ਉਦਾਸੇ ਸਮਿਆਂ ਦਾ ਸੰਤਾਪ: ਮਾਚਿਸ

ਕੁਲਦੀਪ ਕੌਰ
ਫਿਲਮ Ḕਮਾਚਿਸ’ ਆਪਣੀ ਸੋਗਮਈ ਹੂਕ ਕਾਰਨ ਦਿਲਾਂ ਨੂੰ ਉਦਾਸ ਕਰਦੀ ਹੈ। ਇਹ ਫਿਲਮ ਗੁਲਜ਼ਾਰ ਦੇ ਦਿਲ ਦੇ ਬਹੁਤ ਨੇੜੇ ਹੈ। ਇਸ ਦੀ ਕਹਾਣੀ ਸਥਾਨਕ ਹੋਣ ਦੇ ਬਾਵਜੂਦ ਆਪਣੀ ਯਥਾਰਥਕ ਪਹੁੰਚ ਕਾਰਨ ਸਿਨੇਮਾ ਦੇ ਦਿਸਹੱਦਿਆਂ ਤੋਂ ਪਾਰ ਫੈਲ ਜਾਂਦੀ ਹੈ। ਫਿਲਮ ਪੰਜਾਬ ਦੇ ਖਾੜਕੂ ਦੌਰ ਦੀ ਘੁੰਮਣਘੇਰੀ ਵਿਚ ਫਸੇ ਅਜਿਹੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਪਰਦਾਪੇਸ਼ ਕਰਦੀ ਹੈ ਜਿਹੜੇ ਘਰਾਂ ਤੋਂ ਅਜਿਹੇ ਨਖਲਸਿਤਾਨਾਂ ਦੀ ਖੋਜ ਵਿਚ ਨਿਕਲੇ ਜਿਨ੍ਹਾਂ ਦੇ ਪਾਣੀਆਂ ਨੇ ਉਨ੍ਹਾਂ ਦੇ ਸਾਹ ਹੀ ਸੂਤ ਲਏ।

ਪੰਜਾਬ ਦੇ ਉਸ ਕਾਲੇ ਦੌਰ ਦੀ ਹਕੀਕਤ ਦੀਆਂ ਬਹੁਤ ਸਾਰੀਆਂ ਪਰਤਾਂ ਹਨ। ਹਰੀ ਕ੍ਰਾਂਤੀ ਦੁਆਰਾ ਤਿੱਖੀ ਕੀਤੀ ਵਰਗ-ਵੰਡ, ਘੱਟ-ਗਿਣਤੀਆਂ ਨਾਲ ਕੀਤਾ ਜਾਂਦਾ ਦੋਇਮ ਦਰਜੇ ਦਾ ਵਿਹਾਰ, ਫਿਰਕਾਪ੍ਰਸਤੀ ਤੇ ਸਿਆਸਤ ਦਾ ਨਾਪਾਕ ਗੱਠਜੋੜ ਅਤੇ ਹਥਿਆਰਾਂ ਦੀ ਸਮਗਲਿੰਗ ਨੇ ਪੰਜਾਬੀ ਸਮਾਜ ਨੂੰ ਅਜਿਹੇ ਚੌਰਾਹੇ ਤੇ ਲਿਆ ਕੇ ਖੜ੍ਹਾ ਕਰ ਦਿਤਾ ਜਿਥੇ ਪੰਜਾਬੀ ਨੌਜਵਾਨਾਂ ਦਾ ਇਕ ਵਰਗ ਆਪਣੀ ਹੋਂਦ ਬਚਾਉਣ ਲਈ ਬੰਦੂਕਾਂ ਦੀ ਦਹਿਸ਼ਤ ਦੀ ਓਟ Ḕਤੇ ਨਿਰਭਰ ਹੋ ਗਿਆ। ਉਨ੍ਹਾਂ ਬੇਕਿਰਕ ਸਮਿਆਂ ਵਿਚ ਜੀਅ ਰਹੇ ਉਹ ਨੌਜਵਾਨ ਕਿੱਦਾਂ ਦੇ ਸਨ, ਉਨ੍ਹਾਂ ਦੇ ਸੁਪਨੇ, ਰੰਜ਼, ਰੋਸਿਆਂ ਤੇ ਹਾਸਿਆਂ ਨੂੰ ਸੂਤਰਬੱਧ ਕਰਦੀ ਇਹ ਫਿਲਮ ਦਰਸ਼ਕਾਂ ਨੂੰ ਉਨ੍ਹਾਂ ਨੂੰ ਛੁਹ ਕੇ ਦੇਖਣ ਦਾ ਮੌਕਾ ਦਿੰਦੀ ਹੈ। ਫਿਲਮ ਦੇ ਸਾਰੇ ਕਿਰਦਾਰਾਂ ਦੀਆਂ ਆਪਣੀਆਂ ਕਹਾਣੀਆਂ ਹਨ ਜਿਨ੍ਹਾਂ ਨੂੰ ਆਪਸ ਵਿਚ ਗੰਢ ਕੇ ਨਿਰਦੇਸ਼ਕ ਆਪਣੇ ਕੈਨਵਸ ਵਿਚ ਰੰਗ ਭਰਦਾ ਹੈ। ਇਨ੍ਹਾਂ ਰੰਗਾਂ ਵਿਚ ਲਹੂ ਭਿੱਜੇ ਹਾਸੇ ਹਨ, ਮੌਤ ਦਾ ਪੱਲਾ ਫੜ ਕੇ ਜਿਉਂਦੀ ਜ਼ਿੰਦਗੀ ਹੈ ਅਤੇ ਸਮੇਂ ਦੇ ਉਸ ਦੌਰ ਤੋਂ ਅੱਖ ਬਚਾ ਕੇ ਨਿਕਲ ਜਾਣ ਦੀ ਤਿਲਮਿਲਾਹਟ ਹੈ।
ਪੰਜਾਬ ਦੇ ਉਸ ਕਾਲੇ ਦੌਰ ਬਾਰੇ ਕਈ ਫਿਲਮਾਂ ਬਣੀਆਂ ਹਨ ਪਰ Ḕਮਾਚਿਸ’ ਆਪਣੀ ਲਗਾਤਾਰ ਧੁਖਦੀ ਪਟਕਥਾ ਕਾਰਨ ਹਮੇਸ਼ਾ ਸਾਰਥਕ ਸੰਵਾਦ ਸ਼ੁਰੂ ਕਰਨ ਵਿਚ ਕਾਮਯਾਬ ਰਹੀ ਹੈ। ਇਸ ਪਟਕਥਾ ਦੀ ਸੂਤਰਦਾਰ, ਹੁਣ ਵੀ ਉਹੀ ਤੇ ਉਨੀ ਹੀ ਮੂੰਹਜ਼ੋਰ ਹੈ। ਫਿਲਮ Ḕਮਾਚਿਸ’ ਵਿਚਲੇ ਮੁੰਡੇ ਤੇ ਕੁੜੀਆਂ ਨੂੰ ਹੁਣ ਨੌਜਵਾਨ ਫਿਲਮਸਾਜ਼ ਜਤਿੰਦਰ ਮੌਹਰ ਦੀ ਫਿਲਮ Ḕਕਿੱਸਾ ਪੰਜਾਬ’ ਵਿਚ ਮਿਲਿਆ ਜਾ ਸਕਦਾ ਹੈ। ਫਿਲਮ ḔਮਾਚਿਸḔ ਵਿਚ ਇਨ੍ਹਾਂ ਨੌਜਵਾਨਾਂ ਦੀ ਜੇਲ੍ਹ ਵਿਚ ਕੀਤੀ ਖੁਦਕੁਸ਼ੀ ਬਾਰੇ ਆਪਣੇ ਉਪਰਲੇ ਅਫਸਰਾਂ ਨੂੰ ਦੱਸਦਿਆਂ ਥਾਣੇਦਾਰ ਨੂੰ ਉਬਾਸੀਆਂ ਆ ਰਹੀਆਂ ਹਨ। ਜਦੋਂ ਉਨ੍ਹਾਂ ਦੇ ਗਰੁੱਪਾਂ ਦੀਆਂ ਨਿਸ਼ਾਨਦੇਹੀਆਂ ਹੋਣ ਦੀ ਕਵਾਇਦ ਹੋ ਰਹੀ ਹੈ, ਉਹ ਗਾ ਰਹੇ ਹਨ- Ḕਛੋੜ ਆਏ ਹਮ, ਵੋ ਗਲੀਆਂæææ ਜਹਾਂ ਤੇਰੇ ਪੈਰੋਂ ਕੇ, ਕੰਵਲ ਗਿਰਾ ਕਰਤੇ ਥੇæææ ਹੰਸੇ ਤੋ ਦੋ ਗਾਲੋਂ ਪੇ, ਭੰਵਰ ਪੜਾ ਕਰਤੇ ਥੇæææ ਤੇਰੀ ਕਮਰ ਕੇ ਬਲ ਪੇ, ਨਦੀ ਮੁੜਾ ਕਰਤੀ ਥੀæææ Ḕ।
ਫਿਲਮ ਵੀਰਾਂ (ਤੱਬੂ) ਅਤੇ ਉਸ ਦੇ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਉਸ ਦਾ ਭਰਾ ਇਕ ਵਾਰ ਘਰ ਆਏ ਪੁਲਿਸ ਅਫਸਰ ਨਾਲ ਮਜ਼ਾਕ ਕਰ ਬੈਠਦਾ ਹੈ ਜਿਸ ਨੂੰ ਆਪਣੀ ਹੱਤਕ ਮੰਨਦਿਆਂ ਉਸ ਨਾਲ ਥਾਣੇ ਵਿਚ ਤਸ਼ਦੱਦ ਕੀਤਾ ਜਾਂਦਾ ਹੈ। ਜਦੋਂ ਉਹ ਥਾਣੇ ਤੋਂ ਘਰ ਵਾਪਿਸ ਆਉਂਦਾ ਤਾਂ ਉਸ ਦਾ ਬਚਪਨ ਦਾ ਦੋਸਤ ਅਤੇ ਵੀਰਾਂ ਦਾ ਮੰਗੇਤਰ ਪਾਲੀ (ਚੰਦਰਚੂੜ ਸਿੰਘ) ਉਸ ਦੀ ਹਾਲਤ ਦੇਖ ਕੇ ਆਪੇ ਤੋਂ ਬਾਹਰ ਹੋ ਜਾਂਦਾ ਹੈ। ਉਹ ਮਨ ਹੀ ਮਨ ਬਦਲਾ ਲੈਣ ਦੀ ਠਾਣ ਲੈਂਦਾ ਹੈ ਅਤੇ ਕਿਸੇ ਖਾੜਕੂ ਗਰੁੱਪ ਦੀ ਮਦਦ ਲੈਣ ਲਈ ਘਰੋਂ ਨਿਕਲ ਤੁਰਦਾ ਹੈ। ਰਸਤੇ ਵਿਚ ਉਸ ਦੀ ਮੁਲਾਕਾਤ ਸਨਾਤਨ (ਓਮਪੁਰੀ) ਨਾਲ ਹੁੰਦੀ ਹੈ। ਸਨਾਤਨ 1947 ਦੇ ਹੱਲਿਆਂ ਦਾ ਉਜੜਿਆ ਹੋਇਆ ਹੈ ਅਤੇ ਉਸ ਦੇ ਮਨ ਅੰਦਰ ਸਰਕਾਰੀ-ਤੰਤਰ ਪ੍ਰਤੀ ਰੰਜ਼ ਭਰਿਆ ਹੋਇਆ ਹੈ। ਫਿਲਮ ਵਿਚ ਗੁਲਜ਼ਾਰ 1947 ਅਤੇ 1984 ਦੇ ਸਾਲਾਂ ਨੂੰ ਹਜ਼ਾਰਾਂ ਜ਼ਿੰਦਗੀਆਂ ਨੂੰ ਬਰਬਾਦ ਕਰਨ ਵਾਲੇ ਸਾਲਾਂ ਦੇ ਤੌਰ Ḕਤੇ ਦੇਖਦਾ ਹੈ। ਫਿਲ਼ਮ ਵਿਚ ਸੰਤਾਲੀ ਅਤੇ ਚੁਰਾਸੀ ਦਾ ਕਹਿਰ ਪਰਛਾਵਿਆਂ ਵਾਂਗ ਕਿਰਦਾਰਾਂ ਦਾ ਪਿੱਛਾ ਕਰਦਿਆਂ ਦੇਖਿਆ ਜਾ ਸਕਦਾ ਹੈ।
ਸਮੇਂ ਦੇ ਧੱਕੇ ਚੜ੍ਹੇ ਪਾਲੀ ਅਤੇ ਵੀਰਾਂ ਕਦੋਂ ਖਤਰਨਾਕ ਅਤਿਵਾਦੀਆਂ ਦੀ ਗਿਣਤੀ ਵਿਚ ਆ ਜਾਂਦੇ ਹਨ, ਇਸ ਦਾ ਅਹਿਸਾਸ ਹੋਣ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਉਨ੍ਹਾਂ ਦੇ ਬਣਾਏ ਰਿਸ਼ਤੇ ਇਕ-ਇਕ ਕਰ ਕੇ ਬਿਖਰ ਜਾਂਦੇ ਹਨ ਤੇ ਪਿਛਾਂਹ ਬੀਤੇ ਦਾ ਹੇਰਵਾ ਤੇ ਝੋਰਾ ਹੀ ਬਚਦਾ ਹੈ। ਇਸ ਫਿਲਮ ਦੀ ਇਕ ਵੱਖਰੀ ਪਛਾਣ ਇਸ ਦੇ ਗਾਣਿਆਂ ਕਰ ਕੇ ਹੈ। Ḕਚੱਪਾ-ਚੱਪਾ ਚਰਖਾ ਚਲੇ’ ਅਜਿਹਾ ਗਾਣਾ ਹੈ ਜਿਸ ਦੇ ਬੋਲ ਪੰਜਾਬੀ ਹੋਣ ਦੇ ਬਾਵਜੂਦ ਇਹ ਹਰ ਖਿੱਤੇ ਦੇ ਭਾਰਤੀ ਦਰਸ਼ਕਾਂ ਵਿਚ ਹਰਮਨ ਪਿਆਰਾ ਰਿਹਾ ਹੈ। ਫਿਲਮ ਦਾ ਬਹੁਤ ਉਦਾਸ ਗਾਣਾ Ḕਤੁਮ ਗਏ ਸਭ ਗਿਆ, ਕੋਈ ਅਪਨੀ ਹੀ ਮਿੱਟੀ ਤਲੇ ਦਬ ਗਿਆ’ ਫਿਲਮ ਦੇ ਕਿਰਦਾਰਾਂ ਦੀ ਉਦਾਸੀ ਨੂੰ ਦਰਸਾਉਂਦਾ ਹੈ। ਗੁਲਜ਼ਾਰ ਦੀ ਫਿਲਮ ਇਸ ਉਦਾਸੀ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦੀ ਹੈ।