ਸਿਰੋਪਾ ਦੇਣ ਬਾਰੇ ਬਾਦਲ ਦੇ ਦਾਅਵੇ ਨੇ ਮੱਕੜ ਨੂੰ ਕਸੂਤਾ ਫਸਾਇਆ

ਅੰਮ੍ਰਿਤਸਰ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਰੋਪਾ ਨਾ ਦੇਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸੀਏ ਬਲਵੀਰ ਸਿੰਘ ਦੇ ਤਬਾਦਲੇ ਦੇ ਆਦੇਸ਼ ਦੇ ਦਿੱਤੇ ਹਨ ਤੇ ਦੂਜੇ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ ਦਰਬਾਰ ਸਾਹਿਬ ਦੀ ਫੇਰੀ ਦੌਰਾਨ ਉਨ੍ਹਾਂ ਨੂੰ ਕਿਸੇ ਨੇ ਵੀ ਸਿਰੋਪਾ ਤੋਂ ਇਨਕਾਰ ਨਹੀਂ ਕੀਤਾ। ਹੁਣ ਸਵਾਲ ਉੱਠਦਾ ਹੈ ਕਿ ਜੇਕਰ ਮੁੱਖ ਮੰਤਰੀ ਨੂੰ ਅਰਦਾਸੀਏ ਬਲਵੀਰ ਸਿੰਘ ਨੇ ਸਿਰੋਪਾ ਲਈ ਮਨਾ ਨਹੀਂ ਕੀਤਾ ਤਾਂ ਉਨ੍ਹਾਂ ਖਿਲਾਫ਼ ਕਮੇਟੀ ਵੱਲੋਂ ਕਾਰਵਾਈ ਕਿਸ ਲਈ ਕੀਤੀ ਗਈ।

ਲੰਬੀ ਵਿਖੇ ਮੁੱਖ ਮੰਤਰੀ ਨੇ ਆਖਿਆ ਹੈ ਕਿ ਦਰਬਾਰ ਸਾਹਿਬ ਵਿਖੇ ਸ਼ਰਧਾ ਵਜੋਂ ਮੱਥਾ ਟੇਕਣ ਲਈ ਗਏ ਸਨ ਨਾ ਕਿ ਸਿਰੋਪਾ ਲੈਣ ਲਈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਦਰਬਾਰ ਸਾਹਿਬ ਵਿਖੇ ਸਿਰੋਪਾ ਦਿੱਤਾ ਗਿਆ ਹੈ ਤੇ ਕਿਸੇ ਨੇ ਵੀ ਉਨ੍ਹਾਂ ਨੂੰ ਸਿਰੋਪਾ ਦੇਣ ਤੋਂ ਇਨਕਾਰ ਨਹੀਂ ਕੀਤਾ। ਕਾਬਲੇਗੌਰ ਹੈ ਕਿ ਅਰਦਾਸੀਏ ਬਲਵੀਰ ਸਿੰਘ ਸਿੰਘ ਦੀ ਬਦਲੀ ਸ਼੍ਰੋਮਣੀ ਕਮੇਟੀ ਵੱਲੋਂ ਮਾਛੀਵਾੜਾ ਦੇ ਗੁਰਦੁਆਰਾ ਸਾਹਿਬ ਵਿਖੇ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਖੁਦ ਆਖਿਆ ਹੈ ਕਿ ਅਰਦਾਸੀਏ ਬਲਵੀਰ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾ ਦੇਣ ਤੋਂ ਇਨਕਾਰ ਕੀਤਾ ਹੈ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦੋ ਸੇਵਾਦਾਰਾਂ ਦੇ ਤੁਰਤ ਤਬਾਦਲੇ ਦੇ ਆਦੇਸ਼ ਦੇ ਦਿੱਤੇ ਹਨ।
ਦੱਸਣਯੋਗ ਹੈ ਕਿ ਪਿਛਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਮਾਮਲੇ ਵਿਚ ਸਰਕਾਰ ਵੱਲੋਂ ਹਾਲੇ ਤੱਕ ਢੁਕਵੀਂ ਕਾਰਵਾਈ ਨਾ ਕੀਤੇ ਜਾਣ ਦਾ ਰੋਸ ਲੋਕਾਂ ਦੇ ਮਨਾਂ ਵਿਚ ਬਰਕਰਾਰ ਹੈ। ਮੁੱਖ ਮੰਤਰੀ ਬਾਦਲ ਨੂੰ ਸਿਰੋਪਾ ਨਾ ਦੇਣਾ ਵੀ ਇਸ ਰੋਸ ਦਾ ਸਿੱਟਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼ ਹੇਠ ਦੋ ਅਰਦਾਸੀਆਂ ਦਾ ਮਾਛੀਵਾੜਾ ਤੇ ਸੰਗਰੂਰ ਦੇ ਗੁਰਦੁਆਰਿਆਂ ਵਿਚ ਤਬਾਦਲਾ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਜਾਣਕਾਰੀ ਮੁਤਾਬਕ ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਗਏ ਤਾਂ ਉਨ੍ਹਾਂ ਦੇ ਨਾਲ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦਾ ਇਕ ਸਕੱਤਰ ਅਤੇ ਮੈਨੇਜਰ ਵੀ ਸੀ। ਜਦੋਂ ਮੁੱਖ ਮੰਤਰੀ ਮੱਥਾ ਟੇਕ ਰਹੇ ਸਨ ਤਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਡਿਊਟੀ ‘ਤੇ ਤਾਇਨਾਤ ਅਰਦਾਸੀਏ ਭਾਈ ਬਲਬੀਰ ਸਿੰਘ ਨੂੰ ਮੁੱਖ ਮੰਤਰੀ ਨੂੰ ਸਿਰੋਪਾ ਦੇਣ ਦਾ ਇਸ਼ਾਰਾ ਕੀਤਾ, ਪਰ ਉਸ ਨੇ ਇਸ ਨੂੰ ਅਣਦੇਖਿਆ ਕਰ ਦਿੱਤਾ। ਇਸ ਦੌਰਾਨ ਇਕ ਹੋਰ ਅਧਿਕਾਰੀ ਨੇ ਵੀ ਉਸ ਨੂੰ ਸਿਰੋਪੇ ਲਈ ਇਸ਼ਾਰੇ ਕੀਤੇ ਪਰ ਉਸ ਨੇ ਸਿਰਫ ਪਤਾਸਿਆਂ ਦਾ ਪ੍ਰਸਾਦ ਹੀ ਦਿੱਤਾ। ਮੁੱਖ ਮੰਤਰੀ ਬਿਨਾਂ ਸਿਰੋਪੇ ਹੀ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਆ ਗਏ। ਮੁੜ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਇਸ਼ਾਰੇ ‘ਤੇ ਵਿਸ਼ੇਸ਼ ਤੌਰ ਉਤੇ ਸਿਰੋਪਾ ਦਿੱਤਾ ਗਿਆ। ਇਸ ਘਟਨਾ ਬਾਅਦ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਾਣਕਾਰੀ ਮੁਤਾਬਕ ਬੇਅਦਬੀ ਕਾਂਡ ਕਾਰਨ ਇਹ ਅਰਦਾਸੀਆ ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾ ਦੇਣ ਤੋਂ ਇਨਕਾਰ ਕਰ ਚੁੱਕਾ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਤੁਰਤ ਕਾਰਵਾਈ ਕਰਦਿਆਂ ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਦੋਸ਼ ਹੇਠ ਅਰਦਾਸੀਆ ਬਲਬੀਰ ਸਿੰਘ ਅਤੇ ਅਰਦਾਸੀਆ ਗੁਰਚਰਨ ਸਿੰਘ ਦਾ ਤਬਾਦਲਾ ਮਾਛੀਵਾੜਾ ਤੇ ਸੰਗਰੂਰ ਦੇ ਗੁਰਦੁਆਰਿਆਂ ਵਿਚ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਮਗਰੋਂ ਅਗਲੀ ਕਾਰਵਾਈ ਹੋਵੇਗੀ।
_____________________________________
ਵਿਧਾਇਕ ਰੰਧਾਵਾ ਵੱਲੋਂ ਅਰਦਾਸੀਏ ਨੂੰ ਤਨਖਾਹ ਭੇਟ
ਚੰਡੀਗੜ੍ਹ: ਸ੍ਰੀ ਦਰਬਾਰ ਸਾਹਿਬ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ ਵੱਲੋਂ ਨੌਕਰੀ ਤੋਂ ਅਸਤੀਫਾ ਦਿੱਤੇ ਜਾਣ ਮਗਰੋਂ ਇਕ ਕਾਂਗਰਸੀ ਵਿਧਾਇਕ ਅਰਦਾਸੀਏ ਦੇ ਹੱਕ ਵਿਚ ਡਟ ਗਏ ਹਨ। ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਥੇ ਭਾਈ ਬਲਬੀਰ ਸਿੰਘ ਨੂੰ ਆਪਣੀ ਇਕ ਮਹੀਨੇ ਦੀ ਤਨਖਾਹ ਭੇਟ ਕੀਤੀ, ਉਥੇ ਹੋਰਾਂ ਨੂੰ ਵੀ ਅਰਦਾਸੀਏ ਦੇ ਹੱਕ ‘ਚ ਉਤਰਨ ਦੀ ਅਪੀਲ ਕੀਤੀ।
_____________________________________
ਅਰਦਾਸੀਏ ਨੇ ਹੁਕਮਅਦੂਲੀ ਕੀਤੀ: ਮੱਕੜ
ਲੁਧਿਆਣਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਮੁੱਖ ਮੰਤਰੀ ਨੂੰ ਸਿਰੋਪਾ ਨਾ ਦਿੱਤੇ ਜਾਣ ਦੀ ਵਾਪਰੀ ਘਟਨਾ ਬਾਰੇ ਕਿਹਾ ਕਿ ਦਰਬਾਰ ਸਾਹਿਬ ਦੇ ਮੀਤ ਮੈਨੇਜਰ ਨੇ ਅਰਦਾਸੀਏ ਬਲਵੀਰ ਸਿੰਘ ਨੂੰ ਅਗਾਊਂ ਸੂਚਿਤ ਕੀਤਾ ਸੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੱਥਾ ਟੇਕਣ ਲਈ ਆ ਰਹੇ ਹਨ। ਇਸ ਲਈ ਉਨ੍ਹਾਂ ਲਈ ਸਿਰੋਪੇ ਦਾ ਪ੍ਰਬੰਧ ਕਰ ਲਿਆ ਜਾਵੇ। ਇਸ ਦੇ ਬਾਵਜੂਦ ਬਲਵੀਰ ਸਿੰਘ ਨੇ ਸਿਰੋਪਾ ਨਾ ਦੇ ਕੇ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੁੰਦਿਆਂ ਹੁਕਮਅਦੂਲੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਲਵੀਰ ਸਿੰਘ ਦੀ ਬਦਲੀ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਵਿਚ ਕਰ ਦਿੱਤੀ ਗਈ ਹੈ ਅਤੇ ਜੇਕਰ ਉਹ 10 ਦਿਨ ਵਿਚ ਡਿਊਟੀ ਉਤੇ ਹਾਜ਼ਰ ਨਹੀਂ ਹੋਵੇਗਾ ਤਾਂ ਉਸ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ।
___________________________________
ਅਰਦਾਸੀਏ ਸਿੰਘ ਵੱਲੋਂ ਮੱਕੜ ਦੇ ਆਦੇਸ਼ ਮੰਨਣ ਤੋਂ ਇਨਕਾਰ
ਅੰਮ੍ਰਿਤਸਰ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਅਰਦਾਸੀਏ ਬਲਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਤਬਾਦਲੇ ਵਾਲੇ ਆਦੇਸ਼ ਨੂੰ ਮੰਨਣ ਤੋਂ ਨਾਂਹ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਖਿਆ ਹੈ ਕਿ ਜੇਕਰ ਬਲਬੀਰ ਸਿੰਘ ਨੇ ਤਬਾਦਲੇ ਵਾਲੀ ਥਾਂ ਗੁਰਦੁਆਰਾ ਮਾਛੀਵਾੜਾ ਵਿਖੇ 10 ਦਿਨਾਂ ਵਿਚ ਰਿਪੋਰਟ ਨਾ ਕੀਤੀ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ। ਆਪਣੇ ਬਿਆਨ ਵਿਚ ਬਲਬੀਰ ਸਿੰਘ ਨੇ ਆਖਿਆ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਤਬਾਦਲੇ ਵਾਲੇ ਹੁਕਮ ਨੂੰ ਨਹੀਂ ਮੰਨਦੇ। ਬਲਬੀਰ ਸਿੰਘ ਦੇ ਇਸ ਕਦਮ ਨਾਲ ਪੰਥਕ ਹਲਕਿਆਂ ਦੇ ਨਾਲ ਨਾਲ ਰਾਜਨੀਤਕ ਤੌਰ ਉੱਤੇ ਵੀ ਚਰਚਾ ਹੈ।