ਗੈਂਗਸਟਰ ਵਿਰੁਧ ਕਾਰਵਾਈ ਬਣੀ ਪੰਜਾਬ ਪੁਲਿਸ ਲਈ ਵੰਗਾਰ

ਚੰਡੀਗੜ੍ਹ: ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਸੁਧਾਰਨ ਦੇ ਰਾਹ ਵਿਚ ਗੈਂਗਸਟਰ ਪੰਜਾਬ ਪੁਲਿਸ ਲਈ ਵੰਗਾਰ ਬਣੇ ਹੋਏ ਹਨ। ਪਿਛਲੇ ਕੁਝ ਦਿਨਾਂ ਤੋਂ ਪੁਲਿਸ ਨਾਮੀ ਗੈਂਗਸਟਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਪੁਲਿਸ ਨੇ ਕੁਝ ਦਿਨਾਂ ਵਿਚ ਪੰਜ ਗੈਂਗਸਟਰ ਮਾਰੇ ਸੁੱਟੇ ਹਨ। ਦਰਅਸਲ, ਪੰਜਾਬ ਵਿਚ ਗੈਂਗਸਟਰਾਂ ਦੀ ਦਹਿਸ਼ਤ ਨੂੰ ਸਿਆਸੀ ਪਾਰਟੀਆਂ ਨੇ ਵੱਡਾ ਮੁੱਦਾ ਬਣਾਇਆ ਹੈ। ਪਹਿਲਾਂ ਹੀ ਕਈ ਵਿਵਾਦਾਂ ਵਿਚ ਘਿਰੀ ਅਕਾਲੀ-ਭਾਜਪਾ ਸਰਕਾਰ ਇਸ ਮੁੱਦੇ ਨੂੰ ਵੇਲੇ ਸਿਰ ਸੰਭਾਲਣਾ ਚਾਹੁੰਦੀ ਹੈ।

ਉਪ ਮੁੱਖ ਮੰਤਰੀ ਸੁਖਬੀਰ ਬਾਦਲ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਗੈਂਗਸਟਰਾਂ ਨੂੰ ਨੱਥ ਪਾਈ ਜਾਵੇ। ਸੂਤਰਾਂ ਮੁਤਾਬਕ ਪੁਲਿਸ ਵੀ ਕਸੂਤੀ ਘਿਰ ਗਈ ਹੈ। ਇਨ੍ਹਾਂ ਗੈਂਗਸਟਰਾਂ ਨੂੰ ਸਿਆਸੀ ਆਗੂਆਂ ਦੀ ਹੀ ਸਰਪ੍ਰਸਤੀ ਹਾਸਲ ਹੈ। ਇਸ ਲਈ ਪੁਲਿਸ ਸੋਚ-ਸਮਝ ਕੇ ਹੀ ਕਦਮ ਚੁੱਕ ਰਹੀ ਹੈ।
ਪੁਲਿਸ ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ 57 ਗੈਂਗ ਹਨ। ਇਨ੍ਹਾਂ ਕੋਲ ਅਤਿ ਆਧੁਨਿਕ ਹਥਿਆਰ ਹਨ। ਇਨ੍ਹਾਂ ਗੈਂਗਾਂ ਵਿਚ 423 ਸ਼ਾਰਪ ਸ਼ੂਟਰ ਹਨ। ਇਹ ਗੈਂਗ ਜਿਥੇ ਲੁੱਟਾਂ-ਖੋਹਾਂ ਤੇ ਸੁਪਾਰੀ ਲੈ ਕੇ ਕਤਲ ਕਰਦੇ ਹਨ, ਉਥੇ ਆਪਸ ਵਿਚ ਵੀ ਇਕ-ਦੂਜੇ ਦੇ ਖੂਨ ਦੇ ਪਿਆਸੇ ਹਨ। ਦਰਅਸਲ ਇਹ ਗੈਂਗਵਾਰ 21 ਜਨਵਰੀ 2015 ਤੋਂ ਸਾਹਮਣੇ ਆਈ ਹੈ। ਇਸ ਦਿਨ ਗੈਂਗਸਟਰ ਸੁੱਖਾ ਕਾਹਲਵਾਂ ਦਾ ਵਿਰੋਧੀ ਗੈਂਗ ਨੇ ਕਤਲ ਕਰ ਦਿੱਤਾ ਸੀ। 20 ਫਰਵਰੀ 2016 ਨੂੰ ਸਰਪੰਚ ਰਵੀ ਖਵਾਜ਼ਕੇ ਨੂੰ ਲੁਧਿਆਣਾ ਦੇ ਇਕ ਵਿਆਹ ਸਮਾਰੋਹ ਵਿਚ ਗੋਲੀ ਮਾਰ ਦਿੱਤਾ ਗਈ। 30 ਅਪਰੈਲ ਨੂੰ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਨੂੰ ਪਰਵਾਨੂੰ ਨੇੜੇ ਗੋਲੀ ਮਾਰ ਦਿੱਤੀ। ਚਾਰ ਮਈ ਨੂੰ ਅੰਮ੍ਰਿਤਸਰ ਵਿਚ ਗੈਂਗਸਟਰ ਰਾਹੁਲ ਉਰਫ ਹਰੀਆ ਦੀ ਭੁਪਿੰਦਰ ਸਿੰਘ ਉਰਫ ਸੋਨੂੰ ਕੰਗਲਾ ਗੈਂਗ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅੱਠ ਮਈ ਨੂੰ ਫਰੀਦਕੋਟ ਵਿਚ ਗੈਂਗਸਟਰ ਦਵਿੰਦਰ ਸਿੰਘ ਉਰਫ ਦੇਵਾ ਨੂੰ ਸੜਕ ਉਤੇ ਗੋਲੀ ਮਾਰ ਦਿੱਤੀ। ਇਸ ਗੈਂਗਵਾਰ ਕਰ ਕੇ ਪੰਜਾਬ ਪੁਲਿਸ ਤੇ ਸਰਕਾਰ ਨੂੰ ਕਾਫੀ ਨਮੋਸ਼ੀ ਝੱਲਣੀ ਪਈ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਲੈ ਕੇ ਸੱਤਾ ਧਿਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਸਰਕਾਰ ਇਸ ਮੁੱਦੇ ਨੂੰ ਚੋਣਾਂ ਤੋਂ ਪਹਿਲਾਂ ਹੀ ਠੁੱਸ ਕਰਨਾ ਚਾਹੁੰਦੀ ਹੈ।
_____________________________________________
ਗੈਂਗਸਟਰਾਂ ਦੇ ਖਾਤਮੇ ਲਈ ਆਏਗਾ ਖਤਰਨਾਕ ‘ਪਕੋਕਾ’
ਚੰਡੀਗੜ੍ਹ: ਪੰਜਾਬ ਵਿਚ ਵਧ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਮਹਾਰਾਸ਼ਟਰ ਦੇ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ‘ਮਕੋਕਾ’ ਦੀ ਤਰਜ਼ ਉੱਤੇ ‘ਪਕੋਕਾ’ ਲਾਉਣ ਦੀ ਤਿਆਰੀ ਵਿਚ ਹੈ। ਸੂਬੇ ਦੇ ਡੀæਜੀæਪੀæ ਸੁਰੇਸ਼ ਅਰੋੜਾ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਡੀæਜੀæਪੀæ ਅਨੁਸਾਰ ਗੈਂਗਸਟਰ ਲਚਕੀਲੇ ਕਾਨੂੰਨ ਦੀ ਆੜ ਵਿਚ ਜੁਰਮ ਕਰਨ ਤੋਂ ਬਾਅਦ ਬਾਹਰ ਆ ਜਾਂਦੇ ਹਨ। ਇਸ ਲਈ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਮਹਾਰਾਸ਼ਟਰ ਦੇ ਮਕੋਕਾ ਕਾਨੂੰਨ ਦੀ ਆੜ ਵਿਚ ‘ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ’ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ।ਆਮ ਨਾਲੋਂ ਇਹ ਕਾਨੂੰਨ ਸਖਤ ਹੈ ਤੇ ਇਸ ਵਿਚ ਦੋਸ਼ੀ ਨੂੰ ਜ਼ਮਾਨਤ ਮਿਲਣ ਕਾਫੀ ਮੁਸ਼ਕਲ ਹੋ ਜਾਂਦੀ ਹੈ। ਇਸ ਵਿਚ ਦੋਸ਼ ਸਾਬਤ ਹੋਣ ਤੋਂ ਵੱਧ ਅਪਰਾਧੀ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ‘ਮਕੋਕਾ’ ਫਿਲਹਾਲ ਮਹਾਰਾਸ਼ਟਰ ਤੇ ਦਿੱਲੀ ਵਿਚ ਲਾਗੂ ਹੈ। ਮਹਾਰਾਸ਼ਟਰ ਸਰਕਾਰ ਨੇ ਅੰਡਰਵਰਲਡ ਅਪਰਾਧ ਨੂੰ ਖਤਮ ਕਰਨ ਦੇ ਇਰਾਦੇ ਨਾਲ ਇਸ ਨੂੰ ਲਾਗੂ ਕੀਤਾ ਸੀ।
____________________________________________
ਹਰਿਆਣਾ ਪੁਲਿਸ ਨੇ ਪੰਜਾਬ ‘ਚ ਵੜ ਕੇ ਮਾਰਿਆ ਗੈਂਗਸਟਰ
ਬਠਿੰਡਾ: ਪੁਲਿਸ ਨਾਲ ਹੋਏ ਮੁਕਾਬਲੇ ਵਿਚ ਇਕ ਨਾਮੀ ਗੈਂਗਸਟਰ ਮਾਰਿਆ ਗਿਆ, ਜਦਕਿ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਕਾਬਲਾ ਹਰਿਆਣਾ ਪੁਲਿਸ ਵੱਲੋਂ ਬਠਿੰਡਾ ਜਿਲ੍ਹੇ ਦੇ ਪਿੰਡ ਜਗਾ ਰਾਮ ਤੀਰਥ ਵਿਚ ਕੀਤਾ ਗਿਆ। ਮਾਰੇ ਗਏ ਗੈਂਗਸਟਰ ਅਜੇ ਕੁਮਾਰ ਉਰਫ ਕੰਨੂ ‘ਤੇ ਪੰਜ ਲੱਖ ਦਾ ਇਨਾਮ ਸੀ। ਇਨ੍ਹਾਂ ਤੋਂ ਭਾਰੀ ਮਾਤਰਾ ਵਿਚ ਅਸਲਾ ਵੀ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਜਗਾ ਰਾਮ ਤੀਰਥ ਦੇ ਸ਼ਮਸ਼ਾਨਘਾਟ ਵਿਚ ਅਚਾਨਕ ਗੋਲੀਆਂ ਦਾ ਖੜਾਕ ਸ਼ੁਰੂ ਹੋ ਗਿਆ। ਇਹ ਗੋਲੀਆਂ ਹਰਿਆਣਾ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਚੱਲ ਰਹੀਆਂ ਸਨ। ਪੁਲਿਸ ਦੀਆਂ ਗੋਲੀਆਂ ਨਾਲ 5 ਲੱਖ ਦਾ ਇਨਾਮੀ ਹਰਿਆਣਾ ਦਾ ਗੈਂਗਸਟਰ ਅਜੇ ਕੁਮਾਰ ਉਰਫ ਕੰਨੂ ਮਾਰਿਆ ਗਿਆ। ਉਸ ਦੇ ਬਾਕੀ ਤਿੰਨ ਸਾਥੀ ਵੀ ਪੁਲਿਸ ਦੀ ਗ੍ਰਿਫਤ ਵਿਚ ਹਨ। ਪੁਲਿਸ ਨੇ ਐਨਕਾਉਂਟਰ ਤੋਂ ਬਾਅਦ ਜਦ ਸਰਚ ਕੀਤੀ ਤਾਂ ਇਨ੍ਹਾਂ ਕੋਲੋਂ ਦੋ ਪਿਸਤੌਲ 315 ਬੋਰ, ਇਕ ਪਿਸਤੌਲ 32 ਬੋਰ, ਇਕ ਰਿਵਾਲਵਰ 32 ਬੋਰ, ਇਕ ਰਿਵਾਲਵਰ 9ਐਮæਐਮæ, ਇਕ ਬੰਦੂਕ 12 ਬੋਰ ਤੇ ਭਾਰੀ ਮਾਤਰਾ ਵਿਚ ਕਾਰਤੂਸ ਬਰਾਮਦ ਕੀਤੇ ਗਏ। ਇਸ ਪੂਰੇ ਅਪ੍ਰੇਸ਼ਨ ਦੌਰਾਨ ਬਠਿੰਡਾ ਪੁਲਿਸ ਵੀ ਹਰਿਆਣਾ ਪੁਲਿਸ ਦਾ ਸਾਥ ਦੇ ਰਹੀ ਸੀ। ਬਠਿੰਡਾ ਦੇ ਐਸ਼ਐਸ਼ਪੀæ ਸਵਪਨ ਸ਼ਰਮਾ ਮੁਤਾਬਕ ਇਹ ਗੈਂਗਸਟਰ ਹਰਿਆਣਾ ਦੇ ਸੋਨੀਪਤ ਜਿਲ੍ਹੇ ਦੇ ਹਨ। ਇਨ੍ਹਾਂ ਖਿਲਾਫ ਤਕਰੀਬਨ ਡੇਢ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਇਹ ਬਦਮਾਸ਼ ਸੋਨੀਪਤ ਵਿਚ ਫੌਜ ਦੇ ਇਕ ਮੇਜਰ ਦੇ ਪਿਤਾ ਅਤੇ ਭਰਾ ਨੂੰ ਗੋਲੀਆਂ ਮਾਰ ਕੇ ਫਰਾਰ ਹੋਏ ਸਨ। ਹਰਿਆਣਾ ਪੁਲਿਸ ਦੀ ਇਕ ਵਿਸ਼ੇਸ਼ ਟੀਮ ਇਨ੍ਹਾਂ ਦੇ ਪਿੱਛੇ ਲੱਗੀ ਹੋਈ ਸੀ। ਇਸੇ ਦੌਰਾਨ ਇਹ ਬਠਿੰਡਾ ਪਹੁੰਚੇ। ਗ੍ਰਿਫਤਾਰੀ ਲਈ ਪਹੁੰਚੀ ਪੁਲਿਸ ਨੂੰ ਦੇਖਦਿਆਂ ਹੀ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਜਵਾਬੀ ਕਾਰਵਾਈ ਵਿਚ ਪੁਲਿਸ ਨੇ ਕੰਨੂ ਨੂੰ ਮਾਰ ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।