ਭਾਸ਼ਾ ਦੇ ਕ੍ਰਿਸ਼ਮੇ: ਵਿਕਲਾਂਗ ਤੋਂ ਬਣਾਏ ਦਿਵਿਆਂਗ!

ਗੁਰਬਚਨ ਸਿੰਘ ਭੁੱਲਰ
ਸੰਪਰਕ: 011-42502364
ਕੁਝ ਲੋਕਾਂ ਦਾ ਮੱਤ ਹੈ, ਨਾਂ ਵਿਚ ਕੀ ਪਿਆ ਹੈ! ਕੁਝ ਹੋਰ ਆਖਦੇ ਹਨ, ਨਾਂ ਵਿਚ ਬਹੁਤ ਕੁਝ ਹੁੰਦਾ ਹੈ। ਉਹ ਸਬੰਧਤ ਬੰਦੇ ਦੀ ਮਾਇਕ-ਸਮਾਜਿਕ ਹਾਲਤ ਦਾ ਖੁਲਾਸਾ ਕਰ ਦੇਣ ਵਾਲੇ ਇਕੋ ਨਾਂ ਦੇ ਤਿੰਨ ਰੂਪਾਂ ਦੀ ਮਿਸਾਲ ਦਿੰਦੇ ਹਨ, “ਪਰਸੂ, ਪਰਸਾ, ਪਰਸ ਰਾਮ; ਮਾਇਆ ਤੇਰੇ ਤੀਨ ਨਾਮ!” ਇਸ ਬਹਿਸ ਨੂੰ ਸਾਹਿਤਕ ਰੰਗਤ ਨਾਟ-ਸਮਰਾਟ ਸ਼ੇਕਸਪੀਅਰ ਦੇ ਨਾਟਕ Ḕਰੋਮੀਓ-ਜੂਲੀਅਟḔ ਦੀ ਨਾਇਕਾ ਜੂਲੀਅਟ ਨੇ ਦਿੱਤੀ ਸੀ।

ਰੋਮੀਓ ਦੇ ਘਰਾਣੇ ਦਾ ਪਤਾ ਲਗੇ ਤੋਂ ਉਹ ਆਖਦੀ ਹੈ, “ਕੀ ਫ਼ਰਕ ਪੈਂਦਾ ਹੈ ਜੇ ਰੋਮੀਓ ਸਾਡੇ ਘਰਾਣੇ ਦੇ ਸ਼ਰੀਕ ਘਰਾਣੇ ਮੌਂਟੇਗ ਵਿਚੋਂ ਹੈ, ਭਾਵ ਉਹਦੇ ਨਾਂ ਨਾਲ ਮੌਂਟੇਗ ਜੁੜਿਆ ਹੋਇਆ ਹੈ? ਨਾਂ ਵਿਚ ਕੀ ਪਿਆ ਹੈ? ਜਿਸ ਨੂੰ ਅਸੀਂ ਗੁਲਾਬ ਆਖਦੇ ਹਾਂ, ਉਹਦਾ ਨਾਂ ਕੁਝ ਵੀ ਹੋਰ ਰੱਖ ਦੇਈਏ, ਉਹ ਤਦ ਵੀ ਏਨੀ ਹੀ ਮਿੱਠੀ-ਪਿਆਰੀ ਖ਼ੁਸ਼ਬੂ ਦੇਵੇਗਾ!” ਜੂਲੀਅਟ ਤੋਂ ਬਹੁਤ ਮਗਰੋਂ ਅਜੋਕੇ ਕਵੀ ਗੁਲਜ਼ਾਰ ਨੇ ਗੀਤ Ḕਨਾਮ ਗੁੰਮ ਜਾਏਗਾḔ ਲਿਖ ਕੇ ਨਾਂ ਵਿਚ ਕੁਝ ਹੋਣ ਜਾਂ ਨਾ ਹੋਣ ਦੀ ਬਹਿਸ ਹੀ ਮੁਕਾ ਦਿੱਤੀ। ਗਿਆਨ ਦੇ ਖੇਤਰ ਵਿਚ ਅਜਿਹੀਆਂ ਬਹਿਸਾਂ ਕੋਈ ਅਲੋਕਾਰ ਗੱਲ ਨਹੀਂ। ਮੱਧਕਾਲ ਦੇ ਮਹਾਂਕਵੀ ਕਬੀਰ ਜੀ ਵਰਜਦੇ ਹਨ- ਜਾਤ ਨਾ ਪੂਛੋ ਸਾਧ ਕੀ। ਅੱਜ ਦੇ ਨਾਟਕਕਾਰ ਵਿਜੈ ਤੇਂਦੂਲਕਰ ਆਖਦੇ ਹਨ- ਜਾਤ ਹੀ ਪੂਛੋ ਸਾਧ ਕੀ!
ਅਸਲ ਵਿਚ ਨਾਂ ਬਾਰੇ ਵੱਡੇ ਲੋਕ, ਮਾਇਆਧਾਰੀ ਲੋਕ, ਸੱਤਾਧਾਰੀ ਲੋਕ, ਜੂਲੀਅਟ ਦੇ ਰੋਮੀਓ ਵਾਂਗ ਘਰਾਣਿਆਂ ਵਾਲੇ ਲੋਕ ਬਹੁਤੇ ਚੌਕਸ ਰਹਿੰਦੇ ਹਨ। ਲੁਧਿਆਣੇ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਪੰਜਾਬ ਦੇ ਉਪ ਮੁੱਖ ਮੰਤਰੀ ਤੇ ਨੌਜਵਾਨ ਦਿਲਾਂ ਦੀ ਧੜਕਣ ਸੁਖਬੀਰ ਸਿੰਘ ਬਾਦਲ ਦੀ ਪ੍ਰੈਸ ਕਾਨਫ਼ਰੰਸ ਸਮੇਂ ਪੱਤਰਕਾਰ ਸਵਾਲ ਕਰਦਿਆਂ Ḕਸੁਖਬੀਰ ਜੀḔ ਆਖਣ ਦੀ ਗੁਸਤਾਖ਼ੀ ਕਰ ਬੈਠਾ। ਸੁਖਬੀਰ ਜੀ ਤਾਂ ਚੁੱਪ ਰਹੇ ਕਿਉਂਕਿ ਵੱਡੇ ਬੰਦੇ ਆਪਣੀਆਂ ਭਾਵਨਾਵਾਂ ਆਪ ਦਸਦੇ ਚੰਗੇ ਨਹੀਂ ਲਗਦੇ। ਉਨ੍ਹਾਂ ਨੇ ਅਣਬੋਲੀਆਂ ਭਾਵਨਾਵਾਂ ਸਮਝ ਕੇ ਦੂਜਿਆਂ ਨੂੰ ਦੱਸਣ ਵਾਲੇ ਗੁਣੀ-ਗਿਆਨੀ ਰੱਖੇ ਹੋਏ ਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਨਸੀਹਤ ਦਿੱਤੀ ਕਿ ਉਹ Ḕਸੁਖਬੀਰ ਜੀḔ ਨਹੀਂ, Ḕਸੁਖਬੀਰ ਸਰḔ ਆਖੇ। ਗਰੇਵਾਲ ਸਰ ਨੇ ਇਸ ਨਸੀਹਤ ਦਾ ਆਧਾਰ ਵੀ ਦੱਸਿਆ ਕਿ ਸੁਖਬੀਰ ਜੀ ਕਹਿਣਾ ḔਪਰਸਨਲḔ ਦਾ, ਆਪਣੇਪਨ ਦਾ ਪ੍ਰਭਾਵ ਦਿੰਦਾ ਹੈ। ਮੈਂ ਉਨ੍ਹਾਂ ਦੀ ਇਸ ਦਲੀਲ ਨਾਲ ਸੌ ਫ਼ੀਸਦੀ ਸਹਿਮਤ ਹਾਂ। ਸੁਖਬੀਰ ਸਰ ਲੁਧਿਆਣੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ। ਜੇ ਸਾਡਾ ਸਮਾਜ ਵੱਡੇ ਲੋਕਾਂ ਵਾਸਤੇ ਜੀ ਤੋਂ ਸਰ ਤੱਕ ਦਾ ਵਿਕਾਸ ਹੀ ਨਹੀਂ ਕਰੇਗਾ, ਹੋਰ ਵਿਕਾਸ ਸੁਆਹ ਹੋਣਾ ਹੈ! ਮੇਰਾ ਖ਼ਿਆਲ ਹੈ, ਇਹ ਪੱਤਰਕਾਰ ਸਾਡੇ ਅਤੀਤ ਤੋਂ ਅਨਜਾਣ ਹੋਵੇਗਾ। ਹੁਣ ਕਾਨੂੰਨ ਬਣ ਰਹੀ ਸਾਡੀ ਪ੍ਰੰਪਰਾ ਨੇ, ਇਤਿਹਾਸ ਬਣ ਰਹੇ ਸਾਡੇ ਮਿਥਿਹਾਸ ਨੇ ਅਤੇ ਸੰਵਿਧਾਨ ਬਣ ਰਹੇ ਸਾਡੇ ਪੁਰਾਤਨ ਗ੍ਰੰਥਾਂ ਨੇ ਰਾਜਾ ਭੋਜ ਤੇ ਗੰਗੂ ਤੇਲੀ ਦੇ ਹਵਾਲੇ ਨਾਲ ਇਹ ਗੱਲ ਬਹੁਤ ਪਹਿਲਾਂ ਤੋਂ ਬਹੁਤ ਚੰਗੀ ਤਰ੍ਹਾਂ ਸਮਝਾਈ ਹੋਈ ਹੈ।
ਹੁਣ ਅਜਿਹੀ ਇਕ ਹੋਰ ਬਹਿਸ ਭਖੀ ਹੋਈ ਹੈ। ਕੁਦਰਤ ਦੀ ਖੇਡ ਹੈ, ਕੁਝ ਬੰਦੇ ਕਿਸੇ ਅੰਗ ਦੇ ਪੱਖੋਂ ਹੀਣੇ ਜੰਮਦੇ ਹਨ ਜਾਂ ਮਗਰੋਂ ਕਿਸੇ ਕਾਰਨ ਕੋਈ ਅੰਗ ਗੁਆ ਬੈਠਦੇ ਹਨ। ਅਸੀਂ ਅਜਿਹੇ ਲੋਕਾਂ ਵਾਸਤੇ ਸ਼ਬਦ ਅੰਗਹੀਣ/ਵਿਕਲਾਂਗ ਸੁਣਦੇ-ਵਰਤਦੇ ਆਏ ਹਾਂ। ਭਾਸ਼ਾ ਦੇ ਨਾਂ-ਬਦਲੂ ਪੱਖ ਦੇ ਸ਼ੌਕੀਨ ਤੇ ਗਿਆਨੀ ਸਾਡੇ ਪ੍ਰਧਾਨ ਮੰਤਰੀ ਜੀ ਨੇ ਆਪਣੀ Ḕਮਨ ਕੀ ਬਾਤḔ ਵਿਚ ਸਲਾਹ ਦਿੱਤੀ ਕਿ ਨਾਂਹਮੁਖ ਪ੍ਰਭਾਵ ਵਾਲੇ ਵਿਕਲਾਂਗਜਨ ਦੀ ਥਾਂ ਅੰਗਹੀਣਾਂ ਨੂੰ ਹਾਂਮੁਖ ਦਿਵਿਆਂਗਜਨ ਕਿਹਾ ਜਾਵੇ, ਭਾਵ ਦੈਵੀ ਸਮਰੱਥਾਵਾਂ ਵਾਲੇ ਮਨੁੱਖ, ਕਿਉਂਕਿ ਇਹ ਲੋਕ “ਵਧੀਕ ਬਲ ਤੇ ਦੈਵੀ ਸ਼ਕਤੀ ਦੇ ਸੁਆਮੀ” ਹੁੰਦੇ ਹਨ! ਕੁਦਰਤੀ ਸੀ ਕਿ ਮੋਦੀ ਜੀ ਦੀ ਇੱਛਾ ਦਾ ਇਸ਼ਾਰਾ ਸਮਝ ਕੇ ਸਰਕਾਰ ਇਕਦਮ ਪੂਰਤੀ ਵਿਚ ਜੁਟ ਜਾਂਦੀ। ਭਾਰਤ ਸਰਕਾਰ ਦਾ Ḕਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾḔ ਹੈ ਜਿਸ ਅਧੀਨ Ḕਵਿਕਲਾਂਗਜਨ ਸਸ਼ਕਤੀਕਰਨ ਵਿਭਾਗḔ ਆਉਂਦਾ ਹੈ। ਕੈਬਨਿਟ ਸੈਕਰੈਟਰੀਏਟ ਨੇ ਚੁਸਤੀ-ਫੁਰਤੀ ਦਿਖਾਉਂਦਿਆਂ, ਅੰਗਹੀਣਾਂ ਦੇ ਅਧਿਕਾਰਾਂ ਲਈ ਕੰਮ ਕਰਦੀਆਂ ਸੰਸਥਾਵਾਂ ਦੇ ਸਖ਼ਤ ਇਤਰਾਜ਼ਾਂ ਦੇ ਬਾਵਜੂਦ, ਉਹਦਾ ਨਾਂ ਬਦਲ ਕੇ Ḕਦਿਵਿਆਂਗਜਨ ਸਸ਼ਕਤੀਕਰਨ ਵਿਭਾਗḔ ਕਰ ਦਿੱਤਾ।
ਅੰਗਹੀਣਾਂ ਦੀ ਸਹਾਇਕ, ਖ਼ੁਦ ਪੋਲੀਓ-ਪੀੜਤ ਆਭਾ ਖੇਤਰਪਾਲ ਨੇ ਸੂਚਨਾ ਅਧਿਕਾਰ ਅਧੀਨ ਮੰਤਰਾਲੇ ਨੂੰ ਇਸ ਤਬਦੀਲੀ ਸਬੰਧੀ ਕੀਤੇ ਸਲਾਹ-ਮਸ਼ਵਰੇ ਬਾਰੇ ਪੁੱਛਿਆ। ਮੰਤਰਾਲੇ ਨੇ ਅੰਗਹੀਣਾਂ ਲਈ ਕੰਮ ਕਰ ਰਹੀਆਂ ਕੁਝ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਨੇਤਰਹੀਣਾਂ, ਬੋਲ਼ਿਆਂ, ਮਾਨਸਿਕ ਰੋਗੀਆਂ ਤੇ ਹੋਰ ਅੰਗਹੀਣਤਾਵਾਂ ਨਾਲ ਸਬੰਧਤ ਛੇ ਸੰਸਥਾਵਾਂ ਦੀ ਸੂਚੀ ਦੇ ਦਿੱਤੀ। ਉਨ੍ਹਾਂ ਛੇ ਦੀਆਂ ਛੇ ਸੰਸਥਾਵਾਂ ਨੇ ਮੰਤਰਾਲੇ ਵਲੋਂ ਆਏ ਕਿਸੇ ਵੀ ਚਿੱਠੀ-ਪੱਤਰ ਤੋਂ ਇਨਕਾਰ ਕਰ ਦਿੱਤਾ। ਦੇਸ ਭਰ ਵਿਚੋਂ ਅਨੇਕ ਸੰਸਥਾਵਾਂ ਨੇ ਮੰਤਰਾਲੇ ਨੂੰ ਇਹ ḔਸਰਪਰਸਤਾਨਾḔ ਨਾਂ ਰੱਖੇ ਜਾਣ ਵਿਰੁੱਧ ਲਿਖਤੀ ਰੋਸ ਭੇਜਿਆ। ਚੇਤੇ ਰਹੇ, ਸੰਯੁਕਤ ਰਾਸ਼ਟਰ ਨੇ ਅਨੇਕ ਦੇਸਾਂ ਨਾਲ ਸਲਾਹ-ਮਸ਼ਵਰੇ ਮਗਰੋਂ Ḕਸਰੀਰਕ ਅਸਮਰੱਥਾ ਵਾਲਾ ਵਿਅਕਤੀḔ ਕਹਿਣਾ ਠੀਕ ਸਮਝਿਆ ਸੀ। ਸੰਸਥਾਵਾਂ ਦਾ ਕਹਿਣਾ ਹੈ ਕਿ ਸਰੀਰਕ ਅਸਮਰੱਥਾਵਾਂ ਵਾਲੇ ਵਿਅਕਤੀਆਂ ਵਾਸਤੇ ਸ਼ਬਦ ਦਿਵਿਆਂਗ ਬੇਮਾਅਨੀ ਤੇ ਥੋਥਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਵੱਲ ਰਵੱਈਏ ਵਿਚ ਉੱਕਾ ਹੀ ਕੋਈ ਫ਼ਰਕ ਨਹੀਂ ਆਉਂਦਾ। Ḕਨੈਸ਼ਨਲ ਐਸੋਸੀਏਸ਼ਨ ਆਫ਼ ਦਿ ਡੈੱਫ਼Ḕ ਦੇ ਸਕੱਤਰ ਏæਐਸ਼ ਨਾਰਾਇਨਣ ਦੀ ਦਲੀਲ ਹੈ, “ਜੇ ਅੰਗਹੀਣਾਂ ਨੂੰ ਤਰਸ ਦੇ ਪਾਤਰ ਸਮਝਣਾ ਤੇ ਹਾਸ਼ੀਏ ਤੋਂ ਬਾਹਰ ਰੱਖਣਾ ਜਾਰੀ ਰਹਿੰਦਾ ਹੈ, ਅਖੌਤੀ ਹਾਂਮੁਖ ਸ਼ਬਦਾਂ ਦਾ ਕੋਈ ਅਰਥ ਨਹੀਂ।æææ ਇਹ ਮੰਨੋ ਕਿ ਅਸੀਂ ਅੰਗਹੀਣ ਹਾਂ!” ਇਸ ਖੇਤਰ ਦੇ ਸਮਾਜ ਸੇਵਕ ਡਾæ ਸਤੇਂਦਰ ਸਿੰਘ ਦਾ ਵਿਚਾਰ ਹੈ ਕਿ ਗਾਂਧੀ ਜੀ ਨੇ ਜਦੋਂ ḔਹਰੀਜਨḔ ਕਹਿਣਾ ਸ਼ੁਰੂ ਕੀਤਾ, ਸਬੰਧਤ ਭਾਈਚਾਰੇ ਨੇ ਉਸ ਸ਼ਬਦ ਨੂੰ ਅਸਲੀਅਤ ਦੇ ਉਲਟ ਤੇ ਅਰਥਹੀਣ ਆਖ ਕੇ ਰੱਦ ਕਰ ਦਿੱਤਾ।
ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਥਾਵਰ ਚੰਦ ਗਹਿਲੋਤ ਦਾ ਉਪਦੇਸ਼ ਹੈ, “ਭਾਰਤ ਵਿਚ ਅਜਿਹੇ ਲੋਕਾਂ ਨੂੰ ਐਨ ਸ਼ੁਰੂ ਤੋਂ ਹੀ ਦਿਵਿਆਂਗ ਕਿਹਾ ਜਾਂਦਾ ਹੈ, ਕਿਉਂਕਿ ਇਨ੍ਹਾਂ ਦੇ ਸਰੀਰ ਵਿਸ਼ੇਸ਼ ਹੁੰਦੇ ਹਨ। ਸਾਡੇ ਸਭਿਆਚਾਰ ਵਿਚ ਅੱਠ ਹੀਣਤਾਵਾਂ ਵਾਲੇ ਰਿਸ਼ੀ ਅਸ਼ਟਵਕਰ ਤੇ ਨੇਤਰਹੀਣ ਗਾਇਕ ਸੂਰਦਾਸ ਵਰਗੇ ਅਨੇਕ ਗੁਣਵੰਤ ਲੋਕ ਹੋਏ ਹਨ।” ਗੱਲ ḔਬੁਰੇḔ ਵਿਕਲਾਂਗ ਦੀ ਥਾਂ ḔਚੰਗਾḔ ਦਿਵਿਆਂਗ ਲਿਆਉਣ ਦੀ ਨਹੀਂ, ਅਸਲ ਸਮੱਸਿਆ ਇਹ ਹੈ ਕਿ ਮੰਤਰਾਲਿਆਂ ਨੇ ਸਭ ḔਬੁਰੇḔ ਸ਼ਬਦਾਂ ਦੀ ਥਾਂ ḔਚੰਗੇḔ ਸ਼ਬਦ ਲੱਭਣ ਵਾਸਤੇ Ḕਵਿਪਰੀਤਾਰਥੀ ਸ਼ਬਦਕੋਸ਼Ḕ ਵਾਚਣੇ ਸ਼ੁਰੂ ਕੀਤੇ ਹੋਏ ਹਨ। ਮੁਸਲਮਾਨ ਭਾਈਚਾਰੇ ਨੂੰ ਚੰਗੇ ਤੇ ਬੁਰੇ ਮੁਸਲਮਾਨਾਂ ਦੇ ਦੋ ਖਾਨਿਆਂ ਵਿਚ ਵੰਡਣ ਲਈ ਬੁਰੇ ਮੁਸਲਮਾਨ ਔਰੰਗਜ਼ੇਬ ਦੇ ਨਾਂ ਵਾਲੀ ਸੜਕ ਨੂੰ ਚੰਗੇ ਮੁਸਲਮਾਨ ਸਵਰਗੀ ਰਾਸ਼ਟਰਪਤੀ ਏæਪੀæਜੇæ ਅਬਦੁਲ ਕਲਾਮ ਦਾ ਨਾਂ ਦੇ ਦਿਤਾ ਗਿਆ ਹੈ। ਦੋ ਜਨਮ ਤਾਰੀਖ਼ਾਂ ਵਾਲੇ ਸੈਨਾਪਤੀ ਤੋਂ ਸੰਘ-ਭਗਤ ਮੰਤਰੀ ਬਣੇ ਵੀæਕੇæ ਸਿੰਘ ਦੀ ਭਾਰਤੀ ਧਰਮਾਂ ਨੂੰ ਬੁਰਿਆਂ ਤੇ ਚੰਗਿਆਂ ਵਿਚ ਵੰਡਣ ਦੀ ਸ਼ੁਰਲੀ ਚੱਲ ਨਿਕਲੀ। ਹੁਣ ਦਿੱਲੀ ਦੀ ਸੜਕ ਤੋਂ ਤੇ ਅੰਤ ਨੂੰ ਇਤਿਹਾਸ ਵਿਚੋਂ ਬੁਰੇ ਧਰਮ ਦੇ ਅਕਬਰ ਦਾ ਨਾਂ ਮੇਸ ਕੇ ਚੰਗੇ ਧਰਮ ਦੇ ਰਾਣਾ ਪਰਤਾਪ ਦਾ ਨਾਂ ਲਿਖੇ ਜਾਣ ਦੀ ਜ਼ੋਰਦਾਰ ਮੰਗ ਹੋ ਰਹੀ ਹੈ। ਪੁਰਾਣੇ ਬਾਦਸ਼ਾਹਾਂ ਦੇ ਨਾਂਵਾਂ ਨਾਲ ਕੁਝ ਕੌਮਾਂਤਰੀ ਗਿਣਤੀਆਂ-ਮਿਣਤੀਆਂ ਦੇ ਆਧਾਰ ਉਤੇ ਲਾਏ ਜਾਂਦੇ ਵਿਸ਼ੇਸ਼ਣ ḔਮਹਾਨḔ ਨੂੰ ਤਾਂ ਇਤਿਹਾਸ ਦੀਆਂ ਪੁਸਤਕਾਂ ਵਿਚੋਂ ਅਕਬਰ ਦੇ ਨਾਂ ਨਾਲੋਂ ਲਾਹ ਕੇ ਰਾਣਾ ਪਰਤਾਪ ਦੇ ਨਾਂ ਨਾਲ ਚੇਪ ਵੀ ਦਿੱਤਾ ਗਿਆ ਹੈ।
ḔਹਮਲਾਵਰḔ ਸ਼ਬਦ ਨੂੰ ਵੀ ਨਵੇਂ ਅਰਥ ਦਿੱਤੇ ਜਾ ਰਹੇ ਹਨ। ਪਿੱਛਾ ਪੂਰੀ ਤਰ੍ਹਾਂ ਤਿਆਗ ਕੇ ਤਾਂ ਹਮਲਾਵਰ ਬਾਬਰ ਨੇ ਹੀ ਹਿੰਦੁਸਤਾਨ ਨੂੰ ਆਪਣਾ ਦੇਸ ਬਣਾ ਲਿਆ ਸੀ ਪਰ ਹੁਣ ਤਿੰਨ ਪੀੜ੍ਹੀਆਂ ਪਾਰ ਕਰ ਚੁੱਕਿਆ ਅਕਬਰ ਤਾਂ ਕੀ, ਛੇ ਪੀੜ੍ਹੀਆਂ ਪਾਰ ਕਰਨ ਵਾਲਾ ਔਰੰਗਜ਼ੇਬ ਵੀ ਹਮਲਾਵਰ ਹੀ ਹੋ ਗਿਆ ਹੈ। ਕੀ ਹੁਣ ਇਤਿਹਾਸ ਦੀਆਂ ਪੁਸਤਕਾਂ ਵਿਚ ਮੁਸਲਮਾਨਾਂ ਤੇ ਅੰਗਰੇਜ਼ਾਂ ਦੇ ਰਾਜ ਵਾਲ਼ੀਆਂ ਸਦੀਆਂ ਬਾਰੇ ਇਹ ਪੜ੍ਹਾਇਆ ਜਾਵੇਗਾ ਕਿ ਉਸ ਸਮੇਂ ਭਾਰਤ ਖਾਲੀ ਗੱਦੀ ਨਾਲ ਬੇਰਾਜਾ ਹੀ ਹੁੰਦਾ ਸੀ? ਅੱਠਵੀਂ ਜਮਾਤ ਦੀ ਪਾਠ ਪੁਸਤਕ ਵਿਚੋਂ ਨਹਿਰੂ ਦਾ ਨਾਂ ਸੁਤੰਤਰਤਾ ਸੰਗਰਾਮੀਏ ਵਜੋਂ ਹੀ ਨਹੀਂ, ਸਗੋਂ ਪ੍ਰਧਾਨ ਮੰਤਰੀ ਵਜੋਂ ਵੀ ਮੇਸਦਿਆਂ 1947 ਤੋਂ 1964 ਦਾ ਸਮਾਂ ਪ੍ਰਧਾਨ ਮੰਤਰੀ ਤੋਂ ਵਿਰਵਾ ਰੱਖ ਕੇ ਤੇ ਇਉਂ 1964 ਵਿਚ ਬਣੇ ਸ਼ਾਸਤਰੀ ਜੀ ਨੂੰ ਆਜ਼ਾਦ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਾ ਕੇ ਰਾਹ ਤਾਂ ਦਿਖਾ ਹੀ ਦਿੱਤਾ ਗਿਆ ਹੈ। ਦਿੱਲੀ ਵਿਚ ਅਕਬਰ ਰੋਡ ਮੇਸ ਕੇ ਰਾਣਾ ਪਰਤਾਪ ਰੋਡ ਲਿਖਣਾ ਕੋਈ ਔਖਾ ਨਹੀਂ। ਬੱਸ ਇਕ ਡੱਬੀ ਰੰਗ ਤੇ ਬੁਰਸ਼ ਚਾਹੀਦਾ ਹੈ। ਹੋਰ ḔਹਮਲਾਵਰਾਂḔ ਦੇ ਸੜਕੀ ਨਾਂ ਵੀ ਉਸੇ ਡੱਬੀ-ਬੁਰਸ਼ ਨਾਲ ਬਦਲੇ ਜਾ ਸਕਦੇ ਹਨ, ਪਰ ਕਈ ਛੋਟੀਆਂ ਛੋਟੀਆਂ ਹੋਰ ਸਮੱਸਿਆਵਾਂ ਹਨ।
ਇਕ ਤਾਂ ਅਕਬਰ ਬੜਾ ਚਲਾਕ ਸੀ। ਉਹ ਹਿੰਦੂ-ਮੁਸਲਮਾਨ ਵਿਚ ਕੋਈ ਫ਼ਰਕ ਨਹੀਂ ਸੀ ਕਰਦਾ। ਉਹਨੇ ਹਿੰਦੂ ਰਾਜਪੂਤ ਯੋਧਾਬਾਈ ਨਾਲ ਵਿਆਹ ਕਰਵਾ ਕੇ ਉਹਦੇ ਪੁੱਤਰ ਸਲੀਮ ਨੂੰ ਹੀ ਗੱਦੀ ਦਿੱਤੀ ਅਤੇ ਅਨੇਕ ਹਿੰਦੂ ਵੱਡੇ ਵੱਡੇ ਅਹੁਦਿਆਂ ਉੱਤੇ ਲਾਏ। ਰਾਣਾ ਪਰਤਾਪ ਨੂੰ ਹਰਾਉਣ ਵਾਲ਼ੀ ਉਹਦੀ ਫ਼ੌਜ ਦਾ ਸਿਪਾਹਸਾਲਾਰ ਵੀ ਰਾਜਪੂਤ, ਰਾਜਾ ਮਾਨ ਸਿੰਘ ਸੀ। ਦਿੱਲੀ ਵਿਚ ਉਹਦੇ ਨਾਂ ਦੀ ਵੀ ਸੜਕ ਹੈ। ਇਹੋ ਨਹੀਂ, ਟੋਡਰ ਮੱਲ, ਬੀਰਬਲ ਤੇ ਭਗਵਾਨ ਦਾਸ ਜਿਹੇ ਉਹਦੇ ਅਹਿਲਕਾਰਾਂ ਦੇ ਨਾਂਵਾਂ ਦੀਆਂ ਵੀ ਸੜਕਾਂ ਹਨ। ਸੜਕਾਂ ਤੋਂ ਇਹਨਾਂ ਸਭ ਹਿੰਦੂਆਂ ਦੇ ਨਾਂ ਵੀ ਬਦਲਣੇ ਪੈਣਗੇ। ਫੇਰ ਮਸਲਾ ਇਕੱਲੀ ਦਿੱਲੀ ਦਾ ਨਹੀਂ। ਜੇ 181 ਸਾਲ ਰਾਜ ਕਰਨ ਵਾਲੇ ਸਿਰਫ਼ ਛੇ ਵੱਡੇ ਮੁਗਲਾਂ ਨੂੰ ਹੀ ਲਈਏ, ਦੇਸ ਵਿਚ 704 ਪਿੰਡ-ਸ਼ਹਿਰ ਉਨ੍ਹਾਂ ਦੇ ਨਾਂ ਵਾਲੇ ਹਨ। ਇਹਨਾਂ ਵਿਚੋਂ 396 ਅਜਿਹੇ ਹਨ ਜਿਨ੍ਹਾਂ ਦੀ ਵਸੋਂ ਇਕ ਲੱਖ ਤੋਂ ਵੱਧ ਹੈ। ਇਹਨਾਂ 704 ਵਿਚੋਂ ਬਾਬਰ ਦੇ ਨਾਂ ਵਾਲੇ 61, ਹਮਾਯੂੰ ਦੇ 11, ਅਕਬਰ ਦੇ 251, ਜਹਾਂਗੀਰ ਦੇ 141, ਸ਼ਾਹ ਜਹਾਨ ਦੇ 63 ਅਤੇ ਔਰੰਗਜ਼ੇਬ ਦੇ ਨਾਂ ਵਾਲੇ 177 ਪਿੰਡ-ਸ਼ਹਿਰ ਹਨ। ਬਾਰਾਂ ਤਾਂ ਮੋਦੀ ਜੀ ਦੇ ਗੁਜਰਾਤ ਵਿਚ ਹੀ ਹਨ।
ਕਿਸੇ ਸਮੇਂ ਗੁੜ ਪੈਦਾ ਕਰਨ ਵਾਲੇ ਪਿੰਡਾਂ ਦਾ ਕੇਂਦਰ ਰਹੇ, ਪਰ ਹੁਣ ਵੱਡਾ ਆਧੁਨਿਕ ਸ਼ਹਿਰ ਬਣ ਚੁੱਕੇ ਗੁੜਗਾਉਂ ਦਾ ਨਾਂ ਗੁਰੂ ਦਰੋਣਾਚਾਰੀਆ ਦਾ ਸਥਾਨ ਆਖ ਕੇ ਗੁਰੂਗ੍ਰਾਮ ਰੱਖ ਦਿੱਤਾ ਗਿਆ। ਲੋਕ ਕਹਿੰਦੇ, ਇਕ ਤਾਂ ਹਰਿਆਣੇ ਵਿਚ ਗ੍ਰਾਮ ਨਹੀਂ ਹੁੰਦਾ; ਜੇ ਨਾਂ ਬਦਲਣਾ ਹੀ ਹੈ, ਜਾਤਪਾਤੀ ਭੇਦਭਾਵ ਕਰਨ ਵਾਲੇ ਗੁਰੂ ਦੀ ਥਾਂ ਉਹਦੇ ਅਨਿਆਂ ਤੇ ਅੱਤਿਆਚਾਰ ਦਾ ਸ਼ਿਕਾਰ ਹੋਏ ਆਦਿਵਾਸੀ ਦੀ ਯਾਦ ਵਿਚ ਏਕਲੱਵਿਆਗ੍ਰਾਮ ਰੱਖਣਾ ਚਾਹੀਦਾ ਹੈ।
ਆਖ਼ਰੀ ਗੱਲ, ਪੰਜਾਬ ਦੇ ਮਸੌਲ ਅਤੇ ਦੇਸ ਵਿਚ ਹੋਰ ਕਈ ਥਾਂਈਂ ਹੋ ਰਹੀ ਖੁਦਾਈ ਇਸ ਭੂਗੋਲਿਕ ਖੇਤਰ ਦੇ ਮਨੁੱਖੀ ਵਸੇਬੇ ਦੇ ਇਤਿਹਾਸ ਨੂੰ ਬਹੁਤ ਪਿੱਛੇ ਲਿਜਾ ਰਹੀ ਹੈ। ਭਗਵਾਨ ਨਾ ਕਰੇ, ਜੇ ਭਲਕੇ ਇਹ ਸਿੱਧ ਹੋ ਜਾਵੇ ਕਿ ਇਥੇ ਤਾਂ ਭੀਲ, ਗੱਦੀ, ਭੋਤ, ਗੁੱਜਰ, ਮੁੰਡੇ, ਕੋਲ ਆਦਿ ਵਸਦੇ ਸਨ, ਆਰੀਏ ਤਾਂ ਬਹੁਤ ਮਗਰੋਂ ਕਿਤੋਂ ਬਾਹਰੋਂ ਆ ਟਪਕੇ, ਫੇਰ ਅਸੀਂ ਜੋ ਸਭ ਆਰੀਆਂ ਦੀ ਮਿੱਸੀ ਔਲਾਦ ਹਾਂ, ਆਰੀਆਂ ਦੇ ਬਾਹਰੋਂ ਆਏ ਹੋਣ ਦੇ ਸਿਧਾਂਤ ਦਾ ਜਿਉਂਦਾ-ਜਾਗਦਾ ਸਬੂਤ ਬਣ ਜਾਵਾਂਗੇ ਜਿਸ ਨਾਲ Ḕਦੇਸ ਭਗਤਾਂḔ ਦਾ ਸਾਰਾ ਅਡੰਬਰ ਢਹਿ ਕੇ ਢੇਰੀ ਹੋ ਜਾਵੇਗਾ! -0-