ਮੋਦੀ ਤੇ ਓਬਾਮਾ ਵੱਲੋਂ ਸਾਂਝ ਵਧਾਉਣ ਬਾਰੇ ਵਿਚਾਰਾਂ

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਰੀਕੀ ਸਦਰ ਬਰਾਕ ਓਬਾਮਾ ਨੇ ਇਥੇ ਦੋਵਾਂ ਮੁਲਕਾਂ ਦੇ ਦੁਵੱਲੇ ਸਹਿਯੋਗ ਨੂੰ ਨਵੀਆਂ ਬੁਲੰਦੀਆਂ ਉਤੇ ਲਿਜਾਣ ਦਾ ਆਪਣਾ ਅਹਿਦ ਦੁਹਰਾਉਂਦਿਆਂ ਵੱਖੋ-ਵੱਖ ਦੁਵੱਲੇ ਅਤੇ ਕੌਮਾਂਤਰੀ ਮੁੱਦਿਆਂ ਉਤੇ ਵਿਚਾਰ-ਵਟਾਂਦਰਾ ਕੀਤਾ। ਦੋਵਾਂ ਨੇ ਪਰਮਾਣੂ ਸਹਿਯੋਗ ਨੂੰ ਹੋਰ ਅੱਗੇ ਵਧਾਉਂਦਿਆਂ ਭਾਰਤ ਵਿਚ ਛੇਵੇਂ ਪਰਮਾਣੂ ਰਿਐਕਟਰ ਦੀ ਕਾਇਮੀ ਲਈ ਤਿਆਰੀ ਕੰਮ ਸ਼ੁਰੂ ਹੋ ਜਾਣ ਦਾ ਸਵਾਗਤ ਕੀਤਾ ਜੋ ਭਾਰਤ-ਅਮਰੀਕਾ ਗ਼ੈਰ-ਫ਼ੌਜੀ ਪਰਮਾਣੂ ਸਮਝੌਤੇ ਨੂੰ ਸਿਰੇ ਚਾੜ੍ਹਨ ਪੱਖੋਂ ਅਹਿਮ ਕਦਮ ਹੈ।

ਦੋਵੇਂ ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਇਸ ਪ੍ਰੋਜੈਕਟ ਲਈ ਮੁਕਾਬਲਾ ਆਧਾਰ ਉਤੇ ਵਿੱਤੀ ਪੈਕੇਜ ਲਈ ਭਾਰਤ ਅਤੇ ਅਮਰੀਕੀ ਬਰਾਮਦ-ਦਰਾਮਦ ਬੈਂਕ ਮਿਲ ਕੇ ਕੰਮ ਕਰਨ ਦੇ ਚਾਹਵਾਨ ਹਨ ਅਤੇ ਇਸ ਸਬੰਧੀ ਸਮਝੌਤੇ ਨੂੰ ਜੂਨ 2017 ਤੱਕ ਅੰਤਿਮ ਰੂਪ ਦੇਣਗੇ। ਇਸ ਦੇ ਨਾਲ ਹੀ ਦੋਵੇਂ ਆਗੂਆਂ ਨੂੰ ਪੈਰਿਸ ਵਿਚ ਹੋਏ ਵਾਤਾਵਰਨ ਤਬਦੀਲੀ ਰੋਕਣ ਸਬੰਧੀ ਸਮਝੌਤੇ ਨੂੰ ਤੇਜ਼ੀ ਨਾਲ ਅਮਲੀ ਰੂਪ ਦੇਣ ਸਬੰਧੀ ਵੀ ਵਿਚਾਰਾਂ ਕੀਤੀਆਂ। ਸ੍ਰੀ ਓਬਾਮਾ ਨੇ ਇਸ ਮੌਕੇ ਭਾਰਤ ਦੀ ਭਾਰਤ ਦੀ ਪਰਮਾਣੂ ਸਪਲਾਇਰ ਗਰੁੱਪ (ਐਨਐਸਜੀ) ਦੀ ਮੈਂਬਰੀ ਦੀ ਵੀ ਹਮਾਇਤ ਕੀਤੀ।
ਇਸ ਤੋਂ ਪਹਿਲਾਂ ਭਾਰਤ ਦਾ ਇਕ ਹੋਰ ਅਹਿਮ ਅਪਸਾਰ ਗਰੁੱਪ ਮਿਜ਼ਾਇਲ ਤਕਨਾਲੋਜੀ ਕੰਟਰੋਲ ਰਿਜੀਮ (ਐਮæਟੀæਸੀæਆਰæ) ਵਿਚ ਦਾਖ਼ਲੇ ਲਈ ਰਾਹ ਸਾਫ਼ ਹੋ ਗਿਆ। ਇਸ 34-ਮੁਲਕੀ ਗਰੁੱਪ ਦਾ ਮੈਂਬਰ ਬਣਨ ਸਬੰਧੀ ਭਾਰਤ ਨੇ ਅਹਿਮ ਤੇ ਆਖ਼ਰੀ ਅੜਿੱਕਾ ਪਾਰ ਕਰ ਲਿਆ ਹੈ ਅਤੇ ਭਾਰਤ ਛੇਤੀ ਹੀ ਇਸ ਦਾ ਮੈਂਬਰ ਬਣ ਸਕਦਾ ਹੈ। ਸਫ਼ਾਰਤੀ ਸੂਤਰਾਂ ਨੇ ਕਿਹਾ ਹੈ ਕਿ ਭਾਰਤ ਦੀ ਇਸ ਗਰੁੱਪ ਵਿਚ ਮੈਂਬਰੀ ਸਬੰਧੀ ਇਤਰਾਜ਼ ਦਾਖ਼ਲ ਕੀਤੇ ਜਾਣ ਸਬੰਧੀ ਮਿਆਦ ਸੋਮਵਾਰ ਨੂੰ ਪੁੱਗ ਗਈ ਅਤੇ ਇਸ ਦੌਰਾਨ ਕਿਸੇ ਵੀ ਮੈਂਬਰ ਨੇ ਭਾਰਤ ਦੀ ਸ਼ਮੂਲੀਅਤ ਦਾ ਵਿਰੋਧ ਨਹੀਂ ਕੀਤਾ।
ਅਮਰੀਕੀ ਉਪ ਕੌਮੀ ਸੁਰੱਖਿਆ ਸਲਾਹਕਾਰ ਬੈਂਜਾਮਿਨ ਰੋਡਜ਼ ਨੇ ਭਾਰਤ ਦੇ ਐਨæਐਸ਼ਜੀæ ਵਿਚ ਦਾਖ਼ਲੇ ਦੀ ਜ਼ੋਰਦਾਰ ਹਮਾਇਤ ਕਰਦਿਆਂ ਆਰਮਜ਼ ਕੰਟਰੋਲ ਐਸੋਸੀਏਸ਼ਨ ਵੱਲੋਂ ਕਰਵਾਏ ਸਮਾਗਮ ਵਿਚ ਕਿਹਾ, “ਅਸੀਂ ਭਾਰਤ ਨਾਲ ਗ਼ੈਰ-ਫ਼ੌਜੀ ਪਰਮਾਣੂ ਸਮਝੌਤੇ ਦੇ ਰਾਹ ਉਤੇ ਅੱਗੇ ਵਧੇ ਹਾਂ ਅਤੇ ਭਾਰਤ ਨਾਲ ਆਪਣੇ ਸਹਿਯੋਗ ਬਣਾਉਣ ਵਿਚ ਅਸੀ ਕਾਫ਼ੀ ਸਮਾਂ ਲਾਇਆ ਹੈ, ਕਿਉਂਕਿ ਇਹ ਮਾਮਲਾ ਪਰਮਾਣੂ ਸੁਰੱਖਿਆ ਨਾਲ ਜੁੜਿਆ ਹੈ।”
ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਆਪਣੇ ਪੰਜ ਮੁਲਕੀ ਦੌਰੇ ਦੇ ਚੌਥੇ ਪੜਾਅ ਉਤੇ ਅਮਰੀਕਾ ਪੁਜਣ ਤੋਂ ਬਾਅਦ ਆਪਣੇ ਅਮਰੀਕੀ ਦੌਰੇ ਦੀ ਸ਼ੁਰੂਆਤ ਅਮਰੀਕੀ ਨੀਤੀ ਵਿਦਵਾਨਾਂ ਨਾਲ ਬਹੁ-ਪਾਸਾਰੀ ਵਿਚਾਰ-ਵਟਾਂਦਰਾ ਕਰਦਿਆਂ ਕੀਤੀ। ਉਨ੍ਹਾਂ ਅਰਲਿੰਗਟਨ ਯਾਦਗਾਰ ਵਿਖੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਯਾਦਗਾਰ ਵਿਖੇ ਜਾਣ ਵਾਲੇ ਉਹ ਪੰਡਿਤ ਜਵਾਹਰ ਲਾਲ ਨਹਿਰੂ ਤੇ ਸ੍ਰੀਮਤੀ ਇੰਦਰਾ ਗਾਂਧੀ ਤੋਂ ਬਾਅਦ ਦੇਸ਼ ਦੇ ਤੀਜੇ ਪ੍ਰਧਾਨ ਮੰਤਰੀ ਬਣ ਗਏ। ਉਨ੍ਹਾਂ ਸਪੇਸ ਮੈਮੋਰੀਅਲ ਵਿਖੇ ਕੋਲੰਬੀਆ ਪੁਲਾੜ ਵਾਹਨ ਹਾਦਸੇ ਵਿਚ ਮਾਰੀ ਗਈ ਭਾਰਤੀ ਮੂਲ ਦੀ ਪੁਲਾੜ ਵਿਗਿਆਨੀ ਕਲਪਨਾ ਚਾਵਲਾ ਤੇ ਇਸ ਹਾਦਸੇ ਦੇ ਹੋਰ ਮ੍ਰਿਤਕਾਂ ਨੂੰ ਵੀ ਸ਼ਰਧਾਂਜਲੀਆਂ ਦਿੱਤੀਆਂ।