ਜੰਗਲਨਾਮਾ-5
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ।
ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ
ਸਤਨਾਮ
ਤਿੰਨੋਂ ਡੰਗ ਚੌਲ!
ਗੁਰੀਲਿਆਂ ਦਾ ਖਾਣਾ ਇਹੀ ਹੈ (ਇਹੀ ਖਾਣਾ ਬਸਤਰ ਦੇ ਹਰ ਬਾਸ਼ਿੰਦੇ ਦਾ ਹੈ)। ਸਬਜ਼ੀ ਜੇ ਰੋਜ਼ ਹੀ ਕੱਦੂ ਅਤੇ ਹਲਵਾ-ਕੱਦੂ ਨਹੀਂ ਤਾਂ ਬਾਂਸ ਦੀਆਂ ਨਰਮ ਗੁੱਲੀਆਂ ਦੀ ਹੈ। ਦਾਲ ਅੱਯਾਸ਼ੀ ਵਾਲੀ ਚੀਜ਼ ਹੈ। ਜਿਸ ਦਿਨ ਮਿਲ ਜਾਵੇ, ਤੁਸੀਂ ਬੱਲੇ ਬੱਲੇ ਕਰਨ ਲੱਗੋਗੇ ਅਤੇ ਲਗਦੀ ਵਾਹ ਕੱਦੂ ਨੂੰ ਪਤੀਲੇ ਵਿਚ ਹੀ ਸਿਮਟਿਆ ਰਹਿਣ ਦੇਣਾ ਚਾਹੋਗੇ। ਕੱਦੂ ਵੈਸੇ ਹੈ ਬਹੁਤ ਲਜ਼ੀਜ਼ ਚੀਜ਼! ਕਿਉਂਕਿ ਇਕ ਕਿੱਲੋ ਕੱਦੂ ਵਿਚ ਚਾਰ ਕਿੱਲੋ ਪਾਣੀ ਪਾ ਕੇ ਇਸ ਨੂੰ ਪੂਰੀ ਤਰ੍ਹਾਂ ਤਰੀਦਾਰ ਕਰ ਲਿਆ ਜਾਂਦਾ ਹੈ ਤੇ ਫਿਰ ਇਹ ਤੁਹਾਡੇ ਚੌਲਾਂ ਨੂੰ ਪੂਰੀ ਤਰ੍ਹਾਂ ਤਰ ਕਰ ਦੇਂਦਾ ਹੈ। ਚੌਲ ਵੈਸੇ ਹੀ ਬਹੁਤ ਨਰਮ ਹੁੰਦੇ ਹਨ, ਪਰ ਕੱਦੂਆਂ ਦੀ ਖੁੱਲ੍ਹੀ ਤਰੀ ਵਿਚ ਇਹ ਹੋਰ ਵੀ ਨਰਮ ਤੇ ਕੂਲੇ ਹੋ ਜਾਂਦੇ ਹਨ। ਸੋ ਗੁਰੀਲਾ ਜ਼ਿੰਦਗੀ ਬਹੁਤ ਹੀ ਨਰਮ ਅਤੇ ਮੁਲਾਇਮ ਭੋਜਨ ਦਾ ਨਾਮ ਵੀ ਹੈ। ਯਕੀਨਨ ਭੋਜਨ ਬਹੁਤ ਹੀ ਨਰਮ ਹੈ। ਇਹ ਕਬਾਇਲੀਆਂ ਦੇ ਜੀਵਨ ਜਿਹਾ ਹੀ ਸਾਦਾ ਹੈ। ਉਹ ਬਹੁਤੀਆਂ ਸਬਜ਼ੀਆਂ ਨਹੀਂ ਬੀਜਦੇ। ਸਿੰਜਾਈ ਦਾ ਕੋਈ ਸਾਧਨ ਹੈ ਹੀ ਨਹੀਂ। ਚੌਲਾਂ ਵਾਂਗ ਕੱਦੂਆਂ ਦੇ ਬੀਜਾਂ ਨੂੰ ਵੀ ਉਹ ਜ਼ਮੀਨ ਉਤੇ ਸੁੱਟ ਦੇਂਦੇ ਹਨ ਅਤੇ ਫਿਰ ਭੁੱਲ ਜਾਂਦੇ ਹਨ। ਨਾ ਗੋਡੀ, ਨਾ ਪਾਣੀ, ਨਾ ਖਾਦ ਤੇ ਨਾ ਹੀ ਮਲੇਰਕੋਟਲੇ ਦੇ ਸਬਜ਼ੀ ਕਾਸ਼ਤਕਾਰਾਂ ਵਾਂਗ ਕੋਈ ਹੋਰ ਖਲਜਗਣ। ਜੋ ਪੈਦਾ ਹੋ ਗਿਆ, ਉਹ ਜੀ ਆਇਆਂ; ਜੋ ਨਹੀਂ ਹੋਇਆ, ਉਹ ਧਰਤੀ ਹਿੱਸੇ। ਇਹੀ ਭੋਜਨ ਗੁਰੀਲਿਆਂ ਦਾ ਚਾਅ ਹੈ, ਇਹੀ ਹਾਸਲ। ਜੇ ਤੁਸੀਂ ਰੋਜ਼ ਦੇ ਨੇਮ ਤੋਂ ਤੰਗ ਆ ਗਏ ਹੋ ਅਤੇ ਤਬਦੀਲੀ ਚਾਹੁੰਦੇ ਹੋ ਤਾਂ ਤੁਸੀਂ ਚੌਲਾਂ ਦੀ ਥਾਂ ਚੌਲਾਂ ਦੀ ਗਾੜ੍ਹੀ ਪਿੱਛ ਨੂੰ ਆਪਣੇ ਨਾਸ਼ਤੇ ਵਿਚ ਥਾਂ ਦੇ ਸਕਦੇ ਹੋ। ਕਬਾਇਲੀ ਇਸ ਨੂੰ ਜਾਵਾ ਕਹਿੰਦੇ ਹਨ। ਉਹ ਇਸ ਨੂੰ ਬਗ਼ੈਰ ਲੂਣ ਮਿਰਚ ਤੋਂ ਪੀਂਦੇ ਹਨ। ਨਾਸ਼ਤੇ ਵਿਚ ਵੰਨਗੀ ਤੁਸੀਂ ਇਕ ਹੋਰ ਤਰੀਕੇ ਨਾਲ ਵੀ ਲਿਆ ਸਕਦੇ ਹੋ, ਸ਼ਰਤ ਇਹ ਹੈ ਕਿ ਤੁਸੀਂ ਇਹ ਨਾ ਜਾਣਦੇ ਹੋਵੋ ਕਿ ਚਿੜਵੇ ਵੀ ਚੌਲਾਂ ਨੂੰ ਹੀ ਕੁੱਟ ਕੇ ਬਣਾਏ ਜਾਂਦੇ ਹਨ। ਕਬਾਇਲੀ ਇਸ ਅੱਯਾਸ਼ੀ ਨੂੰ ਚਿਉੜਾ ਕਹਿੰਦੇ ਹਨ।
“ਤੁਹਾਨੂੰ ਚੌਲ ਪਸੰਦ ਨਹੀਂ? ਰੋਟੀ ਵੀ ਬਣ ਸਕਦੀ ਹੈ।” ਕਿਸੇ ਨੇ ਕਿਤਿਓਂ ਠੰਢੀ ਮਿੱਠੀ ਰੁਮਕਦੀ ਹਵਾ ਦਾ ਬੁੱਲਾ ਭੇਜ ਕੇ ਸਰਾਬੋਰ ਕਰ ਦਿੱਤਾ। ਇਸ ਤੋਂ ਚੰਗੀ ਚੀਜ਼ ਮੇਰੇ ਵਾਸਤੇ ਹੋਰ ਕੀ ਹੋ ਸਕਦੀ ਸੀ। ਅਗਲੇ ਦਿਨ ਦੁਪਹਿਰ ਵੇਲੇ ਪੂੜੀਆਂ ਤਿਆਰ ਸਨ। ਉਹ ਪੂੜੀ ਨੂੰ ਹੀ ਰੋਟੀ ਕਹਿੰਦੇ ਹਨ। ਸ਼ਾਮ ਵੇਲੇ ਰੋਟੀ ਬਣਾਉਣ ਦਾ ਹੀਲਾ ਮੈਂ ਖ਼ੁਦ ਕੀਤਾ। ਤਵਾ ਨਹੀਂ, ਚਕਲਾ ਨਹੀਂ, ਵੇਲਣਾ ਨਹੀਂ। ਤਵੇ ਦੀ ਥਾਂ ਪਤੀਲੇ ਦਾ ਜਿਸਤ ਦਾ ਢੱਕਣ, ਚਕਲੇ ਦੀ ਥਾਂ ਸਟੀਲ ਦੀ ਮੂਧੀ ਮਾਰੀ ਹੋਈ ਥਾਲੀ ਅਤੇ ਵੇਲਣੇ ਦੀ ਥਾਂ ਗਿਲਾਸ। ਪੱਥਰ ਦੇ ਚੁੱਲ੍ਹੇ ਵਿਚ, ਲੱਕੜ ਦੇ ਕੋਲਿਆਂ ਦੀ ਅੱਗ ‘ਤੇ, ਜਿਸਤ ਦੇ ਤਵੇ ਉਤੇ ਪੱਕੀ ਰੋਟੀ ਉਨ੍ਹਾਂ ਪਹਿਲੀ ਵਾਰ ਦੇਖੀ, ਮੈਂ ਵੀ। ਮਜ਼ਾ ਆ ਗਿਆ ਤੇ ਪੂੜੀਆਂ ਉਨ੍ਹਾਂ ਨੂੰ ਵੀ ਭਾਰੀ ਮਹਿਸੂਸ ਹੋਣ ਲੱਗ ਪਈਆਂ। ਰੋਟੀ ਪੂੜੀ ਵਾਂਗ ਤੇਲ ਨਹੀਂ ਪੀਵੇਗੀ। ਸਸਤੀ ਵੀ ਪਊ, ਪਚਣ ‘ਚ ਵੀ ਸੌਖੀ!
ਪਰ ਕਣਕ ਦਾ ਆਟਾ ਜੰਗਲ ਵਿਚ ਦੁਰਲੱਭ ਵਸਤੂ ਹੈ। ਕਬਾਇਲੀਆਂ ਨੇ ਨਾ ਕਣਕ ਕਦੇ ਦੇਖੀ ਹੈ, ਨਾ ਸੁਣੀ ਹੈ, ਰੋਟੀ ਤਾਂ ਉਂਝ ਹੀ ਅਚੰਭਾ ਸੀ। ਕੈਂਪ ਵਿਚ ਕਦੀ ਪੂੜੀਆਂ ਦੀ ਅੱਯਾਸ਼ੀ ਲਈ ਕਿਸੇ ਸ਼ਹਿਰ ਤੋਂ ਸਿਰ ਉਤੇ ਆਟਾ ਢੋ ਕੇ ਲਿਆਂਦਾ ਗਿਆ ਸੀ, ਸੋ ਰੋਟੀ ‘ਈਜਾਦ’ ਹੋ ਗਈ।
ਅਗਲੀ ਸ਼ਾਮ ਵੀ ਦਾਅਵਤ ਦੀ ਸ਼ਾਮ ਰਹੀ। ਭੁੰਨ ਕੇ ਸੁਕਾਇਆ ਗਾਂ ਦਾ ਮਾਸ ਤਰੀ ਵਾਲੇ ਸਵਾਦੀ ਖਾਣੇ ‘ਚ ਬਦਲ ਦਿੱਤਾ ਗਿਆ। ਕਬਾਇਲੀ ਹਿੰਦੂ ਨਹੀਂ ਹਨ, ਸੋ ਪਾਪ ਤੋਂ ਮੁਕਤ ਹਨ। ਉਹ ਮੁਸਲਿਮ ਵੀ ਨਹੀਂ ਹਨ, ਇਸ ਲਈ ਹਲਾਲ ਹਰਾਮ ਕੁਝ ਨਹੀਂ ਜਾਣਦੇ। ਸਿਵਾਏ ਇਨਸਾਨ ਤੋਂ ਉਹ ਕੁਝ ਵੀ ਖਾ ਸਕਦੇ ਹਨ। ਇਨਸਾਨਾਂ ਨੂੰ ਖਾਣ ਦਾ ਧੰਦਾ ਸਭਿਅਕ ਸਮਾਜ ਵਿਚ ਕੀਤਾ ਜਾਂਦਾ ਹੈ। ਅਨੇਕਾਂ ਰੂਪਾਂ ਵਿਚ, ਅਨੇਕਾਂ ਢੰਗਾਂ ਨਾਲ। ਕਬਾਇਲੀ ਲੋਕ ਨਾ ਤਾਂ ਇਨਸਾਨਾਂ ਨੂੰ ਦੇਵਤਿਆਂ ਵਾਂਗ ਪੂਜਦੇ ਹਨ, ਨਾ ਹੀ ਜ਼ਲੀਲ ਕਰਦੇ ਹਨ। ਕਿਸੇ ਤੋਂ ਦੁਖੀ ਹੋਏ ਤਾਂ ਇਕ ਪਲ ਵਿਚ ਸਿਰ ਨੂੰ ਧੜ ਨਾਲੋਂ ਅਲੱਗ ਕਰ ਦਿੱਤਾ। ਬਹੁਤੀ ਪ੍ਰੇਸ਼ਾਨੀ ਵਿਚ ਨਾ ਪੈਂਦੇ ਹਨ, ਨਾ ਪਾਉਂਦੇ ਹਨ। ਕਤਲ ਕਰ ਦੇਣਾ ਉਨ੍ਹਾਂ ਵਾਸਤੇ ਬਹੁਤ ਹੀ ਸੁਭਾਵਕ ਜਿਹੀ ਗੱਲ ਹੈ ਭਾਵੇਂ ਇਸ ਦੀ ਨੌਬਤ ਬਹੁਤ ਘੱਟ ਆਉਂਦੀ ਹੈ। ਸੱਠ ਲੱਖ ਦੀ ਆਬਾਦੀ ਵਿਚ ਅਜਿਹੀਆਂ ਕੋਈ ਦੋ ਜਾਂ ਤਿੰਨ ਘਟਨਾਵਾਂ ਇਕ ਸਾਲ ਦੇ ਅਰਸੇ ਵਿਚ ਵਾਪਰਦੀਆਂ ਹਨ। ਸਭਿਅਕ ਸਮਾਜ ਦਾ ਇਕੱਲਾ ਦਿੱਲੀ ਸ਼ਹਿਰ ਹੀ ਕਤਲਾਂ, ਡਕੈਤੀਆਂ, ਛੁਰੇਬਾਜ਼ੀ, ਜਬਰ-ਜਨਾਹ, ਵਗ਼ੈਰਾ-ਵਗ਼ੈਰਾ ਦੀਆਂ ਖ਼ਬਰਾਂ ਨਾਲ ਰੋਜ਼ ਹੀ ਅਖ਼ਬਾਰ ਦੇ ਤੀਸਰੇ ਸਫ਼ੇ ਨੂੰ ਭਰ ਦੇਂਦਾ ਹੈ। ਕਬਾਇਲੀ ਜਦ ਕਤਲ ਕਰਦਾ ਹੈ ਤਾਂ ਉਸੇ ਸਮੇਂ ਹਰ ਕਿਸੇ ਕੋਲ ਜੁਰਮ ਦਾ ਇਕਬਾਲ ਕਰ ਲੈਂਦਾ ਹੈ ਅਤੇ ਆਪਣੇ ਆਪ ਨੂੰ ਸਜ਼ਾ ਵਾਸਤੇ ਪੇਸ਼ ਕਰ ਦੇਂਦਾ ਹੈ। ਸਭਿਅਕ ਕਾਤਲ ਕਦੇ ਫੜਿਆ ਹੀ ਨਹੀਂ ਜਾਂਦਾ, ਪਾਰਲੀਮੈਂਟ ਜਾਂ ਅਸੈਂਬਲੀ ਵਿਚ ਜਾ ਬਿਰਾਜਮਾਨ ਹੁੰਦਾ ਹੈ ਅਤੇ ਦੂਸਰਿਆਂ ਨੂੰ ਇਨਸਾਫ਼ ਦੇਣ ਵਾਸਤੇ ਕਾਨੂੰਨ ਘੜਨ ਬੈਠ ਜਾਂਦਾ ਹੈ। ਖ਼ੈਰ!
ਉਸ ਸ਼ਾਮ ਦੇ ਖਾਣੇ ਬਾਰੇ ਏਨਾ ਕੁ ਹੀ ਹੋਰ ਹੈ ਕਿ ਸਬਜ਼ੀਆਂ ਦੀ ਪੈਦਾਵਾਰ ਨੂੰ ਬਹੁ-ਭਾਂਤੀ ਬਣਾਉਣ ਸਬੰਧੀ ਵਾਹਵਾ ਚਰਚਾ ਚੱਲੀ। ਮੂਲੀ, ਗਾਜਰ, ਮਟਰ, ਫਲੀਦਾਰ ਸਬਜ਼ੀਆਂ, ਟਮਾਟਰ, ਭਿੰਡੀ, ਬੈਂਗਣ, ਮਿਰਚਾਂ ਆਦਿ ਦੇ ਬੀਜ ਵੱਡੇ ਪੱਧਰ ਉਤੇ ਕਬਾਇਲੀ ਕਿਸਾਨਾਂ ਵਿਚ ਵੰਡਣ ਦਾ ਮਾਮਲਾ ਵਿਚਾਰਿਆ ਗਿਆ। ਕੁਝ ਥਾਂਵੀਂ ਪਹਿਲਾਂ ਹੀ ਅਜਿਹੇ ਤਜਰਬੇ ਸ਼ੁਰੂ ਕੀਤੇ ਜਾ ਚੁੱਕੇ ਸਨ ਪਰ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਉਹ ਨਾ-ਕਾਫ਼ੀ ਹਨ। ਪਾਣੀ ਦੀ ਘਾਟ ਅਤੇ ਜ਼ਮੀਨ ਵਿਚ ਪੱਥਰਾਂ ਗੀਟਿਆਂ ਦੀ ਭਰਮਾਰ ਨਿਸਚੇ ਹੀ ਸਬਜ਼ੀਆਂ ਲਈ ਅਨੁਕੂਲ ਨਹੀਂ ਹਨ। ਸਿੰਜਾਈ ਦਾ ਪ੍ਰਬੰਧ ਤੇ ਪੱਥਰ ਹਟਾਉਣ ਦੇ ਦੋਵੇਂ ਕੰਮ ਭਾਰੀ ਤਰੱਦਦ ਅਤੇ ਸਮੂਹਕ ਮਿਹਨਤ ਦੀ ਮੰਗ ਕਰਦੇ ਹਨ ਜਿਸ ਵਾਸਤੇ ਵਿਆਪਕ ਤੇ ਜ਼ੋਰਦਾਰ ਮੁਹਿੰਮ ਦੀ ਜ਼ਰੂਰਤ ਮਹਿਸੂਸ ਕੀਤੀ ਗਈ।
ਰਸੋਈ ਘਰ ਤੋਂ ਵਾਪਸ ਆਉਂਦਿਆਂ ਐਤੂ ਮੇਰੇ ਨਾਲ ਹੋ ਲਿਆ। ਐਤੂ ਪੰਜਾਬੀ ਨਾਮ ਵੀ ਹੈ। ਐਤਵਾਰ ਪੈਦਾ ਹੋਇਆ ਹੋਵੇਗਾ ਐਤੂ, ਤਾਂ ਹੀ ਮਾਪਿਆਂ ਨੇ ਇਹ ਨਾਮ ਰੱਖਿਆ ਹੋਵੇਗਾ; ਪਰ ਨਹੀਂ, ਉਹ ਐਤਵਾਰ ਪੈਦਾ ਨਹੀਂ ਸੀ ਹੋਇਆ। ਉਸ ਨੇ ਇਹ ਨਾਂ ਆਪਣੇ ਲਈ ਖ਼ੁਦ ਚੁਣਿਆ ਸੀ। ਉਸ ਦੇ ਬਹੁਤ ਪਿਆਰੇ ਮਿੱਤਰ ਦਾ ਨਾਮ ਸੀ ਐਤੂ। ਉਸ ਸ਼ਹੀਦ ਹੋ ਚੁੱਕੇ ਮਿੱਤਰ ਦਾ ਕਾਜ਼ ਅੱਗੇ ਤੋਰਨ ਲਈ ਉਸ ਨੇ ਇਹ ਨਾਂ ਅਪਨਾ ਲਿਆ। ਐਤੂ ਬਹੁਤ ਪੜ੍ਹਿਆ ਹੋਇਆ ਹੈ। ਸਾਇੰਸ ਦੇ ਇਕ ਵਿਸ਼ੇ ਵਿਚ ਉਹ ਮਾਹਰ ਹੈ ਪਰ ਸਾਇੰਸਦਾਨਾਂ ਵਾਂਗ ਠੰਢਾ, ਇਕੋ ਲੀਕ੍ਹੇ ਤੁਰੇ ਜਾਣ ਵਾਲਾ ਅਤੇ ਆਪਣੇ ਆਲੇ ਦੁਆਲੇ ਦੇ ਸਮਾਜ ਤੋਂ ਨਿਰਲੇਪ ਰਹਿਣ ਵਾਲਾ ਨਹੀਂ ਹੈ। ਜਦ ਬੋਲੇਗਾ ਤਾਂ ਹਰ ਗੱਲ ਦਿਲੋਂ ਬੋਲੇਗਾ। ਗੁੱਸਾ ਵੀ ਅਸਲੀ, ਪਿਆਰ ਵੀ ਅਸਲੀ। ਉਹ ਹੈਰਾਨ ਹੁੰਦਾ ਹੈ ਕਿ ਇਨਸਾਨ ਅਜਿਹਾ ਢੰਗ ਕਿਵੇਂ ਸਿੱਖ ਜਾਂਦੇ ਹਨ। ਜਦ ਕੋਈ ਅਸਲੀਅਤ ਨੂੰ ਛੁਪਾਉਂਦਾ ਹੈ ਤਾਂ ਉਸ ਨੂੰ ਗੁੱਸਾ ਚੜ੍ਹ ਜਾਂਦਾ ਹੈ। ਜਦ ਤੁਹਾਨੂੰ ਪਹਿਲੀ ਵਾਰ ਵੀ ਮਿਲੇਗਾ ਤਾਂ ਪੂਰੀ ਬੇਬਾਕੀ ਨਾਲ, ਆਪਣਾ ਬਣ ਕੇ, ਮੁਸਕਰਾਹਟਾਂ ਖਿਲਾਰਦਾ ਹੋਇਆ। ਤੁਸੀਂ ਚੱਕਰ ‘ਚ ਪੈ ਜਾਵੋਗੇ ਕਿ ਉਹ ਤੁਹਾਨੂੰ ਸ਼ਾਇਦ ਪਹਿਲਾਂ ਜਾਣਦਾ ਹੈ, ਇਸ ਲਈ ਐਨੀ ਖ਼ੁਸ਼ੀ ਜਾਹਰ ਕਰ ਰਿਹਾ ਹੈ; ਪਰ ਇਹ ਉਸ ਦਾ ਤਰੀਕਾ ਹੈ, ਜ਼ਿੰਦਗੀ ਦਾ ਤੌਰ ਹੈ। ਉਹ ਤੁਹਾਡੇ ਉਤੇ ਵਿਸ਼ਵਾਸ ਕਰਦਿਆਂ ਤੁਹਾਨੂੰ ਮਿਲ ਸਕਦਾ ਹੈ। ਇਸ ਲਈ ਉਸ ਦੇ ਚਿਹਰੇ ਉਤੇ ਤੁਸੀਂ ਅਪਣੱਤ ਫੈਲੀ ਹੋਈ ਦੇਖਦੇ ਹੋ। ਪੁਰਾਣੀ ਕਹਾਵਤ ਹੈ ਕਿ ਆਦਮੀ ਦਾ ਚਿਹਰਾ ਉਸ ਦਾ ਸ਼ੀਸ਼ਾ ਹੁੰਦਾ ਹੈ ਜਿਹੜਾ ਉਸ ਦੇ ਅੰਦਰ ਦਾ ਹਾਲ ਬਾਹਰ ਪ੍ਰਤੀਬਿੰਬਤ ਕਰ ਦੇਂਦਾ ਹੈ। ਅੱਜ ਇਹ ਕਹਾਵਤ ਬੇਸ਼ੱਕ ਪਹਿਲਾਂ ਵਾਂਗ ਸੱਚੀ ਨਹੀਂ ਰਹੀ! ਚਿਹਰਿਆਂ ਨੂੰ ਅਕਸਰ ਹੀ ਧੋਖਾ ਦੇਣ ਵਾਸਤੇ ਵਰਤਿਆ ਜਾਣ ਲੱਗਾ ਹੈ। ਕਈ ਤਰ੍ਹਾਂ ਦੇ ਲੇਪ ਈਜਾਦ ਹੋ ਗਏ ਹਨ ਜਿਨ੍ਹਾਂ ਨੂੰ ਮਲ ਕੇ ਆਦਮੀ ਬਾਹਰ ਨਿਕਲਦਾ ਹੈ, ਜਾਂ ਇਹ ਜੇਬ ਵਿਚ ਰੱਖਦਾ ਹੈ ਅਤੇ ਜਦ ਕਿਸੇ ਨੂੰ ਮਿਲਣ ਲੱਗੇ ਤਾਂ ਮੂੰਹ ‘ਤੇ ਮਲ ਲੈਂਦਾ ਹੈ। ਅੰਦਰੋਂ ਹੋਰ, ਬਾਹਰੋਂ ਹੋਰ! ਅਮਰੀਕਾ ਤੱਕ ਦਾ ਪ੍ਰਧਾਨ ਟੀæਵੀæ ‘ਤੇ ਜਾਣ ਤੋਂ ਪਹਿਲਾਂ ਕਈ ਵਾਰ ਮੁਦਰਾਵਾਂ ਰਾਹੀਂ ਇਨ੍ਹਾਂ ਲੇਪਾਂ ਦੀ ਰਿਹਰਸਲ ਕਰਦਾ ਹੈ ਤਾਂ ਕਿ ਉਨ੍ਹਾਂ ਨੂੰ ਪ੍ਰਭਾਵਤ ਕਰ ਸਕੇ; ਪਰ, ਐਤੂ ਉਸ ਪੁਰਾਤਨ ਕਹਾਵਤ ਦਾ ਅੱਜ ਦਾ ਮੁਜੱਸਮਾ ਹੈ।
“ਐਤੂ ਭਾਈ, ਤੂੰ ਤਾਂ ਬੰਦਾ ਨਹੀਂ ਮਾਰ ਸਕਦਾ।” ਤੰਬੂ ਵੱਲ ਤੁਰੇ ਜਾਂਦਿਆਂ ਮੈਂ ਕਿਹਾ।
“ਏææ ਏ!” ਐਨਕ ਨੂੰ ਉਂਗਲ ਨਾਲ ਰੁਖ਼ ਸਿਰ ਕਰਦਿਆਂ ਉਸ ਨੇ ਮੇਰੇ ਵੱਲ ਦੇਖਿਆ। “ਇਹ ਨਾ ਸਮਝੋ ਕਿ ਮੈਂ ਅਜਿਹਾ ਨਹੀਂ ਕਰ ਸਕਦਾ। ਜਦ ਮੌਕਾ ਆਇਆ ਤਾਂ ਮੈਂ ਚੰਗਾ ਨਿਸ਼ਾਨਚੀ ਸਾਬਤ ਹੋਵਾਂਗਾ। ਦੇਖ ਲੈਣਾ, ਕਈਆਂ ਨੂੰ ਫ਼ੁੰਡਾਂਗਾ।” ਉਸ ਅੰਦਰ ਜਿੰਨਾ ਪਿਆਰ ਭਰਿਆ ਹੋਇਆ ਹੈ, ਓਨੀ ਹੀ ਨਫ਼ਰਤ ਵੀ ਹੈ। ਗੁੱਸੇ ਵਿਚ ਜਦ ਉਹ ਸੂਹਾ ਹੋ ਜਾਂਦਾ ਹੈ ਤਾਂ ਉਸ ਦਾ ਹੇਠਲਾ ਬੁੱਲ੍ਹ ਅਜੀਬ ਤਰ੍ਹਾਂ ਦਾ ਮਰੋੜਾ ਖਾ ਜਾਂਦਾ ਹੈ। ਪਰ ਹੁਣ ਉਹ ਖ਼ੁਸ਼ੀ ਦੇ ਰੌਂਅ ਵਿਚ ਸੀ, ਇਸ ਲਈ ਇਹ ਯਕੀਨ ਕਰਨਾ ਮੁਸ਼ਕਲ ਸੀ ਕਿ ਉਹ ਵਾਕੱਈ ਚੰਗਾ ਨਿਸ਼ਾਨਚੀ ਸਾਬਤ ਹੋਵੇਗਾ। ਬੇਸ਼ੱਕ, ਉਸ ਦੇ ਲੱਕ ਉਤੇ ਬੱਝੀ ਕਾਰਤੂਸਾਂ ਦੀ ਪੇਟੀ ਪੂਰੀ ਤਰ੍ਹਾਂ ਕੱਸੀ ਹੋਈ ਸੀ, ਰਾਈਫ਼ਲ ਵਿਚ ਮੈਗਜ਼ੀਨ ਫਿੱਟ ਸੀ ਅਤੇ ਮਾਓ ਕੈਪ ਨੇ ਉਸ ਦੇ ਵੱਡੇ ਸਾਰੇ ਸਿਰ ਨੂੰ ਕੱਸ ਕੇ ਫੜਿਆ ਹੋਇਆ ਸੀ। ਤੁਸੀਂ ਪੇਟੀ ਤੇ ਰਾਈਫ਼ਲ ਉਸ ਕੋਲੋਂ ਲੈ ਲਵੋ ਤਾਂ ਤੁਹਾਨੂੰ ਉਹ ਆਰਕਿਆਲੋਜੀ ਦਾ ਜਨੂੰਨੀ ਖੋਜਕਾਰ ਪ੍ਰਤੀਤ ਹੋਣ ਲੱਗੇਗਾ ਜਿਹੜਾ ਪੱਥਰਾਂ ਹੇਠ ਲੁਕੀ ਕਿਸੇ ਪੁਰਾਣੀ ਸਭਿਅਤਾ ਦੀ ਤਲਾਸ਼ ਵਿਚ ਗਵਾਚਿਆ ਜੰਗਲਾਂ ਵਿਚ ਘੁੰਮ ਰਿਹਾ ਹੋਵੇ। ਉਚ-ਵਿਦਿਆ ਹਾਸਲ ਕਰਨ ਪਿਛੋਂ ਉਸ ਨੇ ਸੋਚ ਲਿਆ ਸੀ ਕਿ ਉਸ ਦੇ ਨੌਕਰੀ ਕਰਨ ਨਾਲ ਉਸ ਅੰਦਰਲੇ ਸਾਇੰਸ-ਗਿਆਨ ਦਾ ਫ਼ਾਇਦਾ ਉਨ੍ਹਾਂ ਲੋਕਾਂ ਤੱਕ ਨਹੀਂ ਪਹੁੰਚੇਗਾ ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਸੋ ਉਸ ਨੇ ਸਿੱਧਾ ਲੋਕਾਂ ਤੱਕ ਪਹੁੰਚਣ ਦਾ ਰਾਹ ਲਿਆ ਅਤੇ ਏਥੇ ਜੰਗਲ ਵਿਚ ਆ ਬਿਰਾਜਮਾਨ ਹੋਇਆ। ਇਕ ਮੁਰਗ਼ੀ ਤੋਂ ਪੋਲਟਰੀ ਫਾਰਮ ਖੜ੍ਹਾ ਕਰਨ ਨੂੰ ਕੋਈ ਸ਼ੇਖ-ਚਿੱਲੀ ਦਾ ਸੁਪਨਾ ਕਹਿ ਸਕਦਾ ਹੈ, ਪਰ ਐਤੂ ਸ਼ੇਖ-ਚਿੱਲੀ ਨਹੀਂ ਹੈ, ਉਹ ਸੁਪਨ-ਸਾਜ਼ ਹੈ। ਉਹ ਇਨ੍ਹਾਂ ਸੁਪਨਿਆਂ ਨੂੰ ਹਕੀਕਤ ‘ਚ ਢਾਲਣ ਦੀਆਂ ਯੋਜਨਾਵਾਂ ਘੜ ਰਿਹਾ ਹੈ। ਮਸਲਨ, ਜੰਗਲ ਦੀ ਉਪਜ ਦੀ ਖਪਤ ਜੰਗਲ ਵਿਚ ਹੀ ਕਿਵੇਂ ਯਕੀਨੀ ਬਣਾਈ ਜਾਵੇ। ਇਹ ਮਹਾਨ ਸੁਪਨਾ ਹੈ, ਆਤਮ-ਨਿਰਭਰਤਾ ਅਤੇ ਸਵੈ-ਵਸੀਲਿਆਂ ਉਤੇ ਆਧਾਰਤ ਵਿਕਾਸ ਦਾ ਸੁਪਨਾ, ਜਿਵੇਂ ਇਹ ਮਾਓ ਦੇ ਚੀਨ ਵਿਚ ਵਾਪਰਿਆ।
ਐਤੂ ਦੇ ਤੰਬੂ ਵੱਲ ਜਾਂਦੀ ਲੀਹ ਜਿਥੇ ਪਾਟਦੀ ਸੀ, ਉਥੋਂ ਉਸ ਦੇ ਕਦਮ ਉਧਰ ਨੂੰ ਨਹੀਂ ਮੁੜੇ। ਉਹ ਮੇਰੇ ਨਾਲ ਹੀ ਸਾਡੇ ਤੰਬੂ ਵੱਲ ਚਲਾ ਆਇਆ। ਤੰਬੂ ਅੰਦਰ ਲੱਕੜ ਸੁਲਘਦੀ ਵੇਖ ਉਹ ਹੱਸਿਆ, “ਸੋ ਤੁਸੀਂ ਅੰਦਰ ਹੀ ਅੱਗ ਬਾਲ ਰੱਖੀ ਹੈ; ਬਹੁਤ ਸਾਰੇ ਲੋਕ ਜਦ ਜੰਗਲ ਵਿਚ ਆਉਂਦੇ ਹਨ ਤਾਂ ਉਹ ਅਜਿਹਾ ਹੀ ਕਰਦੇ ਹਨ। ਅੱਗ ਬਾਲਣ ਤੋਂ ਪ੍ਰਹੇਜ਼ ਕਰਦੇ ਹਨ ਕਿ ਦੁਸ਼ਮਣ ਧੂੰਆਂ ਦੇਖ ਲਵੇਗਾ ਤੇ ਹਮਲਾ ਕਰ ਦੇਵੇਗਾ। ਏਥੇ ਅਜਿਹਾ ਕੁਝ ਨਹੀਂ ਹੋਵੇਗਾ। ਦੂਰ ਦੂਰ ਤੱਕ ਚਾਰੇ ਪਾਸੇ ਆਪਣੇ ਹੀ ਪਿੰਡ ਹਨ ਤੇ ਆਪਣੇ ਹੀ ਲੋਕ। ਹਰ ਪਿੰਡ ਵਿਚ ਮਿਲੀਸ਼ੀਆ ਹੈ ਤੇ ਥਾਂ ਥਾਂ ਗੁਰੀਲਾ ਟੁਕੜੀਆਂ ਮੌਜੂਦ ਹਨ। ਅਸੀਂ ਸੁਰੱਖਿਆ ਦਾ ਖਿਆਲ ਰੱਖਦੇ ਹਾਂ, ਪਰ ਇਹ ਨਹੀਂ ਕਿ ਅੱਗ ਨੂੰ ਵੀ ਤੰਬੂ ਦੇ ਅੰਦਰ ਹੀ ਬਾਲ ਲਈਏ। ਜਿਸ ਜਗ੍ਹਾ ਇਹ ਨਹੀਂ ਬਲ ਸਕਦੀ ਹੋਵੇਗੀ, ਉਥੇ ਨਾ ਇਹ ਤੰਬੂ ਦੇ ਬਾਹਰ ਬਲੇਗੀ, ਨਾ ਅੰਦਰ। ਦੇਖਿਆ ਨਹੀਂ ਜੇ ਰਸੋਈ ਉਪਰ ਸਿੱਧਾ ਆਕਾਸ਼ ਹੈ ਤੇ ਕਿਵੇਂ ਲਾਂਬੂ ਉਠਦੇ ਨੇ? ਧੂੰਏਂ ਨਾਲ ਅੱਖਾਂ ਖ਼ਰਾਬ ਨਾ ਕਰੋ, ਮਜ਼ੇ ਨਾਲ ਖੁੱਲ੍ਹੇ ਵਿਚ ਬਾਲੋ ਤੇ ਸੇਕਣ ਦਾ ਆਨੰਦ ਲਓ!”
ਬਸਤਰ ਦੇ ਜੰਗਲਾਂ ਵਿਚ ਅੱਗ ਥਾਂ ਥਾਂ ਉਤੇ ਬਲਦੀ ਹੈ। ਚੁੱਲ੍ਹੇ ਅਕਸਰ ਖੁੱਲ੍ਹੇ ਆਕਾਸ਼ ਹੇਠ ਹੁੰਦੇ ਹਨ। ਸੌਣ ਦਾ ਰਿਵਾਜ ਵੀ ਅਜਿਹਾ ਹੈ ਕਿ ਲੋਕ ਝੌਂਪੜੀ ਦੇ ਅੰਦਰ ਨਹੀਂ ਸੌਂਦੇ। ਉਹ ਵਿਹੜੇ ਵਿਚ ਹੀ ਅੱਗ ਬਾਲ ਲੈਂਦੇ ਹਨ ਤੇ ਉਸ ਦੇ ਚਾਰੇ ਪਾਸੇ ਸਫ਼ਾਂ ਵਿਛਾ ਕੇ ਉਨ੍ਹਾਂ ਉਤੇ ਸੌਂ ਜਾਂਦੇ ਹਨ। ਭਾਵੇਂ ਕਿੰਨੀ ਵੀ ਠੰਢ ਹੋਵੇ, ਉਹ ਅੰਦਰ ਨਹੀਂ ਸੌਣਗੇ। ਅੱਗ ਜੰਗਲ ਦੀ ਜ਼ਿੰਦਗੀ ਦਾ ਹਿੱਸਾ ਹੈ। ਜਦ ਇਕ ਵਾਰ ਲੱਕੜ ਦੀ ਕਿਸੇ ਗੇਲੀ ਜਾਂ ਮੁੱਢ ਨੂੰ ਅੱਗ ਲਾ ਦਿੱਤੀ ਤਾਂ ਭਾਵੇਂ ਬੰਦਾ ਨੇੜੇ ਹੋਵੇ ਜਾਂ ਨਾ, ਉਸ ਨੇ ਧੁਖ਼ਦੇ ਹੀ ਰਹਿਣਾ ਹੈ। ਦੁਸ਼ਮਣ ਅੱਗ ਪਿਛੇ ਭਟਕਣ ਲੱਗੇਗਾ ਤਾਂ ਕਿਤੇ ਨਹੀਂ ਪਹੁੰਚ ਸਕੇਗਾ। ਅੱਗ ਤਾਂ ਚਾਰੇ ਪਾਸੇ ਹੈ। ਗੁਰੀਲੇ ਕਿੱਥੇ ਹਨ ਤੇ ਕਿੱਥੇ ਨਹੀਂ ਹਨ, ਇਹ ਅੱਗ ਦੀਆਂ ਲਾਟਾਂ ਨਹੀਂ ਦੱਸ ਸਕਦੀਆਂ। ਐਤੂ ਨੇ ਸਹੀ ਕਿਹਾ ਕਿ ਇਹ ਸਮੇਂ ਤੇ ਸਥਾਨ ਅਨੁਸਾਰ ਤੈਅ ਹੋਵੇਗਾ ਕਿ ਕਿਸ ਥਾਂ ਅੱਗ ਬਲੇਗੀ ਤੇ ਕਿਸ ਥਾਂ ਨਹੀਂ।
ਅੱਗ ਨੂੰ ਖੁੱਲ੍ਹੇ ਆਸਮਾਨ ਹੇਠ ਸਰਕਾ ਲਿਆ ਗਿਆ। ਸੁੱਕੀਆਂ ਪਤਲੀਆਂ ਟਾਹਣੀਆਂ ਅਤੇ ਕੁਝ ਪੱਤੇ ਸੁੱਟ ਕੇ ਐਤੂ ਨੇ ਦੋ ਫ਼ੁਕਾਂ ਨਾਲ ਲਾਟਾਂ ਖੜ੍ਹੀਆਂ ਕਰ ਦਿੱਤੀਆਂ। ਬਸਤਰ ਵਿਚ ਕਈ ਤਰ੍ਹਾਂ ਦੀ ਅੱਗ ਬਲਦੀ ਹੈ। ਢਿੱਡ ਦੀ, ਜੰਗਲ ਦੀ, ਇਨਕਲਾਬ ਦੀ। ਐਤੂ ਚਾਹੁੰਦਾ ਹੈ ਕਿ ਸਾਰੀ ਦੁਨੀਆਂ ਇਸ ਨੂੰ ਦੇਖੇ, ਇਸ ਦੀਆਂ ਲਾਟਾਂ ਜਿੰਨੀਆਂ ਵੀ ਉੱਚੀਆਂ ਜਾਣ, ਓਨਾ ਹੀ ਚੰਗਾ ਹੈ। ਢਿੱਡ ਦੀ ਅੱਗ ਉਸ ਚਿਖ਼ਾ ਵਰਗੀ ਹੈ ਜਿਸ ਅੰਦਰ ਜਿਉਂਦਾ ਇਨਸਾਨ ਸੜਦਾ ਹੈ।
ਸਾਗਵਾਨ, ਬਾਂਸ ਤੇ ਦੂਸਰੀ ਹਰ ਤਰ੍ਹਾਂ ਦੀ ਵਣ-ਉਪਜ ਦੀ ਅੱਗ ਠੇਕੇਦਾਰਾਂ ਤੇ ਵਪਾਰੀਆਂ ਦੇ ਘਰਾਂ ਨੂੰ ਨਿੱਘਾ ਰੱਖਦੀ ਹੈ ਤੇ ਬਸਤਰ ਨੂੰ ਉਜਾੜ ਦੇਂਦੀ ਹੈ। ਤੀਸਰੀ ਅੱਗ ਦੀ ਗਰਮਾਇਸ਼ ਵਿਚੋਂ ਅਸੀਂ ਗੁਜ਼ਰਦੇ ਜਾਵਾਂਗੇ ਜਿਉਂ ਜਿਉਂ ਸਫ਼ੇ ਪਲਟਦੇ ਜਾਵਾਂਗੇ। ਤਿੰਨਾਂ ਅੱਗਾਂ ਨੇ ਅਜੀਬ ਤਰ੍ਹਾਂ ਦੇ ਰੂਪ ਤੇ ਆਕਾਰ ਗ੍ਰਹਿਣ ਕੀਤੇ ਹੋਏ ਹਨ। ਕਿਤੇ ਇਹੀ ਉਦਾਸੀ, ਬੇਵਸੀ ਤੇ ਅੱਖਾਂ ਦੇ ਸੁੰਨੇਪਨ ਵਿਚ ਨਮੂਦਾਰ ਹੁੰਦੀ ਹੈ, ਕਿਤੇ ਸੱਪਾਂ ਦੀਆਂ ਅੱਗ ਉਗਲਦੀਆਂ ਜੀਭਾਂ ਵਰਗੀ ਡਰਾਉਣੀ ਸ਼ਕਲ ਬਣਾ ਲੈਂਦੀ ਹੈ ਤੇ ਕਿਤੇ ਮਸ਼ਾਲ ਦੀ ਰੌਸ਼ਨੀ ਵਾਂਗ ਜਲਵਾਗਰ ਹੁੰਦੀ ਹੈ। ਇਸ ਵਿਰਾਟ ਦਾਵਾਨਲ ਨੇ ਸਮੁੱਚੇ ਬਸਤਰ ਦੇ ਕਬਾਇਲੀ ਜੀਵਨ ਨੂੰ ਵਗਲ ਲਿਆ ਹੈ। ਸਿੱਟਾ ਕੀ ਨਿਕਲੇਗਾ? ਗੌਂਡ ਗੁਰੀਲਿਆਂ ਨੂੰ ਕਤੱਈ ਪ੍ਰਵਾਹ ਨਹੀਂ। ਉਹ ਸਿਰਫ਼ ਆਪਣੀਆਂ ਅੱਖਾਂ ਦੇ ਸੁੰਨੇਪਨ ਨੂੰ ਦੂਰ ਹੋਇਆ ਦੇਖਣਾ ਚਾਹੁੰਦੇ ਹਨ।
ਐਤੂ ਭਾਈ ਬਲ ਰਹੀ ਲੱਕੜ ਤੋਂ ਛਤਰੀਨੁਮਾ ਖੁੰਬ ਤੋੜਦਾ ਹੈ ਅਤੇ ਮੇਰੇ ਅੱਗੇ ਕਰ ਦੇਂਦਾ ਹੈ। ਮੈਂ ਉਸ ਨੂੰ ਲੈ ਕੇ ਇਹਤਿਆਤ ਨਾਲ ਉਸ ਉਤੇ ਉਂਗਲ ਫੇਰਦਾ ਹਾਂ, ਮਤਾਂ ਇਹ ਭੁਰ ਜਾਏ ਤੇ ਬਰਬਾਦ ਹੋ ਜਾਏ, ਪਰ ਮੈਂ ਦੇਖਦਾ ਹਾਂ ਕਿ ਇਹ ਤਾਂ ਸਖ਼ਤ ਹੈ, ਲੱਕੜ ਵਾਂਗ ਹੀ ਸਖ਼ਤ। ਅਜਿਹੀ ਖੁੰਬ ਮੈਂ ਪਹਿਲਾਂ ਕਦੇ ਨਹੀਂ ਵੇਖੀ।
“ਇਹ ਅਮਰੀਕਾ ਤੇ ਯੂਰਪ ਨੂੰ ਬਰਾਮਦ ਕੀਤੀ ਜਾਂਦੀ ਹੈ।” ਐਤੂ ਕਹਿੰਦਾ ਹੈ।
“ਦਵਾਈ ਬਣਦੀ ਹੋਵੇਗੀ?”
“ਨਹੀਂ। ਸਜਾਵਟ ਲਈ। ਗੈਸਟ ਰੂਮ ਤੇ ਦਫ਼ਤਰ ਸਜਾਉਣ ਲਈ। ਇਹ ਗਲਸੜ ਰਹੀ ਬਾਂਸ ਅਤੇ ਹੋਰ ਕਈ ਤਰ੍ਹਾਂ ਦੀ ਲੱਕੜ ‘ਤੇ ਢੇਰਾਂ ਦੇ ਢੇਰ ਉਗਦੀ ਹੈ, ਉੱਲੀ ਵਾਂਗ। ਸਾਲਾਂ ਬੱਧੀ ਖ਼ਰਾਬ ਨਹੀਂ ਹੁੰਦੀ। ਇਕ ਚੀਜ਼ ਗਲਦੀ ਸੜਦੀ ਹੈ ਅਤੇ ਦੂਜੀ ਉਸ ‘ਚੋਂ ਨਵੀਂ ਪੈਦਾ ਹੁੰਦੀ ਹੈ। ਇਹ ਕੁਦਰਤ ਦਾ ਅਸੂਲ ਹੈ। ਦੇਖੋ ਕਿੰਨੀ ਖ਼ੂਬਸੂਰਤ ਹੈ!”
“ਵਾਕੱਈ!” ਉਸ ਨੂੰ ਉਲਟ ਪੁਲਟ ਕੇ ਦੇਖਦਿਆਂ ਮੈਂ ਹੈਰਾਨ ਹੁੰਦਾ ਹਾਂ। ਸੋਚਦਾ ਹਾਂ ਕਿ ਕਬਾਇਲੀ ਲੋਕਾਂ ਨੂੰ ਇਸ ਦੀ ਕਾਫ਼ੀ ਕੀਮਤ ਮਿਲਦੀ ਹੋਵੇਗੀ ਜਿਹੜੀ ਸਾਡੇ ਸ਼ਹਿਰਾਂ ਵਿਚ ਤਾਂ ਦਿਖਾਈ ਨਹੀਂ ਦੇਂਦੀ, ਪਰ ਸਿੱਧੀ ਯੂਰਪ ਤੇ ਅਮਰੀਕਾ ਨੂੰ ਜਾਂਦੀ ਹੈ।
“ਨਹੀਂ। ਇਸ ਇਲਾਕੇ ਵਿਚੋਂ ਇਹ ਬਾਹਰ ਨਹੀਂ ਜਾਂਦੀ। ਨਾ ਹੀ ਕੋਈ ਜਾਣਦਾ ਹੈ ਕਿ ਇਸ ਦੀ ਕੀਮਤ ਮਿਲਦੀ ਹੈ। ਇਹ ਜੰਗਲ ਵਿਚ ਪਈ ਪਈ ਹੀ ਗਲ ਸੜ ਜਾਂਦੀ ਹੈ ਜਾਂ ਲੱਕੜ ਦੇ ਨਾਲ ਹੀ ਅੱਗ ਵਿਚ ਸੁਆਹ ਹੋ ਜਾਂਦੀ ਹੈ।”
ਐਤੂ ਅਨੇਕਾਂ ਤਰ੍ਹਾਂ ਦੇ ਪੌਦਿਆਂ ਬਾਰੇ ਦੱਸਦਾ ਹੈ ਜਿਨ੍ਹਾਂ ਦੀ ਦਵਾਈਆਂ ਵਿਚ ਵਰਤੋਂ ਹੁੰਦੀ ਹੈ ਅਤੇ ਜਿਨ੍ਹਾਂ ਦੀ ਜੰਗਲ ਵਿਚ ਭਰਮਾਰ ਹੈ। ਉਸ ਨੂੰ ਦੁੱਖ ਹੈ ਕਿ ਐਨਾ ਅਮੀਰ ਖ਼ਜ਼ਾਨਾ ਹੋਣ ਦੇ ਬਾਵਜੂਦ ਕਬਾਇਲੀ ਦਵਾ ਖੁਣੋਂ ਮਰ ਜਾਂਦੇ ਹਨ।
“ਅਸੀਂ ਲਾਜ਼ਮੀ ਹੀ ਇਸ ਦਾ ਕੁਝ ਕਰਾਂਗੇ, ਇਥੋਂ ਹੀ ਰਾਹ ਬਣਾਵਾਂਗੇ।” ਉਹ ਕਹਿੰਦਾ ਹੈ।
—
ਸੁਬਹ ਦੀ ਸੀਟੀ ਵੱਜਣ ਤੋਂ ਪਹਿਲਾਂ ਹੀ ਤੰਬੂ ਵਿਚਲੀ ਹਿਲਜੁਲ ਤੇ ਸਰਸਰਾਹਟ ਨੇ ਮੇਰੀ ਨੀਂਦ ਖੋਲ੍ਹ ਦਿੱਤੀ। ਰੰਗੰਨਾ (ਮੇਰਾ ਗਾਰਡ) ਤਿਆਰ ਹੋ ਰਿਹਾ ਸੀ। ਕਾਫ਼ੀ ਹਨੇਰਾ ਸੀ, ਸੋ ਮੈਂ ਇਸ਼ਾਰੇ ਨਾਲ ਉਸ ਨੂੰ ਪੁੱਛਿਆ ਕਿ ਕਿੱਧਰ ਦੀ ਤਿਆਰੀ ਹੈ। ਉਸ ਨੇ ‘ਸੈਂਟਰੀ’ ਕਿਹਾ ਤੇ ਪਹਿਰੇਦਾਰ ਚੌਕੀ ਵੱਲ ਇਸ਼ਾਰਾ ਕਰ ਦਿੱਤਾ। ‘ਸੋ ਅੱਜ ਮੇਰਾ ਗਾਰਡ ਕੋਈ ਹੋਰ ਹੋਵੇਗਾ’, ਮੈਂ ਸੋਚਿਆ। ਡਿਊਟੀ ਬਦਲ ਗਈ ਸੀ, ਪਰ ਮੈਨੂੰ ਕੋਈ ਇਲਮ ਨਹੀਂ ਸੀ।
ਰੰਗੰਨਾ ਚਲਾ ਗਿਆ। ਮੈਂ ਫਿਰ ਸੌਣ ਦੀ ਕੋਸ਼ਿਸ਼ ਕੀਤੀ ਪਰ ਨੀਂਦ ਨਾ ਆਈ। ਇਹ ਫ਼ੈਸਲਾ ਕਰ ਕੇ ਕਿ ਖ਼ੇਮੇ ਦਾ ਚੱਕਰ ਲਾਇਆ ਜਾਵੇ, ਮੈਂ ਉਠ ਪਿਆ। ਚਾਦਰ ਦੀ ਬੁੱਕਲ ਮਾਰ ਕੇ ਮੈਂ ਟਾਰਚ ਉਠਾਈ ਤੇ ਖੱਬੇ ਹੱਥ ਵੱਲ ਨਿਵਾਣ ਦੇ ਰਾਹ ਵਿਚ ਪੈਂਦੇ ਤੰਬੂ ਦਾ ਰੁਖ਼ ਕਰ ਲਿਆ ਜਿਸ ਦੇ ਬਾਹਰ ਅੱਗ ਬਲ ਰਹੀ ਸੀ। ਅੱਗ! ਜ਼ਾਹਰ ਹੈ ਕਿ ਕੋਈ ਨਾ ਕੋਈ ਉਥੇ ਬੈਠਾ ਸੇਕ ਰਿਹਾ ਹੋਵੇਗਾ। ਟਾਰਚ ਦੀ ਰੌਸ਼ਨੀ ਜ਼ਮੀਨ ਉਤੇ ਸੁੱਟਦਾ ਹੋਇਆ ਮੈਂ ਉਸ ਵੱਲ ਵਧਿਆ। ਉਥੇ ਦੋ ਜਣੇ ਬੈਠੇ ਨਜ਼ਰੀਂ ਪਏ।
“ਐਨੀ ਜਲਦੀ! ਅਜੇ ਤਾਂ ਤਿੰਨ ਵਜੇ ਹਨ। ਚਲੋ ਮੈਂ ਨਾਲ ਚੱਲਦਾ ਹਾਂ।” ਕਹਿੰਦਿਆਂ ਇਕ ਨੇ ਰਾਈਫ਼ਲ ਉਠਾਈ ਤੇ ਖੜ੍ਹਾ ਹੋ ਗਿਆ।
“ਨਹੀਂ, ਮੈਂ ਬਾਹਰ ਨਹੀਂ ਜਾ ਰਿਹਾ। ਰੰਗੰਨਾ ਜਾ ਰਿਹਾ ਸੀ ਤੇ ਮੇਰੀ ਨੀਂਦ ਖੁੱਲ੍ਹ ਗਈ। ਸੋਚਿਆ, ਖ਼ੇਮੇ ਦਾ ਚੱਕਰ ਕੱਟਦਾਂ ਤੇ ਦੇਖਦਾ ਹਾਂ ਕਿ ਕੌਣ ਜਾਗ ਰਿਹੈ ਤੇ ਕੌਣ ਸੌਂ ਰਿਹੈ।”
“ਦੋ ਤਾਂ ਅਸੀਂ ਹੀ ਜਾਗ ਰਹੇ ਹਾਂ।” ਉਹ ਮੁਸਕਰਾਇਆ ਤੇ ਦੂਸਰੇ ਵੱਲ ਇਸ਼ਾਰਾ ਕੀਤਾ। ਉਹ ਗੁਰੀਲਾ ਕੁੜੀ ਸੀ ਤੇ ਅੱਗ ਦੀਆਂ ਲਾਟਾਂ ਨਿਹਾਰ ਰਹੀ ਸੀ। ਸਾਡੀ ਗੱਲਬਾਤ ਵੱਲ ਉਸ ਨੇ ਉਕਾ ਹੀ ਧਿਆਨ ਨਾ ਦਿੱਤਾ।
“ਕਿਸੇ ਡੂੰਘੀ ਵਿਚਾਰ ਵਿਚ ਸੋ?” ਮੈਂ ਕਹਿੰਦਾ ਹਾਂ।
“ਨਹੀਂ। ਕੈਂਪ ਦਾ ਚੱਕਰ ਲਾਉਂਦੇ ਲਾਉਂਦੇ ਏਥੇ ਅੱਗ ਕੋਲ ਆ ਕੇ ਬੈਠ ਗਏ।”
“ਪਰ ਇਹ ਤਾਂ ਕਿਸੇ ਡੂੰਘੀ ਸੋਚ ਵਿਚ ਉਤਰੀ ਲਗਦੀ ਹੈ।”
“ਹਿੰਦੀ ਨਹੀਂ ਜਾਣਦੀ।”
“ਗੌਂਡ ਹੈ?”
“ਨਹੀਂ, ਤੈਲਗੂ।”
ਖ਼ੁਦ ਉਹ ਉੜੀਆ ਸੀ। ਉੜੀਸਾ ਦੇ ਕਿਸੇ ਪਿੰਡ ਦਾ ਜੰਮਪਲ। ਅੱਧ ਵਿਚਾਲੇ ਕਾਲਜ ਛੱਡ ਗੁਰੀਲਿਆਂ ਨਾਲ ਆ ਮਿਲਿਆ। ਹੁਣ ਉਹ ਇਕ ਦਸਤੇ ਦਾ ਡਿਪਟੀ ਕਮਾਂਡਰ ਹੈ। ਉਸ ਦਾ ਕਮਾਂਡਰ ਉਹੀ ਗੌਂਡ ਨੌਜਵਾਨ ਸੀ ਜਿਹੜਾ ਕੱਲ੍ਹ ਪਹਿਰੇਦਾਰ ਚੌਕੀ ਨੰਬਰ ਦੋ ਉਤੇ ਸਾਨੂੰ ਮਿਲਿਆ ਸੀ। ਉਹ ਰਾਤ ਦੀ ਗਸ਼ਤ ਉਪਰ ਸਨ। ਉਨ੍ਹਾਂ ਦੇ ਤਿੰਨ ਸਾਥੀ ਖ਼ੇਮੇ ਵਿਚ ਕਿਸੇ ਹੋਰ ਪਾਸੇ ਘੁੰਮ ਰਹੇ ਸਨ।
“ਰਾਤ ਦੀ ਡਿਊਟੀ ਔਖੀ ਹੁੰਦੀ ਹੋਵੇਗੀ?”
“ਨਹੀਂ।” ਉਹ ਜਵਾਬ ਦੇਂਦਾ ਹੈ।
ਮੁਸ਼ਕਲ ਸਿਰਫ਼ ਉਦੋਂ ਹੁੰਦੀ ਹੈ ਜਦ ਬੰਦਾ ਇਕੱਲਾ ਸੈਂਟਰੀ ਡਿਊਟੀ ਉਤੇ ਹੁੰਦਾ ਹੈ। ਜਦ ਕੋਈ ਹੋਰ ਨਜ਼ਦੀਕ ਨਹੀਂ ਹੁੰਦਾ, ਉਦੋਂ ਉਸ ਦੇ ਖਿਆਲ ਦੂਰ ਦੂਰ ਤੱਕ ਦੀਆਂ ਉਡਾਰੀਆਂ ਲਾਉਂਦੇ ਹਨ। ਕਦੇ ਪਿੰਡ ਦੇ ਯਾਰਾਂ ਦੀ ਢਾਣੀ ਵਿਚ ਜਾ ਪਹੁੰਚਦੇ ਹਨ, ਕਦੇ ਕਾਲਜ ਦੇ ਅਹਾਤੇ ਵਿਚ ਤੇ ਕਦੇ ਛੋਟੇ ਬੱਚੇ ਬਣ ਆਪਣੇ ਭੈਣਾਂ-ਭਰਾਵਾਂ ਕੋਲ। ਕਦੇ ਉਹ ਮਾਂ ਦੀ ਆਵਾਜ਼ ਸੁਣ ਕੇ ਚੌਂਕ ਪੈਂਦਾ ਹੈ। ਤਦ ਪਤਾ ਲੱਗਦਾ ਹੈ ਕਿ ਉਹ ਤਾਂ ਕਿਸੇ ਦਰੱਖ਼ਤ ਉਹਲੇ ਪਹਿਰੇਦਾਰ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਅਤੇ ਆਵਾਜ਼ ਦੇਣ ਵਾਲੀ ਮਾਂ ਦੂਰ, ਬਹੁਤ ਦੂਰ, ਪਿੱਛੇ ਪਿੰਡ ਵਿਚ ਹੈ। ਏਥੇ ਤਾਂ ਕੋਈ ਵੀ ਨਹੀਂ। ਆਦਮੀ ਚੁੱਪ-ਚਾਪ ਖੜ੍ਹਾ ਸੰਨਾਟੇ ਵਿਚੋਂ ਜਾਂ ਜੰਗਲ ਵਿਚੋਂ ਗੁਜ਼ਰਦੀ ਹਵਾ ਦੀ ਸਾਂ ਸਾਂ ਵਿਚੋਂ ਓਪਰੀਆਂ ਆਵਾਜ਼ਾਂ ਪਛਾਨਣ ਦੀ ਕੋਸ਼ਿਸ਼ ਕਰਦਾ ਹੈ। ਉਸ ਵਕਤ ਦਸ ਫੁੱਟ ‘ਤੇ ਖੜ੍ਹਾ ਦੂਸਰਾ ਸਾਥੀ ਵੀ ਕੋਹਾਂ ਦੂਰ ਲਗਦਾ ਹੈ। ਜੰਗਲ ਬੀਆਬਾਨ ਦੀ ਭਿਆਨਕ ਖ਼ਾਮੋਸ਼ੀ ਨਾ ਸਿਰਫ਼ ਉਸ ਦੇ ਚੁਫ਼ੇਰੇ ਹੀ ਫੈਲੀ ਹੁੰਦੀ ਹੈ, ਸਗੋਂ ਇਹ ਉਸ ਦੇ ਅੰਦਰ ਵੀ ਪਸਰ ਜਾਂਦੀ ਹੈ। ਉਹ ਹਿਲਦਾ ਨਹੀਂ, ਗੁਣ-ਗੁਣਾਉਂਦਾ ਨਹੀਂ, ਬੀੜੀ ਨਹੀਂ ਪੀਂਦਾ, ਬੈਠਣ ਦੀ ਗ਼ਲਤੀ ਵੀ ਨਹੀਂ ਕਰਦਾ। ਲੱਤਾਂ ਜਾਂ ਬਾਂਹਾਂ ਹਿਲਾਉਣ ਵੇਲੇ ਵੀ ਉਹ ਐਨਾ ਚੌਕਸ ਰਹਿੰਦਾ ਹੈ ਕਿ ਸਰਸਰ ਦੀ ਆਵਾਜ਼ ਵੀ ਪੈਦਾ ਨਾ ਹੋਵੇ।
ਸੰਤਰੀ ਦੀ ਡਿਊਟੀ ਜੰਗ ਵਿਚ ਸਿੱਧਾ ਲੜਨ ਨਾਲੋਂ ਕਿਤੇ ਮੁਸ਼ਕਲ ਹੈ। ਇਹ ਜੰਗ ਦੀ ਅਸਪਸ਼ਟ ਉਡੀਕ ਹੈ ਜੋ ਅਨੰਤਤਾ ਨਾਲ ਇਕਮਿਕ ਹੋਈ ਹੋਈ ਮਹਿਸੂਸ ਹੁੰਦੀ ਹੈ। ਪਹਿਰਾ ਦੇਣ ਵਾਲਾ ਅਕਸਰ ਹੀ ਆਪਣੀ ਜ਼ਿੰਦਗੀ ਦੀ ਸਾਰੀ ਰੀਲ ਫਿਰ ਘੁਮਾ ਦੇਂਦਾ ਹੈ। ਬਚਪਨ ਤੋਂ ਲੈ ਕੇ ਹੁਣ ਤਕ ਦੀ ਹਰ ਘੜੀ ਨੂੰ ਮੁੜ ਜੀਂਦਾ ਹੈ। ਤੁਸੀਂ ਕਈ ਵਾਰ ਬੀਤੇ ਨੂੰ ਯਾਦ ਕਰ ਕੇ ਮੁਸਕਰਾਉਂਦੇ ਹੋ, ਹੱਸਦੇ ਹੋ, ਗੁੱਸੇ ਵਿਚ ਆਉਂਦੇ ਹੋ ਅਤੇ ਹੱਥਾਂ ਪੈਰਾਂ ਨੂੰ ਅਜੀਬ ਤਰੀਕੇ ਨਾਲ ਝਟਕਦੇ ਹੋ, ਪਰ ਸੰਤਰੀ ਅਜਿਹਾ ਨਹੀਂ ਕਰ ਸਕਦਾ। ਉਹ ਭਾਵੇਂ ਆਪਣੇ ਅੰਦਰੋਂ ਸਮੁੰਦਰ ਦੀ ਤਰ੍ਹਾਂ ਖੌਲ ਰਿਹਾ ਹੋਵੇ, ਪਰ ਬਾਹਰੋਂ ਉਹ ਬੁੱਤ ਵਾਂਗ ਦਿਖਾਈ ਦੇਵੇਗਾ। ਸੰਤਰੀ ਦਾ ਸੰਸਾਰ ਕਾਲਪਨਿਕ ਅਤੇ ਅਸਲੀ, ਦੋਵੇਂ ਤਰ੍ਹਾਂ ਦਾ ਹੁੰਦਾ ਹੈ। ਹਕੀਕਤ ਤੇ ਅਫ਼ਸਾਨੇ ਦਾ ਸਾਂਝਾ ਮੁਜੱਸਮ।
ਖਿਆਲਾਂ ਵਿਚ ਗੁਆਚਣਾ ਭਾਵੇਂ ਸੰਤਰੀ ਦੀ ਡਿਊਟੀ ਨਿਭਾ ਰਹੇ ਕਿਸੇ ਵੀ ਵਿਅਕਤੀ ਵਾਸਤੇ ਖ਼ਤਰਨਾਕ ਹੋ ਸਕਦਾ ਹੈ, ਫਿਰ ਵੀ ਚੌਕਸ ਤੋਂ ਚੌਕਸ ਵਿਅਕਤੀ ਵੀ ਉਸ ਆਲਮ ਵਿਚ ਚਲਾ ਜਾਂਦਾ ਹੈ। ਉਹ ਕੋਸ਼ਿਸ਼ ਕਰਦਾ ਹੈ ਕਿ ਸੁਪਨਿਆਂ ਦੀ ਦੁਨੀਆਂ ਵਿਚ ਨਾ ਉਤਰੇ, ਇਸ ਲਈ ਉਹ ਆਪਣੇ ਵਿਰੁਧ ਸੰਘਰਸ਼ ਕਰਦਾ ਹੈ। ਗੁਰੀਲਾ ਲਗਾਤਾਰ ਚੱਲਣ ਵਾਲੀ ਜੰਗ ਦਾ ਸਿਪਾਹੀ ਹੈ ਜਿਥੇ ਉਹ ਛਾਪਾਮਾਰ ਤਰੀਕਾ ਵਰਤਦਾ ਹੈ, ਪਰ ਏਥੇ ਉਹ ਛਾਪਾ ਵੱਜਣ ਤੋਂ ਰੋਕਣ ਦੀ ਜ਼ਿੰਮੇਵਾਰੀ ਉਤੇ ਹੈ। ਉਸ ਨੇ ਇਸ ਵਿਚ ਵੀ ਓਨੀ ਹੀ ਮੁਹਾਰਤ ਨਾਲ ਨਿਭਣਾ ਹੈ। ਕਈ ਵਾਰ ਇੰਜ ਹੋਇਆ ਹੈ ਕਿ ਸੰਤਰੀ ਦੇ ਅਵੇਸਲੇ ਹੋਣ ਨਾਲ ਉਹ ਤੇ ਉਸ ਦੇ ਸਾਥੀ ਦਬੋਚ ਲਏ ਗਏ। ਕਈ ਵਾਰ ਇੰਜ ਹੋਇਆ ਕਿ ਉਸ ਦੀ ਚੌਕਸੀ ਨੇ ਵੱਡੇ ਵੱਡੇ ਹਾਦਸਿਆਂ ਨੂੰ ਟਾਲ ਦਿੱਤਾ। ਖ਼ੇਮੇ ਵਿਚਲੇ ਕਮਾਂਡਰ, ਸੰਤਰੀ ਦੀ ਜ਼ਿੰਮੇਦਾਰੀ ਨਿਭਾ ਰਹੇ ਗੁਰੀਲਿਆਂ ਨਾਲ ਲਗਾਤਾਰ ਰਾਬਤਾ ਰੱਖਦੇ ਹਨ। ਇਸ ਨਾਲ ਸੰਤਰੀ ਨੂੰ ਆਪਣੇ ਆਪ ਉਤੇ ਕਾਬੂ ਰੱਖਣ ਵਿਚ ਵੱਡੀ ਮਦਦ ਮਿਲਦੀ ਹੈ। ਸੰਤਰੀ ਦੀ ਡਿਊਟੀ ਤਕਰੀਬਨ ਰੋਜ਼ ਬਦਲਦੀ ਹੈ ਅਤੇ ਇਸ ਦਾ ਅਰਸਾ ਇਕ ਤੋਂ ਦੋ ਘੰਟੇ ਦੇ ਦਰਮਿਆਨ ਰਹਿੰਦਾ ਹੈ।
ਗੁਰੀਲਾ ਜਦ ਔਖੇ ਕੰਮ ਗਿਣਾਉਣ ਲਗਦਾ ਹੈ ਤਾਂ ਉਨ੍ਹਾਂ ਵਿਚ ਇਕ, ਸੰਤਰੀ ਦੀ ਡਿਊਟੀ ਵੀ ਸ਼ਾਮਲ ਹੈ; ਪਰ ਉਸ ਨੇ ਮੇਰੇ ਸਵਾਲ ਦੇ ਜਵਾਬ ਵਿਚ ‘ਨਹੀਂ’ ਕਿਹਾ ਸੀ। ਮੁਸ਼ਕਲ ਕੰਮ ਨੂੰ ਵੀ ਮੁਸ਼ਕਲ ਨਾ ਕਹਿਣਾ ਗੁਰੀਲਾ ਮਾਨਸਿਕਤਾ ਦਾ ਹਿੱਸਾ ਹੈ।
ਸਵੇਰ ਹੋਣ ਤੋਂ ਪਹਿਲਾਂ ਅਸੀਂ ਸਾਰੇ ਖ਼ੇਮੇ ਵਿਚ ਘੁੰਮੇ। ਸਭ ਤੰਬੂਆਂ ਦੇ ਆਲੇ-ਦੁਆਲੇ ਚੱਕਰ ਲਾਇਆ। ਤਕਰੀਬਨ ਹਰ ਤੰਬੂ ਦੇ ਬਾਹਰ ਇਕ ਜਾਂ ਦੋ ਜਣਿਆਂ ਨੂੰ ਬੈਠੇ ਹੋਏ ਜਾਂ ਤੁਰੇ-ਫਿਰਦੇ ਦੇਖਿਆ। ਰਾਤ ਨੂੰ ਵੀ ਖ਼ੇਮੇ ਵਿਚ ਇਕ ਤਰ੍ਹਾਂ ਨਾਲ ਚਹਿਲ-ਪਹਿਲ ਰਹਿੰਦੀ ਹੈ।
(ਚਲਦਾ)