ਚੁਫੇਰਿਉਂ ਘਿਰੀ ਪੰਥਕ ਮਰਿਆਦਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਭਾਈ ਗੁਰਦਾਸ ਦੇ ਕਥਨ ‘ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ’ ਮੁਤਾਬਕ, ਸਿੱਖ ਧਰਮ ਦੀ ਬੁਨਿਆਦ ਗੁਰੂ ਨਾਨਕ ਦੇ ਪ੍ਰਗਟ ਦਿਵਸ ਤੋਂ ਹੀ ਮੰਨੀ ਜਾਂਦੀ ਹੈ। ਉਨ੍ਹਾਂ ਤੋਂ ਬਾਅਦ 239 ਵਰ੍ਹਿਆਂ ਦੇ ਅਰਸੇ ਦੌਰਾਨ ਨੌਂ ਹੋਰ ਗੁਰੂ ਸਾਹਿਬਾਨ ਆਏ ਜਿਨ੍ਹਾਂ ਨੇ ਸਿੱਖੀ ਦੇ ਬੂਟੇ ਨੂੰ ਸੰਵਾਰਿਆ-ਸ਼ਿੰਗਾਰਿਆ। ਇਤਿਹਾਸ ਅਨੁਸਾਰ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਨੇ ਉਸ ਬੂਟੇ ਨੂੰ ਖੰਡੇ ਦੀ ਪਾਹੁਲ ਦੇ ਕੇ ਸੰਪੂਰਨਤਾ ਬਖਸ਼ੀ। ਦਸਵੇਂ ਗੁਰੂ ਖੁਦ ਵੀ 1699 ਦੀ ਇਤਿਹਾਸਕ ਵਿਸਾਖੀ ਵਾਲੇ ਦਿਨ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਇਸ ਦਿਨ ਉਨ੍ਹਾਂ ਨੇ ਪੰਜ ਪਿਆਰੇ ਸਾਜ ਕੇ ਉਨ੍ਹਾਂ ਨੂੰ ਪੰਥ ਖਾਲਸੇ ਦੀ ਅਗਵਾਈ ਬਖਸ਼ੀ। ਜੋਤੀ ਜੋਤਿ ਸਮਾਉਣ ਵੇਲੇ ਦਸਮੇਸ਼ ਪਿਤਾ ਨੇ ਗੁਰੂ ਦੀ ਆਤਮਾ ਗ੍ਰੰਥ ਵਿਚ ਅਤੇ ਸਰੀਰ ਪੰਥ ਵਿਚ ਫਰਮਾਉਂਦਿਆਂ ਸਿੱਖ ਪੰਥ ਨੂੰ ਸਦੈਵ ਕਾਲ ਵਾਸਤੇ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ।

ਗੁਰੂ ਕਿਆਂ ਸਿੱਖਾਂ ਨੇ ਕਿਸ ਰਹਿਤ-ਬਹਿਤ ਅਨੁਸਾਰ ਜੀਵਨ ਜਿਉਣਾ ਹੈ, ਵੈਸੇ ਤਾਂ ਇਸ ਸਵਾਲ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਮਿਲ ਜਾਂਦਾ ਹੈ, ਪਰ ਅਧਿਆਤਮਕ ਪੱਖ ਦੇ ਨਾਲ-ਨਾਲ ਦੁਨਿਆਵੀ ਵਿਹਾਰਕ ਅਗਵਾਈ, ਸਿੱਖ ਪੰਥ ਦੇ ਗੌਰਵਮਈ ਇਤਿਹਾਸ ਤੋਂ ਮਿਲਦੀ ਹੈ; ਖਾਸ ਕਰ ਕੇ ਗੁਰੂ ਸਾਹਿਬਾਨ ਦੇ ਨਿਕਟਵਰਤੀ ਸਿੱਖ-ਸੇਵਕਾਂ ਦੀਆਂ ਲਿਖਤਾਂ ਅਜਿਹੀ ਸਮੱਗਰੀ ਦਾ ਅਮੁੱਲ ਖਜ਼ਾਨਾ ਹਨ, ਜਿਵੇਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿਚ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਦਰਬਾਰੀਆਂ ਦੇ ਲਿਖੇ ਰਹਿਤਨਾਮੇ ਅਤੇ ਸਫਰਨਾਮੇ ਆਦਿ। ਸਿੱਖ ਜੀਵਨ-ਜਾਚ ਬਾਰੇ ਆਮ ਧਾਰਨਾ ਹੈ ਕਿ ਗੁਰਬਾਣੀ ਆਤਮਾ ਹੈ ਤੇ ਸਿੱਖ ਇਤਿਹਾਸ ਸਰੀਰ। ਆਤਮਾ ਤੇ ਸਰੀਰ ਦੋਵੇਂ ਇਕ ਥਾਂ ਹੋਣ ਤਾਂ ਮਾਨਵ ਦਾ ਵਜੂਦ ਬਣਦਾ ਹੈ।
ਦਸਮੇਸ਼ ਗੁਰੂ ਦੇ ਜੋਤੀ ਜੋਤਿ ਸਮਾਉਣ ਬਾਅਦ ਕਈ ਸਦੀਆਂ ਸਿੱਖਾਂ ਨੂੰ ਕਿਸੇ ‘ਪਰਿਭਾਸ਼ਾ’ ਜਾਂ ਕਿਸੇ ਵੱਖਰੇ ਲਿਖਤ ‘ਕੋਡ ਆਫ ਕੰਡਕਟ’ ਦੀ ਲੋੜ ਨਾ ਪਈ ਅਤੇ ਗੁਰੂ ਸਾਹਿਬਾਨ ਦਾ ਸਾਜਿਆ ਖਾਲਸਾ ਖੁਸ਼ੀਆਂ-ਖੇੜਿਆਂ ਤੇ ਅਤਿ ਭੀਹਾਵਲੇ ਘੱਲੂਘਾਰਿਆਂ ਵਿਚੀਂ ਗੁਜ਼ਰਦਾ ਸਦਾ ਚੜ੍ਹਦੀ ਕਲਾ ਵਿਚ ਰਿਹਾ। ਬਾਬਾ ਬੰਦਾ ਬਹਾਦਰ ਦੀ ਸ਼ਹਾਦਤ ਪਿਛੋਂ ਲੰਮੀ ਜਦੋ-ਜਹਿਦ ਨਾਲ ਬਾਰਾਂ ਮਿਸਲਾਂ ਹੋਂਦ ਵਿਚ ਆਈਆਂ। ਸ਼ੁਕਰਚੱਕੀਆ ਮਿਸਲ ਦੇ ਮੁਖੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਦਾ ਝੰਡਾ ਝੁਲਾਇਆ। ਕੁਝ ਉਸ ਦੀਆਂ ਆਪਣੀਆਂ ਕਮਜ਼ੋਰੀਆਂ ਅਤੇ ਕੁਝ ਡੋਗਰਾ-ਗਰਦੀ ਦੀਆਂ ਹਰਕਤਾਂ ਕਾਰਨ ਸਿੱਖਾਂ ਦਾ ਰਾਜ-ਭਾਗ ਜਾਂਦਾ ਰਿਹਾ ਅਤੇ ਬਾਕੀ ਦੇ ਹਿੰਦੁਸਤਾਨ ਨੂੰ ਢਾਈ ਸਦੀਆਂ ਤੋਂ ਗੁਲਾਮ ਬਣਾਈ ਬੈਠੇ ਗੋਰਿਆਂ ਨੇ 1849 ਵਿਚ ਪੰਜਾਬ ਨੂੰ ਵੀ ਆਪਣੇ ਅਧੀਨ ਕਰ ਲਿਆ।
1849 ਤੋਂ ਲੈ ਕੇ ਦੇਸ਼ ਦੀ ਵੰਡ ਵਾਲੇ ਸਾਲ 1947 ਤੱਕ ਦੇ ਸੌ ਕੁ ਸਾਲ ਦੇ ਅਰਸੇ ਵਿਚ, ਅੰਗਰੇਜ਼ਾਂ ਨੇ ਗੁਰਦੁਆਰਿਆਂ ਵਿਚ ਸਿੱਖ ਰਾਜ ਵੇਲੇ ਦੇ ਹੀ ਬੈਠੇ ਮਹੰਤਾਂ ਨੂੰ ਸਿੱਧੀ-ਅਸਿੱਧੀ ਮਦਦ ਦੇ ਕੇ ਹਾਕਮਾਂ ਵਰਗੇ ਤਾਕਤਵਾਰ ਬਣਾ ਦਿੱਤਾ। ਉਨ੍ਹਾਂ ਵਿਚੋਂ ਬਹੁਤੇ ਅੰਰਗੇਜ਼ਾਂ ਦੇ ਪਿੱਠੂ ਬਣ ਗਏ। ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਚਲਾਈ। ਨਨਕਾਣਾ ਸਾਹਿਬ ਦੇ ਸਾਕੇ ਜਿਹੇ ਜ਼ੁਲਮੋ-ਤਸ਼ੱਦਦ ਸਹਾਰਦਿਆਂ ਸਿੱਖ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਿਚ ਸਫਲ ਹੋ ਗਏ। ਸੰਨ 1925 ਵਿਚ ਸਿੱਖ ਗੁਰਦੁਆਰਾ ਐਕਟ ਸੰਵਿਧਾਨਕ ਰੂਪ ਵਿਚ ਬਣ ਜਾਣ ਉਪਰੰਤ ਤਤਕਾਲੀ ਸਿੱਖ ਪਤਵੰਤਿਆਂ ਨੇ ਸਿੱਖ ਰਹੁ-ਰੀਤਾਂ ਨੂੰ ਲਿਖਤੀ ਰੂਪ ਦੇਣ ਦੀ ਯੋਜਨਾ ਬਣਾਈ।
ਕਾਨੂੰਨਨ ਬਣਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਸਰਪ੍ਰਸਤੀ ਅਧੀਨ ਪਹਿਲੀ ਜੁਲਾਈ 1936 ਨੂੰ ਸਿੱਖ ਨਿਯਮਾਵਲੀ ਦਾ ਖਰੜਾ ਤਿਆਰ ਹੋਇਆ। ਮਿਤੀ 7 ਜਨਵਰੀ 1945 ਤੱਕ ਲਗਭਗ ਨੌਂ ਸਾਲ, ਇਸ ਖਰੜੇ ਉਤੇ ਵਿਦਵਾਨਾਂ ਦੀਆਂ ਵਿਚਾਰ-ਗੋਸ਼ਟੀਆਂ ਹੋਈਆਂ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਇਸ ਨੂੰ ਛਾਪ ਕੇ ਭੇਜਿਆ, ਲਿਖਤੀ ਸੁਝਾਅ ਤੇ ਰਾਵਾਂ ਮੰਗੀਆਂ ਗਈਆਂ, ਵੱਖ-ਵੱਖ ਸੰਪਰਦਾਵਾਂ ਦੇ ਸੰਤ-ਮਹੰਤ, ਖਾਲਸਾ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲ, ਪ੍ਰੋਫੈਸਰ, ਸਿੱਖ ਲਿਖਾਰੀਆਂ-ਪੱਤਰਕਾਰਾਂ-ਸਾਹਿਤਕਾਰਾਂ, ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਤਖ਼ਤਾਂ ਦੇ ਜਥੇਦਾਰਾਂ ਨੇ ਇਸ ‘ਚ ਲੋੜੀਂਦੇ ਵਾਧੇ-ਘਾਟੇ ਕੀਤੇ ਜਾਂ ਕਰਵਾਏ।
ਇਥੇ ਇਹ ਗੱਲ ਖਾਸ ਤੌਰ ‘ਤੇ ਨੋਟ ਕਰਨ ਵਾਲੀ ਹੈ ਕਿ ਖਰੜਾ ਬਣਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਗਏ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਦੇ ਮੈਂਬਰਾਂ ਵਿਚ ਉਹ ਨਾਮਵਰ ਸਿੱਖ ਸ਼ਖ਼ਸੀਅਤਾਂ ਸ਼ਾਮਲ ਸਨ ਜਿਨ੍ਹਾਂ ਦਾ ਨਾਂ ਸੁਣਦਿਆਂ ਹੀ ਸਾਡਾ ਸਿਰ ਆਪ-ਮੁਹਾਰੇ ਝੁਕ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਵਾਰ ਤੁਕ-ਤਤਕਰਾ ਬਣਾਉਣ ਵਾਲੇ ਬਿਹੰਗਮ ਸਿੰਘ ਅਕਾਲੀ ਕੌਰ ਸਿੰਘ, ਦੀਵਾਨ ਕੌੜਾ ਮੱਲ ਦੀ ਅੰਸ-ਵੰਸ ਵਿਚੋਂ ਭਾਈ ਵੀਰ ਸਿੰਘ, ‘ਗੁਰਮਤਿ ਮਾਰਤੰਡ’ ਤੇ ‘ਮਹਾਨ ਕੋਸ਼’ ਜਿਹੇ ਮਹਾਨ ਗ੍ਰੰਥਾਂ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ, ਸੰਤ ਸੰਗਤ ਸਿੰਘ ਕਮਾਲੀਆ, ਪੰਡਤ ਕਰਤਾਰ ਸਿੰਘ ਦਾਖਾ, ਭਾਈ ਸਾਹਿਬ ਭਾਈ ਰਣਧੀਰ ਸਿੰਘ, ਸੰਤ ਮਾਨ ਸਿੰਘ ਕਨਖਲ, ਗਿਆਨੀ ਹੀਰਾ ਸਿੰਘ ਦਰਦ, ਗਿਆਨੀ ਲਾਲ ਸਿੰਘ, ਬਾਵਾ ਪ੍ਰੇਮ ਸਿੰਘ ਹੋਤੀ, ਪ੍ਰੋਫੈਸਰ ਤੇਜਾ ਸਿੰਘ, ਗਿਆਨੀ ਹਮੀਰ ਸਿੰਘ, ਭਾਈ ਕਰਤਾਰ ਸਿੰਘ ਝੱਬਰ ਅਤੇ ਭਾਈ ਧਰਮ ਅਨੰਤ ਸਿੰਘ ਜੈਸੇ ਸਤਿ-ਪੁਰਸ਼ ਆਪੋ-ਆਪਣਾ ਯੋਗਦਾਨ ਪਾਉਂਦੇ ਰਹੇ।
ਇਨ੍ਹਾਂ ਤੋਂ ਇਲਾਵਾ ਭਾਰਤ ਦੇ ਦੂਰ-ਦੁਰਾਡੇ ਸ਼ਹਿਰਾਂ ਤੇ ਵਿਦੇਸ਼ੀ ਗੁਰਦੁਆਰਿਆਂ ਦੇ ਪ੍ਰਬੰਧਕ, ਗ੍ਰੰਥੀ ਤੇ ਕੀਰਤਨੀਏ ਵੀ ਇਸ ਰਹੁ-ਰੀਤ ਖਰੜੇ ਨੂੰ ਤਿਆਰ ਕਰਨ ਜਾਂ ਸੋਧ-ਸੁਧਾਈ ਕਰਨ ਲਈ ਹੱਥ ਵਟਾਉਂਦੇ ਰਹੇ। ਖਰੜਾ ਬਣਾਉਣ ਵਾਲੇ ਉਪਰੋਕਤ ਗੁਰੂ ਪਿਆਰਿਆਂ, ਵਿਦਵਾਨਾਂ ਅਤੇ ਸ਼੍ਰੋਮਣੀ ਕਮੇਟੀ ਦੇ ਤੱਤਕਾਲੀ ਮੈਂਬਰਾਂ ‘ਤੇ ਦੂਰ-ਅੰਦੇਸ਼ੀ ਦੀ ਘਾਟ ਜਾਂ ਕੋਈ ਹੋਰ ਦੂਸ਼ਣ ਤਾਂ ਬੇਸ਼ੱਕ ਕੋਈ ਲਾਈ ਜਾਵੇ, ਪਰ ਇਨ੍ਹਾਂ ਦੀ ਨੀਅਤ ਉਤੇ ਸ਼ੱਕ ਕਰਨ ਦਾ ਪਾਪ ਨਹੀਂ ਕੀਤਾ ਜਾ ਸਕਦਾ; ਉਹ ਕੌਮ ਲਈ ਬਦਨੀਤੇ ਕਤੱਈ ਨਹੀਂ ਸਨ। ਵਰ੍ਹਿਆਂ ਦੀ ਘਾਲਣਾ ਨੂੰ ਪੰਥਕ-ਜੁਗਤਿ ਅਨੁਸਾਰ ਸਾਜ-ਸਵਾਰ ਕੇ ਕੁੱਲ ਬੱਤੀ ਸਫਿਆਂ ਵਿਚ ਲਿਖੀ ਗਈ ‘ਸਿੱਖ ਰਹਿਤ ਮਰਿਆਦਾ’ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਦੀ ਮੋਹਰ ਨਾਲ ਸਮੁੱਚੇ ਪੰਥ ਲਈ ਲਾਗੂ ਕੀਤੀ ਗਈ। ਇਤਿਹਾਸਕ ਹਵਾਲੇ ਮਿਲਦੇ ਹਨ ਕਿ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦਾ ਵੱਡੇ ਪੱਧਰ ‘ਤੇ ਸਵਾਗਤ ਹੋਇਆ। ਪੰਥ ਦੇ ਕੇਂਦਰੀ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਤਾ ਅਤੇ ਕੌਮੀ-ਯੱਕਜਹਿਤੀ ਨੂੰ ਸਮਰਪਤ ਹਰ ਮਾਈ-ਭਾਈ, ਵੱਖ-ਵੱਖ ਜਥੇਬੰਦੀਆਂ, ਸੰਪਰਦਾਵਾਂ ਅਤੇ ਗੁਣੀ-ਗਿਆਨੀਆਂ ਨੇ ਲਾਗੂ ਹੋਈ ਰਹਿਤ ਮਰਿਆਦਾ ‘ਤੇ ਫੁੱਲ ਚੜ੍ਹਾਏ। ਮੁਢਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਇਸ ਪੰਥਕ ਰਹਿਤ ਮਰਿਆਦਾ ਦਾ ਪ੍ਰਚਾਰ-ਪਸਾਰ ਜ਼ੋਰ-ਸ਼ੋਰ ਨਾਲ ਹੁੰਦਾ ਰਿਹਾ।
ਦੇਸ਼ ਆਜ਼ਾਦ ਹੋਇਆ, ਹਾਕਮ ਬਦਲ ਗਏ। ਬਦਲੇ ਹਾਕਮਾਂ ਦਾ ਪੰਥ ਤੇ ਪੰਜਾਬ ਪ੍ਰਤੀ ਰੁਖ ਵੀ ਬਦਲ ਗਿਆ। ਉਨ੍ਹਾਂ ਗੁਪਤ/ਪ੍ਰਗਟ ਹਰ ਹਰਬਾ ਵਰਤ ਕੇ ਪੰਥ ਅਤੇ ਪੰਜਾਬ ਦਾ ਲੱਕ ਤੋੜਨ ਦੇ ਮਨਸੂਬੇ ਬਣਾਉਣੇ ਸ਼ੁਰੂ ਕਰ ਦਿੱਤੇ। ਨਿਸ਼ਾਨਾ ਸੀ, ਸਿੱਖ ਪੰਥ ਦੀ ਵਿਲੱਖਣ ਹਸਤੀ ਨੂੰ ਖੋਰਾ ਲਾ ਕੇ ਖੰਡਿਤ ਕਰਨਾ। ਡਾæ ਮੁਹੰਮਦ ਇਕਬਾਲ ਦਾ ਕਥਨ ਹੈ, ਕੌਮੋਂ ਕੇ ਲੀਏ ਮੌਤ ਹੈ ਮਰਕਜ਼ ਸੇ ਜੁਦਾਈ! ਸੋ, ਹਾਕਮਾਂ ਵੱਲੋਂ ਕੌਮ ਵਿਚ ਵੰਡੀਆਂ ਪਾ ਕੇ ਖੱਖੜੀਆਂ ਕਰੇਲੇ ਕਰਨ ਲਈ ਸਭ ਤੋਂ ਪਹਿਲਾਂ ਡੇਰੇਦਾਰਾਂ ਨੂੰ ਚੁਣਿਆ ਗਿਆ। ਜਿਨ੍ਹਾਂ ਸਿੱਖ ਡੇਰਿਆਂ ਦੇ ਪੁਰਾਤਨ ਮਹਾਂ-ਪੁਰਖ ਬਾਬੇ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਹੋਈ ਮਰਿਆਦਾ ਨੂੰ ‘ਪੰਥ ਦੀ ਮਰਿਆਦਾ’ ਕਹਿ ਕੇ ਸਤਿਕਾਰਦੇ ਰਹੇ, ਉਨ੍ਹਾਂ ਦੇ ਵਾਰਸਾਂ ਨੇ ਉਸ ਰਹਿਤ ਮਰਿਆਦਾ ਨੂੰ ‘ਆਮ ਖਰੜਾ’ ਕਹਿ ਕੇ ਛੁਟਿਆਉਣਾ ਸ਼ੁਰੂ ਕਰ ਦਿੱਤਾ। ਕੋਈ ਉਸ ਨੂੰ ‘ਸ਼੍ਰੋਮਣੀ ਕਮੇਟੀ ਦੀ ਮਰਿਆਦਾ’ ਕਹਿ ਕੇ ਭੰਡਣ ਲੱਗ ਪਿਆ।
ਕੌਮੀ ਏਕਤਾ ਤੋਂ ਮੂੰਹ ਮੋੜਨ ਦੀ ਇਹ ਹਿਮਾਕਤ ਵਧਦੀ-ਵਧਦੀ ਇਥੋਂ ਤੱਕ ਪਹੁੰਚ ਗਈ ਕਿ ਇਕ ਪ੍ਰਸਿੱਧ ਡੇਰੇ ਨੇ ਵੱਖਰੀ ਮਰਿਆਦਾ ਛਾਪ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਹੋਈ ਮਰਿਆਦਾ ਨਾਲ ਸ਼ਰੇਆਮ ਸ਼ਰੀਕਾ ਕੀਤਾ। ਸਿਤਮ ਵਾਲੀ ਗੱਲ ਇਹ ਕਿ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਦੇ ਇਹ ‘ਸ਼ਰੀਕ’ ਗਾਹੇ-ਬਗਾਹੇ ਖੁਦ ਨੂੰ ਸ੍ਰੀ ਅਕਾਲ ਤਖ਼ਤ ਨੂੰ ਸਰਬ-ਉਚ ਮੰਨਣ ਦਾ ਅਡੰਬਰ ਵੀ ਕਰਦੇ ਆ ਰਹੇ ਹਨ। ਸ਼ਬਦ-ਗੁਰੂ ਦਾ ਫਲਸਫ਼ਾ ਸਮਝਣ ਤੋਂ ਅਸਮਰੱਥ ਜਾਂ ‘ਦੇਹ’ ਨੂੰ ਗੁਰੂ ਮੰਨਣ ਵਾਲੇ ਬਹੁ-ਸੰਖਿਅਕ ਸ਼ਰਧਾਲੂਆਂ ਦੀ ਬਦੌਲਤ ਬਹੁ-ਰੰਗੇ ਡੇਰਿਆਂ ਵੱਲੋਂ, ਭਾਵੇਂ ਆਪੋ-ਆਪਣੀਆਂ ਮਰਿਆਦਾਵਾਂ ਛਪਵਾਈਆਂ ਹੋਈਆਂ ਨਹੀਂ, ਪਰ ਹੈਨ ਇਹ ਸਾਰੇ ਸ੍ਰੀ ਅਕਾਲ ਤਖਤ ਦੀ ਮਰਿਆਦਾ ਤੋਂ ਬਾਗੀ ਹੀ। ਦਿਲਚਸਪ ਮੌਕਾ-ਮੇਲ ਉਦੋਂ ਹੁੰਦਾ ਹੈ ਜਦੋਂ ਇਹ ਡੇਰਿਆਂ ਵਾਲੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਬਰਸੀਆਂ ਵਗੈਰਾ ਦੇ ਸਮਾਗਮਾਂ ਉਤੇ ਸੱਦ ਕੇ ਮਾਇਆ ਦੇ ‘ਗੱਫ਼ੇ’ ਦਿੰਦੇ ਹਨ। ਫਿਰ ਜਥੇਦਾਰ ਸਾਹਿਬ ਵੀ ਇਨ੍ਹਾਂ ਡੇਰੇਦਾਰਾਂ ਦੀ ਖੁੱਲ੍ਹੇ ਦਿਲ ਨਾਲ ਉਪਮਾ ਕਰਦਿਆਂ ਬਾਬਿਆਂ ਨੂੰ ਕੌਮ ਦੇ ਮਹਾਨ ਪ੍ਰਚਾਰਕ ਗਰਦਾਨਦੇ ਹਨ।
ਇਕ ਅਨੁਮਾਨ ਮੁਤਾਬਕ ਪੰਜਾਬ ਵਿਚ ਲੱਗੇ ਧਰਮ ਯੁੱਧ ਮੋਰਚੇ ਦੇ ਅਰੰਭਲੇ ਸਮਿਆਂ ਤੱਕ ਸ਼੍ਰੋਮਣੀ ਕਮੇਟੀ ਕਿਸੇ ਹੱਦ ਤੱਕ ਪੰਥਕ ਰਹਿਤ ਮਰਿਆਦਾ ‘ਤੇ ਡਟ ਕੇ ਪਹਿਰਾ ਦਿੰਦੀ ਰਹੀ ਅਤੇ ਆਮ ਸੰਗਤ ਨੂੰ ਡੇਰਿਆਂ ਦੀ ਥਾਂ, ਇਤਿਹਾਸਕ ਗੁਰਧਾਮਾਂ ਨਾਲ ਜੋੜਨ ਦੀ ਪ੍ਰੇਰਨਾ ਵੀ ਕਰਦੀ ਰਹੀ। ਇਸ ਕੰਮ ਲਈ ਸਿੱਖ ਮਿਸ਼ਨਰੀ ਕਾਲਜ (‘ਸਿੱਖ ਫੁਲਵਾੜੀ’ ਵਾਲਾ) ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਲੁਧਿਆਣਾ) ਵੀ ਉਸ ਦੇ ਹਮ-ਰਕਾਬ ਰਹੇ, ਪਰ ਜੂਨ ਚੁਰਾਸੀ ਦੇ ਘੱਲੂਘਾਰੇ ਤੋਂ ਬਾਅਦ ਹਾਲਾਤ ਕੁਝ ਐਸੇ ਬਣੇ ਕਿ ਸ਼੍ਰੋਮਣੀ ਕਮੇਟੀ, ਖੁੱਲ੍ਹ-ਮ-ਖੁੱਲ੍ਹਾ ਸਿਆਸਤ ਦਾ ਅੱਡਾ ਬਣਦੀ ਗਈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੇਹਾਂਤ ਪਿਛੋਂ ਸਿੱਖ ਸਿਆਸਤ ‘ਇਕ ਧੁਰੀ’ ਹੋ ਗਈ ਤੇ ਸ਼੍ਰੋਮਣੀ ਕਮੇਟੀ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ, ਸਿਆਸੀ ਗੁਲਾਮੀ ਦਾ ਸ਼ਿਕਾਰ ਹੋ ਗਈਆਂ। ਕੌਮੀ ਮਰਕਜ਼ ਕਮਜ਼ੋਰ ਹੋਣ ਕਾਰਨ ਡੇਰੇਦਾਰਾਂ ਦੀ ਚੜ੍ਹ ਮੱਚ ਗਈ, ਕਿਉਂਕਿ ਵੋਟਾਂ ਪੁਆਉਣ ਦੇ ਲਾਲਚ ਵਿਚ ਉਨ੍ਹਾਂ ਸਿੱਖ ਸਿਆਸਤ ਨਾਲ ਗੂੜ੍ਹੀਆਂ ਯਾਰੀਆਂ ਪਾ ਲਈਆਂ ਸਨ। ਅਜਿਹੇ ਹਾਲਾਤ ਦਾ ਤਕਾਜ਼ਾ ਇਹ ਬਣਿਆ ਕਿ ਕੌਮੀ ਇਕਸੁਰਤਾ ਦੀ ਜਾਮਨ, ਅਕਾਲ ਤਖਤ ਦੀ ਪ੍ਰਵਾਨਿਤ ਮਰਿਆਦਾ ਵਾਲਾ ਪੱਖ ਢਿੱਲਾ ਪੈਂਦਾ ਗਿਆ।
ਸਿਆਸੀ ਯਾਰੀਆਂ ਪਾਲਣ ਹਿਤ ਪਹਿਲਾਂ ਸਿੱਖ ਪੰਥ ਦੀ ਵਿਲੱਖਣਤਾ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ ਗਿਆ। ਕੈਲੰਡਰ ਤੋਂ ਬਾਅਦ ਅਗਲਾ ਨਿਸ਼ਾਨਾ ਹੈ, ਪੰਥ ਪ੍ਰਵਾਨਿਤ ਮਰਿਆਦਾ ‘ਤੇ ਕੁਹਾੜਾ ਚਲਾਉਣ ਦਾ। ਇਸ ਦੌਰ ਨੂੰ ਮੰਦਭਾਗਾ ਹੀ ਕਿਹਾ ਜਾ ਸਕਦਾ ਹੈ ਕਿ ਕੁਝ ਇਕ ਪ੍ਰਚਾਰਕਾਂ ਨੂੰ ਛੱਡ ਕੇ, ਬਹੁਤੀਆਂ ਸਿੱਖ ਧਿਰਾਂ ਸ੍ਰੀ ਅਕਾਲ ਤਖਤ ਵਾਲੀ ਮਰਿਆਦਾ ਦੇ ਮਗਰ ਹੱਥ ਧੋ ਕੇ ਪਈਆਂ ਹੋਈਆਂ ਹਨ। ਹੋਰ ਤਾਂ ਹੋਰ ਸ੍ਰੀ ਅਕਾਲ ਤਖ਼ਤ ਦੇ ਕੁਝ ਸਾਬਕਾ ਜਥੇਦਾਰ ਵੀ ਇਸ ਮਰਿਆਦਾ ਦੇ ਭੰਡੀ ਪ੍ਰਚਾਰ ਵਿਚ ਸ਼ਾਮਲ ਹਨ। ਕੋਈ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਵਿਚ ਕਥਾ ਕਰਦਿਆਂ ਇਸ ਨੂੰ ‘ਮਾਮੂਲੀ ਖਰੜਾ’ ਦੱਸ ਰਿਹਾ ਹੈ, ਕੋਈ ਜਥੇਦਾਰ ਕਹਿ ਰਿਹਾ ਹੈ ਕਿ ਇਹ ਖਰੜਾ ਅਕਾਲ ਤਖਤ ‘ਤੇ ਕਦੇ ਪਾਸ ਹੀ ਨਹੀਂ ਹੋਇਆ। ਇਕ ਹੋਰ ਸਿੰਘ ਸਾਹਿਬ ਨੇ ਤਾਂ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਵਿਚ ਦਰਸਾਈਆਂ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿਚ ਅਦਲਾ-ਬਦਲੀ ਕਰ ਦਿੱਤੀ। ਜਿਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਪ੍ਰਥਮ ਫਰਜ਼ ਇਹ ਬਣਦਾ ਸੀ ਕਿ ਉਹ ਆਪਣੇ ਨੇਕ-ਨੀਅਤ ਵਡਾਰੂਆਂ ਦੀ ਘਾਲਣਾ ਦੇ ਰਾਖੇ ਬਣਦੇ, ਉਹ ਐਮæਐਲ਼ਏæ ਬਣਨ ਦੀ ਤਾਕ ਵਿਚ ਬੁੱਲ੍ਹ ਸਿਉਂ ਕੇ ਬੈਠੇ ਨੇ। ਜੇ ਕੋਈ ਭਾਈ-ਬਾਬਾ ਇਸ ਮਰਿਆਦਾ ਨੂੰ ਅਪਨਾਉਣ ਵੱਲ ਵਧੇ ਤਾਂ ਉਸ ਦੇ ਗੋਲੀਆਂ ਵੱਜਦੀਆਂ ਹਨ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪੰਥ ਪ੍ਰਵਾਨਿਤ ਮਰਿਆਦਾ ਵਿਚ ਲੋੜੀਂਦੀਆਂ ਸੋਧਾਂ ਨਹੀਂ ਹੋ ਸਕਦੀਆਂ; ਬਿਲਕੁਲ ਹੋ ਸਕਦੀਆਂ ਨੇ, ਪਰ ਅਜਿਹਾ ਪੰਥਕ-ਜੁਗਤਿ ਅਨੁਸਾਰ ਹੋਣਾ ਚਾਹੀਦਾ ਹੈ। ਕਿਸੇ ਇਕੱਲੇ-ਕਾਰੇ ਵੱਲੋਂ ਆਪਣੀ ਮਰਜ਼ੀ ਅਨੁਸਾਰ ਨਹੀਂ। ਹੁਣ ਸਵਾਲ ਇਹ ਉਠਦਾ ਹੈ ਕਿ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਤਾਂ ਸਿਆਸੀ ਜੂਲੇ ਵਿਚ ਸਿਰ ਫਸਾਈ ਬੈਠੇ ਨੇ, ਪੰਥਕ-ਜੁਗਤਿ ਕਿਥੇ, ਕੌਣ ਤੇ ਕਿਵੇਂ ਅਪਨਾਏ? ਸਿੱਧਾ ਜਵਾਬ ਹੈ ਕਿ ਜਿਵੇਂ ਅੱਜ ਤਤਿ ਗੁਰਮਤਿ ਪ੍ਰਚਾਰ ਨੂੰ ਪ੍ਰਣਾਏ ਪ੍ਰਚਾਰਕ, ਉਥੇ ਨੰਗੇ ਧੜ ਦੀਵਾਨ ਸਜਾ ਰਹੇ ਨੇ ਜਿਥੋਂ ਦੇ ਸਿੱਖ ਮਾਈ-ਭਾਈ ਨੇ ਸ਼੍ਰੋਮਣੀ ਕਮੇਟੀ ਚੁਣਨੀ ਹੈ, ਉਨ੍ਹਾਂ ਪ੍ਰਚਾਰਕਾਂ, ਰਾਗੀਆਂ, ਕਥਾਵਾਚਕਾਂ ਦੀ ਯਥਾ-ਸ਼ਕਤਿ ਮਦਦ ਕੀਤੀ ਜਾਵੇ ਜੋ ਸ਼ਬਦ ਗੁਰੂ ਨਾਲ ਸੰਗਤਾਂ ਨੂੰ ਜੋੜ ਰਹੇ ਨੇ। ਇਹ ਰਾਹ ਹੈ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਨੂੰ ਬਚਾਉਣ ਜਾਂ ਲੋੜੀਂਦੀਆਂ ਸੋਧਾਂ ਕਰਾਉਣ ਦਾ।