ਜੰਗਲ ਦੀਆਂ ਬਾਤਾਂ

ਜੰਗਲਨਾਮਾ-6
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ।

ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ। ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ

ਸਤਨਾਮ
“ਸਾਥੀ ਕੋਸਾ!”
ਮੇਰੀ ਆਵਾਜ਼ ਉਤੇ ਕੋਸਾ ਨਾਮ ਦੇ ਇਸ ਗੁਰੀਲੇ, ਜਿਹੜਾ ਮੇਰੇ ਹੀ ਤੰਬੂ ਦਾ ਸੀ ਅਤੇ ਮੇਰਾ ਨਵਾਂ ਗਾਰਡ ਸੀ, ਮੇਰੇ ਵੱਲ ਤੱਕਿਆ।
“ਅੱਜ ਨਹਾਉਣ ਚੱਲੀਏ?”
“ਜ਼ਰੂਰ ਚੱਲਾਂਗੇ। ਮੈਨੂੰ ਨਹਾਉਣ ਦਾ ਬੜਾ ਮਜ਼ਾ ਆਉਂਦੈ। ਨਾਲੇ ਬਾਂਬੂ ਸ਼ੂਟ ਲੈ ਕੇ ਆਵਾਂਗੇ।”
ਬਾਂਬੂ ਸ਼ੂਟ! ਬਾਂਸ ਦੀਆਂ ਨਰਮ ਕੂਲੀਆਂ ਪੋਰੀਆਂ। ਆਗ ਤੋਂ ਹੇਠਾਂ ਦੀਆਂ ਚਾਰ ਪੰਜ। ਬਰਸਾਤ ਦੇ ਬਾਅਦ ਦੋ ਮਹੀਨੇ ਤੱਕ ਇਹ ਮਿਲਦੀਆਂ ਰਹਿੰਦੀਆਂ ਹਨ। ਜੰਗਲਾਂ ਤੋਂ ਬਾਹਰ ਸ਼ਾਇਦ ਟਾਵਾਂ ਟੱਲਾ ਹੀ ਜਾਣਦਾ ਹੈ ਕਿ ਬਾਂਸ ਦੀ ਸਬਜ਼ੀ ਵੀ ਬਣਦੀ ਹੈ। ਬਾਂਸ ਕਿਸਾਨ ਵਾਸਤੇ ਡਾਂਗ ਲਈ, ਅਮੀਰ ਵਾਸਤੇ ਫਰਨੀਚਰ ਲਈ, ਗਰੀਬ ਵਾਸਤੇ ਝੁੱਗੀ ਲਈ, ਬੁੱਢਿਆਂ ਵਾਸਤੇ ਡੰਗੋਰੀ ਲਈ, ਠੇਕੇਦਾਰਾਂ ਵਾਸਤੇ ਕਮਾਈ ਲਈ ਅਤੇ ਕਬਾਇਲੀਆਂ ਵਾਸਤੇ ਲੱਕ-ਤੋੜਵੀਂ ਮਿਹਨਤ ਲਈ ਤੇ ਇਸ ਦੀ ਬੇ-ਸੁਆਦ ਸਬਜ਼ੀ ਲਈ ਧਰਤੀ ਉਪਰ ਪੈਦਾ ਹੋਇਆ ਹੈ।
ਜਦ ਉਸ ਨੇ ਕਿਹਾ ਸੀ ਕਿ ‘ਨਾਲੇ ਬਾਂਬੂ ਸ਼ੂਟ ਲੈਕੇ ਆਵਾਂਗੇ’ ਤਾਂ ਮੈਂ ਸਮਝਿਆ ਕਿ ਇਸ ਦੀ ਸਬਜ਼ੀ ਬਹੁਤ ਸਵਾਦ ਹੁੰਦੀ ਹੋਵੇਗੀ, ਇਸੇ ਲਈ ਖੁਸ਼ੀ ਜ਼ਾਹਰ ਕਰ ਰਿਹਾ ਹੈ; ਪਰ ਬਾਅਦ ਵਿਚ ਉਸ ਨੇ ਦੱਸਿਆ ਕਿ ਬਾਂਸ ਦੀ ਸਬਜ਼ੀ ‘ਨਾ ਹੋਣ ਤੋਂ ਚੰਗੀ’ ਹੈ। ਕੋਸਾ ਨੇ ਹੋਰ ਵੀ ਬਹੁਤ ਕੁਝ ਕਿਹਾ ਤੇ ਦੱਸਿਆ। ਮੈਂ ਤੁਹਾਨੂੰ ਉਸੇ ਦੇ ਸ਼ਬਦਾਂ ਸਾਹਮਣੇ ਕਰ ਦੇਂਦਾ ਹਾਂ:
“ਤੁਸੀਂ ਜਾਨਣਾ ਚਾਹੋਗੇ ਕਿ ਅਸੀਂ ਏਥੇ ਕੀ ਕੀ ਖਾਂਦੇ ਹਾਂ? ਮੱਛੀ, ਚੌਲ, ਸ਼ਿਕਾਰ, ਫਲ ਆਦਿ, ਬਹੁਤ ਲੁਭਾਉਣੀਆਂ ਚੀਜ਼ਾਂ ਲਗਦੀਆਂ ਹਨ। ਦੂਰ ਤੋਂ ਇੰਜ ਲਗਦਾ ਹੋਵੇਗਾ ਕਿ ਜੰਗਲ ਦੀ ਜ਼ਿੰਦਗੀ ਸਭ ਤੋਂ ਵਧੀਆ ਜ਼ਿੰਦਗੀ ਹੈ ਜਿਥੇ ਖਾਣ ਦੀਆਂ ਚੀਜ਼ਾਂ ਦੀ ਕਦੇ ਤੋਟ ਨਹੀਂ ਆਉਂਦੀ ਹੋਵੇਗੀ। ਤੁਸੀਂ ਜਦ ਇਸ ਕੈਂਪ ਤੋਂ ਬਾਹਰ ਨਿਕਲੋਗੇ ਤੇ ਪਿੰਡਾਂ ‘ਚ ਘੁੰਮੋਗੇ ਤਾਂ ਤੁਹਾਨੂੰ ਕੋਈ ਵੀ ਆਦਮੀ ਜਾਂ ਔਰਤ ਵੱਡੀ ਉਮਰ ਦੇ ਨਹੀਂ ਮਿਲਣਗੇ। ਅਸੀਂ ਮੁਸ਼ਕਲ ਨਾਲ ਹੀ ਪੰਜਾਹਾਂ ਤੱਕ ਪਹੁੰਚਦੇ ਹਾਂ। ਪੰਜਾਹਾਂ ਤੱਕæææ ਜੇ ਮੈਂ ਗ਼ਲਤੀ ਨਹੀਂ ਖਾ ਰਿਹਾ ਤਾਂ ਇਹ ਪੰਜਾਹ ਹੀ ਹੋਣਗੇ। ਮੌਤ, ਜਨਮ ਤੋਂ ਹੀ ਸਾਡਾ ਪਿੱਛਾ ਕਰਨ ਲਗਦੀ ਹੈ ਤੇ ਪੰਜਾਹਾਂ ਤੱਕ ਪਹੁੰਚਦੇ ਪਹੁੰਚਦੇ ਹਰ ਕਿਸੇ ਨੂੰ ਦਬੋਚ ਲੈਂਦੀ ਹੈ। ਨਦੀਆਂ ਨਾਲੇ ਸੁੱਕ ਜਾਂਦੇ ਹਨ ਤਾਂ ਮੱਛੀਆਂ, ਕੇਕੜੇ, ਘੋਗਿਆਂ ਦਾ ਕਾਲ ਪੈ ਜਾਂਦਾ ਹੈ। ਉਸ ਕਾਲ ਸਮੇਂ ਜੇ ਕਿਸੇ ਨੂੰ ਮੱਛੀ ਮਿਲ ਜਾਵੇ ਤਾਂ ਉਸ ਜਿਹਾ ਦੁਨੀਆਂ ਉਤੇ ਹੋਰ ਕੋਈ ਨਹੀਂ। ਸੋ ਅਸੀਂ ਉਸ ਸਮੇਂ ਵਾਸਤੇ ਕੁਝ ਮੱਛੀ ਸੁਕਾ ਕੇ ਰੱਖ ਲੈਂਦੇ ਹਾਂ। ਜਦ ਮੱਛੀ ਬਹੁਤ ਹੁੰਦੀ ਹੈ ਤਾਂ ਬਾਂਬੂ ਵੀ ਬਹੁਤ ਹੁੰਦਾ ਹੈ, ਪਰ ਇਸ ਨੇ ਮੱਛੀ ਤੋਂ ਬਹੁਤ ਪਹਿਲਾਂ ਸੁੱਕ ਕੇ ਲੱਕੜ ਹੋ ਜਾਣਾ ਹੁੰਦਾ ਹੈ। ਅਸੀਂ ਮੱਛੀ ਨੂੰ ਬਚਾਉਂਦੇ ਹਾਂ ਤੇ ਬਾਂਸ ਦੀ ਵਰਤੋਂ ਕਰਦੇ ਹਾਂ। ਪੁਸ਼ਤਾਂ ਤੋਂ ਸਾਡੇ ਵੱਡ-ਵਡੇਰਿਆਂ ਨੇ ਇਸ ਦੀ ਜ਼ਰੂਰਤ ਮਹਿਸੂਸ ਕੀਤੀ ਹੋਵੇਗੀ ਤੇ ਉਨ੍ਹਾਂ ਇਹ ਢੰਗ ਕੱਢ ਲਿਆ: ਮੱਛੀ ਬਚਾਓ ਤੇ ਬਾਂਸ ਖਾਓ। ਨਹੀਂ ਤਾਂ ਮੱਛੀ ਦੇ ਦਿਨਾਂ ‘ਚ ਬਾਂਸ ਕੌਣ ਖਾਣਾ ਚਾਹੇਗਾ? ਇਹ ਸਵਾਦ ਨਹੀਂ ਹੁੰਦਾ, ਪਰ ਸਾਡੇ ਦਿਨ ਲੰਘਾ ਦੇਂਦਾ ਹੈ ਜਿਸ ਨਾਲ ਮੱਛੀ ਬਚ ਜਾਂਦੀ ਹੈ। ਬਾਕੀ ਦਾ ਸਮਾਂ ਅਸੀਂ ਮੱਛੀ ਵੀ ਖਾਂਦੇ ਹਾਂ ਤੇ ਕੰਦ-ਮੂਲ ਵੀ। ਕੰਦ-ਮੂਲ ਸਾਨੂੰ ਸਰਦੀਆਂ ਦੇ ਖ਼ਤਮ ਹੋਣ ਤੋਂ ਬਾਅਦ ਮਿਲਣ ਲਗਦਾ ਹੈ। ਉਨ੍ਹਾਂ ਦਿਨਾਂ ਵਿਚ ਨਦੀਆਂ ‘ਚ ਮੱਛੀ ਨਹੀਂ ਹੁੰਦੀ, ਸੋ ਅਸੀਂ ਪੌਦਿਆਂ ਨੂੰ ਜੜ੍ਹਾਂ ਤੋਂ ਉਖਾੜਦੇ ਹਾਂ ਤੇ ਉਨ੍ਹਾਂ ਵਿਚ ਛੁਪੇ ਭੋਜਨ ਨਾਲ ਗੁਜ਼ਾਰਾ ਕਰਦੇ ਹਾਂ। ਕੰਦ-ਮੂਲ ਨਾ ਮਿਲਣ ਤਾਂ ਜੀਣਾ ਅਸੰਭਵ ਹੋ ਜਾਵੇ। ਇਹ ਪਹਿਲਾਂ ਹੀ ਬਹੁਤ ਮੁਸ਼ਕਲ ਹੋ ਚੁੱਕਾ ਹੁੰਦਾ ਹੈ। ਸਰਦੀਆਂ ਵਿਚ ਸਾਡੇ ਬੱਚੇ ਵੀ ਮਰਦੇ ਹਨ ਤੇ ਪਸ਼ੂ ਵੀ। ਜੰਗਲ ਵਿਚ ਘਾਹ ਤੇ ਪੌਦੇ ਸੁੱਕ ਜਾਂਦੇ ਹਨ। ਬੱਕਰੀਆਂ ਤੇ ਗਾਵਾਂ ਦੇ ਚਰਨ ਲਈ ਕੁਝ ਨਹੀਂ ਰਹਿੰਦਾ, ਪਿੰਜਰ ਨਿਕਲ ਆਉਂਦੇ ਹਨ। ਇਸ ਤੋਂ ਪਹਿਲਾਂ ਕਿ ਪਸ਼ੂ ਮਰ ਜਾਵੇ, ਅਸੀਂ ਉਸ ਨੂੰ ਵੱਢ ਲੈਂਦੇ ਹਾਂ ਤੇ ਸਾਰੇ ਰਲ ਕੇ ਖਾਂਦੇ ਹਾਂ। ਜੇ ਅਸੀਂ ਪਸ਼ੂਆਂ ਦਾ ਭੋਜਨ ਨਾ ਵਰਤੀਏ ਤਾਂ ਪਸ਼ੂ ਵੀ ਮਰਨਗੇ ਤੇ ਲੋਕ ਵੀ। ਤੁਸੀਂ ਕੱਲ੍ਹ ਪਹਿਲੀ ਵਾਰ ਜ਼ਿੰਦਗੀ ਵਿਚ ਗਾਂ ਦਾ ਮਾਸ ਖਾਧਾ ਹੋਵੇਗਾ। ਅਸੀਂ ਜਾਣਦੇ ਹਾਂ ਕਿ ਜੰਗਲ ਤੋਂ ਬਾਹਰ ਦੇ ਲੋਕ ਇਸ ਨੂੰ ਨਹੀਂ ਖਾਂਦੇ। ਉਨ੍ਹਾਂ ਨੂੰ ਹੋਰ ਬਹੁਤ ਕੁਝ ਮਿਲ ਜਾਂਦਾ ਹੋਵੇਗਾ। ਉਨ੍ਹਾਂ ਦੇ ਨਦੀਆਂ ਨਾਲੇ ਨਹੀਂ ਸੁੱਕਦੇ ਹੋਣਗੇ। ਘਾਹ ਤੇ ਚਾਰਾ ਸਾਰਾ ਸਾਲ ਰਹਿੰਦੇ ਹੋਣਗੇ। ਸੋ ਉਨ੍ਹਾਂ ਨੂੰ ਗਾਵਾਂ ਨੂੰ ਵੱਢਣਾ ਨਹੀਂ ਪੈਂਦਾ। ਸਾਡੀ ਜ਼ਿੰਦਗੀ ਦੀਆਂ ਏਥੇ ਹੋਰ ਤਰ੍ਹਾਂ ਦੀਆਂ ਮੰਗਾਂ ਹਨ। ਅਸੀਂ ਆਪਣੀਆਂ ਜ਼ਰੂਰਤਾਂ ਮੁਤਾਬਕ ਚੱਲਦੇ ਹਾਂ। ਨਹੀਂ ਤਾਂ ਏਥੇ ਜ਼ਿੰਦਗੀ ਰੁਕ ਜਾਵੇ।”
ਕੋਸਾ ਗੌਂਡ ਸੀ, ਜੰਗਲ ਦਾ ਨਿਵਾਸੀ। ਉਸ ਨੇ ਬੁੱਢਿਆਂ ਵਾਂਗ ਆਪਣੀ ਗੱਲ ਕਹੀ ਜਿਵੇਂ ਉਸ ਦੀ ਉਮਰ ਰੁੱਖਾਂ ਜਿੰਨੀ ਲੰਬੀ ਹੋਵੇ ਅਤੇ ਉਸ ਨੇ ਕਈ ਪੀੜ੍ਹੀਆਂ ਨੂੰ ਆਪਣੀ ਛਾਂ ਹੇਠ ਜੰਮਦੇ, ਜਵਾਨ ਹੁੰਦੇ ਤੇ ਫਿਰ ਅੱਧਖੜ ਉਮਰ ਤਕ ਪਹੁੰਚਦੇ ਪਹੁੰਚਦੇ ਮਰਦੇ ਦੇਖਿਆ ਹੋਵੇ। ਪੀੜ੍ਹੀ-ਦਰ-ਪੀੜ੍ਹੀ ਦੀ ਜ਼ਿੰਦਗੀ ਦਾ ਤਜਰਬਾ, ਜੋ ਮਨੁੱਖ ਅੰਦਰ ਸਹਿਜ-ਸੁਭਾਅ ਪ੍ਰਗਟ ਹੁੰਦਾ ਹੈ, ਕੋਸਾ ਨੇ ਉੁਸ ਨੂੰ ਸ਼ਬਦਾਂ ਵਿਚ ਪਰੋ ਕੇ ਪੇਸ਼ ਕਰਨ ਦੀ ਜਾਚ ਸਿੱਖ ਲਈ ਸੀ। ਮੈਂ ਸੋਚਿਆ ਕਿ ਜੰਗਲ ਵਿਚ ਉਹ ਮੇਰਾ ਗਾਰਡ ਨਹੀਂ, ਸਗੋਂ ਗਾਈਡ ਹੋਣਾ ਚਾਹੀਦਾ ਹੈ; ਕਿਉਂਕਿ ਉਹ ਮੈਨੂੰ ਪੌਦਿਆਂ, ਰੁੱਖਾਂ, ਪੱਥਰਾਂ, ਜਾਨਵਰਾਂ, ਨਦੀਆਂ ਅਤੇ ਗੌਂਡ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਵੱਡੀ ਜਾਣਕਾਰੀ ਦੇ ਸਕਦਾ ਹੈ। ਕੋਸਾ ਖ਼ਜ਼ਾਨੇ ਵਾਂਗ ਸੀ। ਬੀਤਿਆ ਕਾਲ ਉਸ ਦੇ ਜ਼ਿਹਨ ਵਿਚ ਭਰਿਆ ਪਿਆ ਸੀ। ਹਾਲ ਉਤੇ ਉਸ ਦੀ ਵਾਹਵਾ ਪਕੜ ਸੀ ਅਤੇ ਆਉਣ ਵਾਲਾ ਵਕਤ ਕਿਹੋ ਜਿਹਾ ਹੋ ਸਕਦਾ ਹੈ, ਇਸ ਦਾ ਉਹ ਝਲਕਾਰਾ ਦੇਂਦਾ ਸੀ।
ਸਵੇਰ ਦੀ ਹਾਜ਼ਰੀ ਤੋਂ ਬਾਅਦ ਅਸੀਂ ਕਸਰਤ ਮੈਦਾਨ ਨਹੀਂ ਗਏ ਸਗੋਂ ਜੰਗਲ ਵਿਚ ਘੁੰਮਣ ਨਿਕਲ ਗਏ। ਆਪਣੇ ਵਿਸ਼ੇ ਉਤੇ ਪਰਤਣ ਵਿਚ ਸਾਨੂੰ ਜ਼ਿਆਦਾ ਦੇਰ ਨਹੀਂ ਲੱਗੀ। ਕੋਸਾ ਨੇ ਦੱਸਿਆ ਕਿ ਜਦ ਕੰਦ-ਮੂਲ ਵੀ ਢਿੱਡ ਭਰਨ ਲਈ ਨਾ-ਕਾਫ਼ੀ ਰਹਿੰਦੇ ਹਨ ਤਾਂ ਉਹ ਲਾਲ ਕੀੜਿਆਂ ਦੀ ਸਬਜ਼ੀ ਬਣਾਉਂਦੇ ਹਨ। ਇਹ ਆਕਾਰ ਅਤੇ ਸ਼ਕਲ ਵਿਚ ਕਾਲੇ ਰੰਗ ਦੇ ਕਾਢਿਆਂ ਜਿਹੇ ਹੀ ਹੁੰਦੇ ਹਨ, ਪਰ ਰੰਗ ਵਿਚ ਲਾਲ। ਕਬਾਇਲੀ ਇਨ੍ਹਾਂ ਦੀ ਖੁੱਡ ਵਿਚ ਪਾਣੀ ਪਾਉਂਦੇ ਹਨ ਜਾਂ ਉਥੇ ਕੋਈ ਪੱਕਾ ਹੋਇਆ ਫਲ ਰੱਖ ਦੇਂਦੇ ਹਨ। ਢੇਰ ਸਾਰੇ ਕੀੜੇ ਖੁੱਡ ਚੋਂ ਬਾਹਰ ਆਉਣ ਲਗਦੇ ਹਨ ਜਿਨ੍ਹਾਂ ਨੂੰ ਫੜ ਕੇ ਉਹ ਪੱਤਿਆਂ ਵਿਚ ਬੰਨ੍ਹ ਕੇ ਗੱਠ ਬਣਾ ਲੈਂਦੇ ਹਨ। ਇਸ ਗੱਠ ਵਿਚੋਂ ਕੋਈ ਵੀ ਕੀੜਾ ਬਾਹਰ ਨਹੀਂ ਨਿਕਲ ਸਕਦਾ। ਸਿਲ ਉਤੇ ਰਗੜ ਕੇ ਉਹ ਇਨ੍ਹਾਂ ਕੀੜਿਆਂ ਦੀ ਚਟਣੀ ਬਣਾ ਲੈਂਦੇ ਹਨ ਜਿਸ ਨੂੰ ਉਹ ਤੜਕਾ ਲਾ ਕੇ ਭੁੰਨ ਲੈਂਦੇ ਹਨ। ਲੂਣ ਮਿਰਚ ਪਾਓ ਤੇ ਲਜ਼ੀਜ਼ ਚੀਜ਼ ਤਿਆਰ ਹੋ ਜਾਂਦੀ ਹੈ ਜਿਹੜੀ ਮੂੰਹੋਂ ਨਹੀਂ ਲੱਥਦੀ।
ਬਾਂਸ ਅਤੇ ਭਾਂਤ ਭਾਂਤ ਦੀ ਲੱਕੜੀ ਦੇ ਐਨੇ ਵਿਸ਼ਾਲ ਘਰ ਵਿਚ ਹੁਨਰ ਤੇ ਕਲਾ ਬਾਰੇ ਮੈਂ ਕੋਸਾ ਤੋਂ ਜਾਨਣਾ ਚਾਹਿਆ।
“ਅਜਿਹਾ ਏਥੇ ਕੁਝ ਨਹੀਂ ਹੈ। ਬਾਂਸ, ਸਾਗਵਾਨ, ਇੰਗਿਰ, ਦਿਓ ਕੱਦ ਮਹੂਆ ਅਤੇ ਅਮਲਤਾਸ ਜਿਹੇ ਅਨੇਕ ਰੁੱਖਾਂ ਨਾਲ ਜੰਗਲ ਭਰਿਆ ਪਿਐ, ਪਰ ਇਨ੍ਹਾਂ ਦੀ ਵਰਤੋਂ ਅਸੀਂ ਨਹੀਂ ਸਿੱਖੇ ਹੋਏ। ਹੁਨਰ ਦੇ ਵਿਕਸਤ ਹੋਣ ਵਾਸਤੇ ਪਹਿਲਾਂ ਢਿੱਡ ਦਾ ਭਰੇ ਹੋਣਾ ਜ਼ਰੂਰੀ ਹੈ। ਇਹ ਪਹਿਲੀ ਸ਼ਰਤ ਹੈ। ਏਥੇ ਇਹੀ ਸ਼ਰਤ ਪੂਰੀ ਨਹੀਂ ਹੁੰਦੀ। ਅਸੀਂ ਜਾਂ ਝੁੱਗੀਆਂ ਪਾਉਂਦੇ ਹਾਂ ਜਾਂ ਫਿਰ ਚੌਲਾਂ ਦੇ ਰੱਖਣ ਵਾਸਤੇ ਬੈਂਤ ਦੇ ਢੋਲ ਬੁਣਦੇ ਹਾਂ। ਜਿਥੇ ਲੋਕ ਨੰਗੀ ਜ਼ਮੀਨ ਉਤੇ ਅੱਗ ਦੁਆਲੇ ਸੌਂਦੇ ਹੋਣ, ਉਥੇ ਕੁਰਸੀਆਂ ਮੇਜ਼ਾਂ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਇਹ ਸ਼ਹਿਰੀ ਲੋਕਾਂ ਦੀ ਜ਼ਰੂਰਤ ਹੋ ਸਕਦੀ ਹੈ, ਪਰ ਏਥੇ ਇਹ ਸਮੇਂ ਦੀ ਬਰਬਾਦੀ ਗਿਣੀ ਜਾਵੇਗੀ। ਠੇਕੇਦਾਰ ਭਾਵੇਂ ਜੰਗਲਾਂ ਦੇ ਜੰਗਲ ਵਢਾ ਲੈਣ, ਕਬਾਇਲੀ ਵੱਢ ਦੇਣਗੇ; ਇਸ ਦੇ ਉਨ੍ਹਾਂ ਨੂੰ ਪੈਸੇ ਮਿਲਦੇ ਹਨ, ਭਾਵੇਂ ਥੋੜ੍ਹੇ ਹੀ ਕਿਉਂ ਨਾ ਮਿਲਣ, ਪਰ ਕੁਰਸੀਆਂ ਮੇਜ਼ ਏਥੇ ਕੌਣ ਖਰੀਦੇਗਾ? ਤੁਸੀਂ ਇਨ੍ਹਾਂ ਚੀਜ਼ਾਂ ‘ਤੇ ਸਮਾਂ ਬਰਬਾਦ ਕਰ ਕੇ ਬਾਅਦ ‘ਚ ਇਨ੍ਹਾਂ ਨੂੰ ਸਿਓਂਕ ਦੇ ਹਵਾਲੇ ਨਹੀਂ ਕਰ ਸਕਦੇ।”
ਲੂਣ, ਮਿਰਚ ਤੇ ਹਲਦੀ ਦੀ ਜ਼ਰੂਰਤ ਨੇ ਠੇਕੇਦਾਰਾਂ ਤੇ ਵਪਾਰੀਆਂ ਨੂੰ ਕਬਾਇਲੀਆਂ ਉਤੇ ਰਾਜ ਕਰਨ ਲਾ ਦਿੱਤਾ। ਨਾ ਕਬਾਇਲੀ ਆਦਮੀ ਦੀ ਕੋਈ ਹਸਤੀ ਰਹੀ, ਨਾ ਔਰਤ ਦੀ। ਜਦ ਚਾਹਿਆ, ਡੰਗਰਾਂ ਵਾਂਗ ਹਿੱਕਿਆ ਤੇ ਕਟਾਈ ਕਰਵਾ ਲਈ; ਜਦ ਚਾਹਿਆ, ਧਰਤੀ ਪੁੱਟਣ ਲਾ ਦਿੱਤਾ; ਜਦ ਚਾਹਿਆ, ਕਿਸੇ ਔਰਤ ਨੂੰ ਚੁੱਕ ਲਿਆ। ਲੋਹਾ, ਮੈਂਗਨੀਜ਼, ਹੀਰੇ, ਲੱਕੜ ਕੀ ਕੀ ਨਹੀਂ ਲੈ ਗਏ। ਇਸ ਦੌਲਤ ਦਾ ਕੋਈ ਅੰਦਾਜ਼ਾ ਨਹੀਂ ਲਗਦਾ, ਇਹ ਬੇ-ਸ਼ੁਮਾਰ ਹੈ। ਤੇ ਕਬਾਇਲੀ? ਨੰਗੇ ਦੇ ਨੰਗੇ। ਉਹੀ ਭੁੱਖ, ਉਹੀ ਬਿਮਾਰੀ, ਉਹੀ ਮੌਤ, ਉਹੀ ਲਾਚਾਰਗੀ, ਉਹੀ ਪਸ਼ੂਆਂ ਵਾਲਾ ਜੀਵਨ। ਕੋਸਾ ਕਹਿੰਦਾ ਹੈ: “ਜਿਸ ਨੂੰ ਤੁਸੀਂ ਕੁਦਰਤੀ ਜੀਵਨ ਦਾ ਨਾਮ ਦੇਂਦੇ ਹੋ, ਉਹ ਪਸ਼ੂ ਜੀਵਨ ਹੈ, ਪਸ਼ੂਆਂ ਤੋਂ ਵੀ ਬਦਤਰ। ਅਸੀਂ ਜੰਗਲ ਦੇ ਇਨਸਾਨ ਪਸ਼ੂਆਂ ਤੋਂ ਵੀ ਹੀਣੇ ਬਣਾ ਦਿੱਤੇ ਗਏ ਹਾਂ।”
ਇਸ ਪਿਛੋਂ ਕੋਸਾ ਲੰਬਾ ਸਮਾਂ ਚੁੱਪ ਰਿਹਾ। ਜੰਗਲ ਵੀ ਅਹਿੱਲ ਖੜ੍ਹਾ ਹੋ ਗਿਆ। ਹਵਾ ਵੀ ਰੁਕ ਗਈ।

ਤੁਰਦੇ ਤੁਰਦੇ ਅਸੀਂ ਚੌਕੀ ਨੰਬਰ ਤਿੰਨ ਦੇ ਨਜ਼ਦੀਕ ਪਹੁੰਚ ਗਏ। ਪਹਿਰੇਦਾਰ ਕੁੜੀ ਨੂੰ ਕੋਸੇ ਨੇ ਆਵਾਜ਼ ਦਿੱਤੀ ਤੇ ਹੱਥ ਹਿਲਾਇਆ, ਤੇ ਫਿਰ ਅਸੀਂ ਪਹਾੜੀ ਦਾ ਰੁਖ਼ ਕੀਤਾ। ਪਹਾੜੀ ਇੰਗਿਰ ਦੇ ਕੰਡਿਆਲੇ ਦਰੱਖ਼ਤਾਂ ਤੇ ਝਾੜੀਆਂ ਨਾਲ ਭਰੀ ਹੋਈ ਸੀ। ਆਸਾਨ ਤੇ ਬਾਕਾਇਦਾ ਰਸਤੇ ਵੱਲ ਹੋਣ ਦੀ ਬਜਾਏ ਅਸੀਂ ਚਟਾਨਾਂ ਵਿਚੋਂ ਦੀ ਮੁਸ਼ਕਲ, ਪਰ ਸਿੱਧੇ ਰਸਤੇ ਉਤੇ ਚੜ੍ਹ ਕੇ ਸਿਖ਼ਰ ‘ਤੇ ਪਹੁੰਚੇ।
“ਈਕ ਪੰਡੀ।” ਕੋਸਾ ਬੋਲਿਆ।
ਸਿਖ਼ਰ ਉਤੇ ਈਕ ਪੰਡੀ ਜੋ ਮਲ੍ਹਿਆਂ ਦੇ ਬੇਰਾਂ ਵਰਗੇ ਹੁੰਦੇ ਹਨ, ਪਰ ਜਿਸ ਦਾ ਦਰੱਖ਼ਤ ਬੇਰੀ ਜਿੰਨਾ ਉਚਾ ਹੁੰਦਾ ਹੈ, ਨੂੰ ਵੇਖ ਕੇ ਮੂੰਹ ਵਿਚ ਪਾਣੀ ਆ ਗਿਆ। ਸਭ ਨਾਲ ਹੱਥ ਮਿਲਾਉਣ ਤੋਂ ਬਾਅਦ ਮੈਂ ਈਕ ਪੰਡੀ ਤੋੜਨ ਵਿਚ ਰੁਝ ਗਿਆ। ਗੁਰੀਲੇ ਈਕ ਪੰਡੀ ਦਾ ਮਜ਼ਾ ਉਵੇਂ ਹੀ ਲੈਂਦੇ ਹਨ, ਜਿਵੇਂ ਮਲ੍ਹਿਆਂ ਦੇ ਬੇਰ ਤੋੜਨ ਵੇਲੇ ਲਿਆ ਜਾਂਦਾ ਹੈ। ਥੋੜ੍ਹੀਆਂ ਝਰੀਟਾਂ, ਥੋੜ੍ਹੀ ਮਿਠਾਸ। ਜਦ ਮਾਰਚ ਕਰਦੇ ਹੋਏ ਉਹ ਜੰਗਲ ਵਿਚੋਂ ਗੁਜ਼ਰਦੇ ਹਨ ਤਾਂ ਕਈ ਵਾਰ ਈਕ ਪੰਡੀ ਦੇਖ ਕੇ ਦੋ ਮਿੰਟ ਆਰਾਮ ਦੀ ਛੁੱਟੀ ਕਰ ਲੈਂਦੇ ਹਨ। ਜੇ ਰੁਕਣ ਦਾ ਸਮਾਂ ਨਹੀਂ ਹੈ ਤਾਂ ਚੱਲਦੇ ਚੱਲਦੇ ਜਿਸ ਕਿਸੇ ਨੂੰ ਮੌਕਾ ਮਿਲਦਾ ਹੈ, ਉਹ ਦੋ ਦਾਣੇ ਤੋੜ ਲੈਂਦਾ ਹੈ ਤੇ ਖ਼ੁਸ਼ ਹੋ ਜਾਂਦਾ ਹੈ; ਪਰ ਉਸ ਦੀ ਖ਼ੁਸ਼ੀ ਉਸ ਤੋਂ ਪਿਛਲੇ ਵਾਸਤੇ ਮੁਸੀਬਤ ਬਣ ਜਾਂਦੀ ਹੈ। ਈਕ ਪੰਡੀ ਨੂੰ ਤਾਂ ਪਿਛਲੇ ਨੇ ਕੀ ਹੱਥ ਪਾਉਣਾ ਹੈ, ਸਗੋਂ ਅਗਲੇ ਰਾਹੀਂ ਛੱਡੀ ਗਈ ਟਾਹਣੀ ਦੀ ਮਾਰ ਤੋਂ ਬਚਣ ਲਈ ਉਸ ਨੂੰ ਝੁਕ ਕੇ ਲੰਘਣਾ ਪੈਂਦਾ ਹੈ; ਨਹੀਂ ਤਾਂ ਈਕ ਪੰਡੀ ਦੇ ਕੰਡੇ ਉਸ ਦੀ ਟੋਪੀ ਨੂੰ ਉੜਾ ਸਕਦੇ ਹਨ ਤੇ ਸਾਰੇ ਦਸਤੇ ਵਿਚ ਹਾਸਾ ਛੇੜ ਸਕਦੇ ਹਨ।
ਨਾਸ਼ਤੇ ਦੇ ਸਮੇਂ ਤਕ ਪਹੁੰਚਣ ਲਈ ਅਸੀਂ ਵਾਪਸ ਪਰਤ ਪਏ। ਕੋਸਾ ਨੇ ਦੱਸਿਆ ਕਿ ਉਹ ਸ਼ਾਦੀ-ਸ਼ੁਦਾ ਹੈ ਤੇ ਉਸ ਦੀ ਸਾਥਣ ਇਕ ਹੋਰ ਦਸਤੇ ਦੀ ਮੈਂਬਰ ਹੈ। ਉਹ ਨੌਵੀਂ ਜਮਾਤ ਤੱਕ ਪੜ੍ਹਿਆ ਹੋਇਆ ਸੀ, ਹਿੰਦੀ ਸਕੂਲੋਂ ਤੇ ਤੈਲਗੂ ਦਸਤੇ ਵਿਚ ਆ ਕੇ ਸਿੱਖੀ। ਅੰਗਰੇਜ਼ੀ ਦੀ ਜਾਣਕਾਰੀ ਵਧਾਉਣ ਦੀ ਕੋਸ਼ਿਸ਼ ਵਿਚ ਸੀ।
ਉਸ ਨੇ ਆਪਣੇ ਦਸਤੇ ਵਿਚ ਪੜ੍ਹਾਈ ਦੀ ਹਾਲਤ ਬਾਰੇ ਵੀ ਜਾਣਕਾਰੀ ਦਿੱਤੀ। ਉਸ ਦੇ ਦਸਤੇ ਦੇ ਬਹੁਤੇ ਗੌਂਡ ਮੁੰੰਡੇ ਕੁੜੀਆਂ ਨੇ ਦਸਤੇ ਵਿਚ ਆ ਕੇ ਹੀ ਕਾਇਦੇ ਦੇ ਅੱਖਰ ਪਛਾਨਣੇ ਸਿੱਖੇ ਸਨ। ਹੁਣ ਕੋਈ ਕਿਤਾਬ ਪੜ੍ਹਨ ਦੇ ਯਤਨਾਂ ਵਿਚ ਸੀ, ਕੋਈ ਸੌ ਤੱਕ ਗਿਣਤੀ ਯਾਦ ਕਰ ਲੈਣ ਦੇ ਨੇੜੇ ਪਹੁੰਚ ਚੁੱਕਾ ਸੀ। ਇਕ ਜਣਾ ਜਮ੍ਹਾਂ ਘਟਾਓ ਦੇ ਸਵਾਲ ਸਿੱਖਣ ਲੱਗ ਪਿਆ। ਪੈਨ ਮੈਂ ਕਰੀਬ ਹਰ ਗੁਰੀਲੇ ਦੀ ਜੇਬ ਨਾਲ ਲੱਗਾ ਦੇਖਿਆ।
ਗਾਉਣਾ ਤੇ ਨੱਚਣਾ ਸਭ ਨੂੰ ਆਉਂਦਾ ਸੀ। ਇਹ ਦੋਵੇਂ ਗੁਣ ਕਬਾਇਲੀਆਂ ਨੂੰ ਵਿਰਸੇ ਵਿਚ ਮਿਲਦੇ ਹਨ। ਆਦਮੀ, ਔਰਤਾਂ, ਮੁੰਡੇ, ਕੁੜੀਆਂ, ਸਾਰੇ ਇਕੱਠੇ ਹੀ ਨੱਚਦੇ ਹਨ। ਜਾਣ ਲਵੋ ਕਿ ਸਾਰਾ ਪਿੰਡ ਹੀ ਇਕੱਠਾ ਨੱਚਦਾ ਹੈ। ਕਬਾਇਲੀਆਂ ਦੇ ਸਾਰੇ ਗੀਤ ਸਮੂਹ-ਗੀਤ ਹੀ ਹਨ। ਉਹ ਮਿਲ ਕੇ ਗਾਉਂਦੇ ਹਨ। ਆਪਣੇ ਸਾਰੇ ਦੌਰੇ ਦੌਰਾਨ ਮੈਂ ਸੋਲੋ ਗੀਤ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੂੰ ਵੀ ਅਜਿਹੇ ਕਿਸੇ ਗੀਤ ਦਾ ਪਤਾ ਨਹੀਂ ਸੀ। ਇਕ ਸ਼ਾਮ ਰਾਇਪੁਰ ਰੇਡੀਓ ਤੋਂ ਮੈਂ ਅਜਿਹਾ ਗੌਂਡ ਗੀਤ ਸੁਣਿਆ ਜਿਸ ਨੂੰ ਕੋਈ ਕਲਾਕਾਰ ਗਾ ਰਹੀ ਸੀ; ਪਰ ਸਭ ਨੇ ਮੈਨੂੰ ਇਹੀ ਕਿਹਾ ਕਿ ਇਸ ਗੀਤ ਨੂੰ ਇੱਕਲਾ ਕੋਈ ਨਹੀਂ ਗਾਉਂਦਾ, ਤੇ ਅਜਿਹਾ ਸਿਰਫ਼ ਰੇਡੀਓ ਉਤੇ ਹੀ ਹੋ ਰਿਹਾ ਹੈ।
ਮੈਂ ਜਾਨਣਾ ਚਾਹਿਆ ਕਿ ਗੁਣਗੁਣਾਉਣ ਲੱਗਾ ਤਾਂ ਆਦਮੀ ਇੱਕਲਾ ਹੀ ਗੁਣਗੁਣਾ ਸਕਦਾ ਹੈ। ਸੋ ਉਹ ਵੀ ਕਦੇ ਗੁਣਗਣਾਉਂਦਾ ਹੋਵੇਗਾ। ਉਸ ਦੱਸਿਆ ਕਿ ਗੁਣਗੁਣਾਉਣਾ ਤਾਂ ਹੋ ਜਾਂਦਾ ਹੈ, ਪਰ ਜੇ ਕਿਸੇ ਦੂਸਰੇ ਦੇ ਕੰਨੀਂ ਆਵਾਜ਼ ਪੈ ਜਾਵੇ ਤਾਂ ਉਹ ਨਾਲ ਰਲ ਜਾਂਦਾ ਹੈ। ਫਿਰ ਗੁਣਗੁਣਾਉਣਾ ਬੰਦ ਹੋ ਜਾਂਦਾ ਹੈ। ਵੈਸੇ ਕੋਈ ਕਬਾਇਲੀ ਘੱਟ ਹੀ ਇਕੱਲਾ ਹੁੰਦਾ ਹੈ। ਹਾਂ, ਪਹਿਰੇ ਉਤੇ ਅਕਸਰ ਉਹ ਇਕੱਲੇ ਹੁੰਦੇ ਹਨ, ਪਰ ਚੌਕਸ ਆਦਮੀ ਗੁਣਗੁਣਾ ਨਹੀਂ ਸਕਦਾ। ਕੋਸਾ ਕਦੇ ਕਦੇ ਗੀਤ ਵੀ ਲਿਖਦਾ ਹੈ।
(ਚਲਦਾ)