ਤੁਫਾਨ ਦਾ ਸਫਰ

ਬਲਜੀਤ ਬਾਸੀ
ਆਮ ਬੋਲਚਾਲ ਦੀ ਪੰਜਾਬੀ ਵਿਚ ਤੁਫਾਨ ਸ਼ਬਦ ਜਬਰਦਸਤ ਹਨੇਰੀ, ਝੱਖੜ ਆਦਿ ਦੇ ਅਰਥਾਂ ਵਿਚ ਹੀ ਲਿਆ ਜਾਂਦਾ ਹੈ। ਅਰਬੀ-ਫਾਰਸੀ ਦੇ ਮੱਦਾਹ ਅਤੇ ਸ਼ਾਇਰ ਲੋਕ ਇਸ ਨੂੰ ‘ਤੂਫਾਨ’ ਦੇ ਹਿਜੇ ਅਤੇ ਉਚਾਰਣ ਨਾਲ ਹੀ ਵਿਅਕਤ ਕਰਨਾ ਪਸੰਦ ਕਰਦੇ ਹਨ, ਮਾਨੋਂ ਦੁਲੈਂਕੜੇ ਨਾਲ ਤੁਫਾਨ ਦੀ ਸ਼ਿੱਦਤ ਵਧ ਜਾਂਦੀ ਹੋਵੇ! ਅਸਲ ਵਿਚ ਇਸ ਦਾ ਅਰਬੀ ਉਚਾਰਣ ਇਹੋ ਹੈ।

ਇਸ ਦੀ ਲਾਖਣਿਕ ਵਰਤੋਂ ਆਮ ਹੀ ਹੁੰਦੀ ਹੈ ਜਿਸ ਦਾ ਆਸ਼ਾ ਵੱਖੋ ਵੱਖ ਪ੍ਰਸੰਗਾਂ ਵਿਚ ਵੱਖ ਵੱਖ ਹੁੰਦਾ ਹੈ। ਮਿਸਾਲ ਵਜੋਂ ‘ਉਹ ਤਾਂ ਤੂਫਾਨ ਹੈ’ ਦਾ ਮਤਲਬ ਇਕ ਪ੍ਰਸੰਗ ਵਿਚ ‘ਉਹ ਕਿਸੇ ਕੰਮ ਨੂੰ ਝਟਪੱਟ ਕਰ ਲੈਂਦਾ ਹੈ’ ਤੇ ਕਿਸੇ ਹੋਰ ਪ੍ਰਸੰਗ ਵਿਚ ‘ਉਹ ਬਹੁਤ ਬਖੇੜੇ ਖੜੇ ਕਰਨ ਵਾਲਾ ਹੈ’ ਹੋ ਸਕਦਾ ਹੈ। ਤੁਫਾਨ ਸ਼ਬਦ ਝੂਠ, ਹਨੇਰ ਦੇ ਅਰਥਾਂ ਵਿਚ ਵੀ ਵਰਤਿਆ ਮਿਲਦਾ ਹੈ, ਸਮਝੋ ਝੂਠ-ਤੁਫਾਨ ਸ਼ਬਦ-ਜੁੱਟ ਤੋਂ ਝੂਠ ਸ਼ਬਦ ਲਾਹ ਦਿੱਤਾ ਗਿਆ ਹੈ। ‘ਸ੍ਰੀ ਗੁਰ ਪ੍ਰਤਾਪ ਸੂਰਜ’ ਗ੍ਰੰਥ ਵਿਚ ਅਜਿਹੀ ਹੀ ਵਰਤੋਂ ਮਿਲਦੀ ਹੈ, “ਤੁਹਮਤ ਦੇਤਿ ਤੁਫਾਨ ਬਕੇ ਤੇ” ਜਿਸ ਦੇ ਅਰਥ ਇਸ ਪ੍ਰਕਾਰ ਕੀਤੇ ਗਏ ਹਨ, “(ਮੀਰ ਸ਼ਿਕਾਰ ਦੇ) ਤੂਫਾਨ (ਝੂਠ) ਕਹਿਂ ਤੇ ਮੈਲ਼ ਤੁਹਮਤ ਦਿੰਦੇ ਹੋ।”
ਕਈਆਂ ਦੇ ਤਖੱਲਸ ਵੀ ਤੁਫਾਨ ਹੁੰਦੇ ਹਨ ਤੇ ਨਾਂ ਵੀ, ਜਿਵੇਂ ਕ੍ਰਮਵਾਰ ਜੁਗਰਾਜ ਸਿੰਘ ਤੁਫਾਨ ਅਤੇ ਤੂਫਾਨ ਸਿੰਘ। ਬਹੁਤ ਸਮਾਂ ਪਹਿਲਾਂ ‘ਤੂਫਾਨ ਮੇਲ’ ਇਕ ਗੱਡੀ ਦਾ ਨਾਂ ਹੁੰਦਾ ਸੀ ਜਿਸ ਦੇ ਪਿਛੇ ਲੱਗ ਕੇ ਤੇਜ਼ ਤ੍ਰਾਟ ਜਾਂ ਝਟਪਟ ਕੰਮ ਨਿਬੇੜਨ ਵਾਲੇ ਬੰਦੇ ਨੂੰ ‘ਤੁਫਾਨ ਮੇਲ’ ਆਖਿਆ ਜਾਣ ਲੱਗਾ। ਅੱਜ ਕਲ੍ਹ ‘ਤੂਫਾਨ ਐਕਸਪ੍ਰੈਸ’ ਹੈ ਪਰ ਮੁਹਾਵਰਾ ਨਹੀਂ ਬਦਲਿਆ, ਹਾਂ ‘ਫਰੰਟੀਅਰ ਮੇਲ’ ਜ਼ਰੂਰ ਮੁਕਾਬਲੇ ਵਿਚ ਆ ਗਿਆ ਹੈ। ਰੋਪੜ ਵਿਚ ਇਕ ਡਰਾਈਕਲੀਨਰ ਦੀ ਦੁਕਾਨ ਦਾ ਨਾਂ ‘ਤੂਫਾਨ ਮੇਲ’ ਹੈ। ਇਕ ਸਾਬਣ ਦਾ ਨਾਂ ਵੀ ਤੁਫਾਨ ਮੇਲ ਸੁਣੀਦਾ ਹੈ। ਇਕ ਪੰਜਾਬੀ ਫਿਲਮ ਦਾ ਨਾਂ ਹੀ ‘ਤੂਫਾਨ ਸਿੰਘ’ ਹੈ। ਹਲਚਲ ਦੇ ਭਾਵਾਂ ਵਾਲੇ ਸ਼ਬਦ ਕਵੀਆਂ ਨੂੰ ਬਹੁਤ ਭਾਉਂਦੇ ਹਨ, ਉਨ੍ਹਾਂ ਦੇ ਅੰਦਰ ਪ੍ਰਬਲ ਤੂਫਾਨ ਜੁ ਉਠਦੇ ਰਹਿੰਦੇ ਹਨ ਜਾਂ ਉਹ ਸ਼ਾਂਤ ਤੂਫਾਨਾਂ ਨਾਲ ਗ੍ਰਸਤ ਰਹਿੰਦੇ ਹਨ:
ਉਹ ਰੱਖ ਬੈਠੀ ਕਿਤੇ ਕੁਰਾਨ ਅੱਗੇ ਝਾਂਜਰਾਂ ਭੁਲ ਕੇ,
ਸਵੇਰੇ ਉਠ ਪਿਆ ਤੂਫਾਨ ਅੰਦਰ ਵੀ ਤੇ ਬਾਹਰ ਵੀ। -ਜਗਤਾਰ
ਜ਼ਰਾ ਵਾਰਿਸ ਸ਼ਾਹ ਵਲੋਂ ਇਸ ਸ਼ਬਦ ਦੀ ਵਰਤੋਂ ਵੀ ਦੇਖ ਲਈਏ, ਹੀਰ ਦੀ ਮੌਤ ‘ਤੇ ਰਾਂਝੇ ਦੀ ਮਾਨਸਿਕਤਾ ਦਾ ਵਰਣਨ ਹੋ ਰਿਹਾ ਹੈ:
ਕਈ ਬੋਲ ਗਏ ਸ਼ਾਖ ਉਮਰ ਦੀ ‘ਤੇ, ਏਥੇ ਆਲ੍ਹਣਾ ਕਿਸੇ ਨਾ ਪਾਇਆ ਈ।
ਕਈ ਹੁਕਮ ਤੇ ਜ਼ੁਲਮ ਕਮਾ ਚੱਲੇ, ਨਾਲ ਕਿਸੇ ਨਾ ਸਾਥ ਲਦਾਇਆ ਈ।
ਵੱਡੀ ਉਮਰ ਆਵਾਜ਼ ਔਲਾਦ ਵਾਲਾ, ਜਿਸ ਨੂਹ ਤੂਫਾਨ ਮੰਗਵਾਇਆ ਈ।
ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ, ਨਾਲ ਅਕਲ ਦੇ ਮੇਲ ਮਿਲਾਇਆ ਈ।
ਅਗੇ ਹੀਰ ਨਾ ਕਿਸੇ ਨੇ ਕਹੀ ਐਸੀ, ਸ਼ਿਅਰ ਬਹੁਤ ਮਰਜ਼ੂਬ ਬਣਾਇਆ ਈ।
ਵਾਰਸ ਸ਼ਾਹ ਲੋਕ ਕਮਲਿਆਂ ਨੂੰ, ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ।
ਕੁਝ ਵਿਸ਼ੇਸ਼ ਕਿਰਿਆਵਾਂ ਨਾਲ ਲੱਗ ਕੇ ਤੁਫਾਨ ਸ਼ਬਦ ਮੁਹਾਵਰੇ ਦਾ ਰੰਗ ਦੇਣ ਲਗਦਾ ਹੈ ਜਿਵੇਂ ਤੁਫਾਨ ਖੜ੍ਹਾ ਕਰਨਾ ਜਾਂ ਮਚਾਉਣਾ ਦਾ ਮਤਲਬ ਹੈ ਕਿਸੇ ਮਸਲੇ ‘ਤੇ ਖੂਬ ਰੌਲਾ ਪਾਉਣਾ। ਤੂਫਾਨ ਲਿਆਉਣਾ ਦਾ ਭਾਵ ਹੈ ਕਿਸੇ ਕੰਮ ਨੂੰ ਬਹੁਤ ਤੇਜ਼ੀ ਨਾਲ ਕਰਨਾ। ‘ਤੂਫਾਨੀ ਦੌਰਾ’ ਹੁੰਦਾ ਹੈ ਕਿਸੇ ਮੁਹਿੰਮ ਲਈ ਬਿਨਾ ਕਿਸੇ ਪੜਾਅ ‘ਤੇ ਬਹੁਤਾ ਰੁਕਿਆਂ ਫਟਾ ਫਟ ਕਈ ਇਲਾਕਿਆਂ ਵਿਚ ਘੁੰਮਣਾ।
ਤੁਫਾਨ ਸ਼ਬਦ ਅੰਗਰੇਜ਼ੀ ਟਾਇਫੂਨ (ਠੇਪਹੋਨ) ਦਾ ਸਬੰਧੀ ਹੈ। ਭਾਵੇਂ ਅੰਗਰੇਜ਼ੀ ਟਾਇਫੂਨ ਆਮ ਤੌਰ ‘ਤੇ ਭਾਰਤੀ ਪ੍ਰਸੰਗ ਵਿਚ ਆਮ ਹਨੇਰੀ, ਝੱਖੜ-ਝਾਂਜੇ ਦੇ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ ਪਰ ਇਹ ਇਕ ਤਕਨੀਕੀ ਪਦ ਵੀ ਹੈ। ਮੁਢਲੇ ਤੌਰ ‘ਤੇ ਇਹ ਸ਼ਬਦ ਸਮੁੰਦਰੀ ਚੱਕਰਵਾਤ ਵੱਲ ਸੰਕੇਤ ਕਰਦਾ ਹੈ। ਮੌਸਮ-ਵਿਗਿਆਨ ਅਨੁਸਾਰ ਚੱਕਰਵਾਤ ਹਵਾ ਦਾ ਅਜਿਹਾ ਵਿਆਪਕ ਪਸਾਰਾ ਹੈ ਜੋ ਗਰਮੀ ਕਾਰਨ ਪੈਦਾ ਹੋਏ ਘਟ ਦਬਾਅ ਵਾਲੇ ਕੇਂਦਰ (ਅੱਖ) ਦੇ ਦੁਆਲੇ ਤੇਜ਼ੀ ਨਾਲ ਚੂੜੀਦਾਰ ਰੂਪ ਵਿਚ ਘੁਮੇਟਣੀਆਂ ਕੱਢਦਾ ਹੈ। ਇਸ ਤਰ੍ਹਾਂ ਇਹ ਇਕ ਤਰ੍ਹਾਂ ਵਾਵਰੋਲੇ ਦੀ ਤਰ੍ਹਾਂ ਹੁੰਦਾ ਹੈ। ਧਰਤੀ ਦੇ ਉਤਰੀ ਗੋਲਾਰਧ ਵਿਚ ਇਸ ਦੇ ਘੁਮੇਟਿਆਂ ਦੀ ਦਿਸ਼ਾ ਘੜੀ ਦੀ ਸੂਈ ਰੁੱਖ ਹੁੰਦੀ ਹੈ ਤੇ ਦੱਖਣੀ ਗੋਲਾਰਧ ਵਿਚ ਇਸ ਦੇ ਉਲਟ। ਅੰਗਰੇਜ਼ੀ ਵਿਚ ਚੱਕਰਵਾਤ ਲਈ ਤਿੰਨ ਸ਼ਬਦ ਵਰਤੇ ਜਾਂਦੇ ਹਨ: ਹਰੀਕੇਨ, ਸਾਇਕਲੋਨ ਅਤੇ ਟਾਇਫੂਨ। ਤਿੰਨਾਂ ਪਦਾਂ ਦੇ ਅਰਥਾਂ ਵਿਚ ਕੋਈ ਫਰਕ ਨਹੀਂ, ਸਿਰਫ ਇਨ੍ਹਾਂ ਦੀ ਵਰਤੋਂ ਸਥਾਨ-ਵਿਸ਼ੇਸ਼ ਵਿਚ ਹੁੰਦੀ ਹੈ। ਹਰੀਕੇਨ ਸ਼ਬਦ ਅੰਧਮਹਾਂਸਾਗਰ ਅਤੇ ਉਤਰ ਪੂਰਬੀ ਪ੍ਰਸ਼ਾਂਤ ਮਹਾਂਸਾਗਰ ਵਿਚ ਆਉਂਦੇ ਚੱਕਰਵਾਤਾਂ ਲਈ ਵਰਤਿਆ ਜਾਂਦਾ ਹੈ; ਉਤਰ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿਚ ਅਜਿਹੇ ਚੱਕਰਵਾਤਾਂ ਨੂੰ ਟਾਇਫੂਨ ਕਿਹਾ ਜਾਂਦਾ ਹੈ ਜਦ ਕਿ ਹਿੰਦ ਮਹਾਂਸਾਗਰ ਵਿਚਲੇ ਚੱਕਰਵਾਤਾਂ ਨੂੰ ਸਾਇਕਲੋਨ ਕਿਹਾ ਜਾਂਦਾ ਹੈ। ਪਰ ਪੰਜਾਬ ਦੇ ਆਸ-ਪਾਸ ਸਮੁੰਦਰ ਨਾ ਹੋਣ ਕਰਕੇ ਇਹ ਸ਼ਬਦ ਪ੍ਰਚੰਡ ਹਨੇਰੀ, ਝੱਖੜ-ਝਾਂਜੇ ਦੇ ਅਰਥ ਹੀ ਦਿੰਦਾ ਹੈ।
ਤੁਫਾਨ ਸ਼ਬਦ ਦੇ ਉਤਪਤੀ, ਵਿਕਾਸ ਅਤੇ ਪਸਾਰ ਦੀ ਵਾਰਤਾ ਬਹੁਤ ਹੀ ਵਿਚਿੱਤਰ ਹੈ। ਇਸ ਦੇ ਉਦਭਵ ਬਾਰੇ ਕਈ ਰਾਵਾਂ ਮਿਲਦੀਆਂ ਹਨ। ਇਸ ਸ਼ਬਦ ਨੇ ਬਹੁਤ ਲੰਮਾ ਸਫਰ ਤੈਅ ਕੀਤਾ ਹੈ। ਇਹ ਪ੍ਰਾਚੀਨ ਗਰੀਸ ਤੋਂ ਅਰਬ ਆਇਆ, ਉਥੇ ਇਸ ਨੇ ਅਰਮਾਇਕ ਦੇ ਇਕ ਸ਼ਬਦ ਨਾਲ ਹੱਥ ਮਿਲਾਇਆ, ਅੱਗੇ ਹਿੰਦੁਸਤਾਨ ਗਿਆ ਤੇ ਫਿਰ ਯੂਰਪ ਦੇ ਗੇੜੇ ਕੱਢੇ। ਇਸ ਜਿਹਾ ਇਕ ਸ਼ਬਦ ਚੀਨੀ ਭਾਸ਼ਾ ਵਿਚ ਸੁਤੰਤਰ ਤੌਰ ‘ਤੇ ਉਗਮਿਆ ਜਿਸ ਨੇ ਅੰਗਰੇਜ਼ੀ ਦੇ ‘ਟਾਇਫੂਨ’ ਸ਼ਬਦ ਦੇ ਇਸ ਰੂਪ ਨੂੰ ਡੌਲਿਆ। ਅਸੀਂ ਇਸ ਦੀ ਕਹਾਣੀ ਗਰੀਸ ਤੋਂ ਸ਼ੁਰੂ ਕਰਦੇ ਹਾਂ। ਪ੍ਰਾਚੀਨ ਗਰੀਕ ਦੇ ਇਕ ਮਿਥਿਹਾਸਕ ਦੈਂਤ ਦਾ ਨਾਂ ਸੀ ਟੁਫੋਨ (ਠੁਪਹੋਨ), ਕਈ ਹਵਾਲਿਆਂ ਵਿਚ ਇਸ ਦਾ ਨਾਂ ਟਾਇਫਿਅਸ ਵੀ ਮਿਲਦਾ ਹੈ। ਇਸ ਦਾ ਜ਼ਿਕਰ ਅਰਸਤੂ ਦੇ ਗ੍ਰੰਥ ੰeਟeੋਰੋਲਗਅਿ ਵਿਚ ਵੀ ਮਿਲਦਾ ਹੈ। ਟੁਫੋਨ ਦੇ ਮੋਢਿਆਂ ‘ਤੇ ਸੌ ਦੈਂਤਵੀ ਸਿਰ ਅਤੇ ਲੱਕ ਤੋਂ ਹੇਠਾਂ ਵੱਡੇ ਭਾਰੇ ਕੁੰਡਲਾਂ ਵਾਲੇ ਨਾਗ ਲੱਗੇ ਹੋਏ ਸਨ। ਇਸ ਦੈਂਤ ਨੂੰ ਹਵਾ ਦਾ ਪਿਤਾ ਕਿਹਾ ਜਾਂਦਾ ਸੀ। ਇਸ ਦੀ ਮਾਂ ਦਾ ਨਾਂ ਜੀਆ ਸੀ ਅਤੇ ਪਿਤਾ ਦਾ ਨਾਂ ਟਾਰਟਰਸ। ਆਪਣੀ ਮਾਂ ਦੇ ਕਹਿਣ ‘ਤੇ ਇਸ ਨੇ ਜ਼ੂਅਸ ਦੇਵਤੇ ਨੂੰ ਮਾਰਿਆ ਸੀ। ਗਰੀਕ ਵਿਚ ਇਹੀ ਸ਼ਬਦ ਵਾਵਰੋਲੇ ਲਈ ਵੀ ਵਰਤਿਆ ਜਾਂਦਾ ਸੀ।
ਕੁਰਾਨ ਵਿਚ ਤੂਫਾਨ ਸ਼ਬਦ ਕੁਝ ਇਕ ਵਾਰੀ ਆਇਆ ਹੈ। ਪਰ ਇਹ ਜਾਣ ਕੇ ਅਸੀਂ ਭੰਬਲਭੂਸੇ ਵਿਚ ਪੈ ਜਾਂਦੇ ਹਾਂ ਕਿ ਅਰਬੀ ਵਿਚ ਇਸ ਸ਼ਬਦ ਦੇ ਅਰਥ ਹੜ੍ਹ ਜਾਂ ਪਰਲੋ ਵੀ ਹਨ, ਦਰਅਸਲ ਮੁਢਲੇ ਅਰਥ ਇਹੋ ਹਨ। ਅਸੀਂ ਉਪਰ ਵਾਰਿਸ ਸ਼ਾਹ ਦੀ ਇਕ ਟੂਕ ਵਿਚ ‘ਨੂਹ ਤੂਫਾਨ’ ਪੜ੍ਹ ਆਏ ਹਾਂ, ਬਾਈਬਲ ਅਤੇ ਕੁਰਾਨ ਅਨੁਸਾਰ ਇਹ ਪਰਲੋ ਹੀ ਤਾਂ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਕੋਈ ਦੋ ਹਜ਼ਾਰ ਸਾਲ ਪਹਿਲਾਂ ਇਹ ਸ਼ਬਦ ਇਕ ਹੋਰ ਸਾਮੀ ਭਾਸ਼ਾ ਅਰਮਾਇਕ ਤੋਂ ਲਿਆ ਗਿਆ ਜਿਸ ਵਿਚ ਇਸ ਦਾ ਰੂਪ ਸੀ ‘ਤਾਪਾਨਾ’ ਤੇ ਅਰਥ ਸੀ ਹੜ੍ਹ, ਪਰਲੋ। ਅਰਮਾਇਕ ਭਾਸ਼ਾ ਵਿਚ ਤਾਫ ਦਾ ਮਤਲਬ ਹੁੰਦਾ ਹੈ ਤਰਨਾ, ਹੜ੍ਹ ਜਾਣਾ। ਮਧ-ਯੁੱਗ ਵਿਚ ਅਰਬੀ ਭਾਸ਼ਾ ਤਰੱਕੀ ਦੀਆਂ ਸਿਖਰਾਂ ਛੂਹ ਰਹੀ ਸੀ। ਇਸ ਵਿਚ ਬਹੁਤ ਸਾਰੀਆਂ ਗਰੀਕ ਅਤੇ ਹੋਰ ਭਾਸ਼ਾਵਾਂ ਦੀਆਂ ਵਿਦਵਤਾ ਭਰਪੂਰ ਰਚਨਾਵਾਂ ਦਾ ਅਨੁਵਾਦ ਕਰਵਾਇਆ ਗਿਆ ਤੇ ਕਈਆਂ ਨੂੰ ਅੱਗੋਂ ਹੋਰ ਯੂਰਪੀ ਦੇਸ਼ਾਂ ਵੱਲ ਵੀ ਪ੍ਰਸਾਰਿਤ ਕੀਤਾ ਗਿਆ।
ਸੱਤਵੀਂ ਸਦੀ ਵਿਚ ਉਪਰੋਕਤ ਗਰੀਕ ਸ਼ਬਦ ਟੁਫੋਨ ਅਰਬੀ ਵਿਚ ਅਨੁਵਾਦ ਹੋ ਕੇ ਤੁਫਾਨ ਦਾ ਰੂਪ ਧਾਰ ਕੇ ਸਾਹਮਣੇ ਆਇਆ ਪਰ ਲਗਦਾ ਹੈ ਕਿ ਇਸ ਅਨੁਵਾਦ ਵਾਲੇ ਸ਼ਬਦ ਨੂੰ ਉਪਰੋਕਤ ਅਰਮਾਇਕ ਤੋਂ ਲਏ ਸ਼ਬਦ ‘ਤਾਪਾਨਾ’ ਨਾਲ ਇੱਕਮਿੱਕ ਕਰ ਦਿੱਤਾ ਗਿਆ ਹੈ। ਗਿਆਰਵੀਂ ਸਦੀ ਵਿਚ ਅਰਬਾਂ ਦੇ ਗਲਬੇ ਅਤੇ ਮੁਸਲਮਾਨੀ ਚੜ੍ਹਤ ਕਾਰਨ ਅਨੇਕਾਂ ਅਰਬੀ ਸ਼ਬਦ ਫਾਰਸੀ, ਤੁਰਕ ਅਤੇ ਭਾਰਤੀ ਭਾਸ਼ਾਵਾਂ ਵਿਚ ਰਚਮਿਚ ਗਏ। ਤੁਫਾਨ ਸ਼ਬਦ ਉਨ੍ਹਾਂ ਵਿਚੋਂ ਇਕ ਹੈ। ਫਿਰ ਜਦ ਭਾਰਤ ਵਿਚ ਅੰਗਰੇਜ਼ਾਂ ਦਾ ਬੋਲਬਾਲਾ ਹੋਇਆ ਤਾਂ ਇਹ ਸ਼ਬਦ ਅੰਗਰੇਜ਼ੀ ਵਿਚ ਚਲੇ ਗਿਆ ਜਿਥੇ ਇਹ ਪਹਿਲੀ ਵਾਰੀ 1588 ਵਿਚ ਦਰਜ ਹੋਇਆ ਲੱਭਿਆ ਗਿਆ ਹੈ। ਉਸ ਵੇਲੇ ਦੀ ਅੰਗਰੇਜ਼ੀ ਵਿਚ ਇਸ ਦੇ ਦੋ ਹੇਜੇ ਮਿਲਦੇ ਹਨ, ‘ਠੋਨ’ ਅਤੇ ‘ਠਾਅਨ’। ਉਦੋਂ ਅੰਗਰੇਜ਼ੀ ਵਿਚ ਇਹ ਸ਼ਬਦ ਭਾਰਤ ਵਿਚ ਆਉਂਦੀਆਂ ਤੇਜ਼ ਹਨੇਰੀਆਂ ਲਈ ਵਰਤਿਆ ਜਾਂਦਾ ਸੀ। ਟੂਫਾਨ ਤੋਂ ਟਾਇਫੂਨ ਦੇ ਰੂਪ ਵਿਚ ਇਸ ਅੰਗਰੇਜ਼ੀ ਸ਼ਬਦ ਦਾ ਪਲਟਾ ਚੀਨੀ ਭਾਸ਼ਾ ਦੀ ਕੈਂਟਨੀ ਵੰਨਗੀ ਦੇ ਇਕ ਸ਼ਬਦ ‘ਤਾਈ-ਫੁੰਗ’ ਤੋਂ ਪ੍ਰਭਾਵਤ ਹੋਇਆ। ਇਸ ਭਾਸ਼ਾ ਵਿਚ ਤਾਈ ਸ਼ਬਦ ਦਾ ਮਤਲਬ ਹੁੰਦਾ ਹੈ, ਮਹਾਨ, ਵੱਡਾ ਅਤੇ ਫੁੰਗ ਦਾ ਮਤਲਬ ਹੁੰਦਾ ਹੈ, ਹਵਾ। ਸੋ ਪੂਰੇ ਸਮਾਸ ਦਾ ਅਰਥ ਬਣਿਆ ‘ਮਹਾਨ ਹਵਾ।’ ਇਤਫਾਕ ਦੀ ਗੱਲ ਹੈ ਕਿ ਇਹ ਅਰਬੀ ਸ਼ਬਦ ਤੁਫਾਨ ਨਾਲ ਮਿਲਦਾ ਜੁਲਦਾ ਸੀ। ਇਸ ਲਈ ਅੰਗਰੇਜ਼ੀ ਵਿਚ ਆਏ ਉਪਰ ਜ਼ਿਕਰ ਕੀਤੇ ਹੇਜੇਆਂ ਨੂੰ ਗਰੀਕ ਜਿਹੇ ਬਣਾਉਣ ਲਈ ਤਾਈਫੁੰਗ ਦੇ ਸਾਦ੍ਰਿਸ਼ ਨਾਲ ਟਾਇਫੂਨ ਬਣਾ ਦਿੱਤਾ ਗਿਆ। ਕੋਸ਼ਕਾਰਾਂ ਦਾ ਇਹ ਵੀ ਵਿਚਾਰ ਹੈ ਕਿ ਸ਼ਬਦ-ਜੋੜ ਅਤੇ ਉਚਾਰਣ ਵਿਚ ਆਏ ਇਸ ਬਦਲਾਵ ਵਿਚ ਮੌਨਸੂਨ ਸ਼ਬਦ ਵਿਚਲੀ ‘ਸੂਨ’ ਧੁਨੀ ਨੇ ਵੀ ਆਪਣਾ ਅਸਰ ਦਿਖਾਇਆ ਹੈ। 1819 ਵਿਚ ਛਪੀ ਅੰਗਰੇਜ਼ੀ ਕਵੀ ਸ਼ੈਲੇ ਦੀ ਪ੍ਰਸਿੱਧ ਕਵਿਤਾ ‘ਫਰੋਮeਟਹeੁਸ ੂਨਬੁਨਦ’ ਵਿਚ ਪਹਿਲੀ ਵਾਰ ਇਨ੍ਹਾਂ ਸ਼ਬਦ ਜੋੜਾਂ ਵਿਚ ਇਹ ਸ਼ਬਦ ਸਾਹਮਣੇ ਆਇਆ। ਇਕ ਰਾਏ ਅਨੁਸਾਰ ਯੂਰਪ ਵਿਚ ਸਭ ਤੋਂ ਪਹਿਲਾਂ ਇਹ ਸ਼ਬਦ ਸੋਲ੍ਹਵੀਂ ਸਦੀ ਦੇ ਅੱਧ ਵਿਚ ਪੁਰਤਗੀਜ਼ ਵਿਚ ਦਾਖਲ ਹੋਇਆ ਜੋ ਨਿਸਚੇ ਹੀ ਭਾਰਤੀ ਭਾਸ਼ਾਵਾਂ ਤੋਂ ਲਿਆ ਗਿਆ ਹੈ। ਹਾਬਸਨ-ਜਾਬਸਨ ਅਨੁਸਾਰ, “ਸ਼ਾਇਦ ਟਫਾਓ ਸ਼ਬਦ ਵਾਸਕੋ ਡੇ ਗਾਮਾ ਅਤੇ ਉਸ ਦੇ ਸਾਥੀਆਂ ਨੇ ਸਿਧਾ ਅਰਬੀ ਮਲਾਹਾਂ ਤੋਂ ਹੀ ਅਪਨਾਇਆ।”
ਇਥੇ ਇਹ ਦੱਸਣਾ ਵੀ ਬਣਦਾ ਹੈ ਕਿ ਕੁਝ ਨਿਰੁਕਤਕਾਰਾਂ ਅਨੁਸਾਰ ਗਰੀਕ ਦੇ ਟੁਫੋਨ ਜਾਂ ਟਾਇਫਿਅਸ ਸ਼ਬਦਾਂ ਵਿਚ ਅੰਤਮ ਤੌਰ ‘ ਤੇ ਧੂਆਂ ਜਾਂ ਧੁੰਦ ਦੇ ਭਾਵ ਹਨ। ਇਹ ਸ਼ਬਦ ਸ਼ਾਇਦ ਗਰੀਕ ਦੇ ਠੇਪਹeਨਿ ਤੋਂ ਬਣਿਆ ਹੈ ਜਿਸ ਦਾ ਅਰਥ ਹੈ, ਧੂੰਆਂ ਛੱਡਣਾ। ਇਸ ਤਰ੍ਹਾਂ ਇਹ ਇਕ ਹਿੰਦ-ਯੂਰਪੀ ਪਸਾਰ ਵਾਲਾ ਸ਼ਬਦ ਸਾਬਤ ਹੁੰਦਾ ਹੈ ਜਿਸ ਦਾ ਭਾਰੋਪੀ ਮੂਲ ਹੈ, ਧਹeੁ ਅਰਥਾਤ ਧੂੜ ਵਾਂਗ ਉਡਣਾ। ਟਾਈਫਾਈਡ ਅਤੇ ਟਾਈਫਸ (ਬੀਮਾਰੀਆਂ) ਸ਼ਬਦ ਇਸੇ ਮੂਲ ਤੋਂ ਬਣੇ ਹਨ। ਸਾਡੇ ਸ਼ਬਦ ਧੂੰਆਂ, ਧੁਪ ਅਤੇ ਧੁੰਦ ਇਸੇ ਮੂਲ ਨਾਲ ਜਾ ਜੁੜਦੇ ਹਨ ਪਰ ਇਹ ਲੰਮਾ ਚੌੜਾ ਕਿੱਸਾ ਹੈ, ਕਦੇ ਫੇਰ ਛੇੜਾਂਗੇ।