ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਵਿਚ ਡਾæ ਭੰਡਾਲ ਨੇ ਦਿਲ ਦੀ ਬਾਤ ਪਾਈ ਹੈ ਤੇ ਦਿਲ ਦਾ ਰਾਗ ਛੇੜਿਆ ਹੈ।
-ਸੰਪਾਦਕ
ਡਾ ਗੁਰਬਖ਼ਸ਼ ਸਿੰਘ ਭੰਡਾਲ
ਦਿਲ ਧੜਕਦਾ ਏ ਤਾਂ ਮਨੁੱਖ ਜਿਉਂਦਾ, ਸਾਹ ਲੈਂਦਾ, ਦੁਨੀਆਂ ਦੇ ਰੰਗ ਤਮਾਸ਼ੇ ਦੇਖਦਾ ਅਤੇ ਜਿਊਣ-ਅਹਿਸਾਸ ਨਾਲ ਲਰਜ਼ਦਾ। ਦਿਲ ਹੈ ਤਾਂ ਮਨੁੱਖ ਤੋਂ ਇਨਸਾਨ ਬਣਨ ਦੀ ਚਾਹਨਾ। ਇਨਸਾਨੀਅਤ ਦੀ ਪੈਗੰਬਰੀ-ਧਾਰਨਾ। ਰਹਿਮਤਾਂ ਤੇ ਬਰਕਤਾਂ ਲਈ ਬੰਦਗੀ। ਦਿਲ ਨੂੰ ਦਿਲਾਂ ਦੀ ਰਾਹ, ਦਿਲ ਨੂੰ ਦਿਲਾਂ ਦੀ ਚਾਹ, ਦਿਲ ਹੀ ਦਿਲ-ਅਦਾਅ ਅਤੇ ਦਿਲ ਹੀ ਦਿਲ ਦੀ ਸੂਹੀ ਭਾਅ।
ਦਸ ਕੁ ਔਂਸ ਦਾ ਦਿਲ ਇਕ ਦਿਨ ਵਿਚ ਅੰਦਾਜ਼ਨ ਲੱਖ ਵਾਰ ਧੜਕਦਾ, 60,000 ਮੀਲ ਲੰਮੀਆਂ ਖੂਨ ਦੀਆਂ ਨਾੜੀਆਂ ਰਾਹੀਂ ਦੋ ਹਜਾਰ ਗੈਲਨ ਖੂਨ, ਮਨੁੱਖੀ ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਭੇਜਦਾ। ਦਿਲ ਨਿਰੰਤਰ ਧੜਕਦਾ। ਨਹੀਂ ਥੱਕਦਾ, ਅੱਕਦਾ ਜਾਂ ਸਾਹ ਦਿਵਾਉਣ ਲਈ ਕਿਸੇ ਨੂੰ ਕਹਿੰਦਾ। ਬੜੀ ਅਸਚਰਜ ਹੈ ਇਸ ਦੀ ਬਣਤਰ ਤੇ ਕਾਰਜਸ਼ੈਲੀ। ਅਜੋਕੀ ਮਸ਼ੀਨਰੀ ਤੋਂ ਜ਼ਿਆਦਾ ਸੋਹਲ ਤੇ ਪੇਚੀਦਾ।
ਦਿਲ ਦੀ ਤੰਦਰੁਸਤੀ ਹੀ ਮਾਨਸਿਕ ਤੇ ਸਰੀਰਕ ਸਿਹਤਯਾਬੀ ਦਾ ਰਾਜ, ਆਪਣੇ ਆਪ ‘ਤੇ ਨਾਜ਼ ਅਤੇ ਸਿਰ ‘ਤੇ ਸੱਜਦਾ ਮਿਹਨਤਾਂ, ਮੁਸ਼ੱਕਤਾਂ ਤੇ ਮੁਹੱਬਤਾਂ ਦਾ ਤਾਜ਼। ਇਸ ਲਈ ਸਰੀਰਕ ਤੇ ਮਾਨਸਿਕ ਕਸਰਤ ਅਤੇ ਰੁਝੇਵਿਆਂ ਵਿਚ ਰੁੱਝੇ ਰਹਿਣਾ ਅਤਿ ਜਰੂਰੀ।
ਦਿਲ, ਦਿਲ ਹੀ ਹੈ। ਇਸ ਦਾ ਕੋਈ ਬਦਲ ਨਹੀਂ। ਭਾਵੇਂ ਵਿਗਿਆਨੀਆਂ ਨੇ ਇਸ ਦਾ ਬਦਲ ਲੱਭ ਲਿਆ ਏ ਪਰ ਇਹ ‘ਦਿਲ’ ਦਾ ਬਦਲ ਕਿੰਜ ਬਣੇਗਾ?
ਦਿਲ ਬਹੁਤ ਨਾਜ਼ਕ। ਖੁਸ਼ੀ-ਗਮੀ, ਭੜਕਾਹਟ-ਉਕਸਾਹਟ, ਡਰ-ਨਿਰਭੈਅ, ਪੀੜ-ਹੁਲਾਸ, ਉਦਾਸੀ-ਖੇੜਾ, ਨਿਰਾਸ਼ਾ-ਹਾਸਾ ਆਦਿ ਸਭ ਤੋਂ ਪਹਿਲਾਂ ਦਿਲ ਨੂੰ ਹੀ ਅਸਰ-ਅੰਦਾਜ਼ ਕਰਦੇ। ਦਿਲ ਵਾਲੇ ਹੀ ਦਿਲ ‘ਚ ਦਿਲ ਵਸਾਉਂਦੇ, ਦਿਲ ਦੀਆਂ ਬਾਤਾਂ ਪਾਉਂਦੇ ਅਤੇ ਦਿਲਾਂ ਨੂੰ ਦਿਲਾਂ ‘ਚ ਸਮਾਉਂਦੇ।
ਦਿਲ-ਦਰਵਾਜ਼ੇ ਖੁੱਲ੍ਹੇ ਰੱਖਣ ਵਾਲਿਆਂ ਦੇ ਵਿਹੜੇ ਵਿਚ ਸਦਾ ਰੌਣਕ-ਬਸੇਰਾ, ਘਰਾਂ ਦੇ ਬਨੇਰਿਆਂ ਤੋਂ ਉਤਰਦਾ ਸਵੇਰਾ ਅਤੇ ਨਿਸ ਦਿਨ ਘਰ ਦੀ ਮਹਿਮਾ ਦਾ ਫੈਲਦਾ ਘੇਰਾ। ਦਿਲ ਦਾ ਦਿਲ ਦੇ ਵਿਹੜੇ ਵਿਚ ਆਉਣਾ, ਸੰਦਲਾ ਪੀੜਾ ਰੂਹੇ ਡਾਹੁਣਾ, ਦਿਲੀ-ਭਾਵ ਹੋਠ ਟਿਕਾਉਣਾ ਅਤੇ ਰੂਹ ਦੇ ਗੀਤ ਨੂੰ ਵਜਦ ‘ਚ ਗਾਉਣਾ।
ਦਿਲ ਦੇ ਕਾਲੇ ਲੋਕ ਸਮਿਆਂ ਦੀ ਕਾਲਖ, ਵਕਤ ਦੀ ਕੁਲਹਿਣੀ ਘੜੀ ਤੇ ਸਮਾਜਿਕ ਮੁਹਾਂਦਰੇ ‘ਤੇ ਪਈਆਂ ਘਰਾਲਾਂ। ਬਾਹਰੋਂ ਚਿੱਟੇ ਤੇ ਅੰਦਰੋਂ ਕਾਲੇ ਲੋਕ ਜਦ ਪਰਤ-ਦਰ-ਪਰਤ ਆਪਣਾ ਰੂਪ ਦਿਖਾਉਂਦੇ ਤਾਂ ਕਰੂਪਤਾ ਤੇ ਕਰੂਰਤਾ ਨੰਗਾ ਨਾਚ ਨੱਚਦੀ। ਇਸੇ ਲਈ ਹੀ ਤਾਂ ਬਾਬਾ ਫਰੀਦ ਫੁਰਮਾਉਂਦੇ ਹਨ, “ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤ।”
ਰੂਹ ਦੀ ਬੱਤੀ ਨਾਲ ਦਿਲਾਂ ਦੇ ਚਿਰਾਗ ਜਗਾਉਣ ਵਾਲੇ ਹੀ ਜੀਵਨੀ ਮਾਰਗ ਦਾ ਸੁੱਚਾ ਚਾਨਣ ਜਿਸ ਵਿਚ ਮੌਲਦੇ ਮਾਨਵੀ ਗੁਣ, ਕਦਰਾਂ-ਕੀਮਤਾਂ ਨੂੰ ਹੁੰਦੀਆਂ ਹੱਥੀਂ ਛਾਂਵਾਂ ਅਤੇ ਦਿਲਾਂ ਵਿਚ ਉਸਰਦਾ ਸਾਂਝਾਂ ਦਾ ਪੁਲ।
ਦਿਲ ਸੋਹਲ, ਦਿਲ ਮਲੂਕ। ਦਿਲ ‘ਚੋਂ ਉਠਦੀ ਏ ਜਦ ਹੂਕ ਤਾਂ ਫਿਜ਼ਾ ਵਿਚ ਗੁੰਝਦੀ ਪਿਆਰ-ਵਿਛੁੰਨੀ ਕੂਕ ਜਿਸ ਨਾਲ ਛਿੜਦੀ ਕੰਬਣੀ। ਦਿਲ ਦੀਆਂ ਤਾਰਾਂ ਵਿਚ ਪੈਦਾ ਹੁੰਦਾ ਸੰਗੀਤ, ਹੋਠਾਂ ‘ਤੇ ਮੌਲਦਾ ਮਿੱਤਰ-ਮਿਲਣੀ ਦਾ ਗੀਤ ਅਤੇ ਫਿਰ ਟੁੱਟ ਜਾਂਦੀ ਸਮਾਜਿਕ ਬੰਧਨਾਂ ਦੀ ਰੀਤ।
ਦਿਲ ਮੌਲਾ, ਦਿਲ ਅੱਲ੍ਹਾ। ਦਿਲ ਕਮਲਾ ਤੇ ਦਿਲ ਹੀ ਝੱਲਾ। ਦਿਲ ਦੇ ਆਖੇ ਲੱਗਣ ਵਾਲੇ, ਦਿਲਾਂ ਦੇ ਮਤਵਾਲੇ। ਦਿਲ-ਜੂਹੇ ਦਿਲ-ਰਾਗ ਗੁਣਗੁਣਾਈਏ ਤਾਂ ਦਿਲ ਦੀ ਬੋਲੀ ਹੋਠ ਛੁਹਾਈਏ। ਦਿਲ ਦੀਆਂ ਹੁੰਦੀਆਂ ਗੁੱਝੀਆਂ ਬਾਤਾਂ, ਦਿਲ-ਪਰਾਗੇ ਆਉਣ ਸੁਗਾਤਾਂ। ਦਿਲ ਕਦੇ ਤਾਂ ਜਾਗਦੀਆਂ ਰਾਤਾਂ, ਕਦੇ ਅੱਖ ਖੋਲ੍ਹਣ ਮੋਹ-ਪ੍ਰਭਾਤਾਂ।
ਦਿਲ ਨੂੰ ਜਾਂ ਕੋਈ ਦਿਲ ਵਸਾਵੇ ਤਾਂ ਉਹ ਰੂਹਾਂ ਦੀ ਨਗਰੀ ਜਾਵੇ। ਦਿਲ ਹੀ ਗਹਿਣਾ ਅਤੇ ਦਿਲ ਨੇ ਸਦ-ਰਹਿਣਾ। ਦਿਲ ਬਿਨਾਂ ਭਲਾ ਕੀਹਨੇ ਸੂਖਮ ਬਾਤ ਪਾਉਣੀ ਤੇ ਰੂਹ-ਰਾਗਣੀ ਗਾਉਣੀ?
ਕਠੋਰ ਦਿਲ ਵਾਲੇ ਲੋਕਾਂ ਲਈ ਦਿਲ ਇਕ ਮਾਸ ਦਾ ਲੋਥੜਾ। ਉਹ ਮਨੁੱਖ ਨੂੰ ਵਰਤਣ-ਵਸਤ ਸਮਝ, ਨਿਜੀ ਮੁਫਾਦ ਲਈ ਵਰਤ, ਡਸਟ ਬਿਨ ਵਿਚ ਸੁੱਟ ਕੇ, ਦਿਲਾਂ ਦੀ ਕਤਲਗਾਹ ਉਸਾਰਨ ਦੇ ਆਦੀ
ਦਿਲ ਟੁੱਟਦਾ ਤਾਂ ਵਿਚਾਰਾ ਕੁਮਲਾ ਜਾਂਦਾ। ਇਹ ਭਾਵੇਂ ਆਪਣਿਆਂ ਦੀ ਬੇਵਫਾਈ ਹੋਵੇ, ਹਿੱਕ ਵਿਚ ਖੁੱਭੀ ਵੰਗ ਦਾ ਟੋਟਾ ਹੋਵੇ, ਪੈਰਾਂ ਹੇਠ ਲਿਤਾੜੀ ਅਬਲਾ ਦੀ ਅਜ਼ਮਤ ਹੋਵੇ, ਸਮਾਜਿਕ-ਦਾਇਰੇ ਵਿਚ ਪਾਇਆ ਮਘੋਰਾ ਹੋਵੇ, ਬੱਚੜੇ ਦੀ ਉਡੀਕ ਕਰਦੀ ਮਾਂ ਦੀਆਂ ਚੁੰਨੀਆਂ ਅੱਖਾਂ ਵਿਚ ਉਤਰੀ ਸ਼ਾਮ ਹੋਵੇ, ਬੇਸਬਰੇ ਮਨ ਦੇ ਦਰਾਂ ‘ਤੇ ਢੁੱਕੀ ਬੇਆਸ ਹੋਵੇ, ਅੱਥਰੀ ਚਾਹਨਾ ਦੀ ਤਲੀ ‘ਤੇ ਬੇਰੁਖੀ ਹੋਵੇ, ਮਰੂੰਡੀਆਂ ਫੁੱਲ-ਪੱਤੀਆਂ ਦੇ ਨੈਣਾਂ ਵਿਚ ਸੁੱਕ ਗਈ ਨੈਂਅ ਹੋਵੇ, ਕਿਸੇ ਕਲੀ ਦੀ ਕੁੱਖ ਵਿਚ ਪਨਪਦਾ ਪਾਪ ਹੋਵੇ ਜਾਂ ਬਿਰਖ ਨੂੰ ਛਾਂ-ਵਿਹੂਣੇ ਹੋਣ ਦਾ ਮਿਲਿਆ ਸੰਤਾਪ ਹੋਵੇ।
ਦਿਲ ਦੇ ਮਾਮਲੇ ਜਦ ਵਿਗੜ ਜਾਂਦੇ ਤਦ ਹੱਥਾਂ ਨਾਲ ਦਿਤੀਆਂ ਗੰਢਾਂ ਨੂੰ ਮੂੰਹ ਨਾਲ ਖੋਲ੍ਹਣ ਵੇਲੇ, ਤਨਹਾਈ ਤੇ ਵਸਲ ਦੇ ਸਮੁੰਦਰਾਂ ‘ਚ ਗੋਤੇ ਲਾਉਂਦਿਆਂ, ਯੁੱਗਾਂ ਜੇਡ ਹਉਕਾ ਜ਼ਿੰਦਗੀ ਦੇ ਨਾਮ ਹੁੰਦਾ।
ਡੂੰਘੇ ਸਮੁੰਦਰਾਂ ਵਰਗੇ ਦਿਲਾਂ ਦੀ ਕੌਣ ਲਵੇਗਾ ਹਾਥ, ਅੰਬਰ ਦੀ ਵਿਸ਼ਾਲਤਾ ਵਰਗੇ ਦਿਲ ਵਾਂਗ ਕੌਣ ਸਕਦਾ ਏ ਫੈਲ ਅਤੇ ਪੌਣ ਵਰਗੇ ਦਿਲ ਵਾਂਗ ਕੌਣ ਹਰ ਜਗ੍ਹਾ ਹਾਜਰ ਹੋਵੇਗਾ। ਦਰਿਆਵਾਂ ਵਰਗੀ ਰਵਾਨਗੀ, ਅੰਬਰ ਨੂੰ ਹੱਥ ਲਾਉਣ ਦੀ ਚੇਸ਼ਟਾ ਅਤੇ ਪਹਾੜੀ ਚੋਟੀਆਂ ਦੀ ਚਾਹਨਾ, ਦਿਲ ਦਾ ਤਸੱਵਰ। ਪੰਛੀਆਂ ਵਾਂਗ ਚਹਿਚਹਾਉਣਾ ਤੇ ਬਿਰਖ-ਪੱਤੀਆਂ ਜਿਹੀ ਸੰਗੀਤਕ-ਸੁਰ, ਸਿਰਫ ਦਿਲ ਦਾ ਕਰਮ।
ਮਨੁੱਖ ਅੰਦਰ ਦਿਲ ਅਤੇ ਦਾਨਾਈ ਦਾ ਵਾਸਾ ਹੋਵੇ ਤਾਂ ਉਹ ਕੁਦਰਤ ਦਾ ਕਰੀਬੀ ਅਤੇ ਪੌਣ, ਪਾਣੀ ਤੇ ਧਰਤ ਦੀ ਪਾਕੀਜ਼ਗੀ ਦਾ ਪਹਿਰੇਦਾਰ। ਉਸ ਦੇ ਅੰਦਰ ਬਾਣੀ-ਨਾਦ, ਅੰਤਰੀਵ ‘ਚ ਗੁੰਜਦਾ ਸੁਰਤ-ਸਾਜ਼, ਪੁੰਗਰਦਾ ਧਰਮਾਤਮੀ-ਅੰਦਾਜ਼ ਅਤੇ ਹਿਰਦੇ ਵਿਚ ਵੱਸਦਾ ਮਾਨਵਤੀ-ਰਾਜ਼æ।
ਦਿਲ ਦਰਦ ਤੇ ਦਿਲ ਹੀ ਦਵਾ, ਦਿਲ ਮੰਗਤਾ ਤੇ ਦਿਲ ਦੁਆ ਅਤੇ ਦਿਲ ਦਾ ਹੁੰਦਾ ਸੱਜਣ ਖੁਦਾ। ਦਿਲ ਹੀ ਹਾਸਾ ਤੇ ਦਿਲ ਹੀ ਰੋਣਾ, ਦਿਲ ਹੀ ਖੁਸਦਾ ਤੇ ਦਿਲ ਹੀ ਪਾਉਣਾ ਅਤੇ ਦਿਲ ਦੇ ਰਾਹੀਂ ਹੀ ਸਭ ਦਾ ਹੋਣਾ।
ਦਿਲ ‘ਚੋਂ ਕਰਮਯੋਗੀ ਹੋਣਾ, ਸਭ ਤੋਂ ਉਤਮ ਪਰ ਔਖਾ। ਜੇ ਸਬਰ, ਸੰਤੋਖ ਅਤੇ ਸੁੱਖਨ ਨੂੰ ਆਪਣਾ ਬਣਾਉਣਾ ਹੋਵੇ ਤਾਂ ਅਜਿਹੀ ਕਰਮਯੋਗਤਾ ਕਮਾਉਣਾ ਹੀ ਅਜ਼ੀਮ-ਕਾਰਜ।
‘ਦਿਲ ਨੂੰ ਟਿਕਾਣੇ ਰੱਖੀਏ ਯਾਰ ਹੋਣਗੇ ਮਿਲਣਗੇ ਆਪੇ’ ਦੀ ਸੱਦ ਜਦ ਮਿੱਤਰ-ਮੋਹ ਨਾਲ ਵਿਗੁੱਤੀ ਰੂਹ ‘ਚੋਂ ਉਠਦੀ ਏ ਤਾਂ ਫਿਜ਼ਾ ਦੀ ਤਲੀ ‘ਤੇ ਇਕ ਮੂਕ-ਸੁਨੇਹਾ ਖੁਣਿਆ ਜਾਂਦਾ ਅਤੇ ਇਹ ਸੁਨੇਹਾ ਹੀ ਰੂਹਾਂ ਦੇ ਮਿਲਾਪ ਦਾ ਸਬੱਬ ਬਣਦਾ। ਸੁਪਨਾ-ਸਾਜਣ, ਸੋਚਣ, ਬੋਲਣ, ਸ਼ਬਦ-ਸਾਧਨਾ, ਕਦਮ ਉਠਾਉਣ, ਤਦਬੀਰ ਘੜਨ ਜਾਂ ਕਰਮ ਕਰਨ ਵੇਲੇ, ਦਿਲ ਦੀ ਦਸਤਕ ਜਰੂਰ ਸੁਣਨਾ, ਤੁਹਾਡੀ ਜੀਵਨ ਫਿਲਾਸਫੀ ਵਿਚ ਸੱਚ ਦਾ ਚੰਦਰਮਾ ਉਗਮੇਗਾ।
ਦਿਲ ਸਰੀਰ ਦੇ ਹਰ ਅੰਗ ਵਿਚ ਰਕਤ ਪ੍ਰਵਾਹ ਹੀ ਨਹੀਂ ਕਰਦਾ, ਇਹ ਜੀਵ-ਇੰਦਰੀਆਂ ਵਿਚ ਜਿਊਣ-ਅੰਦਾਜ਼ ਵੀ ਧਰਦਾ। ਉਨ੍ਹਾਂ ਦੇ ਅੰਤਰੀਵ ‘ਚ ਉਤਰਦਾ, ਪਲੋਸਦਾ, ਸੰਵਾਦ ਰਚਾਉਂਦਾ ਅਤੇ ਫਿਰ ਉਨ੍ਹਾਂ ਦੀ ਕਰਮ-ਜਾਚਨਾ ਨੂੰ ਪਰਿਭਾਸ਼ਤ ਅਤੇ ਪ੍ਰਭਾਵਤ ਕਰਦਾ। ਭਲਾ! ਇਹ ਅੰਗ ਦਿਲ ਦੀ ਨਾਰਾਜ਼ਗੀ ਸਹੇੜ ਕੇ ਜਿਉਂਦੇ ਰਹਿ ਸਕਦੇ ਨੇ? ਇਨ੍ਹਾਂ ਦਾ ਹਰ ਪਲ ਹੀ ਦਿਲ-ਧੜਕਣੀ ‘ਤੇ ਨਿਰਭਰ।
ਦਿਲ ਟੁੱਟਦਾ ਤਾਂ ਇਕ ਬੇ-ਅਵਾਜ਼ ਲੇਰ ਗੂੰਜਦੀ, ਪੀੜ-ਪ੍ਰਵਾਹ, ਅੱਖਾਂ ‘ਚ ਸੱਖਣਾਪਣ, ਸਾਹਾਂ ‘ਚ ਸੰਤਾਪ, ਜਿਊਣ-ਲਾਚਾਰੀ, ਭੁੱਖ-ਤ੍ਰੇਹ ਤੋਂ ਬੇਨਿਆਜ਼ੀ ਅਤੇ ਵਿਸਰ ਜਾਂਦਾ ਖੁਦ ਦਾ ਵਜੂਦ। ਸਿਰਫ ਬਚ ਜਾਂਦੇ ਹੁਸੀਨ ਪਲਾਂ ਦੇ ਖੰਡਰਾਤ ਜਿਨ੍ਹਾਂ ‘ਚ ਧੁੱਖਦੇ ਜਜ਼ਬਾਤ ਅਤੇ ਪਲ-ਪਲ ਉਤਰਦੀ ਘੋਰ-ਹਨੇਰੀ ਰਾਤ।
ਦਿਲ ਜਦ ਕਿਸੇ ਬਾਲੜੀ ਲਈ ਗਿਆਨ-ਗੋਦੜੀ ਬਣਦਾ, ਭੁੱਖ ਨਾਲ ਵਿਲ੍ਹਕਦੇ ਬਾਲ ਦੀ ਤਲੀ ‘ਤੇ ਟੁੱਕ ਧਰਦਾ, ਬਜੁਰਗੀ-ਹਟਕੋਰੇ ਦੇ ਨਾਮ ਨਿੱਕੀ ਜਿਹੀ ਹਾਸੀ ਕਰਦਾ ਜਾਂ ਚਿਰਾਂ ਤੋਂ ਵਿਛੜੀ ਮਾਂ ਦੇ ਨਾਵੇਂ ਨਿੱਘ-ਮਿਲਣੀ ਕਰਦਾ ਤਾਂ ਦਿਲ ਅਕੀਦਤੀ-ਇਬਾਦਤਾਂ ਸੰਗ ਝੋਲੀਆਂ ਭਰਦਾ।
ਦਿਲ ਨੇ ਤਾਂ ਦਿਲ ਹੀ ਰਹਿਣਾ। ਇਸ ਨੂੰ ਵਿਗਿਆਨਕ, ਸਮਾਜੀ, ਆਰਥਿਕ, ਰਾਜਨੀਤਕ ਜਾਂ ਧਾਰਮਿਕਤਾ ਦੇ ਸੌੜੇ ਦਾਇਰਿਆਂ ਵਿਚ ਨਾ ਸੰਗੋੜੋ। ਇਸ ਨੂੰ ਕੁਦਰਤੀ ਰੂਪ ‘ਚ ਫੈਲਰਨ ਅਤੇ ਵਿਗਸਣ ਦੇਵੋ। ਇਸ ਦੀ ਜੂਹ ਵਿਚ ਮਾਨਵਤਾ ਅਤੇ ਸਰਬੱਤ ਦੇ ਭਲੇ ਦਾ ਬਾਬਾ-ਬਿਰਖ ਉਗਾਵੋ ਅਤੇ ਇਸ ਦੀਆਂ ਨਿਆਮਤਾਂ ਨੂੰ ਸਰਬ-ਸੁੱਖਨ ਲਈ ਇਕਸਾਰ ਵਰਤਾਓ। ਦਿਲਾਂ ਵਿਚ ਪੈਦਾ ਹੋਈ ਸੰਕੀਰਨਤਾ ਹੀ ਹੈ ਜੋ ਅਜੋਕੇ ਸਮਾਜ ਦਾ ਕਲੰਕ ਬਣ ਚੁੱਕੀ ਹੈ। ਆਲੇ-ਦੁਆਲੇ ਪਸਰਿਆ ਨਿਘਾਰ, ਇਸ ਦਾ ਪਰਤੱਖ ਪ੍ਰਮਾਣ।
ਦਿਲ ਦੀ ਸਾਰ ਨਾ ਜਾਣੇ ਕੋਈ। ਇਹ ਕੱਚ ਵਾਂਗ ਟੁੱਟਦਾ ਅਤੇ ਕਦੇ ਨਾ ਜੁੜਦਾ। ਜਖਮ ਹਮੇਸ਼ਾ ਅੱਲ੍ਹੇ ਤੇ ਚਸਕਦੇ। ਪੀੜਾ ਰਿੱਸਦੀ ਅਤੇ ਚੀਸ ਚਸਕਦੀ। ਇਹ ਵੇਦਨਾ ਕਦੇ ਹਰਫਾਂ ਵਿਚ ਸਿੰਮਦੀ, ਕਦੇ ਬੋਲਾਂ ਵਿਚ ਉਗਦੀ, ਕਦੇ ਕੈਨਵਸ ‘ਤੇ ਦਰਦ ਦੀਆਂ ਵੇਲ-ਬੂਟੀਆਂ ਪਾਉਂਦੀ, ਕਦੇ ਹੇਰਵੀ-ਹੂਕ ਬਣ ਕੇ ਵਣਾਂ ‘ਚ ਤਰੰਗਾਂ ਛੇੜਦੀ ਅਤੇ ਕਦੇ ਬੇਬਸੀ ਵਿਚ ਦਿਲ-ਦਰਵਾਜ਼ੇ ਭੇੜਦੀ।
ਕਿਸੇ ਦੇ ਦਿਲ ਵਿਚ ਜਗ੍ਹਾ ਬਣਾ, ਸਦੀਵੀ ਨਿਵਾਸੀ ਬਣਨ ਲਈ ਯੁੱਗ ਲੱਗ ਜਾਂਦੇ। ਜਿਹੜੇ ਇਕ ਵਾਰ ਦਿਲ ਵਿਚ ਵੱਸ ਜਾਂਦੇ, ਉਨ੍ਹਾਂ ਨੂੰ ਕੱਢਿਆ ਨਹੀਂ ਜਾ ਸਕਦਾ। ਇਹ ਦਿਲੀ-ਸਾਂਝ ਹੋਵੇ, ਹਰਫਾਂ, ਬੋਲਾਂ, ਹੁਨਰੀ ਜਾਂ ਰੂਹਾਂ ਦੀ ਸਾਂਝ ਹੋਵੇ। ਸਿਰਫ ਲਾਚਾਰੀ ਵੱਸ ਜੇ ਕੱਢਣਾ ਪਵੇ ਤਾਂ ਉਹ ਅੱਥਰੂਆਂ ਰਾਹੀਂ ਖਾਰਾ ਪਾਣੀ ਬਣ ਕੇ ਤਿੱਪ ਤਿੱਪ ਹੋ ਬਾਹਰ ਨਿਕਲਦੇ। ਪਰ ਬੀਤੇ ਦੇ ਨਕਸ਼, ਝਰੀਟਾਂ ਤੇ ਦਾਗ, ਚੇਤਿਆਂ ਵਿਚ ਹਮੇਸ਼ਾ ਵੱਸਦੇ ਰਹਿੰਦੇ।
ਦਿਲ-ਦਿਲਗੀਰੀ ਵਿਚੋਂ ਹੀ ਨਿਕਲਦੀ ਹੈ ਉਤਮ ਸ਼ਾਇਰੀ, ਕਲਾ ਜਾਂ ਸੰਗੀਤਕਾਰੀ। ਇਹ ਬੰਦਗੀ ਦੇ ਰੂਪ ਵਿਚ ਜਦ ਪ੍ਰਗਟ ਹੁੰਦੀ ਤਾਂ ਅਮਿੱਟ ਰੰਗ ਬਿਖੇਰਦੀ, ਜੀਵਨ ਨੂੰ ਸੁੱਚਮਤਾ ਨਾਲ ਰੰਗ ਜਾਂਦੀ। ਗੁਰੂ, ਪੀਰ-ਫਕੀਰ, ਫੱਕਰਾਂ, ਕਲਾਕਾਰਾਂ, ਕਵੀਆਂ, ਗਾਇਕਾਂ ਨੇ ਦਿਲਗੀਰੀ ਦੀ ਅਰਾਧਨਾ ਕਰਕੇ ਹੀ ਉਚੀ ਪਦਵੀ ਪਾਈ ਏ। ਮਨ ਦੀ ਦਿਲਗੀਰੀ ਜਦ ਜੀਵਨੀ-ਦਿਲਗੀਰੀ ਵਿਚ ਬਦਲਦੀ ਤਾਂ ਦੁਨਿਆਵੀ ਸਰੋਕਾਰ ਇਕ ਬੇਲੋੜਾ ਦਿਖਾਵਾ ਬਣ ਜਾਂਦੇ ਅਤੇ ਜਿੰæਦਗੀ ਨੂੰ ਸੱਚ ਦੇ ਕਰੀਬ ਹੋ ਕੇ ਜਿਊਣ ਦਾ ਹੁਨਰ ਪੈਦਾ ਹੁੰਦਾ।
ਦਿਲ ਨੂੰ ਮਿੱਤਰ-ਪਿਆਰਿਆਂ ਅਤੇ ਦਿਲਦਾਰਾਂ ਨਾਲ ਸਾਂਝਾ ਕਰਦੇ ਰਹੀਏ ਤਾਂ ਬਾਅਦ ਵਿਚ ਕਿਸੇ ਚੀਰ-ਫਾੜ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਦਿਲ ‘ਤੇ ਮਣਾਂ ਮੂੰਹੀਂ ਭਾਰ ਚੁੱਕੀ ਫਿਰਨ ਵਾਲੇ, ਆਖਰ ਨੂੰ ਇਸ ਦੇ ਬੋਝ ਹੇਠ ਹੀ ਦਫਨ ਹੋ ਜਾਂਦੇ।
ਦਿਲ ‘ਚ ਦਰਿਆ-ਦਿਲੀ ਉਪਜਾਓ, ਕਿਸੇ ਵਿਲ੍ਹਕਦੇ ਬੱਚੇ ਨੂੰ ਵਰਾਓ, ਮੁਹੱਬਤੋਂ ਹੀਣੀ ਝੋਲੀ ਵਿਚ ਮੋਹ ਦਾ ਨਿਉਂਦਾ ਪਾਓ ਅਤੇ ਕਿਸੇ ਮਸਤਕ ਵਿਚ ਕਿਸਮਤ ਰੇਖਾਵਾਂ ਉਗਾਓ।
ਦਿਲੀ-ਸੱਧਰਾਂ, ਚਾਵਾਂ ਅਤੇ ਮਲਾਰਾਂ ਨਾਲ ਰਿਸ਼ਤਾ ਜੋੜ ਕੇ ਨਿਭਾਉਣ ਵਾਲੇ ਅਤੇ ਇਸ ਦੇ ਨਿਭਾਅ ‘ਚੋਂ ਜੀਵਨੀ-ਸੁੰਦਰਤਾ ਦਾ ਸੁਨੇਹਾ, ਫਿਜ਼ਾ ਵਿਚ ਖਿਡਾਉਣ ਵਾਲੇ ਹੀ ਜੀਵਨ ਦਾ ਸੁੰਦਰ-ਗੁਲਦਸਤਾ।
ਦਿਲ ਤਾਂ ਦਿਲ ਏ, ਦਿਲ ਦਾ ਕੀ ਏ? ਅੱਜ ਹੈ ਅਤੇ ਕੱਲ ਨੂੰ ਸੀ ਏ। ਦਿਲ ਨਾਲ ਨਾ ਕਦੇ ਭਰਦਾ ਜੀਅ ਏ। ਦਿਲ ਦੀ ਜੁਬਾਨ ਜਦ ਤੋਂ ਬੇਹਰਕਤ ਹੁੰਦੀ, ਉਦੋਂ ਤੋਂ ਹੀ ਚੁੱਪ ਨਾਲ ਨਿਭਦਾ ਜੀਅ ਏ। ਦਿਲ ਰਿੱਸੇ ਤਾਂ ਹਲੀਮੀ, ਪਸੀਜੇ ਤਾਂ ਨਿਮਰਤਾ, ਧੁਖੇ ਤਾਂ ਧੂੰਆਂ, ਤਿੜਕੇ ਤਾਂ ਕਸਕ, ਟੁੱਟੇ ਤਾਂ ਤਿੜਕਣ, ਰੋਂਦਾ ਤਾਂ ਦਰਦ-ਛਿਣ ਅਤੇ ਮਾਯੂਸ ਹੋਵੇ ਤਾਂ ਹਿੰਮਤ-ਵਰ ਮੰਗਦਾ।
ਦਿਲ ਦੀਆਂ ਬਾਤਾਂ ਸੁਣੋ, ਸੁਣਾਓ। ਦਿਲ ਦਾ ਵਿਹੜਾ ਮੋਕਲਾ ਰੱਖੋ ਅਤੇ ਇਸ ਦੀ ਬੀਹੀ ‘ਚ ਨਗਮੇ ਗਾਓ। ਦਿਲ ਨੂੰ ਦਿਲ ਨਾਲ ਲਗਾ ਕੇ, ਦਿਲਾਂ ਦੀ ਰੀਤ ਤਾਅ-ਉਮਰ ਨਿਭਾਓ ਅਤੇ ਦਿਲ-ਬਰੂਹੀਂ ਸੁੱਚ-ਨਜ਼ਰਾਨਾ ਪਾਓ।
ਦਿਲ, ਸਾਂਝ-ਸਵੇਰਾ, ਰਿਸ਼ਤ-ਬਨੇਰਾ, ਮੋਹ ਦੀਆਂ ਤੰਦਾਂ, ਮਨ ‘ਚ ਉਸਰਦੀਆਂ ਕੰਧਾਂ, ਆਪਣੇ-ਪਰਾਏ, ਬਿਗਾਨੇ ਜਾਂ ਕੁੱਖੋਂ ਜਾਏ, ਘਰ ਨੂੰ ਮੁੜਦੇ ਪੈਰ ਜਾਂ ਘਰਾਂ ਤੋਂ ਦੂਰ ਜਾਂਦੀਆਂ ਪੈੜਾਂ, ਗਲ੍ਹ ਨਾਲ ਲਾਉਣਾ ਜਾਂ ਲਹੂ ਨਾਲ ਨਹਾਉਣਾ, ਅੰਦਰਲਾ ਦੀਵਾ ਜਗਾਉਣਾ ਜਾਂ ਅੰਤਰੀਵ ‘ਚ ਨ੍ਹੇਰ ਫੈਲਾਉਣਾ, ਘਰ-ਅਰਥਾਂ ਨਾਲ ਨਿਵਾਜਣਾ ਜਾਂ ਊਜਾਂ, ਲਾਹਨਤਾਂ ਤੇ ਕੁਫਰ ਸੰਗ ਤਾਜਣਾ ਅਤੇ ਮਨ-ਬੀਹੀ ਦਾ ਸੁਰ-ਸਾਜ਼ ਜਾਂ ਖੁਰਦਰੀ ਅਵਾਜ਼।
ਦਿਲ ਨੂੰ ਪੱਥਰ ਜਾਂ ਲੱਕੜ ਦਾ ਨਾ ਬਣਾਓ। ਇਸ ਦੀ ਮਾਸੂਮੀਅਤ, ਕੋਮਲਤਾ, ਪਾਕੀਜ਼ਗੀ ਅਤੇ ਖੁੱਲ੍ਹੇਪਣ ਨੂੰ ਵਿਗਸਣ ਦਿਓ। ਇਸ ਦੀਆਂ ਬਰੂਹਾਂ ‘ਤੇ ਮੋਹਵੰਤਾ ਤੇਲ ਚੋਵੋ ਅਤੇ ਪਾਣੀ ਡੋਲੋ ਤਾਂ ਕਿ ਇਹ ਨਿਰੰਤਰਤਾ ਨਾਲ ਧੜਕਦਾ ਰਹੇ ਅਤੇ ਆਪਣੀ ਧੜਕਣ ਰਾਹੀਂ ਜੀਵਨ-ਦਾਨ ਬਖਸ਼ਦਾ ਰਹੇ।
ਦਿਲਾ ਵੇ! ਦਿਲਾਂ ਦੀ ਬਾਤ ਹੀ ਪਾਵੀਂ। ਦਿਲਾਂ ਨੂੰ ਦਿਲ ਵਿਚ ਵਸਾਈਂ। ਦਿਲਾਂ ਦੀ ਨਗਰੀ, ਮੋਹ ਦੀ ਸੱਦ ਲਾਵੀਂ। ਦਿਲਾਂ ਦੀ ਜੂਹੇ ਦਿਲ ਲਿਜਾਈਂ, ਉਨ੍ਹਾਂ ਨੂੰ ਜਗ-ਮੀਤ ਬਣਾਈਂ ਅਤੇ ਦੁਨੀਆਂ-ਵਿਹੜੇ ਸੱਚਾਈ, ਸੁਹੱਪਣ, ਸਾਦਗੀ ਅਤੇ ਸੁੱਚੇ ਸੁਪਨਿਆਂ ਦੀ ਪੌਣ ਰੁਮਕਾਵੀਂ।
ਆਮੀਨ।