ਡਾæ ਗੁਰਨਾਮ ਕੌਰ ਕੈਨੇਡਾ
ਸਿੱਖ ਜਦੋਂ ਵੀ ਗੁਰਦੁਆਰੇ ਵਿਚ, ਸੰਗਤ ਵਿਚ ਜਾਂ ਵਿਅਕਤੀਗਤ ਰੂਪ ਵਿਚ ਅਰਦਾਸ ਕਰਦਾ ਹੈ ਤਾਂ ਅਖ਼ੀਰ ਵਿਚ ਗੁਰੂ ਅੱਗੇ ਨਤਮਸਤਕ ਹੋਣ ਤੋਂ ਪਹਿਲਾਂ ਅਕਾਲ ਪੁਰਖ ਤੋਂ ਨਾਮ ਦਾ ਦਾਨ, ਚੜ੍ਹਦੀ ਕਲਾ ਦਾ ਦਾਨ ਅਤੇ ਸਰਬੱਤ ਦਾ ਭਲਾ ਮੰਗਦਾ ਹੈ। ਇਹ ਸਿੱਖ ਚਿੰਤਨ ਦੀ ਖੂਬੀ ਹੈ ਕਿ ਨਿਜ ਦੇ ਸਵਾਰਥ ਨੂੰ ਛੱਡ ਕੇ ਉਹ ਸਰਬ ਲੁਕਾਈ ਦਾ ਭਲਾ ਮੰਗਦਾ ਹੈ।
ਇਸ ਸਰਬੱਤ ਦੇ ਭਲੇ ਦੇ ਸਿਧਾਂਤ ਦੀ ਵਿਆਖਿਆ ਪੰਚਮ ਪਾਤਿਸ਼ਾਹ ਨੇ ਕਰਦਿਆਂ ਕਿਹਾ ਹੈ ਕਿ ਜਦੋਂ ਤੋਂ ਉਨ੍ਹਾਂ ਨੇ ਗੁਰੂ ਦੀ ਸੰਗਤ ਪਾ ਲਈ ਹੈ, ਉਸ ਸਮੇਂ ਤੋਂ ਹੀ ਉਨ੍ਹਾਂ ਦੇ ਅੰਦਰੋਂ ਦੂਸਰਿਆਂ ਦੇ ਸੁੱਖ ਦੇਖ ਕੇ ਈਰਖਾ ਕਰਨ ਦੀ ਭਾਵਨਾ ਮੁੱਕ ਗਈ ਹੈ। ਇਸ ਦੀ ਵਜ੍ਹਾ ਇਹ ਹੈ ਕਿ ਗੁਰੂ ਆਪਣੀ ਸੰਗਤ ਰਾਹੀਂ ਸੁਮੱਤ ਬਖਸ਼ਿਸ਼ ਕਰਕੇ ਇਹ ਦਿਖਾ ਦਿੰਦਾ ਹੈ ਕਿ ਹਰ ਇੱਕ ਅੰਦਰ ਉਸ ਇੱਕ ਅਕਾਲ ਪੁਰਖ ਦੀ ਜੋਤਿ ਵਸ ਰਹੀ ਹੈ, ਜਿਸ ਕਰਕੇ ਮਨੁੱਖ ਦੇ ਅੰਦਰੋਂ ਈਰਖਾ ਦੂਰ ਹੋ ਜਾਂਦੀ ਹੈ। ਉਸ ਨੂੰ ਹਰ ਕੋਈ ਆਪਣਾ ਨਜ਼ਰ ਆਉਣ ਲੱਗ ਪੈਂਦਾ ਹੈ। ਕੋਈ ਵੀ ਉਸ ਨੂੰ ਆਪਣਾ ਵੈਰੀ ਨਹੀਂ ਦਿਸਦਾ ਅਤੇ ਨਾ ਹੀ ਬੇਗਾਨਾ ਜਾਂ ਓਪਰਾ ਨਜ਼ਰ ਆਉਂਦਾ ਹੈ। ਉਸ ਦਾ ਪ੍ਰੇਮ ਸਾਰਿਆਂ ਨਾਲ ਬਣਿਆ ਰਹਿੰਦਾ ਹੈ। ਸਿੱਖ ਅਰਦਾਸ ਵਿਚ ਸੱਚੇ ਪਾਤਿਸ਼ਾਹ ਤੋਂ ਭਾਣਾ ਮੰਨਣ ਦਾ ਬਲ ਵੀ ਮੰਗਦਾ ਹੈ।
ਗੁਰੂ ਅਰਜਨ ਦੇਵ ਫੁਰਮਾਉਂਦੇ ਹਨ ਕਿ ਗੁਰੂ ਪਾਸੋਂ ਉਨ੍ਹਾਂ ਨੂੰ ਭਾਣਾ ਮੰਨਣ ਦਾ ਵਲ ਵੀ ਆ ਗਿਆ ਹੈ। ਜੋ ਕੁਝ ਅਕਾਲ ਪੁਰਖ ਕਰਦਾ ਹੈ, ਉਸ ਨੂੰ ਉਹ ਸਾਰੇ ਜੀਵਾਂ ਦੇ ਭਲੇ ਵਿਚ ਕੀਤਾ ਮੰਨ ਕੇ ਚੱਲਦੇ ਹਨ। ਇਹ ਸੋਝੀ ਉਨ੍ਹਾਂ ਗੁਰੂ ਤੋਂ ਪ੍ਰਾਪਤ ਕੀਤੀ ਹੈ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਉਸ ਇੱਕ ਅਕਾਲ ਪੁਰਖ ਦੀ ਜੋਤਿ ਹੀ ਸਭ ਅੰਦਰ ਵਿਆਪਕ ਹੈ, ਉਹ ਇੱਕ ਸਭ ਅੰਦਰ ਵੱਸਦਾ ਨਜ਼ਰ ਆਉਂਦਾ ਹੈ। ਇਸੇ ਅਹਿਸਾਸ ਨਾਲ ਉਹ ਖੁਸ਼ ਹੋ ਰਹੇ ਹਨ, ਉਸ ਅਕਾਲ ਪੁਰਖ ਦੀ ਰਚਨਾ ਨੂੰ ਦੇਖ ਦੇਖ ਜੋ ਸਭ ਅੰਦਰ ਵੱਸ ਰਿਹਾ ਹੈ। ਗੁਰੂ ਦੀ ਸਿੱਖਿਆ ਰਾਹੀਂ ਮਨ ਅੰਦਰੋਂ ਦਵੈਤ ਮੁੱਕ ਗਈ ਹੈ:
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥੧॥ (ਪੰਨਾ ੧੨੯੯)
ਸਰਬੱਤ ਦਾ ਭਲਾ ਮੰਗਣ ਤੋਂ ਪਹਿਲਾਂ ਅਰਦਾਸ ਵਿਚ ਇੱਕ ਚੀਜ਼ ਹੋਰ ਵੀ ਮੰਗੀ ਜਾਂਦੀ ਹੈ Ḕਜੋ ਜੀਅ ਆਵੇ ਸੋ ਰਾਜੀ ਜਾਵੇ’ ਕਿ ਹੇ ਸੱਚੇ ਪਾਤਿਸ਼ਾਹ! ਜੋ ਵੀ ਤੇਰੇ ਦਰ ‘ਤੇ ਆਉਂਦਾ ਹੈ, ਉਹ ਅਨੰਦ-ਪ੍ਰਸੰਨ ਹੋ ਕੇ ਅਤੇ ਮਨ ਅੰਦਰ ਖੁਸ਼ੀਆਂ ਲੈ ਕੇ ਜਾਵੇ। ਇਨ੍ਹਾਂ ਸ਼ਬਦਾਂ ਵਿਚ ਇਹ ਕਾਮਨਾ ਕੀਤੀ ਗਈ ਹੈ ਕਿ ਜੋ ਜੀਵ ਗੁਰੂ ਦਰਬਾਰ ਵਿਚ, ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਆਉਂਦਾ ਹੈ, ਉਹ ਇਥੇ ਆ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇ। ਉਹ ਇੱਥੋਂ ਪ੍ਰਸੰਨ-ਚਿੱਤ ਹੋ ਕੇ ਵਾਪਸ ਆਪਣੇ ਘਰ ਨੂੰ ਜਾਵੇ, ਅਰਥਾਤ ਗੁਰੂ ਦੀ ਹਜ਼ੂਰੀ ਵਿਚ ਆ ਕੇ ਮਨੁੱਖ ਆਪਣੇ ਸਾਰੇ ਦੁੱਖ-ਦਰਦ, ਚਿੰਤਾ, ਫ਼ਿਕਰ, ਗਿਲੇ-ਸ਼ਿਕਵੇ ਮਨ ਤੋਂ ਵਿਸਾਰ ਕੇ ਇਥੋਂ ਅਨੰਦ-ਪ੍ਰਸੰਨ ਹੋ ਕੇ ਵਾਪਸ ਜਾਵੇ। ਇਹ ਗੁਰੂ ਘਰ ਦੀ ਬਰਕਤ ਵੀ ਹੈ ਅਤੇ ਸਿੱਖ ਦੀ ਅਕਾਲ ਪੁਰਖ ਅੱਗੇ ਅਰਦਾਸ ਵੀ ਹੈ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਵਿਚ ਮੰਗਿਆ ਵੀ ਜਾਂਦਾ ਹੈ।
ਬਚਪਨ ਤੋਂ ਭਾਈ ਘਨੱਈਆ ਜੀ ਦੀ ਸਾਖੀ ਸੁਣਦੇ ਆਏ ਹਾਂ। ਭਾਈ ਘਨੱਈਆ ਦਸਮ ਗੁਰੂ ਦੇ ਵਰੋਸਾਏ ਸਿੱਖ ਸਨ। ਉਹ ਗੁਰੂ ਘਰ ਵਿਚ ਸੇਵਾ ਕਰਕੇ ਪ੍ਰਸੰਨ-ਚਿੱਤ ਰਹਿੰਦੇ ਸਨ। ਸੇਵਾ ਵਿਚੋਂ ਉਨ੍ਹਾਂ ਨੂੰ ਵਿਸਮਾਦੀ ਅਨੰਦ ਮਿਲਦਾ ਸੀ। ਦਸਮ ਪਾਤਿਸ਼ਾਹ ਨੂੰ ਜ਼ੁਲਮ ਨਾਲ ਟੱਕਰ ਲੈਣ ਲਈ ਮੁਗਲਾਂ ਅਤੇ ਪਹਾੜੀ ਰਾਜਿਆਂ ਨਾਲ ਯੁੱਧ ਕਰਨੇ ਪਏ। ਸਾਖੀ ਵਿਚ ਹੀ ਸੁਣਿਆ ਹੈ ਕਿ ਇਕ ਵਾਰ ਮੁਗ਼ਲਾਂ ਨਾਲ ਜੰਗ ਸਮੇਂ ਭਾਈ ਘਨੱਈਆ ਜੰਗ ਦੇ ਮੈਦਾਨ ਵਿਚ ਫੱਟੜਾਂ ਨੂੰ ਆਪਣੀ ਮਸ਼ਕ ਨਾਲ ਪਾਣੀ ਪਿਲਾ ਰਹੇ ਸਨ। ਕਿਸੇ ਈਰਖ਼ਾਲੂ ਚੁਗ਼ਲਖੋਰ, ਥੋੜ-ਦਿਲੇ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਕੋਲ ਸ਼ਿਕਾਇਤ ਕਰ ਦਿੱਤੀ ਕਿ ਸੱਚੇ ਪਾਤਿਸ਼ਾਹ! ਭਾਈ ਘਨੱਈਆ ਮੈਦਾਨ-ਏ-ਜੰਗ ਵਿਚ ਫੱਟੜ ਪਏ ਸਿੱਖਾਂ ਦੇ ਨਾਲ ਨਾਲ ਫੱਟੜ ਹੋ ਕੇ ਡਿਗੇ ਪਏ ਦੁਸ਼ਮਣ ਸਿਪਾਹੀਆਂ ਨੂੰ ਵੀ ਪਾਣੀ ਪਿਲਾਈ ਜਾਂਦਾ ਹੈ। ਗੁਰੂ ਸਾਹਿਬ ਨੇ ਭਾਈ ਘਨੱਈਆ ਨੂੰ ਬੁਲਾਵਾ ਭੇਜਿਆ ਅਤੇ ਪੁੱਛਿਆ ਕਿ ਭਾਈ ਘਨੱਈਆ! ਸੁਣਿਆ ਹੈ, ਤੂੰ ਫੱਟੜ ਹੋਏ ਦੁਸ਼ਮਣ ਨੂੰ ਵੀ ਪਾਣੀ ਪਿਲਾਈ ਜਾਂਦਾ ਹੈਂ? ਭਾਈ ਘਨੱਈਆ ਹੱਥ ਜੋੜ ਕੇ ਕਹਿੰਦੇ, ਸੱਚੇ ਪਾਤਿਸ਼ਾਹ! ਮੈਨੂੰ ਤਾਂ ਸਭ ਵਿਚ ਤੂੰ ਹੀ ਨਜ਼ਰ ਆਉਂਦਾ ਹੈਂ। ਮੈਂ ਤਾਂ ਸਭ ਨੂੰ ਤੇਰਾ ਰੂਪ ਜਾਣ ਕੇ ਪਾਣੀ ਪਿਲਾ ਰਿਹਾ ਹਾਂ। ਗੁਰੂ ਗੋਬਿੰਦ ਸਿੰਘ ਉਸ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਖੁਸ਼ ਹੋ ਗਏ ਅਤੇ ਬੋਲੇ ਕਿ ਭਾਈ ਘਨੱਈਆ! ਇਹ ਮੱਲ੍ਹਮ ਦੀ ਡੱਬੀ ਵੀ ਲੈ ਲਵੋ। ਅੱਗੇ ਤੋਂ ਕਿਸੇ ਜ਼ਖਮੀ ਨੂੰ ਪਾਣੀ ਪਿਲਾਉ ਤਾਂ ਨਾਲ ਹੀ ਉਸ ਦੇ ਜ਼ਖਮਾਂ ‘ਤੇ ਇਹ ਮੱਲ੍ਹਮ ਵੀ ਲਾ ਦੇਣਾ। ਇਹ ਹੈ ਸਿੱਖੀ ਜਿਸ ਨੂੰ ਗੁਰੂ ਅਰਜਨ ਦੇਵ ਨੇ Ḕਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ’ ਅਤੇ Ḕਸਭਿ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ’ ਕਿਹਾ ਹੈ।
ਗੁਰੂ ਨਾਨਕ ਨੇ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਹਿਤ ਕਰਤਾਰਪੁਰ ਵਸਾਇਆ ਅਤੇ ਨਾਲ ਹੀ ਸਿੱਖ ਧਰਮ ਦੇ ਸੰਸਥਾਗਤ ਸਰੂਪ ਦੀ ਉਸਾਰੀ ਦੀ ਨੀਂਹ ਵੀ ਰੱਖ ਦਿੱਤੀ ਜਿਸ ਵਿਚ ਹੱਥੀਂ ਕਿਰਤ ਕਰਨਾ, ਮਿਲ ਕੇ ਸੰਗਤੀ ਰੂਪ ਵਿਚ ਬਾਣੀ ਦਾ ਗਾਇਨ ਕਰਨਾ ਅਤੇ ਰਲ-ਮਿਲ ਕੇ ਲੰਗਰ ਦੀ ਸੇਵਾ ਕਰਨੀ ਅਤੇ ਇਕੱਠੇ ਬੈਠ ਕੇ ਪ੍ਰਸ਼ਾਦਾ-ਪਾਣੀ ਛਕਣਾ ਹੈ। ਇਹ ਸੰਸਥਾਗਤ ਰੂਪ ਉਨ੍ਹਾਂ ਸਿਧਾਂਤਾਂ ਦਾ ਅਮਲੀ ਪ੍ਰਕਾਸ਼ਨ ਹੈ ਜੋ ਗੁਰੂ ਸਾਹਿਬਾਨ ਨੇ ਰੱਬੀ ਬਾਣੀ ਰਾਹੀਂ ਸਿੱਖ ਧਰਮ ਦੇ ਪ੍ਰਕਾਸ਼ਨ ਲਈ ਦਿੱਤੇ ਕਿ ਸਭ ਮਨੁੱਖ ਬਰਾਬਰ ਹਨ, ਕੋਈ ਉਚਾ ਜਾਂ ਨੀਂਵਾਂ ਨਹੀਂ ਹੈ, ਕਿਉਂਕਿ ਸਭ ਅੰਦਰ ਉਸ ਇੱਕ ਅਕਾਲ ਪੁਰਖ ਦੀ ਜੋਤਿ ਵਸ ਰਹੀ ਹੈ, ਸਭ ਉਸੇ ਇੱਕ ਪਿਤਾ ਤੋਂ ਪੈਦਾ ਹੋਏ ਹਨ। ਸਭ ਨੇ ਦਸਾਂ ਨੌਂਹਾਂ ਦੀ ਸੁੱਚੀ ਕਿਰਤ ਕਮਾਈ ਕਰਕੇ ਖਾਣਾ ਹੈ, ਹਰਾਮ ਦੀ ਕਮਾਈ ਨਹੀਂ ਖਾਣੀ, ਮਨੁੱਖਤਾ ਦੀ ਸੇਵਾ ਕਰਨੀ ਹੈ, ਸੇਵਾ ਰਾਹੀਂ ਹੀ ਵਾਹਿਗੁਰੂ ਨੂੰ ਪਾ ਸਕੀਦਾ ਹੈ ਅਤੇ ਇਹ ਸੇਵਾ ਤਨ, ਮਨ ਅਤੇ ਧਨ ਨਾਲ ਕਰਨੀ ਹੈ ਅਰਥਾਤ ਲੋੜਵੰਦਾਂ ਦੇ ਕੰਮ ਆਉਣਾ ਹੈ।
ਗੁਰੂ ਨਾਨਕ ਦੇਵ ਨੇ ਫੁਰਮਾਇਆ ਹੈ ਕਿ ਪੰਡਿਤ ਪ੍ਰਭੂ ਭਗਤੀ ਦੇ ਗੀਤ ਤਾਂ ਗਾਉਂਦਾ ਹੈ ਪਰ ਆਪ ਗਿਆਨ ਤੋਂ ਸੱਖਣਾ ਹੈ ਭਾਵ ਭਜਨ ਗਾਉਣ ਨੂੰ ਉਸ ਨੇ ਮਹਿਜ ਆਪਣੀ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ। ਇਸੇ ਤਰ੍ਹਾਂ ਭੁੱਖ ਦੇ ਮਾਰੇ ਹੋਏ ਮੁੱਲਾਂ ਵਾਸਤੇ ਮਸੀਤ ਵੀ ਮਹਿਜ ਉਸ ਦੀ ਰੋਜ਼ੀ ਦਾ ਵਸੀਲਾ ਹੈ। ਹੱਥੀਂ ਕੰਮ ਕਰਨ ਦੇ ਮਾਰੇ ਜੋਗੀ ਨੇ ਕੰਨ ਪੜਵਾ ਕੇ ਕੰਨਾਂ ਵਿਚ ਮੁੰਦਰਾਂ ਪਾ ਲਈਆਂ ਹਨ ਤਾਂ ਕਿ ਮੰਗ-ਪਿੰਨ ਕੇ ਆਪਣਾ ਪੇਟ ਪਾਲ ਸਕੇ। ਫਕੀਰੀ ਹਾਸਲ ਕਰਕੇ ਉਸ ਨੇ ਆਪਣੀ ਕੁਲ ਦੀ ਅਣਖ ਗਵਾ ਲਈ ਹੈ ਤੇ ਲੋਕਾਂ ਘਰੋਂ ਮੰਗ ਕੇ ਖਾਂਦਾ ਹੈ।
ਅਗਲਾ ਸਵਾਲ ਹੈ ਕਿ ਕੀ ਇਹੋ ਜਿਹੇ ਲੋਕਾਂ ਨੂੰ ਗੁਰੂ ਜਾਂ ਪੀਰ ਸਮਝ ਕੇ ਉਨ੍ਹਾਂ ਦੇ ਮਗਰ ਲੱਗਣਾ ਹੈ? ਨਹੀਂ, ਇਸ ਕਿਸਮ ਦੀ ਆਗਿਆ ਗੁਰੂ ਨਾਨਕ ਦੇ ਸਿਧਾਂਤਾਂ ਵਿਚ ਨਹੀਂ ਕੀਤੀ ਗਈ। ਗੁਰੂ ਨੇ ਤਾਂ ਆਦੇਸ਼ ਕੀਤਾ ਹੈ ਕਿ ਹੱਥੀਂ ਕੰਮ ਕਰਨਾ ਹੈ। ਜਿਹੜਾ ਮਨੁੱਖ ਆਪਣੇ ਹੱਥੀਂ ਕਿਰਤ ਕਮਾਈ ਕਰਦਾ ਹੈ (ਦੂਸਰਿਆਂ ਦੀ ਕਮਾਈ ‘ਤੇ ਨਹੀਂ ਪਲਦਾ) ਅਤੇ ਉਸ ਵਿਚੋਂ ਖਾਂਦਾ ਹੈ ਅਤੇ ਫਿਰ ਉਸ ਕਮਾਈ ਵਿਚੋਂ ਕੁਝ ਦੂਜੇ ਲੋੜਵੰਦਾਂ ਨੂੰ ਵੀ ਦਿੰਦਾ ਹੈ, ਉਹ ਹੀ ਜ਼ਿੰਦਗੀ ਦੇ ਅਸਲੀ ਰਸਤੇ ਦੀ ਪਛਾਣ ਕਰਦਾ ਹੈ:
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥੧॥ (ਪੰਨਾ ੧੨੪੫)
ਗੁਰੂ ਨਾਨਕ ਸਾਹਿਬ ਨੇ ਭਲਾਂ ਆਪਣੇ ਪੁੱਤਰਾਂ-ਬਾਬਾ ਸ੍ਰੀ ਚੰਦ ਜਾਂ ਬਾਬਾ ਲੱਖਮੀ ਦਾਸ ਨੂੰ ਗੁਰਗੱਦੀ ਕਿਉਂ ਨਹੀਂ ਸੌਂਪੀ? ਉਹ ਤਾਂ ਗੁਰੂ ਪੁੱਤਰ ਸਨ! ਇਸ ਲਈ ਨਹੀਂ ਸੌਂਪੀ ਕਿ ਗੁਰੂ ਦੇ ਸਿਧਾਂਤਾਂ ਅਨੁਸਾਰ ਗੁਰਗੱਦੀ ਕੋਈ ਪੁਸ਼ਤੈਨੀ ਖਾਨਦਾਨੀ ਵਿਰਾਸਤ ਨਹੀਂ ਮੰਨੀ ਗਈ ਜੋ ਪਿਤਾ ਤੋਂ ਪੁੱਤਰ ਨੂੰ ਅਤੇ ਅੱਗੋਂ ਉਸ ਦੇ ਪੁੱਤਰ ਨੂੰ ਮਿਲੇ। ਗੁਰਗੱਦੀ ਕੋਈ ਜਾਇਦਾਦ ਨਹੀਂ ਹੈ ਕਿ ਆਪਣੇ ਆਪ ਪਿਤਾ ਤੋਂ ਪੁੱਤਰ ਨੂੰ ਮਿਲ ਜਾਣੀ ਸੀ। ਗੁਰਗੱਦੀ ਦਾ ਵਾਰਸ ਉਸ ਭਾਈ ਲਹਿਣਾ ਨੂੰ ਥਾਪਿਆ ਗਿਆ ਜੋ ਹਰ ਤਰ੍ਹਾਂ ਨਾਲ ਗੁਰੂ ਦੇ ਪਾਏ ਇਮਤਿਹਾਨ ਨੂੰ ਪਾਸ ਕਰਕੇ ਗੁਰਗੱਦੀ ਦੇ ਯੋਗ ਸਾਬਤ ਹੋਇਆ। ਇਸ ਤਰ੍ਹਾਂ ਗੁਰਗੱਦੀ ਦਾ ਸਿਧਾਂਤ ਯੋਗਤਾ ਮੂਲਕ ਹੈ। ਇਹੀ ਪਰੰਪਰਾ ਗੁਰੂ ਨਾਨਕ ਪਾਤਿਸ਼ਾਹ ਤੋਂ ਦਸਵੇਂ ਗੁਰੂ ਗੋਬਿੰਦ ਸਿੰਘ ਤੱਕ ਕਾਇਮ ਰਹੀ। ਭਾਈ ਲਹਿਣਾ ਗੁਰੂ ਅੰਗਦ ਕਹਾਏ ਅਤੇ ਉਨ੍ਹਾਂ ਨੇ ਇਸੇ ਯੋਗਤਾ ਦੀ ਕਸਵੱਟੀ ‘ਤੇ ਪਰਖ ਕੇ ਆਪਣੇ ਪੁੱਤਰਾਂ ਨੂੰ ਛੱਡ ਕੇ ਰਿਸ਼ਤੇ ਵਿਚ ਕੁੜਮ ਲਗਦੇ ਗੁਰੂ ਘਰ ਦੇ ਅਨਿਨ ਸੇਵਕ ਅਮਰ ਦਾਸ ਨੂੰ ਗੁਰੂ ਥਾਪਿਆ ਅਤੇ ਗੁਰੂ ਅਮਰ ਦਾਸ ਨੇ ਇਸੇ ਪਰਖ ਦੇ ਨਤੀਜੇ ਵਜੋਂ ਬੀਬੀ ਭਾਨੀ ਦੇ ਸਿਰ ਦੇ ਤਾਜ, ਰਿਸ਼ਤੇ ਵਿਚ ਜੁਆਈ ਲੱਗਦੇ ਰਾਮਦਾਸ ਸੱਚੇ ਪਾਤਿਸ਼ਾਹ ਨੂੰ ਗੁਰਗੱਦੀ ਦਿੱਤੀ। ਗੁਰੂ ਅਰਜਨ ਦੇਵ ਪ੍ਰਿਥੀ ਚੰਦ ਤੋਂ ਉਮਰ ਵਿਚ ਛੋਟੇ ਹੋਣ ‘ਤੇ ਵੀ ਯੋਗ ਵਾਰਿਸ ਬਣੇ। ਇਸੇ ਪਰੰਪਰਾ ਹਿਤ ਪੋਤੇ ਕੋਲੋਂ ਗੁਰਗੱਦੀ ਗੁਰੂ ਤੇਗ ਬਹਾਦਰ ਨੂੰ ਮਿਲੀ। ਸੰਗਤ ਤੋਂ ਖਾਲਸਾ ਗੁਰੂ ਨੇ ਦਸਵੇਂ ਜਾਮੇ ਵਿਚ ਜਾ ਕੇ ਸਾਜਿਆ ਜਦੋਂ ਸੰਗਤੀ-ਸਿੱਖ ਅੰਮ੍ਰਿਤ ਪਾਨ ਕਰਨ ਦੇ ਯੋਗ ਹੋ ਗਿਆ।
ਬਾਣੀ ਨੂੰ, ਸ਼ਬਦ ਨੂੰ ਸਦਾ ਹੀ ਗੁਰੂਆਂ ਨੇ ਸਰੀਰ ਨਾਲੋਂ ਤਰਜੀਹ ਦਿੱਤੀ ਕਿਉਂਕਿ ਬਾਣੀ ਗੁਰੂ ਹੈ ਅਤੇ ਗੁਰੂ ਬਾਣੀ ਹੈ। ਦਸਵੇਂ ਪਾਤਿਸ਼ਾਹ ਨੇ ਆਪਣੇ ਤੋਂ ਪਿੱਛੋਂ ਸਦਾ ਸਦਾ ਲਈ Ḕਗ੍ਰੰਥ ਸਾਹਿਬ’ ਨੂੰ ਆਉਣ ਵਾਲੇ ਸਮਿਆਂ ਲਈ ਖਾਲਸੇ ਦਾ, ਸਿੱਖਾਂ ਦਾ ਗੁਰੂ ਥਾਪ ਦਿੱਤਾ। ਬਾਣੀ ਜਾਂ ਸ਼ਬਦ ਤਾਂ ਮੁੱਢ ਤੋਂ ਹੀ ਅਗਵਾਈ ਕਰਨ ਦੇ ਯੋਗ ਸੀ ਪਰ ਸਿੱਖ ਉਦੋਂ ਤੱਕ ਇਸ ਯੋਗ ਨਹੀਂ ਸੀ ਹੋ ਸਕਿਆ ਕਿ ਉਹ ਸਰੀਰਕ ਗੁਰੂ ਤੋਂ ਬਿਨਾ ਸ਼ਬਦ ਤੋਂ ਅਗਵਾਈ ਲੈ ਸਕਦਾ। ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਛਕਣ ਤੱਕ ਸਿੱਖ ਇਸ ਦੇ ਯੋਗ ਹੋ ਗਿਆ ਸੀ ਕਿ ਸ਼ਬਦ ਗੁਰੂ ਤੋਂ ਅਗਵਾਈ ਲੈ ਕੇ ਗੁਰੂ ਅਨੁਸਾਰੀ ਹੋ ਕੇ ਚੱਲ ਸਕੇ। ਇਸ ਯੋਗਤਾ ਨੂੰ ਮੁੱਖ ਰੱਖਦਿਆਂ ਹੀ ਗੁਰੂ ਗੋਬਿੰਦ ਸਿੰਘ ਨੇ ਗੁਰਗੱਦੀ Ḕਗ੍ਰੰਥ ਸਾਹਿਬ’ ਨੂੰ ਸੌਂਪ ਕੇ ਆਦੇਸ਼ ਕੀਤਾ ਕਿ ਖਾਲਸਾ ਪੰਥ ਨੇ ਸ਼ਬਦ ਗੁਰੂ ਤੋਂ ਅਗਵਾਈ ਲੈਣੀ ਹੈ। ਉਨ੍ਹਾਂ ਤੋਂ ਪਿੱਛੋਂ ਆਉਣ ਵਾਲੇ ਸਮਿਆਂ ਵਿਚ ਫ਼ੈਸਲੇ ਖਾਲਸਾ ਪੰਥ ਨੇ ਕਰਨੇ ਹਨ ਪਰ ਉਹ ਫੈਸਲੇ ਸ਼ਬਦ ਗੁਰੂ ਤੋਂ ਅਗਵਾਈ ਲੈ ਕੇ ਹੋਣੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਅਨੁਸਾਰ ਹੋਣੇ ਹਨ।
ਗੁਰੂ ਨਾਨਕ ਸਾਹਿਬ ਨੇ ਇਸ ਯੋਗਤਾ-ਮੂਲਕ ਹੋਣ ਦੇ ਸਿਧਾਂਤ ਦੀ ਵਿਆਖਿਆ ਅਧਿਆਤਮਕ ਸੰਦਰਭ ਵਿਚ ਕੀਤੀ ਹੈ ਪਰ ਅਸੀਂ ਸਾਰੇ ਜਾਣਦੇ ਹਾਂ ਕਿ ਗੁਰਮਤਿ ਫਲਸਫਾ ਕੋਈ ਹਵਾ ਵਿਚ ਲਟਕਦਾ ਸਿਧਾਂਤ ਨਹੀਂ ਹੈ। ਗੁਰੂ ਨਾਨਕ ਨੇ ਜੋ ਨਵਾਂ ਧਰਮ ਸਾਜਿਆ, ਉਹ ਮਨੁੱਖ ਨੂੰ ਇੱਕ ਪਾਸੇ ਅਕਾਲ ਪੁਰਖ ਦੀ ਸਾਜੀ ਇਸ ਧਰਤੀ ‘ਤੇ ਰਹਿਣ ਯੋਗ ਬਣਾਉਣ ਲਈ ਅਤੇ ਦੂਸਰਾ ਇਸ ਦੁਨੀਆਂ ਨੂੰ ਵੀ ਮਨੁੱਖ ਦੇ ਰਹਿਣ ਯੋਗ ਬਣਾਉਣ ਹਿੱਤ ਸਥਾਪਤ ਕੀਤਾ ਹੈ। ਇਸੇ ਲਈ ਗੁਰਮਤਿ ਸਿਧਾਂਤਾਂ ਦੇ ਅਧਿਆਤਮਕ ਸੰਦਰਭ ਦੇ ਨਾਲ ਨਾਲ ਹੀ ਉਸ ਦੇ ਦੁਨਿਆਵੀ ਅਤੇ ਸਮਾਜਕ ਸਰੋਕਾਰ ਵੀ ਹਨ ਕਿਉਂਕਿ ਇਹ ਕੋਈ ਏਕਾਂਤਕ ਧਰਮ ਨਹੀਂ ਹੈ, ਇਸ ਦਾ ਸਬੰਧ ਮਨੁੱਖੀ ਸਮਾਜ ਨਾਲ ਹੈ। ਗੁਰੂ ਨਾਨਕ ਸਾਹਿਬ ਤਖਤ ‘ਤੇ ਬੈਠਣ ਲਈ ਤਖਤ ਦੇ ਯੋਗ ਹੋਣ ਦੀ ਗੱਲ ਕਰਦੇ ਹਨ ਕਿ ਜੋ ਮਨੁੱਖ ਗੁਰੂ ਦੀ ਮਤਿ ਦਾ ਅਨੁਸਾਰੀ ਹੋ ਕੇ ਚੱਲਦਾ ਹੈ, ਗੁਰੂ ਦੇ ਦੱਸੇ ਰਸਤੇ ‘ਤੇ ਚੱਲਦਾ ਹੈ, ਉਸ ਮਨੁੱਖ ਦੇ ਪੰਜੇ ਗਿਆਨ ਇੰਦਰੇ ਉਸ ਦੇ ਵੱਸ ਵਿਚ ਹੋ ਜਾਂਦੇ ਹਨ ਅਤੇ ਉਸ ਦੇ ਸੇਵਕ ਬਣ ਕੇ ਉਸ ਦੇ ਅਨੁਸਾਰੀ ਹੋ ਕੇ ਕੰਮ ਕਰਦੇ ਹਨ। ਅਜਿਹਾ ਮਨੁੱਖ ਹਿਰਦੇ ਰੂਪੀ ਤਖਤ ‘ਤੇ ਬੈਠਣ ਯੋਗ ਹੋ ਜਾਂਦਾ ਹੈ ਅਰਥਾਤ ਅਧਿਆਤਮਕ ਉਚਤਾ ਨੂੰ ਪ੍ਰਾਪਤ ਕਰ ਲੈਂਦਾ ਹੈ (ਦੁਨਿਆਵੀ ਪ੍ਰਾਪਤੀ ਲਈ ਵੀ ਇਹੀ ਯੋਗਤਾ-ਮੂਲਕ ਸਿਧਾਂਤ ਸਥਾਪਤ ਕੀਤਾ ਗਿਆ ਹੈ) ਅਤੇ ਇਸ ਹਿਰਦੇ ਰੂਪੀ ਤਖਤ ‘ਤੇ ਬੈਠਾ ਰਹਿੰਦਾ ਹੈ ਭਾਵ ਉਹ ਦੁਨਿਆਵੀ ਲਾਲਚਾਂ ਕਾਰਨ ਡੋਲਦਾ ਨਹੀਂ ਹੈ, ਉਸ ਦੇ ਗਿਆਨ ਇੰਦਰੇ ਗਲਤ ਰਸਤੇ ‘ਤੇ ਨਹੀਂ ਚੱਲਦੇ, ਵਿਕਾਰਾਂ ਵਿਚ ਨਹੀਂ ਪੈਂਦੇ। ਜਿਸ ਅਕਾਲ ਪੁਰਖ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ ਅਤੇ ਇਸ ਦੇ ਆਦਿ ਵਿਚ ਮੁੱਢ ਕਦੀਮ ਤੋਂ ਹੈ, ਜੁਗਾਂ ਜੁਗਾਂ ਤੱਕ ਜਿਸ ਨੇ ਸਦੀਵੀ ਕਾਇਮ ਰਹਿਣਾ ਹੈ ਅਤੇ ਰਹੇਗਾ, ਉਹ ਅਕਾਲ ਪੁਰਖ ਗੁਰੂ ਦੀ ਮਤਿ ‘ਤੇ ਚੱਲਣ ਵਾਲੇ ਮਨੁੱਖ ਦੇ ਅੰਦਰ ਪਰਗਟ ਹੋ ਕੇ ਉਸ ਦੀ ਹਰ ਤਰ੍ਹਾਂ ਦੀ ਭਟਕਣ ਅਤੇ ਡਰ ਦੂਰ ਕਰ ਦਿੰਦਾ ਹੈ:
ਤਖਤਿ ਬਹੈ ਤਖਤੈ ਕੀ ਲਾਇਕ॥ (ਪੰਨਾ ੧੦੩੯)
ਇਹ ਲੇਖ ਦਾ ਕਾਰਨ ਅਖ਼ਬਾਰਾਂ ਵਿਚ ਪਿਛਲੇ ਦਿਨੀਂ ਛਪੀਆਂ ਦੋ ਖ਼ਬਰਾਂ ਹਨ। ਇਨ੍ਹਾਂ ਦੋਵਾਂ ਖ਼ਬਰਾਂ ਦਾ ਸਬੰਧ ਪੰਜਾਬ ਵਿਚ ਕਾਫੀ ਸਮਾਂ ਪਹਿਲਾਂ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਸਰਕਾਰ ਦੀ ਅਣਗਹਿਲੀ ਪ੍ਰਤੀ ਰੋਸ ਜ਼ਾਹਿਰ ਕਰਨ ਨਾਲ ਹੈ। ਪਹਿਲੀ ਖ਼ਬਰ ਅਨੁਸਾਰ ਅਰਦਾਸੀਏ ਸਿੰਘ ਭਾਈ ਬਲਬੀਰ ਸਿੰਘ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਏ ਪੰਜਾਬ ਦੇ ਮੁੱਖ ਮੰਤਰੀ ਨੂੰ ਸਿਰੋਪਾਉ ਭੇਟ ਨਹੀਂ ਕੀਤਾ, ਜਿਸ ਕਰਕੇ ਉਸ ਦੀ ਬਦਲੀ ਮਾਛੀਵਾੜਾ ਕਰ ਦਿੱਤੀ ਗਈ। ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਜੋ ਕੁਝ ਪਿਛਲੇ ਦਿਨਾਂ ਵਿਚ ਹੋਇਆ ਸਭ ਨੇ ਅਖ਼ਬਾਰਾਂ ਵਿਚ ਪੜ੍ਹਿਆ ਹੀ ਹੈ। ਉਸ ਦੇ ਵਿਸਥਾਰ ਵਿਚ ਜਾਣ ਦੀ ਲੋੜ ਨਹੀਂ ਹੈ।
ਹੁਣੇ ਜਿਹੇ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਮੱਥਾ ਟੇਕਣ ਵਾਸਤੇ ਹਰਿਮੰਦਰ ਸਾਹਿਬ ਗਏ ਤਾਂ ਡਿਊਟੀ ‘ਤੇ ਹਾਜ਼ਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਗੁਰਪ੍ਰੀਤ ਸਿੰਘ ਨੇ ਪਾਵਨ ਸਰੂਪ ‘ਤੇ ਚੜ੍ਹਾਏ ਗਏ ਫੁੱਲਾਂ ਦੇ ਹਾਰ ਵਿਚੋਂ ਇੱਕ ਹਾਰ ਪ੍ਰਸ਼ਾਦਿ ਵਜੋਂ ਇਨ੍ਹਾਂ ਜਥੇਦਾਰਾਂ (ਸਰਬੱਤ ਖਾਲਸਾ ਵੱਲੋਂ ਥਾਪੇ ਗਏ) ਨੂੰ ਦੇ ਦਿੱਤਾ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਨੇ ਇਸ ਕਰਮਚਾਰੀ ਨੂੰ ਡਿਊਟੀ ਮੌਕੇ ਕੋਤਾਹੀ ਵਰਤਣ ਦੇ ਦੋਸ਼ ਹੇਠ ਲਖਨਊ ਨੇੜੇ ਸਥਾਪਤ ਇੱਕ ਸਿੱਖ ਮਿਸ਼ਨ ਵਿਚ ਤਬਦੀਲ ਕਰਨ ਦੇ ਆਦੇਸ਼ ਦਿਤੇ ਹਨ।
ਸਵਾਲ ਇਹ ਹੈ ਕਿ ਕੀ ਗੁਰੂ ਦੀ ਹਜ਼ੂਰੀ ਵਿਚ ਸਿੱਖ ਨੂੰ ਉਸ ਦੇ ਰੁਤਬੇ ਮੁਤਾਬਿਕ ਨਿਵਾਜਿਆ ਜਾਣਾ ਚਾਹੀਦਾ ਹੈ? ਕੀ ਗੁਰੂ ਦੀ ਹਜ਼ੂਰੀ ਵਿਚ ਛੋਟੇ-ਵੱਡੇ, ਉਚੇ-ਨੀਵੇਂ ਦਾ ਕੋਈ ਵਿਤਕਰਾ ਕਰਨਾ ਚਾਹੀਦਾ ਹੈ? ਕੀ ਗੁਰੂ ਦੀ ਹਜ਼ੂਰੀ ਵਿਚ ਵਿਰੋਧੀ ਵਿਚਾਰਾਂ ਕਾਰਨ ਕਿਸੇ ਨੂੰ ਦੂਸਰਿਆਂ ਦੇ ਬਰਾਬਰ ਸਤਿਕਾਰ ਨਹੀਂ ਮਿਲਣਾ ਚਾਹੀਦਾ? ਬਹੁਤ ਸਾਰੇ ਸਵਾਲ ਹਨ ਜੋ ਸ਼ਬਦ ਗੁਰੂ ਦੀ ਅਗਵਾਈ ਵਿਚ ਆਪਣੇ ਆਪ ਨੂੰ ਗੁਰ ਮਰਿਆਦਾ ਦੀ ਰਾਖੀ ਕਰਨ ਵਾਲੀ, ਮਹੰਤ ਨਰੈਣ ਦਾਸ ਵਰਗਿਆਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਕੇ ਕਾਇਮ ਕੀਤੀ ਕਮੇਟੀ ਤੇ ਇਸ ਦੇ ਪ੍ਰਧਾਨ ਕੋਲੋਂ ਉਤਰ ਮੰਗਦੇ ਹਨ। ਸਿੱਖ ਸੰਗਤ ਦਾ ਇਹ ਪੁੱਛਣ ਦਾ ਹੱਕ ਬਣਦਾ ਹੈ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਤਰਜੀਹ ਧਰਮ ਨੂੰ ਦਿੱਤੀ ਜਾਣੀ ਬਣਦੀ ਹੈ ਕਿ ਰਾਜਨੀਤੀ ਨੂੰ, ਗੁਰੂ ਦੇ ਸਥਾਪਤ ਕੀਤੇ ਸਿਧਾਂਤਾਂ ਨੂੰ ਕਿ ਕਿਸੇ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਤੈਅ ਕੀਤੀਆਂ ਨੀਤੀਆਂ ਨੂੰ?