ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਜੱਗੀ ਨੇ ਡੇਢ ਸਾਲ ਪਹਿਲਾਂ ਘਰ ਆ ਕੇ ਲੱਡੂਆਂ ਦਾ ਡੱਬਾ ਫੜਾਉਂਦਿਆਂ ਮੈਨੂੰ ਕਿਹਾ ਸੀ, “ਵੀਰ ਜੀ! ਪਰਮਾਤਮਾ ਨੇ ਸਾਡੀ ਨੇੜੇ ਹੋ ਕੇ ਸੁਣ ਲਈ, ਛੋਟੇ ਵੀਰ ਗੁਰੀ ਦਾ ਕੇਸ ਪਾਸ ਹੋ ਗਿਆ ਹੈ। ਹੁਣ ਭਾਬੀ ਤੇ ਭਤੀਜਾ ਵੀ ਜਲਦੀ ਆ ਜਾਣਗੇ। ਪੇਪਰਾਂ ਦੀ ਘਾਟ ਸਾਨੂੰ ਤਰੱਕੀ ਦੀ ਪੌੜੀ ਦਾ ਅਗਲਾ ਟੰਬਾ ਫੜਨ ਨਹੀਂ ਸੀ ਦਿੰਦੀ। ਹੁਣ ਵੀਰ ਦੇ ਨਾਮ ‘ਤੇ ਮੈਂ ਸਭ ਕੁਝ ਲੈ ਸਕਦਾ ਹਾਂ।” ਉਹ ਗੁਲਾਬ ਦੇ ਫੁੱਲ ਵਾਂਗ ਖਿੜਿਆ ਦੱਸਦਾ ਗਿਆ।
“ਬਹੁਤ-ਬਹੁਤ ਵਧਾਈਆਂ ਜੀ, ਮਾਰੂਥਲ ‘ਤੇ ਮੇਘ ਵਰਸਿਆ।” ਮੈਂ ਵੀ ਜੱਗੀ ਦੀ ਖੁਸ਼ੀ ਵਿਚ ਸ਼ਰੀਕ ਹੋ ਗਿਆ।
ਚਾਹ ਪੀਂਦਿਆਂ ਮੈਂ ਤੇ ਜੱਗੀ ਬੀਤੇ ਦੀਆਂ ਬਾਤਾਂ ਦੀ ਬੁਣਤੀ ਉਧੇੜਦੇ ਰਹੇ ਅਤੇ ਭਵਿੱਖ ਦੇ ਸੁਪਨੇ ਸੱਚ ਹੁੰਦੇ ਜਾਪਣ ਲੱਗੇ। ਉਹ ਫਤਿਹ ਬੁਲਾ ਕੇ ਤੁਰ ਗਿਆ ਤੇ ਮੇਰੇ ਅੱਗੇ ਜੱਗੀ ਦੇ ਸਤਾਰਾਂ ਸਾਲਾਂ ਦੀ ਅਮਰੀਕਾ ਵਾਲੀ ਜ਼ਿੰਦਗੀ ਘੁੰਮ ਗਈ।æææ
ਜੱਗੀ ਸੰਨ ਦੋ ਹਜ਼ਾਰ ਚੜ੍ਹਦੇ ਹੀ ਅਮਰੀਕਾ ਆ ਗਿਆ ਸੀ। ਅਸੀਂ, ਸਾਡੀ ਛਾਉਣੀ ‘ਚ ਕੋਈ ਦੋ ਸਾਲ ਇਕੱਠੇ ਰਹੇ। ਫਿਰ ਉਹ ਹੋਰ ਮੁੰਡਿਆਂ ਕੋਲ ਚਲਾ ਗਿਆ, ਪਰ ਅਸੀਂ ਦੁੱਖ-ਸੁੱਖ ਸਾਂਝਾ ਕਰ ਲੈਂਦੇ। ਮਿਹਨਤ ਦੋਵਾਂ ਨੇ ਹੀ ਪੂਰੀ ਕੀਤੀ। ਮੇਰੇ ਕਮਾਏ ਡਾਲਰ ਪਿਤਾ ਜੀ ਦੀ ਜੇਬ ਵਿਚੋਂ ਰੁਪਏ ਬਣ ਕੇ ਨਿਕਲਦੇ, ਪਰ ਜੱਗੀ ਨੇ ਆਪਣਾ ਕਰਜ਼ਾ ਲਾਹ ਕੇ ਪਿੰਡ ਕੋਠੀ ਪਾ ਦਿੱਤੀ ਤੇ ਫਿਰ ਸਾਰੀ ਕਮਾਈ ਇਥੇ ਹੀ ਸਾਂਭਦਾ ਗਿਆ। ਉਹ ਹਮੇਸ਼ਾ ਕਹਿੰਦਾ ਕਿ ਪਿੰਡ ਪੈਸੇ ਕਿਉਂ ਪਾਉਣੇ, ਆਪਾਂ ਰਹਿਣਾ ਤਾਂ ਇਥੇ ਹੈ। ਪਿਛੇ ਵਧੀਆ ਸਰਦਾ ਹੈ।
ਮੈਨੂੰ ਹਮੇਸ਼ਾ ਪੇਪਰਾਂ ਦਾ ਦੈਂਤ ਡਰਾਉਂਦਾ। ਮੈਂ ਉਹਨੂੰ ਵਿਆਹ ਕਰਵਾਉਣ ਦੀ ਸਲਾਹ ਦਿੰਦਾ, ਪਰ ਕੱਚੇ ਮੁੰਡੇ ਨੂੰ ਧੀ ਕੌਣ ਦੇਵੇ? ਕਈ ਸਾਲ ਲੰਘੇ, ਫਿਰ ਉਸ ਨੇ ਆਪਣੇ ਛੋਟੇ ਭਰਾ ਗੁਰੀ ਦਾ ਵਿਆਹ ਕਰ ਦਿੱਤਾ। ਸਾਲ ਬਾਅਦ ਗੁਰੀ ਦੇ ਘਰ ਪੁੱਤਰ ਆ ਗਿਆ। ਜੱਗੀ ਭਤੀਜੇ ਦੇ ਲੱਡੂ ਵੰਡਦਾ ਪੈਰ ਭੁੰਜੇ ਨਾ ਲਾਵੇ। ਅਸੀਂ ਜੱਗੀ ਤੋਂ ਤਾਇਆ ਬਣੇ ਦੀ ਪਾਰਟੀ ਮੰਗਦੇ। ਹਾਸੇ-ਮਖੌਲ ਕਰਦਿਆਂ ਕਦੇ ਮਾਪੇ ਯਾਦ ਨਾ ਆਉਂਦੇ। ਜਦੋਂ ਕਦੇ ਕੋਰਟ ਦੀਆਂ ਤਰੀਕਾਂ ਆ ਜਾਣੀਆਂ, ਪਰਮਾਤਮਾ ਅੱਗੇ ਅਰਦਾਸਾਂ ਕਰਦੇ; ਪਰ ਗੱਲ ਨਾ ਬਣਦੀ।
ਫਿਰ ਜੱਗੀ ਦੀ ਭੈਣ ਸੁੱਖੀ, ਪੜ੍ਹਾਈ ਵਾਸਤੇ ਇੰਗਲੈਂਡ ਚਲੇ ਗਈ। ਉਸ ਦਾ ਖਰਚਾ ਜੱਗੀ ਭੇਜਦਾ। ਸਾਲ ਤਾਂ ਉਹ ਵਧੀਆ ਪੜ੍ਹਦੀ ਰਹੀ, ਫਿਰ ਉਹ ਵੀ ਇੰਗਲੈਂਡ ਦੇ ਰੰਗ ਵਿਚ ਰੰਗੀ ਗਈ। ਮਾਂ ਦੀ ਗੁੰਦੀ ਪਰਾਂਦੀ ਉਸ ਨੇ ਵਗ੍ਹਾ ਮਾਰੀ ਤੇ ਬੌਬ ਕੱਟ ਕਰਵਾ ਲਏ। ਕਿਸੇ ਪੰਜਾਬੀ ਨਾਲ ਵਿਆਹ ਕਰਵਾ ਲਿਆ ਜਿਸ ਨੇ ਉਸ ਨੂੰ ਪੱਕਾ ਕਰਵਾਉਣ ਦਾ ਲਾਲਚ ਦਿੱਤਾ ਸੀ, ਪਰ ਉਹ ਸੁੱਖੀ ਦੇ ਪੇਟ ਅੰਦਰ ਨਿਆਣਾ ਛੱਡ ਕੇ ਇੰਡੀਆ ਭੱਜ ਗਿਆ ਤੇ ਉਥੇ ਵਿਆਹ ਕਰਵਾ ਲਿਆ। ਸੁੱਖੀ ਨੇ ਧੀ ਨੂੰ ਜਨਮ ਦਿੱਤਾ। ਜੱਗੀ ਨੇ ਮੁੰਡੇ ਨੂੰ ਲੱਭ ਕੇ, ਲਾਲਚ ਦੇ ਕੇ ਇੰਗਲੈਂਡ ਬੁਲਾ ਲਿਆ। ਦੋਵਾਂ ਨੂੰ ਅਮਰੀਕਾ ਆਉਣ ਲਈ ਕਿਹਾ। ਪੈਸਿਆਂ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਉਹ ਦੋਵੇਂ ਅਮਰੀਕਾ ਆ ਗਏ। ਪ੍ਰਾਹੁਣੇ ਨੂੰ ਕੰਮ ‘ਤੇ ਲਵਾਇਆ, ਕਾਰ ਲੈ ਕੇ ਦਿੱਤੀ। ਅਪਾਰਟਮੈਂਟ ਵਿਚ ਸਾਰਾ ਸਾਮਾਨ ਲੈ ਕੇ ਦਿੱਤਾ। ਜੱਗੀ ਕਹਿੰਦਾ, ਜੇ ਭੈਣ ਨੇ ਜਵਾਨੀ ਦੇ ਦਿਨਾਂ ਵਿਚ ਗਲਤੀ ਕਰ ਕੇ ਆਪਣੇ ਪੈਰ ਕੁਹਾੜਾ ਆਪ ਮਾਰਿਆ ਹੈ ਤਾਂ ਆਪਾਂ ਇਸ ਨੂੰ ਠੀਕ ਵੀ ਕਰ ਸਕਦੇ ਹਾਂ। ਜੱਗੀ ਦੀ ਸਿਆਣਪ ਨੇ ਉਜੜ ਚੁੱਕੀ ਸੁੱਖੀ ਦੀ ਜ਼ਿੰਦਗੀ ਹਰੀ-ਭਰੀ ਕਰ ਦਿੱਤੀ।
ਸੁੱਖੀ ਸਬ-ਵੇਅ ‘ਤੇ ਕੰਮ ਕਰਦੀ ਸੀ। ਨਾਲ ਲਵਲੀ ਵੀ ਕੰਮ ਕਰਦੀ ਸੀ ਜਿਸ ਦਾ ਵਿਆਹ ਤੋਂ ਸਾਲ ਬਾਅਦ ਹੀ ਤਲਾਕ ਹੋ ਗਿਆ ਸੀ। ਸੁੱਖੀ ਨੇ ਲਵਲੀ ਨੂੰ ਆਪਣੇ ਭਰਾ ਜੱਗੀ ਬਾਰੇ ਦੱਸਿਆ, ਫਿਰ ਜੱਗੀ ਨਾਲ ਗੱਲ ਕੀਤੀ। ਦੋਵੇਂ ਪਾਸੇ ਦੇਖ-ਦਿਖਾਈ ਹੋਈ ਤੇ ਬੜੇ ਸਾਦੇ ਢੰਗ ਨਾਲ ਜੱਗੀ ਦਾ ਵਿਆਹ ਲਵਲੀ ਨਾਲ ਹੋ ਗਿਆ। ਕਿਰਾਏ ‘ਤੇ ਵੱਖਰਾ ਘਰ ਲੈ ਲਿਆ। ਚਾਰ ਮਹੀਨੇ ਤਾਂ ਵਧੀਆ ਲੰਘੇ, ਫਿਰ ਦੋਵਾਂ ਵਿਚਕਾਰ ਤੂੰ-ਤੂੰ ਮੈਂ-ਮੈਂ ਹੋਣ ਲੱਗ ਪਈ। ਕਾਰਨ? ਲਵਲੀ ਦਾ ਜ਼ਿਆਦਾ ਫੈਸ਼ਨ ਕਰਨਾ ਤੇ ਪੈਸੇ ਦੀ ਪ੍ਰਵਾਹ ਨਾ ਕਰਨਾ ਸੀ। ਜੱਗੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਬਣੀ ਨਾ। ਜੱਗੀ ਫਿਰ ਇਕੱਲਾ ਰਹਿ ਗਿਆ।
ਪਿੰਡ ਗੁਰੀ ਕਹਿਣ ਲੱਗ ਪਿਆ ਕਿ ਉਹਨੂੰ ਵੀ ਅਮਰੀਕਾ ਸੱਦ ਲੈ, ਨਾਲ ਦੇ ਸਾਰੇ ਮੁੰਡੇ ਬਾਹਰਲੇ ਦੇਸਾਂ ਨੂੰ ਚਲੇ ਗਏ ਹਨ। ਗੁਰੀ ਦੀ ਜਿੱਦ ਅੱਗੇ ਜੱਗੀ ਨੇ ਸਿਰ ਨੀਵਾਂ ਕਰ ਲਿਆ। ਛੇਤੀ ਪਿਛੋਂ ਜੱਗੀ ਦੀ ਮਾਤਾ ਸਵਰਗਵਾਸ ਹੋ ਗਈ। ਵਿਚਾਰਾ ਕੰਧਾਂ ਨਾਲ ਟੱਕਰਾਂ ਮਾਰ ਕੇ ਬੈਠ ਗਿਆ। ਪਿਉ ਨਾਲ ਫੋਨ ‘ਤੇ ਰੋ ਲੈਂਦਾ। ਪੇਪਰਾਂ ਦੀ ਉਡੀਕ ਵਿਚ ਕਈ ਸਾਲ ਲੰਘ ਗਏ। ਅਖੀਰ ਵਰਕ ਪਰਮਿਟ ਮਿਲਣੋਂ ਵੀ ਬੰਦ ਹੋ ਗਿਆ। ਸਾਲ ਵਿਹਲਾ ਹੀ ਫਿਰਦਾ ਰਿਹਾ। ਵਕੀਲ ਨੇ ਦੁਬਾਰਾ ਅਪੀਲ ਕਰ ਕੇ ਵਰਕ ਪਰਮਿਟ ਦਿਵਾਇਆ। ਗੁਰੀ ਵੀ ਏਜੰਟ ਨਾਲ ਰਾਹ ਵਿਚ ਖੱਜਲ ਹੋ ਕੇ ਛੇ ਮਹੀਨਿਆਂ ਬਾਅਦ ਬਾਰਡਰ ਟੱਪ ਆਇਆ। ਦੋਵੇਂ ਕਰੀਬ 15 ਸਾਲਾਂ ਬਾਅਦ ਮਿਲੇ। ਭਰਾ, ਭਰਾਵਾਂ ਦੀਆਂ ਬਾਹਾਂ ਹੁੰਦੇ ਹਨ। ਥੋੜ੍ਹੇ ਦਿਨਾਂ ਬਾਅਦ ਗੁਰੀ ਦਾ ਵੀ ਰਿਫਿਊਜੀ ਕੇਸ ਕਰ ਦਿੱਤਾ। ਪਹਿਲੀ ਤਰੀਕੇ ਹੀ ਕੇਸ ਪਾਸ ਹੋ ਗਿਆ। ਜੱਗੀ ਦੇ ਜ਼ਖ਼ਮਾਂ ‘ਤੇ ਮਾਨੋ ਮਲ੍ਹਮ ਲੱਗ ਗਈ। ਗੁਰੀ ਨੂੰ ਪੱਕੇ ਪੈਰੀਂ ਕਰ ਕੇ ਉਹ ਹੁਣ ਸਟੋਰ ਦੇਖਣ ਲੱਗੇ। ਕਿਸੇ ਗੋਰੇ ਦਾ ਲੀਕਰ ਸਟੋਰ ਮਿਲ ਗਿਆ। ਚਾਰ ਲੱਖ ਡਾਲਰ ਜੱਗੀ ਨੇ ਦੇ ਕੇ ਸਟੋਰ ਖਰੀਦ ਲਿਆ, ਮਾਲਕ ਗੁਰੀ ਨੂੰ ਬਣਾਇਆ। ਭਤੀਜਾ ਸਕੂਲ ਪੜ੍ਹਨ ਲੱਗ ਪਿਆ। ਭਰਜਾਈ ਨੂੰ ਕਾਰ ਦਾ ਲਾਇਸੈਂਸ ਦੇ ਕੇ ਸਟੋਰ ‘ਤੇ ਹੀ ਕੰਮ ਕਰਨ ਲਾ ਲਿਆ। ਛੇ ਮਹੀਨੇ ਭਰਜਾਈ ਦੀਆਂ ਤਾਜ਼ੀਆਂ ਤੇ ਤੱਤੀਆਂ ਰੋਟੀਆਂ ਖਾ ਕੇ ਜੱਗੀ ਤਾਂ ਡੇਰੇ ਦੇ ਸਾਧ ਵਾਂਗੂੰ ਤੁਰਨੋਂ ਰਹਿ ਗਿਆ!
ਸਟੋਰ ਵਧੀਆ ਚੱਲ ਪਿਆ ਤੇ ਡਾਲਰ ਜੁੜਨ ਲੱਗੇ। ਬੱਸ, ਪਿੱਛੇ ਬਾਪੂ ਜਵਾਕਾਂ ਵਾਂਗ ਵਿਛੋੜੇ ਦੀ ਕੂਕ ਮਾਰਦਾ ਸੀ। ਫਿਰ ਉਸ ਨੂੰ ਵੀ ਵਿਜ਼ਟਰ ਵੀਜ਼ੇ ‘ਤੇ ਸੱਦ ਲਿਆ। ਤਾਸ਼ ਦੇ ਪੱਤਿਆਂ ਵਾਂਗ ਖਿੱਲਰਿਆ ਪਰਿਵਾਰ ਇਕ ਥਾਂ ਇਕੱਠਾ ਹੋ ਗਿਆ। ਅਪਾਰਟਮੈਂਟ ਦੀ ਰਿਹਾਇਸ਼ ਨਾਲ ਤੰਗੀ ਮਹਿਸੂਸ ਹੋਣ ਲੱਗੀ ਤਾਂ ਪੰਜ ਬੈੱਡਰੂਮ ਵਾਲਾ ਘਰ ਖਰੀਦ ਲਿਆ। ਘਰ ਦੇ ਪੇਪਰ ਵਗੈਰਾ ਤਿਆਰ ਕਰਨ ਲੱਗੇ ਤਾਂ ਸੁੱਖੀ ਨੇ ਜੱਗੀ ਦੇ ਕੰਨ ਵਿਚ ਫੂਕ ਮਾਰੀ, “ਵੀਰੇ! ਘਰ ਆਪਣੇ ਨਾਂ ਕਰਾ ਲੈ। ਲੱਖ ਡਾਲਰ ਤੂੰ ਲਾਉਣ ਲੱਗਿਐਂ। ਮੈਨੂੰ ਭਰਜਾਈ ਦਾ ਸੁਭਾਅ ਚੰਗਾ ਨਹੀਂ ਲੱਗਾ।” ਸੁੱਖੀ ਨੇ ਸਲਾਹ ਤਾਂ ਚੰਗੀ ਦਿੱਤੀ ਸੀ, ਪਰ ਜੱਗੀ ਨੂੰ ਤਲਵਾਰ ਵਾਂਗ ਲੱਗੀ।
ਜੱਗੀ ਨੇ ਭੈਣ ਦੀ ਸਲਾਹ ਅਣਗੌਲੀ ਕਰ ਕੇ ਘਰ ਵੀ ਗੁਰੀ ਦੇ ਨਾਂ ਲੁਆ ਦਿੱਤਾ। ਘਰ ਦੀਆਂ ਚਾਬੀਆਂ ਮਿਲੀਆਂ, ਸਾਰਾ ਫਰਨੀਚਰ ਪਾਇਆ। ਮਹਿਲਾਂ ਵਰਗਾ ਘਰ। ਜੱਗੀ ਨੂੰ ਲੱਗਾ, ਕਿਸਮਤ ਖੁੱਲ੍ਹ ਗਈ ਹੈ, ਹੁਣ ਦੁਬਾਰਾ ਵਿਆਹ ਕਰਵਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰੇਗਾ, ਪਰ ਪਰਦੇਸੀ ਜੇਠੇ ਪੁੱਤ ਨੂੰ ਨਿੱਤ ਨਵੀਂ ਕੁਰਬਾਨੀ ਦੇਣੀ ਪੈਂਦੀ ਹੈ। ਘਰ ਵਿਚ ਸੁਖਮਨੀ ਸਾਹਿਬ ਦੇ ਪਾਠ ਨੂੰ ਅਜੇ ਮਹੀਨਾ ਵੀ ਨਹੀਂ ਸੀ ਹੋਇਆ ਕਿ ਗੁਰੀ ਦੀ ਪਤਨੀ ਰੋਜ਼ੀ ਅੱਖਾਂ ਦਿਖਾਉਣ ਲੱਗ ਪਈ। ਦੋ-ਚਾਰ ਵਾਰ ਤਾਂ ਜੱਗੀ ਨੇ ਸੋਚਿਆ ਕਿ ਚਲੋ ਹਾਸੇ-ਮਾਖੌਲ ਵਿਚ ਕਹਿ ਰਹੀ ਹੈ। ਇਕ ਦਿਨ ਜੱਗੀ ਨੇ ਕਿਹਾ, “ਭਰਜਾਈ ਮੇਰੇ ਕੱਪੜੇ ਪ੍ਰੈਸ ਕਿਉਂ ਨਹੀਂ ਕਰਦੀ, ਬਾਕੀ ਸਾਰੇ ਪ੍ਰੈਸ ਹੁੰਦੇ।”
“ਮੈਂ ਤੇਰੀ ਨੌਕਰਾਣੀ ਨਹੀਂ, ਘਰ ਦੀ ਮਾਲਕਣ ਹਾਂ। ਜੇ ਪ੍ਰੈਸ ਕਰਵਾਉਣੇ ਹਨ ਤਾਂ ਨੌਕਰਾਣੀ ਰੱਖ ਲੈ।” ਰੋਜ਼ੀ ਨੇ ਜਵਾਬ ਦਿੱਤਾ।
ਜੱਗੀ ਨੂੰ ਲੱਗਾ, ਉਸ ਦਾ ਦਿਲ ਨਿਕਲ ਕੇ ਥੱਲੇ ਡਿੱਗ ਪਿਆ ਹੈ। ਫਿਰ ਉਹ ਸੰਭਲਿਆ ਤੇ ਬਾਹਰ ਤੁਰ ਗਿਆ। ਸਾਰਾ ਦਿਨ ਸੋਚਦਾ ਰਿਹਾ, ਰੋਜ਼ੀ ਦੇ ਇਸ ਵਿਹਾਰ ਬਾਰੇ ਗੁਰੀ ਨੂੰ ਦੱਸੇ ਕਿ ਨਾ। ਜੱਗੀ ਗੱਲ ਨੂੰ ਅੰਦਰੇ ਹੀ ਘੁੱਟ ਗਿਆ, ਪਰ ਰੋਜ਼ੀ ਨੇ ਗੱਲ ਬਹੁਤ ਵੱਡੀ ਬਣਾ ਕੇ ਗੁਰੀ ਦੇ ਕੰਨਾਂ ਵਿਚ ਪਾ ਦਿੱਤੀ। ਭਰਜਾਈ ਨੇ ਭਰਾਵਾਂ ਦੇ ਪਿਆਰ ਵਿਚ ਐਸਾ ਵਾਰ ਕੀਤਾ, ਜੱਗੀ ਕਿਤੇ ਤੇ ਗੁਰੀ ਕਿਤੇ। ਦਿਲ ਵਿਚ ਅੰਗਿਆਰ ਲੈ ਜੱਗੀ, ਸੁੱਖੀ ਦੇ ਘਰ ਗਿਆ ਤੇ ਸਾਰੀ ਕਹਾਣੀ ਕਹਿ ਸੁਣਾਈ। ਸੁੱਖੀ ਨੇ ਕਿਹਾ, “ਵੀਰੇ! ਮੈਨੂੰ ਪਹਿਲਾਂ ਹੀ ਪਤਾ ਸੀ, ਭੁੱਖੇ ਦੀ ਧੀ ਰੱਜੀ ਤੇ ਪਿੰਡ ਉਜਾੜਨ ਲੱਗੀ; ਪਰ ਤੂੰ ਉਦੋਂ ਮੰਨਿਆ ਨਹੀਂ। ਸਟੋਰ ਵੀ ਉਨ੍ਹਾਂ ਦੇ ਨਾਮ ਹੈ ਤੇ ਘਰ ਵੀ, ਤੇਰੇ ਕੋਲ ਤਾਂ ਅਟੈਚੀ ਤੇ ਕਾਰ ਹੈ। ਕਾਨੂੰਨ ਦੀ ਮਦਦ ਲਵਾਂਗੇ ਤਾਂ ਆਪਣਾ ਹੀ ਢਿੱਡ ਨੰਗਾ ਹੋਣਾ। ਹੁਣ ਗੁਰੀ ਨਾਲ ਗੱਲ ਕਰ। ਬਾਪੂ ਨੂੰ ਸਾਰਾ ਕੁਝ ਦੱਸ। ਫਿਰ ਜਿਵੇਂ ਬਾਪੂ ਕਹੂ, ਉਸੇ ਤਰ੍ਹਾਂ ਕਰ ਲਈਂ।”
ਜੱਗੀ, ਸੁੱਖੀ ਦੀਆਂ ਗੱਲਾਂ ਸੁਣ ਕੇ ਵਾਪਸ ਆ ਗਿਆ। ਗੁਰੀ ਤੇ ਰੋਜ਼ੀ ਨੇ ਪਹਿਲਾਂ ਹੀ ਬਾਪੂ ਨੂੰ ਗੱਲਾਂ ਸੁਣਾ ਕੇ ਆਪਣੇ ਹੱਕ ਵਿਚ ਖੜ੍ਹਾ ਕਰ ਲਿਆ। ਜਦੋਂ ਜੱਗੀ ਨੇ ਬਾਪੂ ਨਾਲ ਗੱਲ ਤੋਰੀ, ਬਾਪੂ ਗਲ ਪੈ ਗਿਆ। ਫਿਰ ਉਸ ਨੇ ਵਕੀਲ ਰਾਹੀਂ ਇਸ ਦਾ ਹੱਲ ਲੱਭਿਆ ਤੇ ਕਾਰਵਾਈ ਸ਼ੁਰੂ ਕੀਤੀ। ਸੁੱਖੀ ਦੇ ਘਰਵਾਲੇ ਨੇ ਰੋਜ਼ੀ ਨੂੰ ਉਸ ਦੀ ਅਸਲੀਅਤ ਤੋਂ ਜਾਣੂ ਕਰਵਾਇਆ। ਵਕੀਲ ਅਨੁਸਾਰ, ਸਟੋਰ ਤੇ ਘਰ ਦੋਵੇਂ ਵੇਚਣ ‘ਤੇ ਲਾ ਦਿਤੇ। ਦੋਵਾਂ ਦੇ ਪੈਸੇ ਅੱਧੋ-ਅੱਧ ਹੋਣਗੇ। ਫਿਰ ਹੋਇਆ ਵੀ ਇੰਜ ਹੀ। ਸਟੋਰ ਤੇ ਘਰ ਵਿਕ ਗਿਆ। ਜੱਗੀ ਨੂੰ ਜੋ ਮਿਲਿਆ, ਉਹ ਲੈ ਕੇ ਚੁੱਪ ਵੱਟ ਗਿਆ। ਰੋਜ਼ੀ ਮਹਿਲਾਂ ਵਰਗਾ ਘਰ ਛੱਡ ਕੇ ਫਿਰ ਅਪਾਰਟਮੈਂਟ ਵਿਚ ਆ ਗਈ। ਗੁਰੀ ਮਾਲਕ ਤੋਂ ਨੌਕਰ ਬਣ ਗਿਆ। ਜੱਗੀ ਨੇ ਫਿਰ ਸੁੱਖੀ ਦੇ ਘਰਵਾਲੇ ਨਾਲ ਸਟੋਰ ਲੈ ਲਿਆ ਜੋ ਵਧੀਆ ਚਲਦਾ ਹੈ। ਗੁਰੀ ਹੁਣ ਵੀ ਕਹਿ ਦਿੰਦਾ ਹੈ ਕਿ ‘ਸਾਡਾ ਘਰ ਸਾਡੀ ਭੈਣ ਨੇ ਪੱਟਿਆ ਹੈ।’ ਗੁਰੀ ਤੇ ਰੋਜ਼ੀ ਨੂੰ ਘਰ ਤੇ ਸਟੋਰ ਦੇ ਮਿਲੇ ਪੈਸੇ ਪਤਾ ਨਹੀਂ ਕਿਧਰ ਚਲੇ ਗਏ। ਉਨ੍ਹਾਂ ਦਾ ਹਾਲ ਮੰਦਾ ਹੀ ਹੈ, ਜੱਗੀ ਕੋਲ ਫਿਰ ਸਭ ਕੁਝ ਹੈ।