ਮਥੁਰਾ ਕਾਂਡ: ਸਿਆਸੀ ਤੇ ਡੇਰਾ ਗੱਠਜੋੜ ਦੀ ਖੋਲ੍ਹੀ ਪੋਲ

ਮਥੁਰਾ: ਜਵਾਹਰ ਬਾਗ ਵਿਚ ਸੈਂਕੜੇ ਏਕੜ ਸਰਕਾਰੀ ਜ਼ਮੀਨ ਉਤੋਂ ਨਾਜਾਇਜ਼ ਕਬਜ਼ਾ ਹਟਾਉਣ ਲਈ ਕੀਤੀ ਕਾਰਵਾਈ ਅਤੇ ਇਸ ਪਿਛੋਂ ਹੋਏ ਖੁਲਾਸਿਆਂ ਨੇ ਦੇਸ਼ ਵਿਚ ਸਿਆਸੀ ਧਿਰਾਂ ਤੇ ਡੇਰਾਵਾਦ ਦੇ ਗੱਠਜੋੜ ਦੀਆਂ ਪਰਤਾਂ ਖੋਲ੍ਹ ਦਿੱਤੀਆਂ ਹਨ। ਇਸ ਕਾਰਵਾਈ ਵਿਚ ਪੁਲਿਸ ਅਧਿਕਾਰੀਆਂ ਸਮੇਤ 29 ਮੌਤਾਂ ਹੋ ਗਈਆਂ। ਪੁਲਿਸ ਦਾ ਦਾਅਵਾ ਹੈ ਕਿ ਕਬਜ਼ਾਕਾਰਾਂ ਦਾ ਆਗੂ ਰਾਮ ਵਰਿਕਸ਼ ਯਾਦਵ ਵੀ ਮਾਰਿਆ ਗਿਆ ਹੈ। 60 ਸਾਲਾ ਯਾਦਵ ‘ਆਜ਼ਾਦ ਭਾਰਤ ਵਿਧਿਕ ਵੈਚਾਰਿਕ ਕ੍ਰਾਂਤੀ ਸਤਿਆਗ੍ਰਹਿ’ ਦਾ ਆਗੂ ਸੀ।

ਇਸ ਜਥੇਬੰਦੀ ਵੱਲੋਂ ਪਿਛਲੇ ਦੋ ਸਾਲਾਂ ਤੋਂ 260 ਏਕੜ ਜ਼ਮੀਨ ਉਤੇ ਕਬਜ਼ਾ ਕੀਤਾ ਹੋਇਆ ਸੀ। ਸਿਆਸੀ ਧਿਰਾਂ ਤੇ ਡੇਰਾਵਾਦ ਦੀ ਯਾਰੀ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਹਰਿਆਣਾ ਵਿਚ ਪਿਛਲੇ ਸਾਲ ਅਖੌਤੀ ਗੁਰੂ ਰਾਮਪਾਲ ਦੇ ਡੇਰੇ ਖਿਲਾਫ ਪੁਲਿਸ ਨੂੰ ਸਖਤ ਕਾਰਵਾਈ ਅਦਾਲਤੀ ਹੁਕਮਾਂ ਕਾਰਨ ਹੀ ਕਰਨੀ ਪਈ ਸੀ। ਉਸ ਡੇਰੇ ਦੀਆਂ ਸਰਗਰਮੀਆਂ ਬਾਰੇ ਪੁਲਿਸ ਤੇ ਪ੍ਰਸ਼ਾਸਨ ਨੂੰ ਬਹੁਤ ਕੁਝ ਪਤਾ ਸੀ, ਫਿਰ ਵੀ ਡੇਰਾ ਮੁਖੀ ਨੂੰ ਹੱਥ ਨਹੀਂ ਸੀ ਪਾਇਆ ਗਿਆ।
ਮਥੁਰਾ ਕਾਂਡ ਦੀ ਮੁਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਜਿਹੜੇ ਜਵਾਹਰ ਬਾਗ ਵਿਚ ਹਿੰਸਾ ਹੋਈ ਸੀ, ਉਥੇ ਕਬਜ਼ਾ ਜਮਾਈ ਬੈਠੇ ਬੰਦਿਆਂ ਨੇ ਅਦਾਲਤ ਤੇ ਜੇਲ੍ਹ ਬੈਰਕਾਂ ਕਾਇਮ ਕੀਤੀਆਂ ਹੋਈਆਂ ਸਨ ਤੇ ਅੰਦਰਲੇ ਕਾਨੂੰਨ ਨੂੰ ਤੋੜਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਜਥੇਬੰਦੀ ਨੇ ਆਪਣੀ ਨਿੱਜੀ ਫੌਜ ਬਣਾਈ ਸੀ ਅਤੇ ਉਸ ਬਸਤੀ ਅੰਦਰ ਨਾਜਾਇਜ਼ ਅਸਲਾ ਤੇ ਗੋਲਾ-ਬਾਰੂਦ ਜਮ੍ਹਾ ਕੀਤੀ ਹੋਇਆ ਸੀ। ਇਥੇ ਵੀ ਕਾਰਵਾਈ ਉਦੋਂ ਹੋਈ ਜਦੋਂ ਅਲਾਹਾਬਾਦ ਹਾਈ ਕੋਰਟ ਨੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਉਤੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਵਾਹਰ ਬਾਗ ਖਾਲੀ ਕਰਵਾਉਣ ਦਾ ਹੁਕਮ ਦਿੱਤਾ।
ਪੁਲਿਸ ਅਧਿਕਾਰੀ ਮੰਨਦੇ ਹਨ ਕਿ ਜਦੋਂ ਕਦੇ ਵੀ ਉਨ੍ਹਾਂ ਨੇ ਕਾਰਵਾਈ ਕਰਨੀ ਚਾਹੀ ਤਾਂ ਲਖਨਊ ਤੋਂ ਆਉਂਦੀਆਂ ਫੋਨ ਕਾਲਾਂ ਇਹ ਕੰਮ ਰੁਕਵਾ ਦਿੰਦੀਆਂ ਸਨ। ਹਾਲਾਂਕਿ ਸਰਕਾਰੀ ਅਧਿਕਾਰੀ ਕਿਸੇ ਦਾ ਨਾਮ ਨਹੀਂ ਲੈ ਰਹੇ, ਪਰ ਭਾਰਤੀ ਜਨਤਾ ਪਾਰਟੀ ਦੇ ਮੁਕਾਮੀ ਨੇਤਾਵਾਂ ਦਾ ਦਾਅਵਾ ਹੈ ਕਿ ‘ਨਾਜਾਇਜ਼ ਕਬਜ਼ਾਕਾਰ’ ਸ਼ਿਵਪਾਲ ਸਿੰਘ ਯਾਦਵ ਦੇ ‘ਗੁੰਡੇ’ ਸਨ ਅਤੇ ਯੂæਪੀæ ਵਿਚ ਉਸ ਦੀ ਖਾਤਰ ਜ਼ਮੀਨਾਂ ਦੱਬਣ ਦਾ ਕੰਮ ਕਰਦੇ ਸਨ। ਜ਼ਿਕਰਯੋਗ ਹੈ ਕਿ ਸ਼ਿਵਪਾਲ ਸਿੰਘ ਯਾਦਵ, ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਦਾ ਛੋਟਾ ਭਰਾ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦਾ ਚਾਚਾ ਹੈ।