ਜੀਂਦ: ਜਾਟਾਂ ਦਾ ਅੰਦੋਲਨ ਇਕ ਵਾਰ ਮੁੜ ਸ਼ੁਰੂ ਹੋ ਗਿਆ ਹੈ। ਅਖਿਲ ਭਾਰਤੀ ਜਾਟ ਰਾਖਵਾਂਕਰਨ ਸੰਘਰਸ਼ ਸਮਿਤੀ ਵੱਲੋਂ ਐਲਾਨੇ ਗਏ ਇਸ ਸੰਘਰਸ਼ ਵਿਚ ਹਰਿਆਣਾ ਦੇ ਵੱਖ-ਵੱਖ ਥਾਵਾਂ ਉਤੇ ਧਰਨੇ ਸ਼ੁਰੂ ਕੀਤੇ ਗਏ ਹਨ। ਜਾਟ ਆਗੂਆਂ ਨੇ ਕਿਹਾ ਹੈ ਕਿ ਇਹ ਧਰਨੇ 14 ਜੂਨ ਤੱਕ ਚੱਲਣਗੇ। ਉਸ ਤੋਂ ਬਾਅਦ 16 ਤੋਂ ਦਿੱਲੀ ਦੇ ਰਸਤੇ ਰੋਕੇ ਜਾਣਗੇ।
ਉਨ੍ਹਾਂ ਕਿਹਾ ਕਿ ਜੇ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਅੰਦੋਲਨ ਨੂੰ ਦੂਜੇ ਰਾਜਾਂ ‘ਚ ਵੀ ਲਿਜਾਇਆ ਜਾਵੇਗਾ। ਜਾਟ ਆਗੂਆਂ ਨੇ ਮੰਗ ਕੀਤੀ ਹੈ ਕਿ ਪਿਛਲੇ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਨੌਜਵਾਨਾਂ ‘ਤੇ ਦੇਸ਼ ਧ੍ਰੋਹ ਦੇ ਮਾਮਲੇ ਵਾਪਸ ਲਏ ਜਾਣ। ਦੱਸਣਯੋਗ ਹੈ ਕਿ ਜਾਟਾਂ ਨੇ ਸਰਕਾਰ ਦੇ ਮਨ੍ਹਾਂ ਕਰਨ ਤੋਂ ਬਾਅਦ ਇਹ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ। ਅੰਦੋਲਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਹਰਿਆਣਾ ਸਰਕਾਰ ਨੇ 4800 ਅਰਧ ਸੈਨਿਕ ਬਲ ਤਾਇਨਾਤ ਹਨ।
ਸੂਬੇ ਵਿਚ ਵੱਖ-ਵੱਖ ਜਿਲ੍ਹਿਆਂ ਵਿਚ ਅਰਧ ਸੈਨਿਕ ਬਲਾਂ ਦੀ 55 ਕੰਪਨੀਆਂ ਦੀ ਹੁਣ ਤੱਕ ਤਾਇਨਾਤੀ ਕੀਤੀ ਜਾ ਚੁੱਕੀ ਹੈ। ਦੂਜੇ ਪਾਸੇ ਲੋਕਾਂ ਦੇ ਇਕੱਠ ਨੂੰ ਰੋਕਣ ਲਈ ਰਾਜ ਸਰਕਾਰ ਵੱਲੋਂ ਕਈ ਜਿਲ੍ਹਿਆਂ ਵਿਚ ਧਾਰਾ 144 ਲਗਾ ਦਿੱਤੀ ਹੈ ਤੇ ਇਸ ਵੇਲੇ ਪ੍ਰਸ਼ਾਸਨ ਹਾਈ ਅਲਰਟ ਉਤੇ ਹੈ। ਜਾਟ ਲੀਡਰਾਂ ਦਾ ਕਹਿਣਾ ਹੈ ਕਿ ਇਸ ਵਾਰ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਨਾ ਰੇਲ ਗੱਡਿਆਂ ਰੋਕੀਆਂ ਜਾਣਗੀਆਂ ਅਤੇ ਨਾ ਹੀ ਰਾਜਮਾਰਗਾਂ ‘ਤੇ ਟ੍ਰੈਫਿਕ ਨੂੰ ਰੋਕਿਆ ਜਾਵੇਗਾ।
ਹਰਿਆਣਾ ਦੇ ਚੀਫ ਸੈਕਟਰੀ (ਗ੍ਰਹਿ) ਰਾਮ ਨਿਵਾਸ ਨੇ ਆਖਿਆ ਕਿ ਕੇਂਦਰ ਤੋਂ 15 ਹੋਰ ਕੰਪਨੀਆਂ ਮੰਗੀਆਂ ਗਈਆਂ ਹਨ। ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਕੋਈ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਦੱਸਿਆ ਕਿ ਸੋਨੀਪਤ ਜ਼ਿਲ੍ਹੇ ਦੇ ਪੱਛਮੀ ਯਮੁਨਾ ਨਹਿਰ ਕਿਨਾਰੇ ਪੈਣ ਵਾਲੇ ਪਿੰਡਾਂ ਵਿਚ ਪੁਲਿਸ ਤੇ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਯਾਦ ਰਹੇ ਕਿ ਫਰਵਰੀ ਵਿਚ ਅੰਦੋਲਨਕਾਰੀਆਂ ਨੇ ਦਿੱਲੀ ਨੂੰ ਪਾਣੀ ਦੀ ਸਪਲਾਈ ਕਰਨ ਵਾਲੀ ਮੂਨਕ ਨਹਿਰ ਦੀ ਸਪਲਾਈ ਤੋੜ ਦਿੱਤੀ ਸੀ। ਪੁਲਿਸ ਵਿਭਾਗ ਦੀਆਂ ਪਹਿਲਾਂ ਹੀ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਸੂਬੇ ਦੇ ਸੱਤ ਜ਼ਿਲ੍ਹਿਆਂ ਵਿਚ ਧਾਰਾ 144 ਲਗਾ ਦਿੱਤੀ ਗਈ ਹੈ। ਹਰਿਆਣਾ ਦੇ ਏæਡੀæਜੀæਪੀæ ਮੁਹੰਮਦ ਅਕੀਲ ਨੇ ਆਖਿਆ ਹੈ ਕਿ ਪੁਲਿਸ ਵੱਲੋਂ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਸਰਕਾਰ ਨੇ ਸਮਝੌਤੇ ਤਹਿਤ ਫਰਵਰੀ ਵਿਚ ਹੋਏ ਅੰਦੋਲਨ ਦੌਰਾਨ 2000 ਕੇਸ ਦਰਜ ਕੀਤੇ ਸਨ। ਜਾਟ ਆਗੂਆਂ ਅਨੁਸਾਰ ਸਰਕਾਰ ਨੇ ਇਹ ਸਾਰੇ ਕੇਸ ਵਾਪਸ ਲੈਣ ਦੀ ਗੱਲ ਆਖੀ ਸੀ, ਜਿਸ ਨੂੰ ਹੁਣ ਪੂਰਾ ਨਹੀਂ ਕੀਤਾ ਜਾ ਰਿਹਾ। ਇਸ ਕਰ ਕੇ ਅੰਦੋਲਨ ਕੀਤਾ ਜਾ ਰਿਹਾ ਹੈ। ਆਲ ਇੰਡੀਆ ਜਾਟ ਅ੍ਰਕਰਸ਼ਨ ਸੰਘਰਸ਼ ਸਮਿਤੀ ਨੇ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।
_________________________________
ਸਰਕਾਰ ਵੱਲੋਂ ਜਾਂਚ ਰਿਪੋਰਟ ‘ਤੇ ਹੀ ਸਵਾਲ
ਚੰਡੀਗੜ੍ਹ: ਜਾਟ ਅੰਦੋਲਨ ਵਿਚ ਮੂਰਥਲ ਕਾਂਡ ਬਾਰੇ ਦਿੱਤੀ ਪ੍ਰਕਾਸ਼ ਕੁਮਾਰ ਕਮੇਟੀ ਰਿਪੋਰਟ ਬਾਰੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਕਮੇਟੀ ਦੀ ਰਿਪੋਰਟ ਕੋਈ ਗੀਤਾ ਨਹੀਂ ਹੈ ਕਿ ਇਸ ਵਿਚ ਕਿਹਾ ਸਭ ਕੁਝ ਸੱਚ ਮੰਨ ਲਿਆ ਜਾਵੇ। ਉਨ੍ਹਾਂ ਕਿਹਾ ਇਹ ਕੋਈ ਅੰਤਿਮ ਸੱਚ ਨਹੀਂ ਹੈ ਤੇ ਸਰਕਾਰ ਇਸ ਨੂੰ ਮੰਨੇ, ਇਹ ਜ਼ਰੂਰੀ ਨਹੀਂ ਹੈ। ਦੱਸਣਯੋਗ ਹੈ ਕਿ ਪ੍ਰਕਾਸ਼ ਕੁਮਾਰ ਕਮੇਟੀ ਨੇ ਜਾਟ ਅੰਦੋਲਨ ਦੀ ਹਿੰਸਾ ਬਾਰੇ 451 ਸਫਿਆਂ ਦੀ ਇਹ ਰਿਪੋਰਟ ਪੇਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਕਮੇਟੀ ‘ਚ ਅਫਸਰਾਂ ਉਤੇ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ ਤੇ ਇਹ ਸਰਕਾਰ ਦੇਖੇਗੀ ਕਿ ਕਿਸ ‘ਤੇ ਕਾਰਵਾਈ ਕਰਨੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਫਸਰਾਂ ਦਾ ਰਿਕਾਰਡ ਪਿਛਲੇ ਸਮੇਂ ‘ਚ ਬਹੁਤ ਚੰਗਾ ਰਿਹਾ ਹੋ ਸਕਦਾ ਹੈ ਤੇ ਉਨ੍ਹਾਂ ਉਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵੈਸੇ ਵੀ ਇਕ ਜਾਂਚ ਪੈਨਲ ‘ਚ ਤਿੰਨ ਮੈਂਬਰ ਸਨ ਤੇ ਤਿੰਨ ਵਿਚੋਂ ਦੋ ਮੈਂਬਰਾਂ ਨੇ ਇਹ ਰਿਪੋਰਟ ‘ਤੇ ਦਸਤਖਤ ਨਹੀਂ ਕੀਤੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਿਸ ਹਿੰਸਾ ਰੋਕਣ ‘ਚ ਨਾਕਾਮ ਸਾਬਤ ਹੋਈ ਹੈ। ਇਹ ਹਿੰਸਾ ਵਿਚ 30 ਲੋਕ ਮਰ ਗਏ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 90 ਪੁਲਿਸ ਅਧਿਕਾਰੀਆਂ ਨੇ ਜਾਣ ਬੁੱਝ ਕੇ ਸਹੀ ਡਿਊਟੀ ਨਹੀਂ ਦਿੱਤੀ ਹੈ।