ਨਿਊ ਯਾਰਕ : ਹੈਵੀਵੇਟ ਚੈਂਪੀਅਨ ਮੁਹੰਮਦ ਅਲੀ ਨੇ ਆਪਣੇ ਕੰਮ ਨਾਲ ਵਿਸ਼ਵ ਨੂੰ ਰੋਮਾਂਚਿਤ ਕਰਨ ਦਾ ਵਾਅਦਾ ਕੀਤਾ ਸੀ ਤੇ ਇਸ ਵਾਅਦੇ ਨੂੰ ਪੁਗਾਉਣ ਵਿਚ ਉਹ ਕਾਫੀ ਹੱਦ ਤੱਕ ਸਫਲ ਵੀ ਰਿਹਾ। ਮਧਰੇ ਕੱਦ ਵਾਲੇ ਅਲੀ ਨੇ ਕਈ ਇਤਿਹਾਸਕ ਮੁਕਾਬਲਿਆਂ ਵਿਚ ਹੈਵੀਵੇਟ ਚੈਂਪੀਅਨਸ਼ਿਪ ਜਿੱਤੀ ਤੇ ਮਗਰੋਂ ਖਿਤਾਬ ਦਾ ਬਚਾਅ ਵੀ ਕੀਤਾ।
ਉਸ ਨੇ ਸਿਆਹਫਾਮ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਤੇ ਇਸਲਾਮ ਵਿਚ ਭਰੋਸਾ ਹੋਣ ਕਰ ਕੇ ਵੀਅਤਨਾਮ ਜੰਗ ਵੇਲੇ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ। 17 ਜਨਵਰੀ 1942 ਨੂੰ ਪੈਦਾ ਹੋਏ ਅਲੀ ਨੇ 12 ਸਾਲ ਦੀ ਉਮਰ ਵਿਚ ਮੁੱਕੇਬਾਜ਼ੀ ਸ਼ੁਰੂ ਕਰ ਦਿੱਤੀ ਸੀ। ਕਿਸੇ ਨੇ ਉਸ ਦੀ ਨਵੀਂ ਸਾਈਕਲ ਚੋਰੀ ਕਰ ਲਈ ਤੇ ਅਲੀ ਨੇ ਪੁਲਿਸ ਅਧਿਕਾਰੀ ਮਾਰਟਿਨ ਜੋਅ ਅੱਗੇ ਚੋਰੀ ਕਰਨ ਵਾਲੇ ਦੇ ਹੱਡ ਆਪਣੇ ਘਸੁੰਨਾਂ ਨਾਲ ਸਿੱਧੇ ਕਰਨ ਦੀ ਕਸਮ ਖਾਧੀ ਸੀ। ਮਗਰੋਂ ਜੋਅ ਨੇ ਉਸ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ ਤੇ ਉਸ ਦੇ ਛੇ ਸਾਲ ਦੇ ਐਮੇਚਿਓਰ ਕਰੀਅਰ ਦੀ ਸ਼ੁਰੂਆਤ ਹੋਈ ਜਿਸ ਦਾ ਅੰਤ 1960 ਵਿਚ ਹੈਵੀਵੇਟ ਉਲੰਪਿਕ ਸੋਨ ਤਗਮੇ ਨਾਲ ਹੋਇਆ। ਅਲੀ ਨੇ ਨਸਲੀ ਵਿਤਕਰੇ ਖਿਲਾਫ਼ ਵੀ ਆਵਾਜ਼ ਚੁੱਕੀ ਤੇ ਆਪਣੀ ਆਤਮਕਥਾ ‘ਦਿ ਗ੍ਰੇਟੈਸਟ’ ਵਿਚ ਇਸ ਦਾ ਜ਼ਿਕਰ ਵੀ ਕੀਤਾ। ਅਲੀ ਦਾ ਅਸਲ ਨਾਂ ਕੈਸੀਅਸ ਮਾਰਸੇਲਸ ਕਲੇਅ ਸੀ, ਪਰ 1964 ਵਿਚ ਲਿਸਟਨ ਨੂੰ ਹਰਾ ਕੇ ਹੈਵੀਵੇਟ ਖਿਤਾਬ ਜਿੱਤਣ ਮਗਰੋਂ ਇਹ ਐਲਾਨ ਕਰ ਕੇ ਸਭ ਨੂੰ ਹੈਰਾਨੀ ਵਿਚ ਪਾ ਦਿੱਤਾ ਕਿ ਉਹ ਸਿਆਹਫਾਮ ‘ਨੇਸ਼ਨ ਆਫ ਇਸਲਾਮ’ ਫਿਰਕੇ ਦਾ ਮੈਂਬਰ ਹੈ। ਮਗਰੋਂ ਉਸ ਨੇ ਆਪਣਾ ਨਾਂ ਬਦਲ ਕੇ ਮੁਹੰਮਦ ਅਲੀ ਰੱਖ ਲਿਆ। ਅਲੀ ਨੇ ਕੁਲ ਚਾਰ ਵਿਆਹ ਕਰਾਏ ਸਨ। ਉਸ ਦੇ ਸੱਤ ਕੁੜੀਆਂ ਅਤੇ ਦੋ ਲੜਕੇ ਹੋਏ। ਉਸ ਦੀ ਇਕ ਕੁੜੀ ਲੈਲਾ ਵੀ ਮੁੱਕੇਬਾਜ਼ ਹੈ।
______________________________
ਮੁਹੰਮਦ ਅਲੀ ਦਾ ਬਚਪਨ ਵਾਲਾ ਘਰ ਵੇਚਣ ਦੀ ਤਿਆਰੀ
ਲੰਡਨ: ਮੁੱਕੇਬਾਜ਼ੀ ਦੇ ਵਿਸ਼ਵ ਪ੍ਰਸਿੱਧ ਹੀਰੋ ਮੁਹੰਮਦ ਅਲੀ ਦੇ ਬਚਪਨ ਵਾਲੇ ਘਰ ਨੂੰ ਉਸ ਦੇ ਮਾਲਕ ਨੇ ਨਿਲਾਮੀ ਲਈ ਰੱਖਿਆ ਹੈ। ਇਹ ਘਰ ਕੈਂਟੱਕੀ ਵਿਚ ਹੈ ਤੇ ਮਾਲਕ ਨੇ ਇਸ ਦੀ ਕੀਮਤ 50,000 ਅਮਰੀਕੀ ਡਾਲਰ ਰੱਖੀ ਹੈ। ਅੱਜ-ਕੱਲ੍ਹ ਇਸ ਘਰ ਦੀ ਹਾਲਤ ਖਸਤਾ ਹੈ। ਡੇਅਲੀ ਮੇਲ ਦੀ ਰਿਪੋਰਟ ਅਨੁਸਾਰ ਘਰ ਦੇ ਮਾਲਕ ਸਟੀਵ ਸਟੀਫਨਸਨ ਨੇ ਦੱਸਿਆ ਕਿ ਇਸ ਛੋਟੇ ਵਾਈਟਹਾਊਸ ਜਿਸ ਦੇ ਫਰੰਟ ‘ਤੇ ਉਪਰਲੀ ਛੱਤ ਉਤੇ ਵਰਾਂਡਾ ਹੈ, ਦੀ ਕੀਮਤ 50,000 ਡਾਲਰ ਰੱਖੀ ਹੈ। ਮੁਹੰਮਦ ਅਲੀ ਇਥੇ ਆਪਣੇ ਮਾਂ-ਪਿਉ ਤੇ ਭਰਾਵਾਂ ਨਾਲ ਰਹਿੰਦਾ ਰਿਹਾ ਸੀ ਤੇ ਬਚਪਨ ਵਿਚ ਉਹ ਇਥੇ ਹੀ ਸਕੂਲ ਪੜ੍ਹਨ ਜਾਂਦਾ ਸੀ। ਇਸ ਘਰ ਦੇ ਆਲੇ-ਦੁਆਲੇ ਵਧੇਰੇ ਕਰ ਕੇ ਕਾਲੇ ਲੋਕਾਂ ਦੀ ਵਸੋਂ ਹੈ। ਇਸ ਇਤਿਹਾਸਕ ਘਰ ਦੇ ਅੱਗੇ ਸਰਕਾਰੀ ਚਿੰਨ੍ਹ ਲੱਗਾ ਹੋਇਆ ਹੈ ਜਿਸ ਤੋਂ ਪੁਸ਼ਟੀ ਹੁੰਦੀ ਹੈ ਕਿ ਮੁਹੰਮਦ ਅਲੀ ਆਪਣੇ ਬਚਪਨ ਵਿਚ ਇਥੇ ਰਹਿੰਦਾ ਰਿਹਾ ਸੀ। ਲੂਸੀਵਿਲੈ ਦੇ ਮੇਅਰ ਗਰੈੱਗ ਫਿਸ਼ਰ ਨੇ ਕਿਹਾ ਕਿ ਸ਼ਹਿਰ ਚਾਹੁੰਦਾ ਹੈ ਕਿ ਇਸ ਇਤਿਹਾਸਕ ਘਰ ਨੂੰ ਸਾਂਭਿਆ ਜਾਵੇ, ਜਿਥੇ ਬਚਪਨ ਵਿਚ ਦੁਨੀਆਂ ਦਾ ਪ੍ਰਸਿੱਧ ਮੁੱਕੇਬਾਜ਼ ਰਹਿੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਘਰ ਉਭਰਦੇ ਖਿਡਾਰੀਆਂ ਨੂੰ ਪ੍ਰੇਰਨਾ ਦਿੰਦਾ ਹੈ ਕਿ ਜੇ ਇਹ ਨੌਜਵਾਨ ਅਜਿਹਾ ਕਰ ਸਕਦਾ ਹੈ, ਫਿਰ ਉਹ ਕਿਉਂ ਨਹੀਂ ਕਰ ਸਕਦੇ।
______________________________
ਜਦੋਂ ਅਲੀ ਦੀ ਫੁਰਤੀ ਦਾ ਕਾਇਲ ਹੋਇਆ ਕੌਰ ਸਿੰਘ
ਚੰਡੀਗੜ੍ਹ: ਲੀਜੈਂਡ ਮੁਹੰਮਦ ਅਲੀ ਆਪਣੀ ਜ਼ਿੰਦਗੀ ਦੌਰਾਨ ਸਿਰਫ ਇਕ ਵਾਰ ਭਾਰਤ ਆਇਆ ਹੈ। 1980 ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜ਼ੋਰ ਪਾਉਣ ਉਤੇ ਉਸ ਨੇ ਭਾਰਤ ਆਉਣ ਦੀ ਹਾਮੀ ਭਰੀ ਸੀ। ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ ਇਸ ਸੰਖੇਪ ਫੇਰੀ ਦੌਰਾਨ ਅਲੀ ਨੇ ਭਾਰਤੀ ਮੁੱਕੇਬਾਜ਼ਾਂ ਨਾਲ ਕੁਝ ਨੁਮਾਇਸ਼ੀ ਮੁਕਾਬਲੇ ਵੀ ਖੇਡੇ। ਇਨ੍ਹਾਂ ਮੁੱਕੇਬਾਜ਼ਾਂ ਵਿਚ ਹੈਵੀਵੇਟ ਵਰਗ ਵਿਚ ਕੌਰ ਸਿੰਘ ਵੀ ਸ਼ਾਮਲ ਸੀ। ਇਸ ਮੁਕਾਬਲੇ ਤੋਂ ਬਾਅਦ ਕੌਰ ਨੇ ਏਸ਼ੀਅਨ ਚੈਂਪੀਅਨਸ਼ਿਪ ਤੇ ਏਸ਼ਿਆਈ ਖੇਡਾਂ (1982) ਵਿਚ ਮੁਲਕ ਲਈ ਸੋਨ ਤਗਮਾ ਜਿੱਤਿਆ ਸੀ। 60 ਨੂੰ ਢੁੱਕਿਆ ਕੌਰ ਸਿੰਘ ਅੱਜ-ਕੱਲ੍ਹ ਸੰਗਰੂਰ ਦੇ ਪਿੰਡ ਖਨਾਰ ਖੁਰਦ ਵਿਚ ਰਹਿ ਰਿਹਾ ਹੈ ਤੇ ਅਲੀ ਨਾਲ ਖੇਡੇ ਨੁਮਾਇਸ਼ੀ ਮੁਕਾਬਲੇ ਦੀਆਂ ਕੁਝ ਧੁੰਦਲੀਆਂ ਯਾਦਾਂ ਅੱਜ ਵੀ ਉਸ ਦੇ ਜ਼ਹਿਨ ਵਿਚ ਤਾਜ਼ਾ ਹਨ। ਕੌਰ ਨੇ ਕਿਹਾ, ‘ਮੈਨੂੰ ਅਲੀ ਨਾਲ ਮੁਕਾਬਲੇ ਬਾਰੇ ਤਾਂ ਕੋਈ ਬਹੁਤਾ ਕੁਝ ਯਾਦ ਨਹੀਂ, ਪਰ ਇੰਨੀ ਕੁ ਸੁਰਤ ਜ਼ਰੂਰ ਹੈ ਕਿ ਮੇਰੇ 6 ਫੁੱਟ 3 ਇੰਚ ਕੱਦ ਦੇ ਬਾਵਜੂਦ ਮੈਂ ਅਮਰੀਕੀ ਮੁੱਕੇਬਾਜ਼ ਦੇ ਨੇੜੇ ਤੇੜੇ ਵੀ ਨਹੀਂ ਖੜ੍ਹ ਸਕਿਆ। ਉਹ ਮੇਰੇ ਨਾਲੋਂ ਕਿਤੇ ਮਧਰਾ ਸੀ, ਪਰ ਉਸ ਦੀ ਰਿੰਗ ਅੰਦਰਲੀ ਖੇਡਣ ਦੀ ਕਲਾ ਤੇ ਫੁਰਤੀ ਮੇਰੇ ਤੋਂ ਕਿਤੇ ਬਿਹਤਰ ਸੀ।’ ਅਲੀ ਦੀ ਇਸ ਫੇਰੀ ਦੌਰਾਨ ਜਿਨ੍ਹਾਂ ਦੋ ਹੋਰ ਭਾਰਤੀ ਮੁੱਕੇਬਾਜ਼ਾਂ ਨੇ ਉਸ ਨਾਲ ਦੋ-ਦੋ ਹੱਥ ਕੀਤੇ, ਉਨ੍ਹਾਂ ਵਿਚ ਹੈਵੀਵੇਟ ਮਲੂਕ ਸਿੰਘ ਤੇ ਬ੍ਰਿਜ ਮੋਹਨ ਸ਼ਾਮਲ ਸਨ।
____________________________________
ਮਹਾਨ ਸੀ ਮੁਹੰਮਦ ਅਲੀ: ਬਰਾਕ ਓਬਾਮਾ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਨੇ ਮੁਹੰਮਦ ਅਲੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਮਹਾਨ ਸੀ ਤੇ ਅਜਿਹਾ ਚੈਂਪੀਅਨ ਸੀ, ਜੋ ਹਮੇਸ਼ਾ ਸੱਚ ਲਈ ਲੜਿਆ।
ਅਮਰੀਕਾ ਦੇ ਪ੍ਰਥਮ ਜੋੜੇ ਨੇ ਕਿਹਾ, ‘ਮੁਹੰਮਦ ਅਲੀ ਨੇ ਦੁਨੀਆਂ ਹਿਲਾ ਦਿੱਤੀ ਸੀ ਤੇ ਇਸ ਨੂੰ ਬਿਹਤਰ ਬਣਾਇਆ।’ ਓਬਾਮਾ ਨੇ ਕਿਹਾ ਕਿ ਉਨ੍ਹਾਂ ਆਪਣੀ ਨਿੱਜੀ ਸਟੱਡੀ ਵਿਚ ਅਲੀ ਦੀ ਫੋਟੋ ਦੇ ਹੇਠਾਂ ਉਸ ਦੇ ਮੁੱਕੇਬਾਜ਼ੀ ਗਲੱਵਜ਼ ਦਾ ਉਹ ਜੋੜਾ ਰੱਖਿਆ ਹੈ, ਜੋ ਇਸ ਮੁੱਕੇਬਾਜ਼ ਨੇ 22 ਸਾਲ ਦੀ ਉਮਰ ਵਿਚ ਸੋਨੀ ਲਿਸਟਰ ਨੂੰ ਹਰਾਉਣ ਮੌਕੇ ਪਾਇਆ ਸੀ।