ਔਰਤ ਪ੍ਰਧਾਨ ਫਿਲਮਾਂ ਦਾ ਬੋਲਬਾਲਾ

ਮਰਦ ਪ੍ਰਧਾਨ ਬਾਲੀਵੁੱਡ ਵਿਚ ਸਾਲ 2012 ਵਿਚ ਮਹਿਲਾ ਕਿਰਦਾਰਾਂ ‘ਤੇ ਕੇਂਦਰਿਤ ਫਿਲਮਾਂ ਦੀ ਵਧਦੀ ਗਿਣਤੀ ਤੇ ਇਸ ਦੀ ਸਫਲਤਾ ਨੇ ਅਭਿਨੇਤਰੀਆਂ ਦੇ ਵਧ ਰਹੇ ਰੁਤਬੇ ਵੱਲ ਇਸ਼ਾਰਾ ਕਰ ਦਿੱਤਾ ਹੈ। ਜਾਣਕਾਰਾਂ ਅਨੁਸਾਰ ਆਉਣ ਵਾਲੇ ਕਈ ਸਾਲਾਂ ਤੱਕ ਬਾਲੀਵੁੱਡ ਵਿਚ ਮਰਦ ਪ੍ਰਧਾਨ ਫਿਲਮਾਂ ਦੇ ਦਬਦਬੇ ਦੇ ਮੁਲਾਂਕਣ ਦੇ ਬਾਵਜੂਦ ਇਨ੍ਹਾਂ ਫਿਲਮਾਂ ਨੇ ਇਕ ਸੁਖਾਵੀਂ ਤਬਦੀਲੀ ਦਾ ਇਸ਼ਾਰਾ ਦੇ ਹੀ ਦਿੱਤਾ ਹੈ। ਸਾਲ ਦੀ ਸ਼ੁਰੂਆਤ ਵਿਚ ਹੀ ਵਿੱਦਿਆ ਬਾਲਨ ਦੀ ਬੇਹੱਦ ਘੱਟ ਬਜਟ ਵਿਚ ਬਣੀ ਫਿਲਮ ‘ਕਹਾਨੀ’ ਸੁਪਰਹਿੱਟ ਰਹੀ ਜਿਸ ਤੋਂ ਬਾਅਦ ਕ੍ਰਿਸ਼ਮਾ ਕਪੂਰ ਦੀ ਫਿਲਮ ‘ਡੇਂਜਰਸ ਇਸ਼ਕ’ ਨੇ ਵੀ ਔਸਤ ਕਾਰੋਬਾਰ ਕੀਤਾ। ‘ਇੰਗਲਿਸ਼-ਵਿੰਗਲਿਸ਼’ ਨਾਲ ਸਾਲਾਂ ਬਾਅਦ ਸੁਨਹਿਰੀ ਪਰਦੇ ‘ਤੇ ਵਾਪਸ ਆਈ ਸ੍ਰੀਦੇਵੀ ਨੇ ਆਪਣੀ ਪ੍ਰਤਿਭਾ ਇਕ ਵਾਰ ਫਿਰ ਸਿੱਧ ਕੀਤੀ। ਬਿਪਾਸ਼ਾ ਬਸੁ ਦੀ ਫਿਲਮ ‘ਰਾਜ਼’ ਤੇ ਸੰਨੀ ਲਿਓਨ ਦੀ ਫਿਲਮ ‘ਜਿਸਮ-2’ ਤੇ ਇਕ ਬਾਲ ਫਿਲਮ ‘ਜਲਪਰੀ’ ਵੀ ਮਹਿਲਾ ਕਿਰਦਾਰਾਂ ‘ਤੇ ਹੀ ਕੇਂਦਰਿਤ ਸੀ।
_______________________
‘ਰਾਈਜ਼ ਆਫ਼ ਖ਼ਾਲਸਾ’ ਦੀ ਚਰਚਾ
ਸਫ਼ਲਤਾ ਦਾ ਰਿਕਾਰਡ ਬਣਾਉਣ ਵਾਲੀ ਫ਼ਿਲਮ ‘ਰਾਈਜ਼ ਆਫ਼ ਦ ਖ਼ਾਲਸਾ’ 2008 ਵਿਚ ਬਣੀ ਇਕ ਖੂਬਸੂਰਤ ਡਾਕੂਮੈਂਟਰੀ ਫ਼ਿਲਮ ਹੈ ਜਿਸ ਨੇ ਦਰਸ਼ਕਾਂ ਦਾ ਚੰਗਾ ਧਿਆਨ ਖਿੱਚਿਆ ਹੈ। ਇਸ ਫ਼ਿਲਮ ਦੀਆਂ ਹੁਣ ਤੱਕ 25,000 ਤੋਂ ਵੱਧ ਡੀæਵੀæਡੀæ ਵਿਕ ਚੁੱਕੀਆਂ ਹਨ ਜੋ ਆਪਣੇ-ਆਪ ਵਿਚ ਇਕ ਵੱਡੀ ਪ੍ਰਾਪਤੀ ਹੈ ਕਿਉਂਕਿ ਪਾਇਰੇਸੀ ਦੇ ਇਸ ਦੌਰ ਵਿਚ ਏਡੀ ਵੱਡੀ ਗਿਣਤੀ ਵਿਚ ਬਹੁਤ ਘੱਟ ਫ਼ਿਲਮਾਂ ਦੀਆਂ ਸੀæਡੀਜ਼ ਜਾਂ ਡੀæਵੀæ ਡੀਜ਼ ਵਿਕ ਪਾਉਂਦੀਆਂ ਹਨ। ਫ਼ਿਲਮ ਦੇ ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਮੁਤਾਬਕ ਇਸ ਫ਼ਿਲਮ ਨੂੰ ਸਪੈਨਿਸ਼ ਭਾਸ਼ਾ ਦੇ ਨਾਲ-ਨਾਲ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਵਿਚ ਡੱਬ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਡਾਕੂਮੈਂਟਰੀ ਫ਼ਿਲਮ ਨੇ ਨਿਊਯਾਰਕ ਫ਼ਿਲਮ ਫੈਸਟੀਵਲ ਵਿਚ ਬੈਸਟ ਡਾਇਰੈਕਟਰ ਦਾ ਐਵਾਰਡ ਵੀ ਪ੍ਰਾਪਤ ਕੀਤਾ ਹੈ। ਸਮੁੰਦਰੀ ਦਾ ਕਹਿਣਾ ਹੈ ਕਿ ਜ਼ਿਆਦਾਤਰ ਅਜਿਹੀਆਂ ਫ਼ਿਲਮਾਂ ਸਿੱਖ ਭਾਈਚਾਰੇ ਨੂੰ ਧਿਆਨ ਵਿਚ ਰੱਖ ਕੇ ਬਣਾਈਆਂ ਜਾਂਦੀਆਂ ਹਨ ਜੋ ਕਿ ਅਸਲੀਅਤ ਤੋਂ ਦੂਰ ਹੁੰਦੀਆਂ ਹਨ ਪਰ ਉਨ੍ਹਾਂ ਨੇ ‘ਰਾਈਜ਼ ਆਫ਼ ਦਾ ਖ਼ਾਲਸਾ’ ਰਾਹੀਂ ਸਿੱਖ ਇਤਿਹਾਸ ਨਾਲ ਕਾਫ਼ੀ ਹੱਦ ਤੱਕ ਇਨਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਕਰਕੇ ਇਹ ਫ਼ਿਲਮ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ।

Be the first to comment

Leave a Reply

Your email address will not be published.