ਸੁਖਨਿੰਦਰ ਕੌਰ
ਫੋਨ: 707-419-6040
ਇਸ ਸੰਸਾਰ ਵਿਚ ਮੁੱਢ ਕਦੀਮ ਤੋਂ ਹੀ ਔਰਤ, ਮਰਦ ਦੇ ਮੋਢੇ ਨਾਲ ਮੋਢਾ ਡਾਹ ਕੇ ਹਰ ਦੁੱਖ-ਸੁੱਖ ਦੀ ਘੜੀ ਵਿਚ ਉਸ ਦਾ ਸਾਥ ਦਿੰਦੀ ਆਈ ਹੈ। ਪਿਆਰ, ਸਹਿਜ, ਨਿਮਰਤਾ ਅਤੇ ਇਜ਼ਤ-ਮਾਣ ਕਰਨਾ ਮਰਦ ਨਾਲੋਂ ਵੱਧ ਔਰਤ ਦੇ ਹਿੱਸੇ ਆਇਆ ਹੈ, ਪਰ ਇਸ ਸਭ ਕੁਝ ਦੇ ਹੁੰਦਿਆਂ ਵੀ ਅੱਜ ਮਰਦ ਦੀ ਤਾਕਤ ਔਰਤ ਨਾਲੋਂ ਵਧੇਰੇ ਹੈ।
ਮਰਦ ਤੋਂ ਬਿਨਾਂ ਨਾਰੀ ਅਧੂਰੀ ਹੀ ਮੰਨੀ ਜਾਂਦੀ ਹੈ। ਮਰਦ ਦੀ ਹੋਂਦ ਨਾਲ ਹੀ ਔਰਤ ਦੀ ਮਾਣ ਮਰਿਆਦਾ ਜੋੜ ਦਿੱਤੀ ਗਈ ਹੈ। ਘਰ ਪਰਿਵਾਰ ਹੋਵੇ ਜਾਂ ਬਾਹਰੀ ਸਮਾਜ, ਔਰਤ ਦੇ ਸਿਰ Ḕਤੇ ਹਮੇਸ਼ਾ ਪਿਤਾ, ਭਰਾ, ਪਤੀ ਤੇ ਫਿਰ ਪੁੱਤਰ ਦਾ ਸਾਇਆ ਉਸ ਦੇ ਮਾਣ ਸਤਿਕਾਰ ਵਿਚ ਵਾਧਾ ਕਰਦਾ ਹੈ। ਬਹੁਤ ਘੱਟ ਔਰਤਾਂ ਇੰਨੀਆਂ ਬਹਾਦਰ ਅਤੇ ਦਲੇਰ ਹੋਣਗੀਆਂ ਜੋ ਮਰਦ ਤੋਂ ਬਿਨਾ ਆਪਣਾ ਆਪ ਸੰਭਾਲ ਸਕਦੀਆਂ ਹੋਣਗੀਆਂ। ਇਸ ਤਰ੍ਹਾਂ ਪਰਿਵਾਰ ਵਿਚ ਜਿੰਨਾ ਰੁਤਬਾ ਮਾਂ ਦਾ ਹੁੰਦਾ ਹੈ, ਉਨਾ ਹੀ ਬਾਪ ਦਾ ਵੀ ਹੁੰਦਾ ਹੈ। ਦੋਵੇਂ ਆਪਣੇ ਪਰਿਵਾਰ ਲਈ ਇਕ ਦੂਜੇ ਦੇ ਪੂਰਕ ਹਨ।
ਜੇ ਮਾਂ ਆਪਣੀ ਔਲਾਦ ਦਾ ਓਦਰਿਆ ਚਿਹਰਾ ਬਰਦਾਸ਼ਤ ਨਹੀਂ ਕਰਦੀ, ਤਾਂ ਬਾਪ ਬਿਨਾ ਵੀ ਉਸ ਦੀ ਔਲਾਦ ਬਦੋ-ਬਦੀ ਕੁਰਾਹੇ ਪੈ ਸਕਦੀ ਹੈ। ਔਲਾਦ ਉਤੇ ਪਈ ਹਰ ਬਿਪਤਾ ਨੂੰ ਬਾਪ ਹਰ ਹੀਲੇ ਸੁਲਝਾਉਣ ਦਾ ਯਤਨ ਕਰਦਾ ਹੈ। ਬਾਪ ਬਿਨਾ ਜ਼ਿੰਦਗੀ ਤਿਲ-ਤਿਲ ਕਰ ਕੇ ਲੰਘਦੀ ਹੈ। ਹਰ ਵੇਲੇ ਜੀਣ-ਥੀਣ ਦਾ ਝੋਰਾ ਪਰਿਵਾਰ ਅੱਗੇ ਮੂੰਹ ਟੱਡੀ ਖੜ੍ਹਾ ਦਿਸਦਾ ਰਹਿੰਦਾ ਹੈ। ਸੋ, ਮਾਂ ਬਾਪ ਦੋਵੇਂ ਇਕ ਦੂਜੇ ਦੇ ਪੂਰਕ ਹਨ।
ਘਰ ਵਿਚ ਮਾਂ ਦੇ ਮੁਕਾਬਲੇ ਬਾਪ ਦਾ ਰੋਹਬ ਭਾਵੇਂ ਵੱਧ ਹੁੰਦਾ ਹੈ, ਪਰ ਮਾਂ ਅੰਦਰ ਕਿਉਂਕਿ ਸਹਿਣਸ਼ੀਲਤਾ, ਸਬਰ ਸੰਤੋਖ ਅਤੇ ਨਿਮਰਤਾ ਬਾਪ ਨਾਲੋਂ ਵੱਧ ਹੁੰਦੀ ਹੈ, ਇਸ ਕਰ ਕੇ ਉਹ ਤਾਂ ਆਪਣਾ ਬੁਢੇਪਾ ਧੀਆਂ-ਪੁੱਤਰਾਂ, ਦੋਹਤਿਆਂ-ਪੋਤਿਆਂ ਨਾਲ ਘਰ ਵਿਚ ਤੱਤੀ-ਠੰਢੀ ਝੱਲ ਕੇ ਔਖਾ-ਸੌਖਾ ਕੱਟ ਲੈਂਦੀ ਹੈ, ਪਰ ਇਕੱਲੇ ਬਾਪੂ ਲਈ ਇਹ ਮੁਸ਼ਕਲ ਹੋ ਜਾਂਦਾ ਹੈ। ਸਾਰੀ ਉਮਰ ਉਸ ਨੇ ਘਰ ਵਿਚ ਸਰਦਾਰੀ ਹੰਢਾਈ ਹੁੰਦੀ ਹੈ। ਦੂਸਰਿਆਂ ਦੇ ਰਹਿਮੋ-ਕਰਮ Ḕਤੇ ਜਿੱਦਾਂ ਦੀ ਤੱਤੀ-ਠੰਢੀ ਮਿਲੀ, ਖਾ ਕੇ ਦਿਨ ਕੱਟੀ ਕਰਨਾ ਉਸ ਨੂੰ ਮੁਸ਼ਕਲ ਲਗਦਾ ਹੈ। ਉਸ ਦਾ ਦਿਲ ਪਿਛਲੀ ਉਮਰੇ ਆਪਣੀ ਹੋਂਦ ਘੱਟ ਕਰਨ ਨੂੰ ਨਹੀਂ ਕਰਦਾ, ਜਿਹੜੀ ਅਖੀਰ ਵਿਚ ਖਤਮ ਹੋ ਹੀ ਜਾਣੀ ਹੁੰਦੀ ਹੈ।
ਉਂਝ, ਅਗਲੀ ਪੀੜ੍ਹੀ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਹਰ ਜੀਵ ਜੋ ਇਸ ਦੁਨੀਆ Ḕਤੇ ਆਇਆ ਹੈ ਜਾਂ ਆਉਣਾ ਹੈ, ਉਸ ਉਤੇ ਬੁਢਾਪਾ ਆਉਣਾ ਹੀ ਹੈ। ਮਾਪੇ ਕਦੀ ਵੀ ਆਪਣੀ ਔਲਾਦ ਦਾ ਮਾੜਾ ਨਹੀਂ ਸੋਚਦੇ। ਦੁਨੀਆ Ḕਤੇ ਇਹੀ ਤਾਂ ਇਕ ਰਿਸ਼ਤਾ ਨਿਰਸਵਾਰਥ ਹੁੰਦਾ ਹੈ, ਪਰ ਪੀੜ੍ਹੀ-ਦਰ-ਪੀੜ੍ਹੀ ਜੋ ਤਬਦੀਲੀ ਲਗਾਤਾਰ ਆਈ ਜਾਂਦੀ ਹੈ, ਤਾਂ ਬਜ਼ੁਰਗਾਂ ਦੀਆਂ ਹਦਾਇਤਾਂ ਬੱਚਿਆਂ ਨੂੰ ਚੰਗੀਆਂ ਲੱਗਣੋਂ ਹਟ ਜਾਂਦੀਆਂ ਹਨ। ਦਿਨੋ-ਬਦਿਨ ਪਰਿਵਾਰਕ ਰਿਸ਼ਤੇ ਇੰਨੇ ਤਿੜਕ ਰਹੇ ਹਨ ਕਿ ਇਕ ਘਰ ਵਿਚ ਰਹਿੰਦਿਆਂ ਅਪਣੱਤ, ਲਗਾਉ, ਨੇੜਤਾ ਖਤਮ ਹੋ ਰਹੇ ਹਨ। ਧੀਆਂ ਪੁੱਤਰ ਜਿਨ੍ਹਾਂ ਲਈ ਮਾਪੇ ਆਪਾ ਨਿਛਾਵਰ ਕਰ ਚੁੱਕੇ ਹੁੰਦੇ ਹਨ, ਅਖੀਰ ਵਿਚ ਘਰ ਦੀ ਨੁੱਕਰ ਵਿਚ ਬਣੇ ਇਕ ਕਮਰੇ ਵਿਚ ਬੇਲੋੜੀ ਵਸਤ ਬਣ ਕੇ ਦਿਨ-ਕਟੀ ਕਰਦੇ ਹਨ। ਉਨ੍ਹਾਂ ਦੇ ਗਰਮ ਹਉਕੇ ਸਾਰੀ ਕਾਇਨਾਤ ਨੂੰ ਗਰਮ ਕਰ ਦਿੰਦੇ ਹਨ, ਫਿਰ ਵੀ ਉਹ ਆਪਣੀ ਔਲਾਦ ਦੇ ਭਲੇ ਲਈ ਦਿਨ ਰਾਤ ਸੁੱਖਣਾ ਸੁੱਖਦੇ ਹਨ।
ਅਸੀਂ ਅੱਜ ਭਾਵੇਂ ਪੱਛਮੀ ਸਭਿਅਤਾ ਦੇ ਗੁਲਾਮ ਹੋਈ ਜਾ ਰਹੇ ਹਾਂ, ਪਰ ਸਾਨੂੰ ਆਪਣੀ ਸਭਿਅਤਾ, ਆਪਣਾ ਸਭਿਆਚਾਰ, ਆਪਣੀਆਂ ਸਮਾਜਿਕ ਕਦਰਾਂ-ਕੀਮਤਾਂ ਛੱਡਣੀਆਂ ਨਹੀਂ ਚਾਹੀਦੀਆਂ। ਪੱਛਮੀ ਸਭਿਅਤਾ ਦੇ ਚੰਗੇ ਗੁਣ ਅਪਨਾਉਣੇ ਕੋਈ ਮਾੜੀ ਗੱਲ ਨਹੀਂ, ਜੀ ਸਦਕੇ ਅਸੀਂ ਪਿਤਾ ਦਿਵਸ ਮਨਾਈਏ, ਪਰ ਆਪਣੇ ਮਾਪਿਆਂ ਨੂੰ ਘਰ ਵਿਚ ਸਤਿਕਾਰ ਅਤੇ ਮਾਣ ਜ਼ਰੂਰ ਦਈਏ। ਸਾਡੇ ਸਭਿਆਚਾਰ ਵਿਚ ਮਾਪਿਆਂ ਨੇ ਆਪਣੇ ਬੱਚਿਆਂ ਨੂੰ, ਸਗੋਂ ਅਗਾਂਹ ਉਨ੍ਹਾਂ ਦੇ ਬੱਚਿਆਂ ਨੂੰ ਵੀ ਆਪਣੀ ਪਹੁੰਚ ਮੁਤਾਬਕ ਬਹੁਤ ਕੁਝ ਦਿਤਾ ਹੁੰਦਾ ਹੈ। ਬਿਰਧ ਘਰਾਂ ਵਿਚ ਮਾਪਿਆਂ ਨੂੰ ਭੇਜਣਾ ਸਾਡਾ ਸਭਿਆਚਾਰ ਆਗਿਆ ਨਹੀਂ ਦਿੰਦਾ। ਜਿਸ ਘਰ ਵਿਚ ਬਿਰਧ ਮਾਂ ਪਿਉ ਦੇ ਚਿਹਰੇ ਉਤੇ ਮੁਸਕਰਾਹਟ ਹੁੰਦੀ ਹੈ, ਉਹ ਘਰ ਹਮੇਸ਼ਾ ਖੁਸ਼ੀਆਂ ਅਤੇ ਖੇੜਿਆਂ ਨਾਲ ਭਰਿਆ ਹੁੰਦਾ ਹੈ। ਜ਼ਿੰਦਗੀ ਦੀਆਂ ਸ਼ਾਮਾਂ ਵਿਚ ਜੇ ਮਾਂ ਇਕੱਲੀ ਰਹਿ ਜਾਂਦੀ ਹੈ ਜਾਂ ਬਾਪ ਆਪਣੀ ਜੀਵਨ ਸਾਥਣ ਤੋਂ ਵਾਂਝਾ ਹੋ ਜਾਂਦਾ ਹੈ ਤਾਂ ਉਨ੍ਹਾਂ ਦੀ ਦੇਖ ਭਾਲ ਵਿਚ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦਾ ਬੁਢੇਪਾ ਸੰਵਰਿਆ ਹੋਣਾ ਚਾਹੀਦਾ ਹੈ।
ਪੁਰਾਣੇ ਵੇਲਿਆਂ ਵਿਚ ਸੰਯੁਕਤ ਪਰਿਵਾਰ ਹੁੰਦੇ ਸਨ। ਕਈ ਘਰਾਂ ਵਿਚ ਦਾਦੇ ਦੇ ਹੱਥ ਜੰਦਰਾ-ਕੁੰਜੀ ਹੁੰਦੇ ਸਨ। ਜਦ ਉਹ ਬਹੁਤਾ ਹੀ ਤੁਰਨ-ਫਿਰਨ ਤੋਂ ਰਹਿ ਜਾਂਦਾ ਹੈ ਤਾਂ ਉਹੀ ਸਰਪ੍ਰਸਤੀ ਵੱਡੇ ਪੁੱਤਰ ਦੇ ਹੱਥ ਆ ਜਾਂਦੀ ਸੀ। ਬਜ਼ੁਰਗ ਦੀ ਮੌਤ ਤੋਂ ਬਾਅਦ ਪੱਗ ਦੀ ਰਸਮ ਇਹੋ ਕੁਝ ਤਾਂ ਪੇਸ਼ ਕਰਦੀ ਹੈ ਕਿ ਪਿਤਾ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਹੁਣ ਵੱਡਾ ਪੁੱਤ ਸੰਭਾਲੇਗਾ। ਸੋ, ਬਾਪ ਹੀ ਹਨੇਰਿਆਂ ਦਾ ਚਾਨਣ ਅਤੇ ਖਤਰੇ ਲਈ ਢਾਲ ਬਣ ਕੇ ਆਪਣੀ ਔਲਾਦ ਲਈ ਵਿਗਸਦਾ ਹੈ। ਆਓ! ਪਿਤਾ ਦਿਵਸ/ਬਾਪੂ ਦਿਵਸ ਉਤੇ ਪ੍ਰਣ ਕਰੀਏ ਕਿ ਰੋਟੀ-ਰੋਜ਼ੀ ਦੇ ਚੱਕਰ ਅਤੇ ਪਰਿਵਾਰਕ ਝੰਮੇਲਿਆਂ ਵਿਚ ਇੰਨੇ ਨਾ ਉਲਝ ਜਾਈਏ ਕਿ ਮਾਂ-ਪਿਉ ਬਹੁਤ ਪਿਛੇ ਰਹਿ ਜਾਣ।