ਪੰਝੀ ਰੁਪਏ ਵਾਲਾ ਸੁਨੀਲ ਦੱਤ

ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਸੁਨੀਲ ਦੱਤ ਦਾ ਨਾਂ ਬਲਰਾਜ ਦੱਤ ਸੀ। ਜਦੋਂ 1949 ਵਿਚ ਉਹ ਮੁੰਬਈ ਪਹੁੰਚੇ ਤਾਂ ਉਨ੍ਹਾਂ ਦੀ ਜੇਬ ਵਿਚ ਸਿਰਫ 25 ਰੁਪਏ ਸਨ ਪਰ ਮੁੰਬਈ ਆਉਣ ਦਾ ਉਨ੍ਹਾਂ ਦਾ ਮਕਸਦ ਫ਼ਿਲਮਾਂ ਵਿਚ ਹੀਰੋ ਬਣਨਾ ਨਹੀਂ ਸੀ। ਉਹ ਇਥੇ ਪੜ੍ਹਾਈ ਤੇ ਨੌਕਰੀ ਲਈ ਆਏ ਸਨ। ਪੜ੍ਹਾਈ ਦੌਰਾਨ ਉਹ ਟਰਾਂਸਪੋਰਟ ਕੰਪਨੀ ਵਿਚ ਨੌਕਰੀ ਕਰਦੇ ਰਹੇ ਤੇ ਫਿਰ ਸਬੱਬ ਨਾਲ ਉਨ੍ਹਾਂ ਨੂੰ ਰੇਡੀਓ ਸਿਲੋਨ ਵਿਚ ਨੌਕਰੀ ਮਿਲ ਗਈ।
1955 ਦੌਰਾਨ ਸਟੂਡੀਓ ਵਿਚ ਉਨ੍ਹਾਂ ਦੀ ਮੁਲਾਕਾਤ ਫ਼ਿਲਮੀ ਕਲਾਕਾਰਾਂ ਨਾਲ ਹੁੰਦੀ ਰਹਿੰਦੀ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਨਿਰਮਾਤਾ-ਨਿਰਦੇਸ਼ਕ ਰਮੇਸ਼ ਸਹਿਗਲ ਨਾਲ ਹੋਈ। ਸਹਿਗਲ ਉਨ੍ਹਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਤੇ ਸਕਰੀਨ ਟੈਸਟ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਫ਼ਿਲਮ ‘ਰੇਲਵੇ ਪਲੇਟਫਾਰਮ’ ਲਈ ਸਾਈਨ ਕਰ ਲਿਆ। ਉਨ੍ਹਾਂ ਦਾ ਨਾਂ ਵੀ ਬਲਰਾਜ ਤੋਂ ਬਦਲ ਕੇ ਸੁਨੀਲ ਕਰ ਦਿੱਤਾ ਗਿਆ।  ਸੁਨੀਲ ਦੱਤ ਪੂਰੇ ਆਤਮ-ਵਿਸ਼ਵਾਸ ਨਾਲ ਕੰਮ ਕਰ ਰਹੇ ਸਨ ਪਰ ਇਕ ਸੀਨ ਵਿਚ ਉਨ੍ਹਾਂ ਦੀ ਸੁੱਧ-ਬੁੱਧ ਹੀ ਗੁਆਚ ਗਈ। ਇਸ ਸੀਨ ਵਿਚ ਸੁਨੀਲ ਦੱਤ ਨੇ ਰੋਮਾਂਟਿਕ ਅੰਦਾਜ਼ ਵਿਚ ਗਾਉਂਦਿਆਂ ਹੀਰੋਇਨ ਸ਼ੀਲਾ ਰਮਾਨੀ ਨੂੰ ਬਾਹਾਂ ਦੇ ਕਲਾਵੇ ਵਿਚ ਲੈਣਾ ਸੀ। ਜਿਵੇਂ ਹੀ ਸੁਨੀਲ ਦੱਤ ਨੂੰ ਇਹ ਸੀਨ ਦੱਸਿਆ ਗਿਆ ਤਾਂ ਉਹ ਬੁਰੀ ਤਰ੍ਹਾਂ ਘਬਰਾ ਗਏ ਤੇ ਕੰਬਣ ਲੱਗੇ। ਉਨ੍ਹਾਂ ਨੂੰ ਸਮਝਾਇਆ ਗਿਆ ਤਾਂ ਉਹ ਕਿਸੇ ਤਰ੍ਹਾਂ ਰਾਜ਼ੀ ਹੋਏ। ਸੀਨ ਸ਼ੁਰੂ ਹੋਇਆ ਪਰ ਸੁਨੀਲ ਦੱਤ ਦੀ ਕੰਬਣੀ ਨਹੀਂ ਰੁਕ ਰਹੀ ਸੀ।
ਇਕ ਟੇਕ, ਦੋ ਟੇਕ, ਤਿੰਨ ਟੇਕ ਫਿਰ ਰੀਟੇਕ ‘ਤੇ ਰੀਟੇਕæææਆਖਿਰ ਸਹਿਗਲ ਉਨ੍ਹਾਂ ‘ਤੇ ਵਰ੍ਹ ਪਏ, ‘ਇਕ ਚੰਗਾ-ਖਾਸਾ ਨੌਜਵਾਨ ਕੀ ਕਿਸੇ ਔਰਤ ਤੋਂ ਇਸ ਤਰ੍ਹਾਂ ਡਰਦਾ ਹੈ?’ ਉਨ੍ਹਾਂ ਨੇ ਸੁਨੀਲ ਦੱਤ ਨੂੰ ਕਿਹਾ, ‘ਗੈੱਟ ਹੋਲਡ ਯੁਅਰਸੈਲਫ ਐਂਡ ਬਿਹੇਵ ਲਾਈਕ ਏ ਮੈਨ।’ ਸੁਨੀਲ ਦੱਤ ਬੇਹੱਦ ਝਿਜਕ ਗਏ। ਇੰਨੇ ਲੋਕਾਂ ਦੇ ਸਾਹਮਣੇ ਝਿੜਕਾਂ ਖਾਣ ਦਾ ਇਹ ਪਹਿਲਾ ਮੌਕਾ ਸੀ। ਬੇਇੱਜ਼ਤੀ ਤੇ ਗੁੱਸੇ ਨਾਲ ਸੁਨੀਲ ਦੱਤ ਸੈੱਟ ਤੋਂ ਉੱਠ ਕੇ ਘਰ ਚਲੇ ਗਏ। ਅਸਲ ਵਿਚ ਸੁਨੀਲ ਦੱਤ ਪੇਂਡੂ ਪਿਛੋਕੜ ਵਿਚ ਜੰਮੇ-ਪਲੇ ਸਨ ਤੇ ਪੂਰੀ ਤਰ੍ਹਾਂ ਰਵਾਇਤੀ ਸੰਸਕਾਰਾਂ ਵਿਚ ਬੱਝੇ ਹੋਏ ਸਨ।
ਖੈਰ, ਸ਼ਾਮ ਹੋਈ ਤੇ ਸਹਿਗਲ ਸੁਨੀਲ ਦੱਤ ਦੇ ਘਰ ਪਹੁੰਚੇ। ਉਨ੍ਹਾਂ ਨੇ ਸੁਨੀਲ ਦੱਤ ਨੂੰ ਸਮਝਾਇਆ, ‘ਦੇਖ, ਮੈਂ ਤੇਰੇ ਪਿਤਾ ਵਾਂਗ ਹਾਂ। ਕੀ ਮੈਂ ਤੈਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਝਿੜਕ ਵੀ ਨਹੀਂ ਸਕਦਾ?’ ਫਿਰ ਸੁਨੀਲ ਨੇ ਬੜੀ ਨਿਮਰਤਾ ਨਾਲ ਕਿਹਾ, ‘ਤੁਸੀਂ ਜ਼ਰੂਰ ਝਿੜਕ ਸਕਦੇ ਹੋ ਪਰ ਇੰਝ ਨਹੀਂ, ਜਿਵੇਂ ਅੱਜ ਤੁਸੀਂ ਸਭ ਦੇ ਸਾਹਮਣੇ ਝਿੜਕਿਆ।’
ਆਖਿਰ ਮਾਮਲਾ ਠੰਡਾ ਪਿਆ। ਸੁਨੀਲ ਦੱਤ ਨੇ ਠੰਡੇ ਦਿਮਾਗ ਨਾਲ ਸੀਨ ਬਾਰੇ ਸੋਚਿਆ। ਸਹਿਗਲ ਦੀ ਗੱਲ, ‘ਬਿਹੇਵ ਲਾਈਕ ਏ ਮੈਨ’ ਨੂੰ ਉਨ੍ਹਾਂ ਨੇ ਗੰਢ ਮਾਰ ਲਈ। ਉਨ੍ਹਾਂ ਨੇ ਫੈਸਲਾ ਕੀਤਾ ਕਿ ਜਦੋਂ ਵੀ ਉਹ ਨਿਰਦੇਸ਼ਕ ਬਣਨਗੇ, ਆਪਣੀ ਫ਼ਿਲਮ ਦੇ ਕਲਾਕਾਰਾਂ ਨਾਲ ਹਮੇਸ਼ਾ ਚੰਗਾ ਵਤੀਰਾ ਕਰਨਗੇ। ‘ਰੇਲਵੇ ਪਲੇਟਫਾਰਮ’ ਬਹੁਤੀ ਸਫਲ ਨਹੀਂ ਰਹੀ ਪਰ ਸੁਨੀਲ ਦੱਤ ਦੀ ਅਦਾਕਾਰੀ ਦੀ ਸਭ ਨੇ ਸਿਫਤ ਕੀਤੀ। ਫਿਰ ਉਨ੍ਹਾਂ ਨੇ ਪਿਛਾਂਹ ਮੁੜ ਕੇ ਨਹੀਂ ਦੇਖਿਆ। ਨਿਰਦੇਸ਼ਕ ਦੇ ਰੂਪ ਵਿਚ ਜਦੋਂ ਉਨ੍ਹਾਂ ਨੇ ਆਪਣੀ ਫ਼ਿਲਮ ‘ਦਰਦ ਕਾ ਰਿਸ਼ਤਾ’ ਬਣਾਈ ਤਾਂ ਕਦੇ ਕਿਸੇ ਕਲਾਕਾਰ ਨੂੰ ਉਹੋ ਜਿਹੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ, ਜਿਹੋ ਜਿਹੀ ਉਨ੍ਹਾਂ ਨੂੰ ਸਹਿਗਲ ਸਾਹਿਬ ਤੋਂ ਹੋਈ ਸੀ।

Be the first to comment

Leave a Reply

Your email address will not be published.