ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਦੀ 32ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖਤ ਵਿਖੇ ਕਰਾਏ ਗਏ ਸ਼ਰਧਾਂਜਲੀ ਸਮਾਗਮ ਵਿਚ ਸਖਤ ਸੁਰੱਖਿਆ ਪ੍ਰਬੰਧਾਂ ਕਾਰਨ ਭਾਵੇਂ ਕੋਈ ਅਣਹੋਣੀ ਘਟਨਾ ਤਾਂ ਟਲ ਗਈ, ਪਰ ਪੰਜਾਬ ਵਿਚ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਅਕਾਲ ਤਖਤ ਦੇ ਜਥੇਦਾਰ ਵਿਰੁੱਧ ਸਿੱਖ ਸੰਗਤ ਵਿਚ ਪੈਦਾ ਰੋਹ ਨੂੰ ਜੱਗ ਜ਼ਾਹਿਰ ਕਰ ਦਿੱਤਾ। ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਸਮੇਂ ਸਖਤ ਵਿਰੋਧ ਹੋਇਆ।
ਖਾਲਿਸਤਾਨ ਪੱਖੀ ਤੇ ਜਥੇਦਾਰ ਵਿਰੋਧੀ ਨਾਅਰਿਆਂ ਦੌਰਾਨ ਸਮਾਗਮ ਵਿਚ ਅਕਾਲੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਔਖਾ ਸਮਾਂ ਵੇਖਣਾ ਪਿਆ। ਭੀੜ ਵੱਲੋਂ ਉਨ੍ਹਾਂ ਨਾਲ ਧੱਕਾ ਮੁੱਕੀ ਅਤੇ ਕਈਆਂ ਦੀਆਂ ਦਸਤਾਰਾਂ ਨੂੰ ਹੱਥ ਪਾਉਣ ਦਾ ਯਤਨ ਕੀਤਾ ਗਿਆ। ਭੀੜ ਨੇ ਜਥੇਦਾਰ ਵਿਰੋਧੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਵਿਰੋਧ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਸੰਦੇਸ਼ ਪੜ੍ਹਨਾ ਜਾਰੀ ਰੱਖਿਆ। ਲੋਕਾਂ ਨੇ ਖਾਲਿਸਤਾਨ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪੱਖੀ ਨਾਅਰੇ ਲਾਉਂਦਿਆਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਹੱਕ ਵਿਚ ਵੀ ਨਾਅਰੇਬਾਜ਼ੀ ਕੀਤੀ। ਜਦੋਂ ਸਮਾਗਮ ਸਮਾਪਤੀ ਵੱਲ ਵਧ ਰਿਹਾ ਸੀ ਤਾਂ ਅਕਾਲੀ ਵਿਧਾਇਕ ਤੇ ਸੰਸਦ ਮੈਂਬਰ ਬਾਹਰ ਜਾਣ ਲੱਗੇ ਤਾਂ ਭੀੜ ਵਿਚੋਂ ਲੰਘਣ ਸਮੇਂ ਲੋਕਾਂ ਨੇ ਉਨ੍ਹਾਂ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਧੱਕਾ-ਮੁੱਕੀ ਵੀ ਕੀਤੀ। ਅਕਾਲੀ ਦਲ ਵਲੋਂ ਇਸ ਵਿਰੋਧ ਨੂੰ ਭਾਵੇਂ ਸ਼ਰਾਰਤੀ ਅਨਸਰਾਂ ਦਾ ਕਾਰਾ ਦੱਸਿਆ ਜਾ ਰਿਹਾ ਹੈ, ਪਰ ਅਕਾਲੀ ਲੀਡਰਸ਼ਿਪ ਸਿੱਖ ਵੋਟ ਬੈਂਕ ਨੂੰ ਲੈ ਕੇ ਵੀ ਚਿੰਤਤ ਹੈ। ਇਸ ਘਟਨਾ ਤੋਂ ਦੋ ਦਿਨਾਂ ਪਹਿਲਾਂ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਅਰਦਾਸੀਏ ਸਿੰਘ ਵੱਲੋਂ ਸਿਰੋਪਾਓ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਅਸਲ ਵਿਚ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਸਿੱਖ ਜਗਤ ਵਿਚ ਬਾਦਲ ਧਿਰ ਪ੍ਰਤੀ ਨਾਰਾਜ਼ਗੀ ਹੈ।
ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਵਿਚ ਵੱਡੀ ਗਿਣਤੀ ਮੁਲਾਜ਼ਮ ਤੇ ਮੈਂਬਰ ਵੀ ਅਕਾਲੀ ਦਲ ਨੂੰ ਇਸ ਸਭ ਲਈ ਜ਼ਿੰਮੇਵਾਰ ਮੰਨਦੇ ਹਨ। ਅਕਾਲੀ ਦਲ ਹੁਣ ਤੱਕ ਆਪਣੇ ਆਪ ਨੂੰ ਕੌਮ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦੱਸ ਕੇ ਸੱਤਾ ਹਾਸਲ ਕਰਨ ਵਿਚ ਸਫਲ ਹੁੰਦਾ ਆਇਆ ਹੈ, ਪਰ ਇਸ ਵਾਰ ਜਦੋਂ ਵਿਧਾਨ ਸਭਾ ਚੋਣਾਂ ਵਿਚ ਇਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਤਾਂ ਹਾਕਮ ਧਿਰ ਨੂੰ ਸਿੱਖ ਵੋਟ ਬੈਂਕ ਦੀ ਚਿੰਤਾ ਸਤਾ ਰਹੀ ਹੈ। ਸ਼ਰਧਾਂਜਲੀ ਸਮਾਗਮ ਵਿਚ ਵਿਰੋਧ ਨੇ ਅਕਾਲੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਦਲ ਖਾਲਸਾ ਜਥੇਬੰਦੀ ਵੱਲੋਂ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ। ਯਾਦ ਰਹੇ ਕਿ ਪੁਲਿਸ ਵੱਲੋਂ ਸ਼ਰਧਾਂਜਲੀ ਸਮਾਗਮ ਵਿਚ ਕੋਈ ਅਣਹੋਣੀ ਟਾਲਣ ਲਈ ਪੂਰੀ ਵਾਹ ਲਾ ਦਿੱਤੀ ਸੀ, ਸਮਾਗਮ ਤੋਂ ਇਕ ਦਿਨ ਪਹਿਲਾਂ ਵੱਡੀ ਗਿਣਤੀ ਗਰਮ ਖਿਆਲੀ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਇਸ ਦੇ ਬਾਵਜੂਦ ਅਕਾਲੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਬਲਵਿੰਦਰ ਸਿੰਘ ਭੂੰਦੜ, ਰਣਜੀਤ ਸਿੰਘ ਬ੍ਰਹਮਪੁਰਾ, ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ, ਵਿਧਾਇਕ ਹਰਮੀਤ ਸਿੰਘ ਸੰਧੂ, ਮਨਜੀਤ ਸਿੰਘ ਮੀਆਂਵਿੰਡ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਸਮਾਗਮ ਵਿਚੋਂ ਨਿਕਲਣਾ ਮੁਸ਼ਕਿਲ ਹੋ ਗਿਆ। ਜਦੋਂ ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਭੀੜ ਵਿਚੋਂ ਲੰਘ ਰਹੇ ਸਨ ਤਾਂ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰਨ ਦਾ ਯਤਨ ਕੀਤਾ। ਸ੍ਰੀ ਵਲਟੋਹਾ ਦੁਆਲੇ ਉਨ੍ਹਾਂ ਦੇ ਸਮਰਥਕਾਂ ਨੇ ਸੁਰੱਖਿਆ ਘੇਰਾ ਬਣਾਇਆ ਹੋਇਆ ਸੀ, ਪਰ ਇਸ ਦੇ ਬਾਵਜੂਦ ਕੁਝ ਨੌਜਵਾਨਾਂ ਨੇ ਉਨ੍ਹਾਂ ਦੀ ਦਸਤਾਰ ਨੂੰ ਹੱਥ ਪਾਉਣ ਦਾ ਯਤਨ ਕੀਤਾ। ਇਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੂੰ ਕੁਝ ਸਮੇਂ ਲਈ ਸ੍ਰੀ ਅਕਾਲ ਤਖ਼ਤ ਉਤੇ ਹੀ ਰੋਕ ਲਿਆ ਗਿਆ। ਜਿਵੇਂ ਹੀ ਸਥਿਤੀ ਕੁਝ ਸ਼ਾਂਤ ਹੋਈ ਤਾਂ ਵੱਡੇ ਸੁਰੱਖਿਆ ਘੇਰੇ ਹੇਠ ਉਨ੍ਹਾਂ ਨੂੰ ਹੋਰ ਰਸਤੇ ਬਾਹਰ ਲਿਜਾਇਆ ਗਿਆ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਹਿਲਾਂ ਵਾਂਗ ਹੀ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਖੜ੍ਹੇ ਹੋ ਕੇ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਖਾਲਿਸਤਾਨ ਪੱਖੀ ਨਾਅਰੇ ਹੋਰ ਵੀ ਜ਼ੋਰ-ਸ਼ੋਰ ਨਾਲ ਲਾਏ ਗਏ। ਇਸ ਮੌਕੇ ਸਰਬੱਤ ਖਾਲਸਾ ਨਾਲ ਜੁੜੀਆਂ ਧਿਰਾਂ ਦੇ ਆਗੂ ਵੀ ਸ਼ਾਮਲ ਸਨ।
ਟਕਸਾਲ ਨੇ ਭਿੰਡਰਾਂਵਾਲੇ ਦਾ ਤੀਰ ਤੇ ਸ੍ਰੀ ਸਾਹਿਬ ਮੰਗੇ: ਦਮਦਮੀ ਟਕਸਾਲ ਨੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ਵਿਚ ਕਰਾਏ ਸ਼ਹੀਦੀ ਸਮਾਗਮ ਦੌਰਾਨ 32 ਸਾਲਾਂ ਵਿਚ ਪਹਿਲੀ ਵਾਰ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਤੀਰ ਅਤੇ ਤਿੰਨ ਫੁੱਟੀ ਸ੍ਰੀ ਸਾਹਿਬ ਟਕਸਾਲ ਨੂੰ ਵਾਪਸ ਕੀਤੀ ਜਾਵੇ। ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਨੇ ਮੰਗ ਕੀਤੀ ਕਿ ਸਾਕਾ ਨੀਲਾ ਤਾਰਾ ਸਮੇਂ ਫੌਜ ਵੱਲੋਂ ਕਬਜ਼ੇ ਵਿਚ ਲਈ ਗਈ ਸਿੱਖ ਰੈਫਰੈਂਸ ਲਾਇਬਰੇਰੀ ਦੇ ਅਣਮੁੱਲੇ ਖਜ਼ਾਨੇ ਨੂੰ ਵਾਪਸ ਕੀਤਾ ਜਾਵੇ। ਇਕ ਮਤੇ ਰਾਹੀਂ ਭਾਰਤੀ ਸਰਕਾਰ ਨੂੰ ਸਾਕਾ ਨੀਲਾ ਤਾਰਾ ਲਈ ਮੁਆਫੀ ਮੰਗਣ ਲਈ ਕਿਹਾ।
ਭਿੰਡਰਾਂਵਾਲੇ ਦੇ ਪੁੱਤਰ ਵੱਲੋਂ ਸਨਮਾਨ ਲੈਣ ਤੋਂ ਨਾਂਹ: ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੁੱਤਰ ਈਸ਼ਰ ਸਿੰਘ ਨੇ ਜਥੇਦਾਰ ਅਕਾਲ ਤਖਤ ਹੱਥੋਂ ਸਨਮਾਨ ਲੈਣ ਤੋਂ ਬਿਨਾਂ ਹੀ ਵਾਪਸ ਪਰਤ ਗਏ ਸਨ। ਈਸ਼ਰ ਸਿੰਘ ਮੁਤਾਬਕ ਉਸ ਵੇਲੇ ਹੋ ਰਹੀ ਨਾਅਰੇਬਾਜ਼ੀ ਤੇ ਹੰਗਾਮੇ ਦੇ ਚੱਲਦੇ ਹੀ ਉਹ ਉਥੋਂ ਚਲੇ ਗਏ ਸਨ। ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਕਿਸੇ ਕਿਸਮ ਦੇ ਵਿਵਾਦ ਤੋਂ ਵੀ ਇਨਕਾਰ ਕੀਤਾ।
_______________________________
ਪਾਕਿਸਤਾਨੀ ਸਿੱਖਾਂ ਵੱਲੋਂ ਅਸੈਂਬਲੀ ਸਾਹਮਣੇ ਵਿਖਾਵਾ
ਸਤਲਾਣੀ ਸਾਹਿਬ: ਪਾਕਿਸਤਾਨ ਵਿਚ ਪੰਜਾਬ ਅਸੈਂਬਲੀ ਲਾਹੌਰ ਦੇ ਸਾਹਮਣੇ ਸਿੱਖਾਂ ਨੇ 6 ਜੂਨ 1984 ਨੂੰ ਭਾਰਤ ਸਰਕਾਰ ਦੇ ਹੁਕਮ ‘ਤੇ ਭਾਰਤੀ ਫ਼ੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ‘ਤੇ ਕੀਤੇ ਹਮਲੇ ਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਪਾਕਿਸਤਾਨ ਪੰਜਾਬ ਅਸੈਂਬਲੀ ਦੇ ਐਮæਪੀæਏæ ਰਮੇਸ਼ ਸਿੰਘ ਅਰੋੜਾ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਵੱਲੋਂ ਕੀਤੀ ਗਈ। ਖਾਲਿਸਤਾਨ ਜ਼ਿੰਦਾਬਾਦ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਵਿਰੋਧ ਸਬੰਧੀ ਬਣਾਈਆਂ ਤਖ਼ਤੀਆਂ ਲੈ ਕੇ ਪਾਕਿਸਤਾਨ ਪੰਜਾਬ ਦੀ ਲਾਹੌਰ ਅਸੈਂਬਲੀ ਦੇ ਸਾਹਮਣੇ ਲਗਾਏ ਤੰਬੂ ਵਿਖੇ ਪਹੁੰਚੇ ਜਿਥੇ ਜ਼ੋਰ-ਸ਼ੋਰ ਨਾਲ ਨਾਅਰੇ ਲਗਾਏ ਗਏ।