ਮੌਸਮ ਦਾ ਹਾਲ

ਬਲਜੀਤ ਬਾਸੀ
ਕੋਈ ਵੇਲਾ ਸੀ, ਆਕਾਸ਼ਵਾਣੀ ਜਲੰਧਰ ਦੇ ਦਿਹਾਤੀ ਪ੍ਰੋਗਰਾਮ ਦੇ ਖਾਤਮੇ ਤੇ ਮੁਣਸ਼ੀ ਜੀ ਮੌਸਮ ਦਾ ਹਾਲ ਸੁਣਾਇਆ ਕਰਦੇ। ਬੀਤੇ ਦਿਨ ਦੇ ਮੌਸਮ ਦਾ ਸਹੀ ਹਾਲ ਸੁਣਾ ਕੇ ਆਉਣ ਵਾਲੇ ਦਿਨ ਬਾਰੇ ਆਮ ਤੌਰ ‘ਤੇ ਇਸ ਤਰ੍ਹਾਂ ਦੇ ਘਸੇ ਪਿਟੇ ਅਟਕਲ ਲਾਏ ਜਾਂਦੇ, “ਮੌਸਮ ਦੱਸਣ ਵਾਲੇ ਮਹਿਕਮੇ ਨੇ ਸੂਚਨਾ ਘੱਲੀ ਹੈ ਕਿ ਆਉਣ ਵਾਲੇ ਚੌਵੀ ਘੰਟਿਆਂ ਵਿਚ ਗਰਜ ਨਾਲ ਕਿਤੇ ਕਿਤੇ ਛਿੱਟੇ ਪੈਣ ਦੀ ਸੰਭਾਵਨਾ ਹੈ; ਆਮ ਤੌਰ ‘ਤੇ ਮੌਸਮ ਖੁਸ਼ਕ ਹੀ ਰਹੇਗਾ।” ਆਕਾਸ਼ਵਾਣੀ ਵਿਚਾਰੀ ਕੀ ਕਰਦੀ, ਉਦੋਂ ਮੌਸਮ ਵਿਭਾਗ ਕੋਲ ਹੀ ਮੌਸਮ ਜਾਣਨ ਬਾਰੇ ਕੋਈ ਭਰੋਸੇਯੋਗ ਵਸੀਲੇ ਨਹੀਂ ਸਨ। ਹੈਰਾਨੀ ਹੁੰਦੀ ਹੈ ਕਿ ਅੱਜ ਇਸ ਵਿਭਾਗ ਦੇ ਵਸੀਲੇ ਕਿੰਨੇ ਵਿਗਿਆਨਕ ਹੋ ਗਏ ਹਨ ਤੇ ਮੌਸਮ ਦੀ ਭਵਿੱਖਵਾਣੀ ਕਾਫੀ ਹੱਦ ਤੱਕ ਸਹੀ ਹੁੰਦੀ ਹੈ।

ਅੱਜ ਮੈਂ ਮੌਸਮ ਸ਼ਬਦ ਦਾ ਹਾਲ ਸੁਣਾਉਣ ਲੱਗਾ ਹਾਂ। ਮੁਖ ਤੌਰ ‘ਤੇ ਮੌਸਮ ਦੇ ਦੋ ਅਰਥ ਹਨ। ਪਹਿਲਾ, ਰੁੱਤ ਜਿਨ੍ਹਾਂ ਦੀ ਭਾਰਤ ਵਿਚ ਗਿਣਤੀ ਛੇ ਹੈ। ਇਸ ਅਰਥ ਵਿਚ ਮੌਸਮ ਨੇ ਰੁੱਤ ਨੂੰ ਕਾਫੀ ਹੱਦ ਤੱਕ ਵਰਤੋਂ ਤੋਂ ਬਾਹਰ ਕਰ ਦਿੱਤਾ ਹੈ। ਇਹ ਮੌਸਮ ਧਰਤੀ ਦੇ ਸੂਰਜ ਦੁਆਲੇ ਘੁੰਮਣ ਦੀ ਪਰਿਧੀ ਨਾਲ ਸਬੰਧਤ ਹੈ। ਗਰਮੀਆਂ ਵਿਚ ਸੂਰਜ ਧਰਤੀ ਦੇ ਨੇੜੇ ਹੁੰਦਾ ਹੈ ਤੇ ਸਰਦੀਆਂ ਵਿਚ ਦੂਰ । ਦੂਸਰਾ ਅਰਥ ਹੈ, ਨਿੱਤ ਦਾ ਵਾਤਾਵਰਣ ਜਿਸ ਨੂੰ ਅੰਗਰੇਜ਼ੀ ਵਿਚ ਵੈਦਰ ਆਖਦੇ ਹਨ, ਗੀਤ ਹੈ, ‘ਆਜ ਮੌਸਮ ਬੜਾ ਬੇਈਮਾਨ ਹੈ।’ ਇਹ ਸੀਮਾ ਦੇ ਅੰਦਰ ਰੋਜ਼ ਥੋੜਾ ਬਾਹਲਾ ਬਦਲਦਾ ਰਹਿੰਦਾ ਹੈ। ਪਹਿਲੇ ਅਰਥ ਲਈ ਸਾਡੇ ਕੋਲ ਰੁੱਤ ਸ਼ਬਦ ਵੀ ਮੌਜੂਦ ਹੋਣ ਕਾਰਨ ਮੌਸਮ ਸ਼ਬਦ ਆਮ ਤੌਰ ‘ਤੇ ਦੂਜੇ ਅਰਥਾਂ ਵਿਚ ਵਧੇਰੇ ਵਰਤਿਆ ਜਾਣ ਲੱਗਾ। ਮੌਸਮ ਦਾ ਤੀਜਾ ਅਰਥ ਹੈ, ਅਨੁਕੂਲ ਸਮਾਂ। ਮੌਸਮ ਤੋਂ ਵਿਸ਼ੇਸ਼ਣ ਬਣਿਆ ਮੌਸਮੀ ਜਿਸ ਦਾ ਅਰਥ ਹੈ, ਮੌਸਮ ਜਾਂ ਸਮੇਂ ਦੇ ਅਨੁਕੂਲ, ਕਿਸੇ ਖਾਸ ਮੌਸਮ ‘ਤੇ ਹੋਣ ਵਾਲਾ, ਰੁੱਤ ਸਬੰਧੀ ਜਿਵੇਂ ਮੌਸਮੀ ਫਲ, ਮੌਸਮੀ ਬੁਖਾਰ, ਮੌਸਮੀ ਬੀਮਾਰੀ, ਮੌਸਮੀ ਤਿਉਹਾਰ। ਸੂਰਜੀ ਸਾਲ ਨੂੰ ਮੌਸਮੀ ਸਾਲ ਵੀ ਕਿਹਾ ਜਾਂਦਾ ਹੈ। ਮੌਸਮੀ ਸ਼ਬਦ ਵਿਚ ਮੌਕਾਪ੍ਰਸਤ ਦੇ ਭਾਵ ਵੀ ਹਨ ਜਿਵੇਂ ਮੌਸਮੀ ਬਟੇਰੇ ਜਾਂ ਡੱਡੂ ਜੋ ਸਾਜ਼ਗਾਰ ਮੌਕੇ ਜਾਂ ਮੌਸਮ ਸਮੇਂ ਹੀ ਪ੍ਰਗਟ ਹੁੰਦੇ ਹਨ। ਦੱਸਣਾ ਬਣਦਾ ਹੈ ਕਿ ਮੁਸੰਮੀ ਜਾਂ ਮੌਸਮੀ ਦੇ ਨਾਂ ਨਾਲ ਜਾਣੇ ਜਾਂਦੇ ਮਿੱਠੇ ਨਿੰਬੂ ਜਿਹੇ ਫਲ ਦੇ ਇਸ ਨਾਂ ਦਾ ਮੌਸਮ ਨਾਲ ਕੋਈ ਸਬੰਧ ਨਹੀਂ। ਇਹ ਫਲ ਮੋਜ਼ੰਬੀਕ ਦੇਸ਼ ਤੋਂ ਆਇਆ ਸੀ ਇਸ ਲਈ ਇਸ ਦਾ ਇਹ ਨਾਂ ਪਿਆ। ਹਿੰਦੀ ਤੇ ਕੁਝ ਹੋਰ ਭਾਸ਼ਾਵਾਂ ਵਿਚ ਇਸ ਨੂੰ ਮਸੰਬੀ ਕਿਹਾ ਜਾਂਦਾ ਹੈ: ਮੋਜ਼ੰਬੀਕ >ਮੁਸੰਬੀ>ਮੁਸੰਮੀ>ਮੌਸਮੀ। ਮਜ਼ੇ ਦੀ ਗੱਲ ਹੈ ਕਿ ਮੌਸਮ ਤੋਂ ਮੌਸਮਾ ਵਿਸ਼ੇਸ਼ਣ ਨਹੀਂ ਚੱਲਦਾ ਜਦ ਕਿ ਮੌਸਮੀ ਦਾ ਉਲਟ ਬੇਮੌਸਮਾ ਵੀ ਹੈ, ਬੇਮੌਸਮੀ ਵੀ ਜਿਵੇਂ ਬੇਮੌਸਮਾ ਮੀਂਹ ਤੇ ਬੇਮੌਸਮੀ ਵਰਖਾ।
ਮੌਸਮ ਅਰਬੀ ਦਾ ਸ਼ਬਦ ਹੈ ਜਿਸ ਵਿਚ ਇਸ ਦਾ ਉਚਾਰਣ ਮੌਸਿਮ ਹੈ। ਇਹ ਫਾਰਸੀ ਵਿਚ ਹੁੰਦਾ ਹੋਇਆ ਭਾਰਤੀ ਭਾਸ਼ਾਵਾਂ ਵਿਚ ਦਾਖਲ ਹੋਇਆ। ਮੌਸਮ ਸ਼ਬਦ ਥੋੜੇ ਬਹੁਤੇ ਫਰਕ ਨਾਲ ਦੁਨੀਆਂ ਦੀਆਂ ਕਈ ਹੋਰ ਭਾਸ਼ਾਵਾਂ ਜਿਵੇਂ ਮਲੇਸ਼ਿਆਈ, ਇੰਡੋਨੇਸ਼ਿਆਈ, ਉਜ਼ਬੇਕ, ਕਜ਼ਾਖ, ਸਵਾਹਲੀ ਆਦਿ ਵਿਚ ਵੀ ਬੋਲਿਆ ਜਾਂਦਾ ਹੈ। ਭਾਵੇਂ ਅਰਬੀ ਵਿਚ ਮੌਸਿਮ ਦਾ ਮੁੱਖ ਅਰਥ ਰੁੱਤ ਹੈ ਪਰ ਇਸ ਸ਼ਬਦ ਦੀ ਵਿਆਪਕ ਅਰਥਾਂ ਵਿਚ ਵਰਤੋਂ ਹੁੰਦੀ ਹੈ। ਇਸ ਵਿਚ ਤਿਉਹਾਰ ਦੇ ਭਾਵ ਹਨ, ਖਾਸ ਤੌਰ ‘ਤੇ ਹੱਜ ਦੇ। ਇਸ ਤੋਂ ਬਿਨਾਂ ਇਸ ਦਾ ਅਰਥ ਮਿਥਿਆ ਸਮਾਂ ਅਤੇ ਵਾਢੀ ਵੀ ਹੈ। ਦਰਅਸਲ ਕਿਸੇ ਵੀ ਤੀਬਰ ਸਰਗਰਮੀ ਦੇ ਸਮੇਂ ਨੂੰ ਮੌਸਿਮ ਕਹਿ ਲਿਆ ਜਾਂਦਾ ਹੈ ਜਿਵੇਂ ਖੇਡਾਂ ਦਾ ਮੌਸਮ। ਲੈਬਨਾਨ ਵਿਚ ਮੌਸਿਮ ਦਾ ਅਰਥ ਰੇਸ਼ਮ ਦਾ ਕੰਮ ਵਿੱਢਣ ਦਾ ਸੀਜ਼ਨ ਹੈ। ਇਹ ਸ਼ਬਦ ਅਰਬੀ ਵਸਾਮਾ ਤੋਂ ਬਣਿਆ ਹੈ ਜਿਸ ਵਿਚ ਨਿਸ਼ਾਨ, ਚਿੰਨ੍ਹ, ਦਾਗ, ਵਿਸ਼ੇਸ਼ਤਾ, ਨਕਸ਼, ਲੱਛਣ, ਸੰਕੇਤ, ਭਾਂਪਣ, ਤਾੜਨ ਆਦਿ ਦੇ ਭਾਵ ਹਨ। ਜ਼ਰਾ ਧਿਆਨ ਨਾਲ ਸੋਚੋ ਮੌਸਮ ਕਈ ਇਕ ਚਿੰਨ੍ਹਾਂ ਜਾ ਲੱਛਣਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਬੱਦਲਵਾਈ, ਨਿੰਬਲ, ਹਵਾ ਦਾ ਚੱਲਣਾ ਤੇ ਇਸ ਦਾ ਰੁੱਖ, ਤਾਪਮਾਨ ਆਦਿ। ਅਸੀਂ ਇਹ ਨਿਸ਼ਾਨੀਆਂ ਸ਼ਗਨ ਦੀ ਤਰ੍ਹਾਂ ਸਾਜ਼ਗਾਰ ਮੌਸਮ ਦੀ ਤਾਕ ਵਿਚ ਭਾਂਪਦੇ ਜਾਂ ਤਾੜਦੇ ਰਹਿੰਦੇ ਹਾਂ ਤੇ ਇਸ ਤਰ੍ਹਾਂ ਥੋੜੀ ਬਹੁਤੀ ਭਵਿੱਖਵਾਣੀ ਵੀ ਹੋ ਜਾਂਦੀ ਹੈ ਜਿਵੇਂ ਹੁੱਟ ਹੋਵੇ ਤਾਂ ਮੀਂਹ ਆ ਸਕਦਾ ਹੈ। ਵਿਗਿਆਨਕ ਉਪਕਰਣਾਂ ਨਾਲ ਬਹੁਤ ਸਾਰੀਆਂ ਪਲ ਪਲ ਬਦਲਦੀਆਂ ਸਥਿਤੀਆਂ ਭਾਂਪ ਕੇ ਅਤੇ ਇਸ ਦਾ ਵਿਸ਼ਲੇਸ਼ਣ ਕਰ ਕੇ ਮੌਸਮ ਦੀ ਪੇਸ਼ੀਨਗੋਈ ਕੀਤੀ ਜਾਂਦੀ ਹੈ। ਇਸ ਤਰ੍ਹਾਂ ਵਸਾਮਾ ਸ਼ਬਦ ਦੇ ਚਿੰਨ੍ਹ ਅਤੇ ਭਾਂਪਣ ਦੇ ਭਾਵ ਇਕਮਿੱਕ ਹੋ ਕੇ ਮੌਸਮ ਬਣ ਜਾਂਦਾ ਹੈ। ਇਸ ਸ਼ਬਦ ਦਾ ਸਬੰਧ ਸਾਮੀ ਧਾਤੂ ਵ-ਸ-ਮ (ਵਾ-ਸੀਨ-ਮੀਮ) ਨਾਲ ਹੈ ਜਿਸ ਵਿਚ ਅਨੁਕੂਲ ਹੋਣਾ, ਢੁਕਵਾਂ ਹੋਣਾ, ਆਦਿ ਦੇ ਭਾਵ ਹਨ। ਇਸ ਮੂਲ ਤੋਂ ਹੋਰ ਸਾਮੀ ਭਾਸ਼ਾਵਾਂ ਵਿਚ ਵੀ ਕਈ ਸ਼ਬਦ ਬਣੇ ਹਨ ਜਿਵੇਂ ਮਈ-ਜੂਨ ਦੇ ਬਰਾਬਰ ਯਹੂਦੀ ਮਹੀਨੇ ਲਈ ਹਿਬਰੂ ਸ਼ਬਦ ਦਾ ਨਾਂ ‘ਸਿਵਾਨ’ ਅਤੇ ਸਮੇਂ ਦੇ ਅਰਥਾਂ ਵਾਲਾ ‘ਜ਼ਮਾਨਾ’ ਲਫਜ਼। ਪਰ ਇਨ੍ਹਾਂ ਦੀ ਵਿਸਤਾਰ ਵਿਚ ਚਰਚਾ ਦੀ ਅਜੇ ਗੁੰਜਾਇਸ਼ ਨਹੀਂ। ਵਸਾਮਾ ਤੋਂ ਬਣੇ ਵਸੀਮ ਦਾ ਅਰਥ ਹੈ ਸੁੰਦਰ, ਸੋਹਣਾ, ਮਿਸਾਲ ਵਜੋਂ ਵਸੀਮ ਅਕਰਮ। ਇਹ ਧਾਤੂ ਦੇ ਅਨੁਕੂਲ ਹੋਣਾ, ਢੁਕਵਾਂ, ਸੁਖਾਵਾਂ ਹੋਣਾ ਤੋਂ ਵਿਕਸਿਤ ਹੋਇਆ ਹੈ।
ਭਾਰਤ ਅਤੇ ਹੋਰ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਵਿਚ ਮੌਨਸੂਨ ਦੀ ਮਹੱਤਤਾ ਕਿਸੇ ਤੋਂ ਗੁਝੀ ਨਹੀਂ। ਇਨ੍ਹਾਂ ਖੇਤੀ ਪ੍ਰਧਾਨ ਦੇਸ਼ਾਂ ਵਿਚ ਮੌਨਸੂਨ ਨਾਲ ਹੁੰਦੀਆਂ ਬਰਸਾਤਾਂ ਇਕ ਤਰ੍ਹਾਂ ਜੀਵਨ ਦਾਤਾ ਹੀ ਤਾਂ ਹਨ। ‘ਨੇਚਰ’ ਰਿਸਾਲੇ ਵਿਚ ਸਾਹਮਣੇ ਆਈ ਨਵੀਂ ਖੋਜ ਅਨੁਸਾਰ ਸਿੰਧ ਘਾਟੀ ਦੀ ਸਭਿਅਤਾ ਦਾ ਇਤਿਹਾਸ 8 ਹਜ਼ਾਰ ਸਾਲ ਪੁਰਾਣਾ ਹੈ ਤੇ ਇਸ ਤਰ੍ਹਾਂ ਦੁਨੀਆਂ ਦੀ ਪ੍ਰਾਚੀਨਤਮ ਸਭਿਅਤਾ ਬਣ ਗਈ ਹੈ। ਖੋਜ ਅਨੁਮਾਨਾਂ ਅਨੁਸਾਰ ਇਸ ਦਾ ਨਿਘਾਰ ਮੌਨਸੂਨ ਹਵਾਵਾਂ ਦੇ ਮੱਧਮ ਪੈਣ ਨਾਲ ਹੋਇਆ ਸੀ। ਮੌਨਸੂਨ ਇਕ ਹਵਾਵਾਂ ਦਾ ਸਿਲਸਿਲਾ ਹੈ ਜੋ ਬਹੁਤ ਵੱਡੇ ਖੇਤਰ ਦੇ ਵਾਤਾਵਰਣ ਨੂੰ ਬਦਲ ਕੇ ਰੱਖ ਦਿੰਦਾ ਹੈ। ਇਹ ਹਵਾਵਾਂ ਆਪਣੀ ਦਿਸ਼ਾ ਵੀ ਉਲਟਾ ਲੈਂਦੀਆ ਹਨ ਜਿਨ੍ਹਾਂ ਦੇ ਦੂਰਰਸ ਨਤੀਜੇ ਨਿਕਲਦੇ ਹਨ। ਮੌਨਸੂਨ ਹਵਾਵਾਂ ਦਾ ਕਾਰਨ ਹੈ, ਸਮੁੰਦਰ ਦੇ ਆਸ-ਪਾਸ ਦੇ ਖੇਤਰ ਤੇ ਸਮੁੰਦਰ ‘ਚ ਤਾਪਮਾਨ ਦਾ ਜ਼ਬਰਦਸਤ ਫਰਕ ਹੋ ਜਾਣਾ। ਗਰਮੀਆਂ ਵਿਚ ਧਰਤੀ ਉਤੇ ਤਾਪਮਾਨ ਵੱਧ ਹੁੰਦਾ ਹੈ ਜਿਸ ਕਾਰਨ ਵਾਤਾਵਰਣ ਦਾ ਦਬਾਅ ਘਟ ਜਾਂਦਾ ਹੈ। ਪਰ ਸਮੁੰਦਰ ਠੰਡਾ ਹੋਣ ਕਾਰਨ ਉਥੇ ਦਬਾਅ ਵਧ ਹੁੰਦਾ ਹੈ। ਸਿੱਟੇ ਵਜੋਂ ਸਮੁੰਦਰ ਤੋਂ ਜਲ-ਵਾਸ਼ਪ ਨਾਲ ਭਰੀਆਂ ਹਵਾਵਾਂ ਘਟ ਦਬਾਅ ਵਾਲੇ ਧਰਤ-ਖੇਤਰ ਵੱਲ ਵਧਦੀਆਂ ਹਨ ਤੇ ਗਰਮੀਆਂ ਵਿਚ ਬਰਸਾਤ ਹੁੰਦੀ ਹੈ। ਸਰਦੀਆਂ ਵਿਚ ਤਾਪਮਾਨ ਉਲਟ ਹੁੰਦਾ ਹੈ ਇਸ ਲਈ ਮੌਨਸੂਨ ਹਵਾਵਾਂ ਦਾ ਰੁੱਖ ਧਰਤੀ ਤੋਂ ਸਮੁੰਦਰ ਵੱਲ ਹੁੰਦਾ ਹੈ। ਹਕੀਕਤ ਵਿਚ ਮੌਸਮ ਸ਼ਬਦ ਤੋਂ ਹੀ ਮੌਨਸੂਨ ਸ਼ਬਦ ਬਣਿਆ ਹੈ। ਪਰ ਇਸ ਵਿਕਾਸ ਦੀ ਕਹਾਣੀ ਸਮਝਣ ਲਈ ਸਾਨੂੰ ਥੋੜਾ ਲਾਂਭੇ ਜਾਣਾ ਪਵੇਗਾ।
ਨੌਵੀਂ-ਦਸਵੀਂ ਸਦੀ ਵਿਚ, ਖਾਸ ਤੌਰ ‘ਤੇ ਹਾਰੂੰ ਰਸ਼ੀਦ ਖਲੀਫੇ ਦੀ ਹਕੂਮਤ ਸਮੇਂ ਹਿੰਦ ਮਹਾਂਸਾਗਰ ਤੇ ਮੱਧ ਸਾਗਰ ਅਤੇ ਇਨ੍ਹਾਂ ਦੀਆਂ ਖਾੜੀਆਂ ਤੇ ਅਰਬੀਆਂ ਦਾ ਬੋਲਬਾਲਾ ਸੀ। ਉਨ੍ਹਾਂ ਨੇ ਇਸ ਸਮੇਂ ਦੌਰਾਨ ਸਮੁੰਦਰੀ ਜਹਾਜ਼ਰਾਨੀ ਵਿਚ ਬਹੁਤ ਤਰੱਕੀ ਕੀਤੀ। ਉਨ੍ਹਾਂ ਸਮੁੰਦਰੀ ਪਾਣੀਆਂ ਅਤੇ ਹਵਾਵਾਂ ਦਾ ਖੂਬ ਮੁਤਾਲਿਆ ਕੀਤਾ ਤੇ ਨਤੀਜੇ ਵਜੋਂ ਯੂਰਪ ਤੇ ਏਸ਼ੀਆ ਦੇ ਆਸ-ਪਾਸ ਦੇ ਦੇਸ਼ਾਂ ਵਿਚ ਸਮੁੰਦਰ ਰਾਹੀਂ ਵਪਾਰਕ ਤੇ ਰਾਜਸੀ ਗ਼ਲਬਾ ਪਾ ਲਿਆ। ਇਨ੍ਹਾਂ ਵਿਚੋਂ ਇਕ ਖੋਜ ਸੀ, ਮੌਨਸੂਨ ਹਵਾਵਾਂ ਦੀ। ਅਸੀਂ ਵਪਾਰਕ ਪੌਣਾਂ ਬਾਰੇ ਜਾਣ ਚੁੱਕੇ ਹਾਂ ਕਿ ਕਿਵੇਂ ਉਨ੍ਹਾਂ ਦੀ ਖੋਜਬੀਨ ਨੇ ਯੂਰਪੀਆਂ ਦੇ ਵਪਾਰ ਵਿਚ ਵਾਧਾ ਕੀਤਾ ਅਤੇ ਉਨ੍ਹਾਂ ਨੂੰ ਸਾਮਰਾਜੀ ਬਣਾਇਆ। ਇਹੋ ਕੰਮ ਇਸ ਖੇਤਰ ਵਿਚ ਮੌਨਸੂਨ ਹਵਾਵਾਂ ਕਰ ਰਹੀਆਂ ਸਨ। ਗਰਮੀਆਂ ‘ਚ ਬਾਦਬਾਨੀ ਜਹਾਜ਼ ਗਰਮੀਆਂ ਦੀਆਂ ਮੌਨਸੂਨ ਹਵਾਵਾਂ ਦੀ ਠੇਲ੍ਹਣ ਸ਼ਕਤੀ ਨਾਲ ਅਰਬ ਤੋਂ ਭਾਰਤ ਤੇ ਹੋਰ ਦੇਸ਼ਾਂ ਵੱਲ ਦੌੜਦੇ ਜਾਂਦੇ ਸਨ ਤੇ ਸਰਦੀਆਂ ‘ਚ ਉਹੋ ਸਰਦੀਆਂ ਦੀਆਂ ਮੌਨਸੂਨਾਂ ਦੇ ਬਲਬੂਤੇ ਵਾਪਸ ਆ ਜਾਂਦੇ ਸਨ। ਇਸ ਤਰ੍ਹਾਂ ਜਹਾਜ਼ ਸਮੁੰਦਰ ਦੇ ਕੰਢੇ ਕੰਢੇ ਜਾਣ ਨਾਲੋਂ ਮੌਨਸੂਨ ਹਵਾਵਾਂ ਦੀ ਮਦਦ ਨਾਲ ਡੂੰਘੇ ਸਮੁੰਦਰ ਵਿਚ ਉਤਰ ਜਾਂਦੇ ਸਨ ਅਤੇ ਟਿਕਾਣੇ ‘ਤੇ ਬਹੁਤ ਛੇਤੀ ਪਹੁੰਚ ਜਾਦੇ ਸਨ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਪ੍ਰਾਚੀਨ ਕਾਲਿੰਗਾ ਦੇ ਵਪਾਰੀ ਉਤਰ-ਪੂਰਬੀ ਮੌਨਸੂਨ ਦੌਰਾਨ ਆਪਣੇ ਬੇੜੇ ਦੱਖਣ-ਪੱਛਮੀ ਦੇਸ਼ਾਂ ਵੱਲ ਠੇਲ੍ਹ ਦਿੰਦੇ ਸਨ। ਕਿਹਾ ਜਾਂਦਾ ਹੈ ਕਿ ਪ੍ਰਾਚੀਨ ਵਿਚ ਇਕ ਗਰੀਕ ਨਾਵਕ ਹਿੱਪੋਲਸ (੍ਹਪਿਪੋਲੁਸ) ਨੇ ਮੌਨਸੂਨ ਹਵਾਵਾਂ ਦੀ ਓਟ ਲੈਂਦਿਆਂ ਲਾਲ ਸਾਗਰ ਤੋਂ ਹਿੰਦ ਮਹਾਂਸਾਗਰ ਦਾ ਸਿੱਧਾ ਰਾਹ ਲੱਭਿਆ ਸੀ। ਇਸ ਦੇ ਨਾਂ ‘ਤੇ ਇਨ੍ਹਾਂ ਹਵਾਵਾਂ ਦਾ ਇਕ ਪੁਰਾਤਨ ਨਾਂ ਹਿੱਪੋਲਸ ਹਵਾਵਾਂ ਵੀ ਹੈ। ਕੁਝ ਲੋਕਾਂ ਦੀ ਗਲਤ ਧਾਰਨਾ ਹੈ ਕਿ ਮੌਨਸੂਨ ਅਰਬੀ ਸ਼ਬਦ ਮਾਅ-ਅਨ-ਚੀਨ (ਚੀਨ ਤੋਂ ਆਇਆ ਪਾਣੀ) ਤੋਂ ਬਣਿਆ ਹੈ।
ਛੇਤੀਂ ਹੀ ਡੱਚਾਂ ਅਤੇ ਪੁਰਤਗੀਜ਼ਾਂ ਨੇ ਇਸ ਖੇਤਰ ਵਿਚ ਆਪਣੇ ਪੈਰ ਜਮਾਉਣੇ ਸ਼ੁਰੂ ਕੀਤੇ ਤਾਂ ਉਨ੍ਹਾਂ ਦੀਆਂ ਲੜਾਈਆਂ ਵੀ ਬਹੁਤ ਹੋਈਆਂ ਪਰ ਉਨ੍ਹਾਂ ਅਰਬੀਆਂ ਦੇ ਸਮੁੰਦਰੀ ਅਨੁਭਵਾਂ ਤੋਂ ਬਹੁਤ ਕੁਝ ਸਿਖਿਆ। ਇਸੇ ਦੌਰਾਨ ਉਨ੍ਹਾਂ ਰੁੱਤ ਦੇ ਅਰਥਾਂ ਵਾਲਾ ਅਰਬੀ ਦਾ ਮੌਸਮ ਸ਼ਬਦ ਅਪਨਾਇਆ। ਗਰਮੀਆਂ ਵਿਚ ਦੱਖਣ-ਪੂਰਬੀ ਮੌਨਸੂਨਾਂ ਅਫਰੀਕਾ ਤੋਂ ਭਾਰਤ ਵੱਲ ਚਲਦੀਆਂ ਅਤੇ ਝੱਟ ਪਿਛੋਂ ਉਲਟ ਦਿਸ਼ਾ ਅਰਥਾਤ ਉਤਰ-ਪੂਰਬ ਵੱਲ ਰੁੱਖ ਕਰ ਲੈਂਦੀਆਂ। ਪੁਰਤਗੀਜ਼ਾਂ ਦੇ ਮਾਲ ਨਾਲ ਲੱਦੇ ਬੇੜੇ ਇਨ੍ਹਾਂ ਹਵਾਵਾਂ ਦਾ ਦੁਵੱਲਾ ਲਾਹਾ ਲੈਂਦੇ। ਸਮਝੋ ਦੋਵੇਂ ਹੱਥ ਲੱਡੂ ਸਨ। ਪਰ ਉਨ੍ਹਾਂ ਦੀ ਭਾਸ਼ਾ ਵਿਚ ਇਸ ਸ਼ਬਦ ਦਾ ਅਰਥ ਸੁੰਗੜ ਗਿਆ ਜੋ ਉਸ ਸਮੇਂ ਸਮੁੰਦਰ ਦੇ ਅਨੁਭਵ ਵਿਚੋਂ ਨਿਕਲਿਆ ਸੀ। ਇਹ ਅਰਥ ਸੀ, ਸਮੁੰਦਰ ਅਤੇ ਧਰਤੀ ਵਿਚਾਲੇ ਚੱਲਣ ਵਾਲੀਆਂ ਸੁਖਾਵੀਆਂ ਹਵਾਵਾਂ। ਡੱਚਾਂ ਨੇ ਇਸ ਸ਼ਬਦ ਨੂੰ ਆਪਣੀ ਧੁਨੀ ਅਨੁਸਾਰ ਮੌਨਸੋਇਨ ਬਣਾ ਲਿਆ ਤੇ ਪੁਰਤਗੀਜ਼ਾਂ ਨੇ ਮੋਨਚਾਓ ਜਿਹਾ। ਕੁਝ ਭਾਸ਼ਾ-ਵਿਗਿਆਨੀਆਂ ਅਨੁਸਾਰ ਮੌਸਮ ਸ਼ਬਦ ‘ਚ ‘ਨ’ ਧੁਨੀ ਦਾ ਘੁਸੇੜਾ ਇਕ ਗਲਤੀ ਨਾਲ ਹੋਇਆ। ਕਿਸੇ ਲਿਖਤ ਵਿਚ ਇਕੋ ਜਿਹੀ ਸ਼ਕਲ ਹੋਣ ਕਾਰਨ ਮੌਸਮ ਵਿਚਲਾ ਯੂ (ੁ) ਗਲਤੀ ਨਾਲ ਐਨ (ਨ) ਲਿਖਿਆ ਜਾਂ ਪੜ੍ਹਿਆ ਗਿਆ ਤੇ ਫਿਰ ਇਹੋ ਚੱਲ ਪਿਆ। ਅੰਗਰੇਜ਼ੀ ‘ਚ ਇਹ ਸ਼ਬਦ ਮੌਨਸੂਨ ਦੇ ਰੂਪ ਵਿਚ ਸੋਲ੍ਹਵੀਂ ਸਦੀ ਦੇ ਸ਼ੁਰੂ ਵਿਚ ਦਾਖਲ ਹੋਇਆ ਤੇ ਅੰਗਰੇਜ਼ਾਂ ਦੇ ਰਾਜ ਅਧੀਨ ਦੇਸ਼ਾਂ ਵਿਚ ਏਹੀ ਸ਼ਬਦ ਪ੍ਰਚਲਿਤ ਹੋਇਆ। ਜ਼ਿਕਰਯੋਗ ਹੈ ਕਿ ਅਰਬੀ ਮੌਸਮ ਤੋਂ ਬਣਿਆ ਮੌਨਸੂਨ ਸ਼ਬਦ ਅਰਬੀ ਵਿਚ ਨਹੀਂ ਹੈ। ਅਰਬੀ ਵਿਚ ਇਸ ਮਨਸ਼ੇ ਲਈ ਸ਼ਬਦ ਹੈ ‘ਅਲ-ਰੀਹ ਅਲ-ਮੌਸਿਮ’, ਅਲ ਸ਼ਬਦ ਤਾਂ ਅੰਗਰੇਜ਼ੀ ਠਹe ਵਾਂਗ ਇਕ ਆਰਟੀਕਲ ਹੈ ਤੇ ਅਰਬੀ ਰੀਹ ਦਾ ਅਰਥ ਹੁੰਦਾ ਹੈ ਹਵਾ।