਮਝਾਉਣ ਕਿ ਖੁਦਕੁਸ਼ੀ ਪਾਪ ਹੈ, ਅਸਰ ਜ਼ਰੂਰ ਪਊ। ਸਿੱਖ ਬੁਧੀਜੀਵੀ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਮਿਲਣ ਤੇ ਉਨ੍ਹਾਂ ਦੀ ਹਾਲਤ ਸਮਝ ਕੇ ਉਨ੍ਹਾਂ ਨੂੰ ਦੱਸਣ ਕਿ ਖੁਦਕੁਸ਼ੀ ਦਾ ਰਾਸਤਾ ਤੁਹਾਡਾ ਨਹੀਂ, ਉਥੇ ਪਿੰਡਾਂ ਦਾ ਇਕੱਠ ਕਰਨ, ਲਹਿਰ ਬਣਾਉਣ।
ਖੁਦਕੁਸ਼ੀ ਮਾਯੂਸੀ ਦੀ ਦੇਣ ਹੈ ਤੇ ਇਹ ਬੁਧੀਜੀਵੀ ਮੱਲ੍ਹਮ ਬਣਨ ਇਸ ਮਾਯੂਸੀ ਦੀ, ਤਾਂ ਕਿ ਕਿਸਾਨ ਇਸ ਦੁਬਿਧਾ ਵਿਚੋਂ ਨਿਕਲੇ; ਪਰ ਕਈ ਵਾਰੀ ਦੁੱਖ ਹੁੰਦਾ ਕਿ ਸਾਡੇ ਸਿਰਮੌਰ ਧਾਰਮਿਕ ਪ੍ਰਚਾਰਕਾਂ ਦੀ ਗਰਾਰੀ ਵੀ ਭਗੌਤੀ ‘ਤੇ ਐਸੀ ਅੜ ਜਾਂਦੀ ਕਿ ਅਗਾਂਹ ਤੁਰਦੀ ਹੀ ਨਹੀਂ। ਬੇਨਤੀ ਆ ਸਾਡੀ ਤਾਂ, ਪਈ ਬਗੈਰ ਭਗੌਤੀ ਬੋਲਿਆਂ ਅਰਦਾਸ ਕਰ ਦਿਓ, ਸ਼ਾਇਦ ਮਨਜ਼ੂਰ ਹੋ ਜਾਵੇ ਤੇ ਕੋਈ ਕਿਸਾਨ ਖੁਦਕੁਸ਼ੀ ਨਾ ਕਰੇ। ਸਿੱਖ ਬੁਧੀਜੀਵੀ ਜਿਨ੍ਹਾਂ ਦੀ ਜ਼ਰੂਰਤ ਤਾਂ ਹੈ ਐਸ ਵਕਤ ਪੰਜਾਬ ਦੇ ਪਿੰਡਾਂ ਵਿਚ, ਜਿਥੇ ਰੋਜ਼ ਕਿਸਾਨ ਖੁਦਕੁਸ਼ੀ ਕਰਦੇ ਤੇ ਬੱਚੇ ਲਾਵਾਰਿਸ ਹੋ ਜਾਂਦੇ, ਉਨ੍ਹਾਂ ਨੂੰ ਜੀਵਨ-ਜਾਚ ਦੱਸਣ ਦੀ; ਪਰ ਪਤਾ ਨਹੀਂ ਕਿਉਂ ਕੁਝ ਪ੍ਰਚਾਰਕਾਂ ਦੀ ਬੇਲਣੇ ਵਿਚ ਬਾਂਹ ਆਈ ਹੋਈ ਆ ਕਿ ਉਹ ਹਰ ਦੂਜੇ ਸਾਲ ਤੁਰ ਪੈਂਦੇ ਅਮਰੀਕਾ ਨੂੰ! ਓ ਭਾਈ, ਜੇ ਪੰਜਾਬ ਦੇ ਕਿਸਾਨ ਦਾ ਭਲਾ ਹੁੰਦਾ ਤਾਂ ਕਰ ਲਓ ਇਹਦਾ ਵੀ ਸੰਪਤ ਪਾਠ, ਨਾਲੇ ਸਮਝਾ ਦਿਓ ਅਰਥ ਵਿਸਥਾਰ ਨਾਲ।
ਜਦੋਂ ਕੋਈ ਸਮਾਜਿਕ ਬੁਰਾਈ ਜਨਮ ਲੈਂਦੀ ਆ ਤਾਂ ਉਸ ਵਕਤ ਦੇ ਹਾਕਮਾਂ ਦਾ ਵੀ ਉਹਦੇ ਵਿਚ ਕੋਈ ਹੱਥ ਹੁੰਦਾ। ਪੰਜਾਬ ਦੇ ਕਿਸਾਨਾਂ ਵਿਚ ਐਨੀ ਮਾਯੂਸੀ ਕਿਉਂ ਆਈ ਕਿ ਖੁਦਕੁਸ਼ੀ ਨੂੰ ਹੀ ਇੱਕੋ ਇੱਕ ਹੱਲ ਚੁਣਿਆ? ਕਾਰਨ ਹੈ ਇਹਦਾ ਹਾਕਮਾਂ ਦਾ ਝੂਠ ਬੋਲ ਕੇ ਰਾਜਗੱਦੀ ‘ਤੇ ਬਹਿਣਾ ਅਤੇ ਲਾਏ ਲਾਰੇ ਪੂਰੇ ਨਾ ਕਰਨਾ। ਲਾਰਾ ਲਾਇਆ ਸੀ ਕਿਸਾਨਾਂ ਦਾ ਮਸੀਹਾ ਬਣਨ ਦਾ, ਤੇ ਸਾਬਿਤ ਹੋ ਰਿਹਾ ਕਾਤਿਲ। ਪੰਜਾਬੀ ਕਿਸਾਨਾਂ ਨੂੰ ਇਨ੍ਹਾਂ ਹਾਕਮਾਂ ਵਿਚ ਆਪਣਾਪਨ ਦਿਸਿਆ ਸੀ ਤੇ ਆਸਾਂ ਬਹੁਤ ਵੱਡੀਆਂ ਲਾ ਕੇ ਬਹਿ ਗਏ। ਆਸਾਂ ਹੌਲੀ-ਹੌਲੀ ਟੁੱਟਦੀਆਂ ਗਈਆਂ ਤੇ ਗਮਗੀਨੀ ਹਾਵੀ ਹੁੰਦੀ ਗਈ। ਮੌਜੂਦਾ ਹਾਕਮ ਕਿੱਥੇ ਫੇਲ੍ਹ ਹੋਇਆ? ਇਹਦਾ ਜ਼ਿਕਰ ਵੀ ਜ਼ਰੂਰੀ ਆ।
ਭਾਰਤ ਵਿਚ ਇੱਕ ਸਕੀਮ ਚਲਦੀ ਆ ‘ਮਨਰੇਗਾ’। ਇਹਦੇ ਤਹਿਤ ਹਰ ਰਾਜ ਨੂੰ ਉਹਦੀ ਲੋੜ ਮੁਤਾਬਿਕ ਪੈਸੇ ਦਿੱਤੇ ਜਾਂਦੇ ਤਾਂ ਕਿ ਹਰ ਪਰਿਵਾਰ ਨੂੰ ਸਾਲ ਵਿਚ ਸੌ ਦਿਨ ਦਿਹਾੜੀ ਜ਼ਰੂਰ ਮਿਲੇ। ਇਹਦੇ ਵਿਚ 60% ਖਰਚਾ ਖੇਤੀ ਧੰਦਿਆਂ ਜਿਵੇਂ ਪਸ਼ੂ ਪਾਲਣ, ਸਿੰਜਾਈ ਦਾ ਕੰਮ, ਖੇਤ ਵਿਚ ਕੰਮ ਕਰਨਾ ਵਗੈਰਾ, ਇਹ ਸਾਰਾ ਕੰਮ ਪਿੰਡ ਦੀ ਪੰਚਾਇਤ ਦੀ ਦੇਖ-ਰੇਖ ‘ਚ ਹੁੰਦਾ। ਪੰਜਾਬ ਦੇ ਅੱਧੇ ਤੋਂ ਵੀ ਵੱਧ ਕਿਸਾਨ ਆਪਣੀ ਜ਼ਮੀਨ ਦੇ ਨਾਲ-ਨਾਲ ਠੇਕੇ ‘ਤੇ ਲੈ ਕੇ ਵੀ ਖੇਤੀ ਕਰਦੇ ਹਨ, ਉਹ ਸਾਰੇ ਹੀ ਇਸ ਸਕੀਮ ਅਧੀਨ ਆਉਂਦੇ ਹਨ। ਪੰਜਾਬ ਵਿਚ ਮਜ਼ਦੂਰ ਦੀ ਦਿਹਾੜੀ ਹੁਣ 250 ਰੁਪਏ ਹੈ ਤੇ ਸੌ ਦਿਨ ਦੇ ਹਿਸਾਬ ਨਾਲ ਸਾਲ ਵਿਚ ਇੱਕ ਕਿਸਾਨ ਪਰਿਵਾਰ ਨੂੰ 25000 ਰੁਪਏ ਮਿਲ ਸਕਦੇ ਹਨ, ਪਰ ਸਰਕਾਰ ਨੇ ਇੱਕ ਵੀ ਕਿਸਾਨ ਨੂੰ ਇਹਦੇ ਵਿਚੋਂ ਧੇਲਾ ਨਹੀਂ ਦਿੱਤਾ ਤੇ ਤਕਰੀਬਨ ਸਾਰੀ ਰਕਮ ਵਾਪਸ ਕਰ ਦਿੱਤੀ ਜਾਂਦੀ ਰਹੀ ਪਿਛਲੇ ਕਈ ਸਾਲਾਂ ਤੋਂ।
ਪੰਜਾਬ ਦਾ ਸਭ ਤੋਂ ਅਮੀਰ ਮਹਿਕਮਾ ਹੈ ਪੰਜਾਬ ਮੰਡੀ ਬੋਰਡ। ਕਿਥੋਂ ਕਮਾਈ ਹੁੰਦੀ ਇਸ ਨੂੰ? ਸਾਰੀ ਦੀ ਸਾਰੀ ਕਿਸਾਨਾਂ ਤੋਂ! ਉਹ ਹਰ ਖੇਤੀ ਜਿਣਸ ਜੋ ਕਿਸਾਨ ਮੰਡੀ ਵਿਚ ਵੇਚਣ ਲਿਆਉਂਦਾ ਹੈ, ਉਸ ‘ਤੇ ਮਾਰਕੀਟ ਫੀਸ ਲਈ ਜਾਂਦੀ ਹੈ। ਇਸ ਤੋਂ ਇਲਾਵਾ ਇੱਕ ਹੋਰ ਫੰਡ ਇੱਕਠਾ ਕੀਤਾ ਜਾਂਦਾ ਜਿਹਨੂੰ ‘ਪੇਂਡੂ ਵਿਕਾਸ ਫੰਡ’ ਕਿਹਾ ਜਾਂਦਾ। ਕਰੋੜਾਂ ਰੁਪਏ ਇਕੱਠੇ ਹੁੰਦੇ ਇਸ ਤਹਿਤ ਹਰ ਸਾਲ, ਪਰ ਕਿਸਾਨ ਦੀ ਭਲਾਈ ਨਾਂਮਾਤਰ ਹੁੰਦੀ ਇਸ ਫੰਡ ਵਿਚੋਂ। ਸ਼ਾਇਦ ਕਿਸਾਨ ਨੂੰ ਪਿੰਡ ਦਾ ਵਾਸੀ ਮੰਨਿਆ ਹੀ ਨਹੀਂ ਜਾਂਦਾ। ਜ਼ਿਆਦਾ ਪੈਸਾ ਇਸ ਫੰਡ ਵਿਚੋਂ ਖਰਚਿਆ ਜਾਂਦਾ ਚੰਡੀਗੜ੍ਹ ਦੇ ਕਿਸਾਨ ਭਵਨ ‘ਤੇ, ਇਹਦੇ ਵਿਚ ਹੁੰਦੀਆਂ ਸਰਕਾਰੀ ਦਾਅਵਤਾਂ ‘ਤੇ|
ਪੰਜਾਬ ਸਰਕਾਰ ਚਾਹੇ ਤਾਂ ਆਪਣੇ ਪੱਧਰ ‘ਤੇ ਕਰਜ਼ੇ ‘ਚ ਘਿਰੇ ਕਿਸਾਨਾਂ ਨੂੰ ਮੁਕਤ ਕਰ ਸਕਦੀ ਆ। ਜੇ ਅਵਾਰਾ ਗਾਂਵਾਂ ‘ਤੇ ਖਰਚ ਕਰਨ ਲਈ ਟੈਕਸ ਲਗਵਾ ਸਕਦੀ ਹੈ ਤਾਂ ਕਿੰਨਾ ਕੁ ਔਖਾ ਹੈ ਵੱਖਰਾ ਕਿਸਾਨ ਕਰਜ਼ਾ ਰਾਹਤ ਫੰਡ ਉਸੇ ਤਰਜ਼ ‘ਤੇ ਮੰਡੀ ਵਿਚ ਆਈ ਜਿਣਸ ‘ਤੇ ਖਰੀਦਦਾਰ ਤੋਂ ਇਕੱਠਾ ਕਰ ਕੇ ਕਿਸਾਨ ਨੂੰ ਖੁਦਕੁਸ਼ੀ ਤੋਂ ਬਚਾਉਣਾ| ਆਹ ਜਿਹੜਾ ਪੰਜਾਬ ਦੇ ਹਾਕਮ ਦਿੱਲੀ ਵਾਲਿਆਂ ਕੋਲ ਜਾਣ ਦੀ ਗੱਲ ਕਰਦੇ ਹਨ, ਸਭ ਡਰਾਮਾ। ਕੋਈ ਕਿਸਾਨ ਦੀ ਗੱਲ ਨਹੀਂ ਹੁੰਦੀ, ਸਿਰਫ ਆਪਣੇ ਧੰਦੇ ਕਰਨ ਜਾਂਦੇ ਹਨ, ਇਹ ਸ਼ਾਤਰ ਹਾਕਮ।
ਮੁੱਕਦੀ ਗੱਲ, ਜੇ ਕਰਜ਼ੇ ਵਰਗੀ ਲਾਹਣਤ ਤੋਂ ਛੁਟਕਾਰਾ ਪਾਉਣਾ, ਤਾਂ ਖੁਦ ਕਿਸਾਨਾਂ ਨੂੰ ਮੋਹਰੇ ਹੋਣਾ ਪੈਣਾ, ਸਾਦਗੀ ‘ਤੇ ਖੁਦ ਤੁਰਨਾ ਪੈਣਾ। ਜੇ ਉਨ੍ਹਾਂ ਦੇ ਹਿਸਾਬ ਨਾਲ ਸਰਕਾਰ ਠੀਕ ਕਰ ਰਹੀ ਹੈ ਤੇ ਇਹਦੇ ਕੰਮਕਾਰ ਤੋਂ ਸੰਤੁਸ਼ਟ ਹਨ, ਇਹਦਾ ਕੋਈ ਕੀਟਨਾਸ਼ਕ ਦਵਾਈਆਂ ਦੀ ਮਿਲਾਵਟ ‘ਚ ਹੱਥ ਨਹੀਂ, ਖਾਦਾਂ ਦੀ ਜਾਣ-ਬੁਝ ਕੇ ਕੀਤੀ ਜਖੀਰੇਬਾਜ਼ੀ ਵਿਚ ਕੋਈ ਲੈਣ-ਦੇਣ ਨਹੀਂ, ਜੇ ਮੰਡੀਆਂ ‘ਚ ਸਹੀ ਭਾਅ ਮਿਲ ਰਹੇ ਹਨ, ਡਰੱਗ ਮਾਫੀਏ ‘ਚ ਇਹਦਾ ਨਾਂ ਨਹੀਂ ਬੋਲਦਾ, ਗੈਂਗਾਂ ‘ਚ ਇਹਦੇ ਬੰਦੇ ਨਹੀਂ, ਤਾਂ ਫਿਰ ਕਿਸਾਨ ਭਰਾਵੋ! ਦੁਬਾਰਾ ਇਨ੍ਹਾਂ ਨੂੰ ਹੀ ਰਾਜ ਗੱਦੀ ਦੇ ਦਿਓ ਤੇ ਰੱਸਾ ਕਿੱਲੀ ਤੋਂ ਚੁੱਕ ਲਿਓ!