ਅਉਸਰੁ ਚੁਕਾ ਹਥ ਨ ਆਵੈ

ਡਾæ ਗੁਰਨਾਮ ਕੌਰ ਕੈਨੇਡਾ
ਹੁਣ ਤੱਕ ਅਸੀਂ ਭਾਈ ਗੁਰਦਾਸ ਅਨੁਸਾਰ ਛੇ ਸ਼ਾਸਤਰਾਂ ਦੇ ਰਚਨਹਾਰਿਆਂ ਵੱਲੋਂ ਵੱਖ ਵੱਖ ਵੇਦਾਂ ਦਾ ਮੰਥਨ ਕਰਕੇ ਤਿਆਰ ਕੀਤੇ ਦਰਸ਼ਨਾਂ ਅਤੇ ਭਾਈ ਗੁਰਦਾਸ ਵੱਲੋਂ ਕੀਤੀ ਟਿੱਪਣੀ ਬਾਰੇ ਵਿਚਾਰ-ਚਰਚਾ ਕੀਤੀ ਹੈ। ਛੇ ਸ਼ਾਸਤਰਾਂ ਸਬੰਧੀ ਵਿਚਾਰ ਪਰਗਟ ਕਰਨ ਤੋਂ ਬਾਅਦ ਹੁਣ ਪਹਿਲੀ ਵਾਰ ਦੀ ਪੰਦਰਵੀਂ ਪਉੜੀ ਵਿਚ ਭਾਈ ਗੁਰਦਾਸ ਚਾਰ ਜੁਗਾਂ ਬਾਰੇ ਪ੍ਰਚਲਿਤ ਵਿਚਾਰਾਂ ਦੀ ਚਰਚਾ ਕਰਦੇ ਹਨ। ਹਿੰਦੂ ਸ਼ਾਸਤਰਾਂ ਵਿਚ ਇਹ ਧਾਰਨਾ ਆਮ ਪਾਈ ਜਾਂਦੀ ਹੈ ਕਿ ਜੀਵ ਦੀਆਂ ਇਛਾਵਾਂ ਜਦੋਂ ਇੱਕ ਜਨਮ ਵਿਚ ਅਧੂਰੀਆਂ ਰਹਿ ਜਾਂਦੀਆਂ ਹਨ ਤਾਂ ਉਹ ਵਾਰ ਵਾਰ ਜਨਮ ਲੈਂਦਾ ਹੈ।

ਇਸੇ ਨੂੰ ਪਹਿਲੀ ਪੰਕਤੀ ਵਿਚ ਦੱਸਿਆ ਗਿਆ ਹੈ ਕਿ ਵਾਸ਼ਨਾ ਦਾ ਬੰਨ੍ਹਿਆ ਹੋਇਆ ਜੀਵ ਜੁੱਗਾਂ ਜੁੱਗਾਂ ਤੋਂ ਜਨਮ ਲੈਂਦਾ ਅਤੇ ਮਰਦਾ ਰਹਿੰਦਾ ਹੈ। ਇਸ ਜਨਮ-ਮਰਨ ਦੇ ਚੱਕਰ ਵਿਚ ਵਾਰ ਵਾਰ ਜੀਵ (ਆਤਮਾ) ਸਰੀਰ ਬਦਲਦਾ ਰਹਿੰਦਾ ਹੈ ਪਰ ਮਨੁੱਖ ਇਸ ਭੇਦ ਨੂੰ ਗਿਆਨ ਪ੍ਰਾਪਤ ਕਰਕੇ ਹੀ ਸਮਝ ਸਕਦਾ ਹੈ।
ਭਾਈ ਗੁਰਦਾਸ ਅੱਗੇ ਦੱਸਦੇ ਹਨ ਕਿ ਸਤਿਜੁਗ ਦੇ ਸਮੇਂ ਵਿਚ ਮਨੁੱਖ ਦਵੈਤ ਦੇ ਭਰਮ ਵਿਚ ਪੈ ਕੇ ਅਰਥਾਤ ਮਾਇਆ ਦੀ ਦਵੈਤ ਵਿਚੋਂ ਪੈਦਾ ਹੋਏ ਭਰਮ ਦੇ ਫਲ-ਸਰੂਪ ਤ੍ਰੇਤੇ ਵਿਚ ਜਨਮ ਲੈਂਦਾ ਹੈ। ਤ੍ਰੇਤੇ ਵਿਚ ਜੋ ਕਰਮ ਕਰਦਾ ਹੈ, ਉਹ ਜੀਵ ਦੇ ਬੰਧਨ ਦਾ ਕਾਰਨ ਬਣਦੇ ਹਨ ਜਿਸ ਕਰਕੇ ਉਸ ਨੂੰ ਦੁਆਪਰ ਵਿਚ ਫਿਰ ਜੂਨ ਧਾਰਨੀ ਪੈਂਦੀ ਹੈ। ਦੁਆਪਰ ਵਿਚ ਜੀਵ ਮੋਹ ਅਤੇ ਮੈਂ ਦੀ ਭਾਵਨਾ ਕਰਕੇ ਹਉਮੈ ਵਿਚ ਕਰਮ ਕਰਦਾ ਹੈ ਅਤੇ ਅਹੰਕਾਰ ਵਿਚ ਸੜਦਾ ਰਹਿੰਦਾ ਹੈ। ਇਨ੍ਹਾਂ ਤਿੰਨਾਂ ਜੁਗਾਂ ਵਿਚ ਕੀਤੇ ਕਰਮਾਂ ਕਰਕੇ ਉਸ ਦਾ ਜਨਮ ਮਰਨ ਦਾ ਭਰਮ ਦੂਰ ਨਹੀਂ ਹੁੰਦਾ ਜਿਸ ਕਰਕੇ ਉਸ ਨੂੰ ਮੁਕਤੀ ਨਹੀਂ ਮਿਲਦੀ। ਇਸ ਸਭ ਕੁਝ ਦਾ ਨਤੀਜਾ ਇਹ ਹੁੰਦਾ ਹੈ ਕਿ ਜੀਵ ਕਲਿਜੁਗ ਵਿਚ ਫਿਰ ਸਰੀਰ ਧਾਰਨ ਕਰਦਾ ਹੈ ਅਤੇ ਕਰਮਾਂ ਦੇ ਚੱਕਰ ਕਾਰਨ ਵਾਰ ਵਾਰ ਜਨਮ ਲੈਣ ਦੇ ਗੇੜ ਵਿਚ ਫਸ ਜਾਂਦਾ ਹੈ, ਜਨਮ ਲੈਣ ਦਾ ਭਰਮ ਮੁਕਦਾ ਨਹੀਂ।
ਭਾਈ ਗੁਰਦਾਸ ਅਖ਼ੀਰਲੀ ਪੰਕਤੀ ਵਿਚ ਆਪਣੀ ਟਿੱਪਣੀ ਕਰਦੇ ਹਨ ਕਿ ਜਨਮ-ਮਰਨ ਦੇ ਚੱਕਰ ਵਿਚੋਂ ਨਿਕਲਣ ਦਾ ਇੱਕ ਵਾਰ ਦਾ ਗੁਆਇਆ ਹੋਇਆ ਮੌਕਾ ਮੁੜ ਕੇ ਜੀਵ ਦੇ ਹੱਥ ਨਹੀਂ ਲਗਦਾ:
ਜੁਗਿ ਜੁਗਿ ਮੇਰੁ ਸਰੀਰ ਕਾ
ਬਾਸਨਾ ਬਧਾ ਆਵੈ ਜਾਵੈ।
ਫਿਰਿ ਫਿਰਿ ਫੇਰਿ ਵਟਾਈਐ
ਗਿਆਨੀ ਹੋਇ ਮਰਮੁ ਕਉ ਪਾਵੈ।
ਸਤਿਜੁਗ ਦੂਜਾ ਭਰਮੁ ਕਰਿ
ਤ੍ਰੇਤੇ ਵਿਚਿ ਜੋਨੀ ਫਿਰਿ ਆਵੈ।
ਤ੍ਰੇਤੇ ਕਰਮਾਂ ਬਾਂਧਤੇ
ਦੁਆਪਰਿ ਫਿਰਿ ਅਵਤਾਰ ਕਰਾਵੈ।
ਦੁਆਪਰਿ ਮਮਤਾ ਅਹੰ ਕਰਿ
ਹਉਮੈ ਅੰਦਰਿ ਗਰਬਿ ਗਲਾਵੈ।
ਤ੍ਰਿਹੁ ਜੁਗਾਂ ਕੇ ਕਰਮ ਕਰਿ
ਜਨਮ ਮਰਨ ਸੰਸਾ ਨ ਚੁਕਾਵੈ।
ਫਿਰਿ ਕਲਿਜੁਗ ਅੰਦਰਿ ਦੇਹਿ ਧਰਿ
ਕਰਮਾਂ ਅੰਦਰਿ ਫੇਰਿ ਫਸਾਵੈ।
ਅਉਸਰੁ ਚੁਕਾ ਹਥਿ ਨ ਆਵੈ।੧੫।
ਗੁਰੂ ਨਾਨਕ ਜੁਗਾਂ ਸਬੰਧੀ ਅਤੇ ਮਨੁੱਖ ਦੇ ਸੰਸਾਰ ਉਤੇ ਜਨਮ ਲੈਣ ਬਾਰੇ ਆਪਣੇ ਵਿਚਾਰ ਪਰਗਟ ਕਰਦਿਆਂ ਦੱਸਦੇ ਹਨ ਕਿ ਸੰਸਾਰ ਰਚਨਾ ਤੋਂ ਪਹਿਲਾਂ ਸੁੰਨ ਦੀ ਅਵਸਥਾ ਸੀ ਜਿਸ ਨੂੰ ਘੁੱਪ ਹਨੇਰਾ ਵੀ ਕਿਹਾ ਗਿਆ ਹੈ ਅਤੇ ਇਸ ਧੁੰਦੂਕਾਰ ਦੇ ਸਮੇਂ ਵਿਚ ਅਕਾਲ ਪੁਰਖ ਆਪਣੇ ਆਪ ਵਿਚ ਹੀ ਸਮਾਧੀ ਸਥਿਤ ਸੀ। ਛੱਤੀ ਜੁਗ ਅਰਥਾਤ ਲੰਬਾ ਸਮਾਂ ਇਸ ਸੁੰਨ-ਸਮਾਧੀ ਦੀ ਅਵਸਥਾ ਤੋਂ ਬਾਅਦ ਉਸ ਨੇ ਇਸ ਜਗਤ ਦੀ ਰਚਨਾ ਕੀਤੀ ਅਤੇ ਇਸ ਦੀ ਰਚਨਾ ਕਰਕੇ ਉਹ ਆਪ ਹੀ ਇਸ ਵਿਚ ਵਿਆਪਕ ਹੋ ਗਿਆ। ਇਸ ਲਈ ਸਾਰੇ ਜੁਗਾਂ ਵਿਚ ਉਹ ਪਰਮ ਹਸਤੀ ਆਪ ਹੀ ਵਰਤ ਰਹੀ ਹੈ। ਸਾਰੇ ਸਮਿਆਂ ਅਰਥਾਤ ਚਾਰੇ ਜੁੱਗਾਂ ਵਿਚ ਉਹ ਆਪ ਹੀ ਆਪ ਹੈ। ਉਹ ਹਰ ਇੱਕ ਦੇ ਹਿਰਦੇ ਅੰਦਰ ਵੱਸ ਰਿਹਾ ਹੈ ਅਤੇ ਉਸ ਦੀ ਵਿਆਪਕਤਾ ਦਾ ਭੇਦ ਕੋਈ ਵਿਰਲਾ ਬੰਦਾ ਹੀ ਸਮਝਦਾ ਹੈ। ਜੀਵ ਸੰਸਾਰ ‘ਤੇ ਚਾਰ ਪਦਾਰਥ ਲੈ ਕੇ ਆਉਂਦਾ ਹੈ, ਪ੍ਰੰਤੂ ਅਕਾਲ ਪੁਰਖ ਦੀ ਰਚੀ ਹੋਈ ਮਾਇਆ ਵਿਚ ਟਿਕਾਣਾ ਬਣਾ ਕੇ ਬੈਠਾ ਹੈ ਅਤੇ ਮੋਹ ਮਾਇਆ ਵਿਚ ਅੰਨ੍ਹਾ ਹੋ ਕੇ ਉਸ ਦੇ ਨਾਮ ਨੂੰ ਭੁੱਲ ਗਿਆ ਹੈ। ਜਿਹੜਾ ਜੀਵ ਉਸ ਦੇ ਨਾਮ ਨੂੰ ਭੁਲਾ ਬੈਠਾ ਹੈ, ਉਹ ਮਨੁੱਖਾ ਜਨਮ ਦੀ ਬਾਜੀ ਹਾਰ ਬੈਠਾ ਹੈ (ਨਾਮ ਨੂੰ ਭੁਲਾਉਣ ਦਾ ਅਰਥ ਹੈ, ਉਸ ਅਕਾਲ ਪੁਰਖ ਨੂੰ ਯਾਦ ਨਾ ਰੱਖ ਕੇ ਮਨੁੱਖ ਹਉਮੈ ਵਿਚ ਆ ਕੇ ਮੰਦੇ ਕਰਮ ਕਰਦਾ ਹੈ। ਉਸ ਦੇ ਨਾਮ ਨੂੰ ਯਾਦ ਰੱਖਣ ਦਾ ਅਰਥ ਹੈ ਚੰਗੇ, ਸਰਬੱਤ ਦੇ ਭਲੇ ਵਾਲੇ ਕਰਮ ਕਰਨਾ ਜਿਸ ਨੂੰ ਪੰਚਮ ਪਾਤਿਸ਼ਾਹ ਸੁਖਮਨੀ ਵਿਚ ‘ਬ੍ਰਹਮ ਗਿਆਨੀ ਪਰਉਪਕਾਰ ਉਮਾਹਾ’ ਕਹਿੰਦੇ ਹਨ):
ਗੁਪਤੇ ਬੂਝਹੁ ਜੁਗ ਚਤੁਆਰੇ॥
ਘਟਿ ਘਟਿ ਵਰਤੈ ਉਦਰ ਮਝਾਰੇ॥
æææ æææ æææ
ਚਾਰ ਪਦਾਰਥਿ ਲੈ ਜਗਿ ਆਇਆ॥
ਸਿਵ ਸਕਤੀ ਘਰਿ ਵਾਸਾ ਪਾਇਆ॥
ਏਕੁ ਵਿਸਾਰੇ ਤਾ ਪਿੜ ਹਾਰੇ
ਅੰਧੁਲੈ ਨਾਮੁ ਵਿਸਾਰਾ ਹੇ॥੬॥ (ਪੰਨਾ ੧੦੨੬-੨੭)
ਅੱਗੇ ਸੋਲ੍ਹਵੀਂ ਪਉੜੀ ਵਿਚ ਭਾਈ ਗੁਰਦਾਸ ਕਲਿਜੁਗ ਸਬੰਧੀ ਪ੍ਰਚਲਿਤ ਵਿਚਾਰਾਂ ਦੀ ਗੱਲ ਕਰਦਿਆਂ ਦੱਸਦੇ ਹਨ ਕਿ ਕਲਿਜੁਗ ਬਾਰੇ ਸੁਣੋ ਕੀ ਕਿਹਾ ਜਾਂਦਾ ਹੈ ਕਿ ਇਸ ਵਿਚ ਕਿਸ ਤਰ੍ਹਾਂ ਦਾ ਵਤੀਰਾ ਅਤੇ ਵਰਤਾਉ ਹੋਣਾ ਚਾਹੀਦਾ ਹੈ; ਉਹ ਇਹ ਹੈ ਕਿ ਕਲਿਜੁਗ ਦੇ ਸਮੇਂ ਪ੍ਰਚਲਿਤ ਪਰੰਪਰਕ ਕਰਮ-ਕਾਂਡ ਜਾਂ ਪੂਜਾ ਵਿਧੀਆਂ ਦੀ ਪਰਵਾਹ ਨਹੀਂ ਕੀਤੀ ਜਾਂਦੀ। ਕਲਿਜੁਗ ਬਾਰੇ ਇਹ ਵਿਚਾਰ ਕੀਤਾ ਜਾਂਦਾ ਹੈ ਕਿ ਇਸ ਜੁਗ ਵਿਚ ਪਰਮਾਤਮਾ ਦੀ ਪ੍ਰੇਮਾ-ਭਗਤੀ ਤੋਂ ਵਗੈਰ ਕਿਸੇ ਨੂੰ ਕੋਈ ਥਾਂ ਪ੍ਰਾਪਤ ਨਹੀਂ ਹੋਵੇਗੀ ਭਾਵ ਮਨੁੱਖ ਨੂੰ ਆਪਣੇ ਅਸਲੀ ਟਿਕਾਣੇ ‘ਤੇ ਪਹੁੰਚਣ ਲਈ ਪਰਮਾਤਮਾ ਦੀ ਪ੍ਰੇਮਾ-ਭਗਤੀ ਕਰਨੀ ਪੈਣੀ ਹੈ, ਨਹੀਂ ਤਾਂ ਉਹ ਆਪਣੇ ਮੁਕਾਮ ‘ਤੇ ਨਹੀਂ ਪਹੁੰਚ ਸਕੇਗਾ। ਪ੍ਰਚਲਿਤ ਧਾਰਨਾ ਅਨੁਸਾਰ ਪਹਿਲੇ ਜੁਗਾਂ ਵਿਚ ਕੀਤੇ ਕਰਮਾਂ ਦੇ ਫਲ ਕਰਕੇ ਹੀ ਮਨੁੱਖ ਨੂੰ ਕਲਿਜੁਗ ਵਿਚ ਇਹ ਜਨਮ ਪ੍ਰਾਪਤ ਹੋਇਆ ਹੈ। ਹੁਣ ਜੋ ਜਨਮ ਮਨੁੱਖ ਨੂੰ ਪ੍ਰਾਪਤ ਹੋਇਆ ਹੈ, ਜੇ ਉਸ ਨੇ ਇਸ ਦਾ ਲਾਹਾ ਨਾ ਲਿਆ, ਇਹ ਮੌਕਾ ਜੇ ਗੁਆ ਲਿਆ ਤਾਂ ਕਿਧਰੇ ਵੀ ਢੋਈ ਨਹੀਂ ਮਿਲਣੀ, ਹੋਰ ਮੌਕਾ ਪ੍ਰਾਪਤ ਨਹੀਂ ਹੋਵੇਗਾ।
ਭਾਈ ਗੁਰਦਾਸ ਕਹਿੰਦੇ ਹਨ ਕਿ ਜਿਸ ਤਰ੍ਹਾਂ ਅਥਰਵਣ ਵੇਦ ਵਿਚ ਦੱਸਿਆ ਹੈ (ਪਹਿਲੇ ਲੇਖਾਂ ਵਿਚ ਵੀ ਇਹ ਜ਼ਿਕਰ ਹੋਇਆ ਸੀ ਕਿ ਕਲਿਜੁਗ ਦਾ ਵੇਦ ਅਥਰਵ ਵੇਦ ਹੈ) ਉਸ ਨੂੰ ਸੁਣੋ ਕਿ ਕਲਿਜੁਗ ਦੇ ਪਰਉਪਕਾਰੀ ਲੱਛਣ ਕਿਹੜੇ ਹਨ? ਕਲਿਜੁਗ ਵਿਚ ਪਰਮਾਤਮਾ ਪ੍ਰਤੀ ਪ੍ਰੇਮਾ-ਭਗਤੀ ਹੀ ਪ੍ਰਵਾਨ ਹੁੰਦੀ ਹੈ; ਹੋਰ ਕਿਸੇ ਕਿਸਮ ਦੇ ਜਗ, ਹੋਮ, ਅਹੂਤੀਆਂ ਜਾਂ ਦਿਨ ਦਿਹਾਰਾਂ ਜਾਂ ਪੁਰਬਾਂ ‘ਤੇ ਕੀਤੀ ਹੋਈ ਪੂਜਾ ਭੇਟਾ ਆਦਿ ਪਹਿਲੇ ਜੁਗਾਂ ਦਾ ਦਸਤੂਰ ਸੀ। ਇਸ ਜੁਗ ਵਿਚ ਜੇ ਕੋਈ ਮਨੁੱਖ ਕਿਸੇ ਲਈ ਕੋਈ ਚੰਗਾ ਕੰਮ ਕਰਦਾ ਹੈ ਅਤੇ ਕਰਕੇ ਆਪਣੇ ਆਪ ਨੂੰ ਨੀਂਵਾਂ ਸਦਾਉਂਦਾ ਹੈ ਭਾਵ ਹਉਮੈ ਨੂੰ ਦੂਰ ਕਰਕੇ ਹਲੀਮੀ ਧਾਰਨ ਕਰਦਾ ਹੈ, ਤਾਂ ਹੀ ਉਹ ਪਰਮਾਤਮਾ ਦੀ ਸਵੱਲੀ ਨਜ਼ਰ ਦਾ ਭਾਗੀ ਬਣਦਾ ਹੈ। ਭਾਈ ਗੁਰਦਾਸ ਸਿੱਟਾ ਕੱਢਦੇ ਹਨ ਕਿ ਕਲਿਜੁਗ ਦੇ ਇਸ ਸਮੇਂ ਵਿਚ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨੂੰ ਹੀ ਸ਼ੋਭਾਦਾਇਕ ਮੰਨਿਆ ਜਾਂਦਾ ਹੈ, ਉਸ ਦੇ ਨਾਮ ਦਾ ਸਿਮਰਨ ਕਰਨਾ ਹੀ ਉਸ ਦੀ ਭਗਤੀ ਹੈ ਜਿਸ ਰਾਹੀਂ ਮਨੁੱਖ ਆਪਣੇ ਜੀਵਨ ਨੂੰ ਲਾਹੇਵੰਦਾ ਬਣਾ ਸਕਦਾ ਹੈ:
ਕਲਿਜੁਗ ਕੀ ਸੁਣ ਸਾਧਨਾ
ਕਰਮ ਕਿਰਤਿ ਕੀ ਚਲੈ ਨ ਕਾਈ।
ਬਿਨਾ ਭਜਨ ਭਗਵਾਨ ਕੇ
ਭਾਉ ਭਗਤਿ ਬਿਨੁ ਠਉੜਿ ਨ ਪਾਈ।
ਲਹੇ ਕਮਾਣਾ ਏਤ ਜੁਗਿ
ਪਿਛਲੀ ਜੁਗੀਂ ਕਰੀ ਕਮਾਈ।
ਪਾਇਆ ਮਾਨਸ ਦੇਹਿ ਕਉ
ਐਥੌ ਚੁਕਿਆ ਠੌਰ ਨ ਠਾਈ।
ਕਲਿਜੁਗ ਕੇ ਉਪਕਾਰਿ ਸੁਣਿ
ਜੈਸੇ ਬੇਦ ਅਥਰਵਣ ਗਾਈ।
ਭਾਉ ਭਗਤਿ ਪਰਵਾਨ ਹੈ
ਜਗ ਹੋਮ ਗੁਰਪੁਰਬਿ ਕਮਾਈ।
ਕਰਿ ਕੇ ਨੀਚ ਸਦਾਵਣਾ
ਤਾਂ ਪ੍ਰਭੁ ਲੇਖੈ ਅੰਦਰਿ ਪਾਈ।
ਕਲਿਜੁਗਿ ਨਾਵੈ ਕੀ ਵਡਿਆਈ।੧੬।
ਗੁਰੂ ਅਮਰਦਾਸ ਰਾਗ ਭੈਰਉ ਵਿਚ ਅਕਾਲ ਪੁਰਖ ਵੱਲੋਂ ਇਸ ਸੰਸਾਰ ਦੀ ਰਚਨਾ ਕਰਨ ਅਤੇ ਉਸ ਵਿਚ ਅਕਾਲ ਪੁਰਖ ਵੱਲੋਂ ਕੀਤੇ ਮੋਹ ਮਾਇਆ ਦੇ ਵਿਸਥਾਰ ਦੇ ਜ਼ਿਕਰ ਉਪਰੰਤ ਦੱਸਦੇ ਹਨ ਕਿ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨਾ ਹੀ ਮਨੁੱਖ ਲਈ ਉਤਮ ਕਾਰਜ ਹੈ ਕਿਉਂਕਿ ਨਾਮ ਸਿਮਰਨ ਰਾਹੀਂ ਮਨੁੱਖ ਨੂੰ ਉਸ ਦਾਤੇ ਵੱਲੋਂ ਬਖਸ਼ਿਸ਼ ਨਿਆਮਤਾਂ ਅਤੇ ਆਪਣੇ ਫਰਜ਼ਾਂ ਦਾ ਅਹਿਸਾਸ ਹੁੰਦਾ ਰਹਿੰਦਾ ਹੈ। ਫਿਰ ਮਨੁੱਖ ਨੂੰ ਸੁਚੇਤ ਕਰਦੇ ਹਨ ਕਿ ਇਸ ਕਲਿਜੁਗ ਦੇ ਬਿਖੜੇ ਸਮੇਂ ਅੰਦਰ ਨਾਮ ਹੀ ਮਨੁੱਖ ਦੇ ਹਿਰਦੇ ਦਾ ਓਟ-ਆਸਰਾ ਹੈ, ਟੇਕ ਹੈ। ਨਾਮ ਤੋਂ ਬਿਨਾ ਮਨੁੱਖ ਦੇ ਮੱਥੇ ‘ਤੇ ਸੁਆਹ ਹੀ ਪੈਂਦੀ ਹੈ ਭਾਵ ਉਹ ਸਹੀ ਰਸਤੇ ‘ਤੇ ਨਾ ਚੱਲ ਕੇ ਅਜਿਹੇ ਕਾਰਜ ਕਰਦਾ ਹੈ ਜੋ ਨੇਕ-ਨਾਮੀ ਵਾਲੇ ਨਹੀਂ ਹੁੰਦੇ।
ਇਸੇ ਲੜੀ ਵਿਚ ਅੱਗੇ ਗੁਰੂ ਅਮਰਦਾਸ ਸਾਹਿਬ ਫੁਰਮਾਉਂਦੇ ਹਨ ਕਿ ਕਲਿਜੁਗ ਦਾ ਸਮਾਂ ਕਰਮ ਕਾਂਡ ਦਾ ਸਮਾਂ ਨਹੀਂ ਹੈ ਅਤੇ ਇਸ ਵਿਚ ਕੀਤੇ ਹੋਏ ਕਰਮ-ਕਾਂਡ ਕਿਸੇ ਕੰਮ ਨਹੀਂ ਆਉਂਦੇ। ਕਲਿਜੁਗ ਦਾ ਸਮਾਂ ਉਸ ਪਰਵਰਦਗਾਰ ਦੇ ਨਾਮ ਨੂੰ ਸਿਮਰਨ ਦਾ ਸਮਾਂ ਹੈ, ਇਸ ਵਿਚ ਨਾਮ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਅਧਿਆਤਮਕ ਕਰਮ ਹੈ। ਇਸ ਦੀ ਸਮਝ ਗੁਰੂ ਦੇ ਦੱਸੇ ਰਸਤੇ ‘ਤੇ ਚੱਲਿਆਂ ਆਉਂਦੀ ਹੈ:
ਕਲਜੁਗ ਮਹਿ ਰਾਮ ਨਾਮੁ ਉਰ ਧਾਰੁ॥
ਬਿਨੁ ਨਾਵੈ ਮਾਥੈ ਪਾਵੈ ਛਾਰੁ॥੧॥æææ
ਕਲਜੁਗ ਮਹਿ ਬਹੁ ਕਰਮ ਕਮਾਹਿ॥
ਨਾ ਰੁਤਿ ਨ ਕਰਮ ਥਾਇ ਪਾਹਿ॥੧॥
ਕਲਜੁਗ ਮਹਿ ਰਾਮ ਨਾਮੁ ਹੈ ਸਾਰੁ॥
ਗੁਰਮੁਖਿ ਸਾਚਾ ਲਗੈ ਪਿਆਰੁ॥੧॥ਰਹਾਉ॥ (ਪੰਨਾ ੧੧੨੯-੩੦)
ਗੁਰੂ ਰਾਮਦਾਸ ਜੀ ਪੌਰਾਣਿਕ ਕਥਾਵਾਂ ਦੇ ਹਵਾਲਿਆਂ ਨਾਲ ਅਤੇ ਮੱਧ ਜੁਗ ਦੇ ਹੋਏ ਭਗਤਾਂ ਦੇ ਹਵਾਲੇ ਨਾਲ ਦੱਸਦੇ ਹਨ ਕਿ ਕਲਿਜੁਗ ਵਿਚ ਨਾਮ ਜਪਣਾ ਹੀ ਸਭ ਤੋਂ ਉਤਮ ਭਗਤੀ ਹੈ। ਉਹ ਦੱਸਦੇ ਹਨ ਕਿ ਅਕਾਲ ਪੁਰਖ ਦੀ ਭਗਤੀ, ਉਸ ਦੇ ਨਾਮ ਦਾ ਸਿਮਰਨ ਹੀ ਮਨੁੱਖ ਨੂੰ ਤਾਰਨ ਵਾਲਾ ਹੈ। ਰਾਜਾ ਜਨਕ, ਸੁਕਦੇਵ ਰਿਸ਼ੀ ਵਰਗੇ ਗੁਰੂ ਦੇ ਬਚਨਾਂ ਰਾਹੀਂ ਨਾਮ ਸਿਮਰਨ ਕਰਕੇ ਪਰਮਾਤਮਾ ਦੀ ਸ਼ਰਨ ਆ ਪਏ। ਸੁਦਾਮਾ ਵਰਗੇ ਗ਼ਰੀਬ ਭਗਤ ਦੀ ਨਾਮ ਸਿਮਰਨ ਅਤੇ ਪਰਮਾਤਮਾ ਦੀ ਭਗਤੀ ਰਾਹੀਂ ਗ਼ਰੀਬੀ ਦੂਰ ਹੋ ਗਈ। ਇਸ ਨਾਮ ਸਿਮਰਨ ਰਾਹੀਂ ਮਨੁੱਖ ਸੰਸਾਰ ਸਾਗਰ ਤੋਂ ਪਾਰ ਜਾ ਸਕਦਾ ਹੈ।
ਇਸ ਕਲਿਜੁਗ ਵਿਚ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਹੈ, ਉਸ ਦੀ ਭਗਤੀ ਹੈ। ਇਸ ਨਾਮ ਸਿਮਰਨ ਦੀ ਬਰਕਤ ਨਾਲ ਹੀ ਭਗਤ ਵਿਕਾਰਾਂ ਤੋਂ ਬਚਦੇ ਹਨ। ਭਗਤ ਨਾਮ ਦੇਵ, ਕਬੀਰ, ਜੈ ਦੇਵ, ਤ੍ਰਿਲੋਚਨ ਤਰ ਗਏ ਅਤੇ ਭਗਤ ਰਵੀਦਾਸ ਜਿਸ ਨੂੰ ਨੀਵੀਂ ਜਾਤ ਦਾ ਸਮਝਿਆ ਜਾਂਦਾ ਸੀ, ਇਸ ਨਾਮ ਦੀ ਬਰਕਤ ਨਾਲ ਹੀ ਅਕਾਲ ਪੁਰਖ ਦਾ ਭਗਤ ਹੋ ਗਿਆ। ਆਪਣੇ ਮਨ ਨੂੰ ਸੰਬੋਧਨ ਕਰਦਿਆਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਹਨ, ਹੇ ਮਨ! ਜਿਸ ਮਨੁੱਖ ਨੇ ਵੀ ਗੁਰੂ ਦੇ ਰਾਹੀਂ ਆਪਣਾ ਮਨ ਪਰਮਾਤਮ-ਭਗਤੀ ਵਿਚ ਜੋੜਿਆ ਹੈ, ਉਸ ਦੇ ਨਾਮ ਦਾ ਸਿਮਰਨ ਕੀਤਾ ਹੈ, ਉਹ ਸਭ ਵਿਕਾਰਾਂ ਤੋਂ ਬਚ ਗਿਆ ਹੈ ਅਤੇ ਉਸ ਦੇ ਸਾਰੇ ਪਾਪ ਹਟ ਗਏ ਹਨ:
ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ
ਭਗਤ ਜਨਾ ਉਧਰੇ॥
ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ
ਸਭਿ ਦੋਖ ਗਏ ਚਮਰੇ॥
ਗੁਰਮੁਖਿ ਨਾਮਿ ਲਗੇ ਸੇ ਉਧਰੇ
ਸਭਿ ਕਿਲਬਿਖ ਪਾਪ ਟਰੇ॥੨॥ (ਪੰਨਾ ੯੯੫)
ਇਸੇ ਸਬੰਧ ਵਿਚ ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਉਸ ਅਕਾਲ ਪੁਰਖ ਦਾ ਨਾਮ ਸੋਹਣਾ ਹੈ, ਉਸ ਦਾ ਨਾਮ ਮਿੱਠਾ ਹੈ, ਉਸ ਦਾ ਨਾਮ ਚੰਗਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਦੁਨੀਆਂ ਦਾ ਮਾਣ ਝੂਠਾ ਅਤੇ ਛੇਤੀ ਮੁੱਕ ਜਾਣ ਵਾਲਾ ਹੈ। ਦੁਨੀਆਂ ਦੇ ਮਾਣ ਦਾ ਕੋਈ ਭਰੋਸਾ ਨਹੀਂ ਹੈ (ਦੁਨਿਆਵੀ ਮਾਣ ਦੁਨਿਆਵੀ ਪ੍ਰਾਪਤੀਆਂ ਨਾਲ ਜੁੜਿਆ ਹੁੰਦਾ ਹੈ ਅਤੇ ਦੁਨਿਆਵੀ ਵਸਤੂਆਂ ਅੱਜ ਹਨ, ਆਉਣ ਵਾਲੇ ਸਮੇਂ ਵਿਚ ਨਹੀਂ ਵੀ ਹੋ ਸਕਦੀਆਂ)।
ਗੁਰੂ ਸਾਹਿਬ ਅੱਗੇ ਬਿਆਨ ਕਰਦੇ ਹਨ ਕਿ ਉਸ ਪਰਮ ਹਸਤੀ ਦੀ ਭਗਤੀ ਕਰਨ ਵਾਲੇ ਬੰਦੇ ਵੀ ਸੋਹਣੇ ਹਨ ਅਤੇ ਉਨ੍ਹਾਂ ਦਾ ਦਰਸ਼ਨ ਕਰਨਾ ਅਮੋਲਕ ਹੈ। ਉਸ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਇਸ ਦੁਨੀਆਂ ਦੇ ਪਦਾਰਥ ਸੁਆਹ ਦੇ ਬਰਾਬਰ ਹਨ ਅਰਥਾਤ ਬੇਕਾਰ ਹਨ। ਉਸ ਅਕਾਲ ਪੁਰਖ ਦੀ ਰਚੀ ਹੋਈ ਇਹ ਕੁਦਰਤ ਇੱਕ ਅਸਚਰਜ ਤਮਾਸ਼ਾ ਹੈ, ਹੈਰਾਨ ਕਰਨ ਵਾਲਾ ਖੇਲ ਹੈ ਅਤੇ ਉਸ ਵਾਹਿਗੁਰੂ ਦੀ ਸਿਫ਼ਤਿ-ਸਾਲਾਹ ਕਰਨੀ ਵੱਡਮੁੱਲਾ ਖਜ਼ਾਨਾ ਹੈ। ਇਸੇ ਲਈ ਗੁਰੂ ਸਾਹਿਬ ਪ੍ਰਾਣੀ ਨੂੰ ਉਸ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਦੀ ਸਲਾਹ ਦਿੰਦੇ ਹਨ ਕਿਉਂਕਿ ਉਹ ਗ਼ਰੀਬਾਂ ‘ਤੇ ਮਿਹਰ ਕਰਨ ਵਾਲਾ ਅਤੇ ਉਨ੍ਹਾਂ ਦਾ ਓਟ-ਆਸਰਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਜਿਸ ਮਨੁੱਖ ‘ਤੇ ਉਸ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਉਸ ਮਨੁੱਖ ਨੂੰ ਅਕਾਲ ਪੁਰਖ ਕਦੇ ਵੀ ਨਹੀਂ ਵਿਸਰਦਾ। ਅਕਾਲ ਪੁਰਖ ਦੇ ਨਾਮ ਦੀ ਇਹ ਦਾਤ ਗੁਰੂ ਦੀ ਸ਼ਰਨ ਪਿਆ ਮਿਲਦੀ ਹੈ, ਇਹ ਰਸਤਾ ਗੁਰੂ ਤੋਂ ਪਤਾ ਲਗਦਾ ਹੈ। ਇਸ ਨਾਲ ਮਨੁੱਖ ਨੂੰ ਉਸ ਅਕਾਲ ਪੁਰਖ ਦੀ ਆਗਿਆ ਵਿਚ ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ ਅਤੇ ਉਹ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਸਿੱਖ ਜਾਂਦਾ ਹੈ। ਮਨੁੱਖ ਨੂੰ ਨਾਮ ਦਾ ਉਚਾਰਨ ਕਰਦੇ ਰਹਿਣ ਦੀ ਤਾਕੀਦ ਕਰਦਿਆਂ ਦੱਸਿਆ ਗਿਆ ਹੈ ਕਿ ਸਾਰੀ ਅਧਿਆਤਮਕ ਵਿਚਾਰ ਦਾ ਸਿੱਟਾ ਇਹ ਨਿਕਲਦਾ ਹੈ ਕਿ ਇਸ ਕਲਿਜੁਗ ਸਮੇਂ ਵਿਚ ਮਨੁੱਖ ਨੂੰ ਭਵਸਾਗਰ ਤੋਂ ਪਾਰ ਲੈ ਜਾਣ ਵਾਲਾ ਅਕਾਲ ਪੁਰਖ ਦਾ ਨਾਮ ਹੀ ਹੈ:
ਜੀਵਤ ਜੀਵਤ ਜੀਵਤ ਰਹਹੁ॥
ਰਾਮ ਰਸਾਇਣੁ ਨਿਤ ਉਠਿ ਪੀਵਹੁ॥
ਹਰਿ ਹਰਿ ਹਰਿ ਹਰਿ ਰਸਨਾ ਕਹਹੁ॥੧॥
ਕਲਿਜੁਗ ਮਹਿ ਇਕ ਨਾਮਿ ਉਧਾਰੁ
ਨਾਨਕੁ ਬੋਲੈ ਬ੍ਰਹਮ ਬੀਚਾਰੁ॥੨॥
ਸਿੱਖ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅਤੇ ਸ਼ਬਦ ਗੁਰੂ ਤੱਕ ਗੁਰੂ ਸਾਹਿਬ ਨੇ ਮਨੁੱਖ ਦੀ ਸਿੱਧੀ ਰਸਾਈ ਦੱਸੀ ਹੈ। ਇਸ ਲਈ ਨਾਮ ਦੀ ਪ੍ਰਾਪਤੀ ਲਈ ਕਿਸੇ ਸਾਧ-ਸੰਤ ਦੇ ਪਿੱਛੇ ਲੱਗਣ ਦੀ ਜ਼ਰੂਰਤ ਨਹੀਂ ਹੈ। ਡੇਰਾਵਾਦ ਨੇ ਸਿੱਖੀ ਦਾ ਜੋ ਹਾਲ ਕਰ ਦਿੱਤਾ ਹੋਇਆ ਹੈ, ਉਹ ਕਿਸੇ ਤੋਂ ਛੁਪਿਆ ਨਹੀਂ ਹੈ। ਸਿੱਖੀ ਦੇ ਭੇਸ ਵਿਚ ਡੇਰਾਵਾਦ ਕਲਿਜੁਗ ਵਿਚ ਕਰਮ ਕਾਂਡ ਦੀ ਇੱਕ ਵੱਖਰੀ ਕਿਸਮ ਹੈ ਜਿਸ ਨੇ ਸਿੱਖ ਨੂੰ ਰਸਤਾ ਦਿਖਾਉਣ ਦੀ ਥਾਂ, ਸਿੱਖਾਂ ਵਿਚ ਕਈ ਕਿਸਮ ਦੀਆਂ ਵੰਡੀਆਂ ਪਾ ਦਿੱਤੀਆਂ ਹਨ (ਅਖ਼ਬਾਰਾਂ ਦੀਆਂ ਸੱਜਰੀਆਂ ਖ਼ਬਰਾਂ ਇਸ ਦਾ ਸਪੱਸ਼ਟ ਸਬੂਤ ਹਨ)। ਹੁਣ ਨਾਮ ਅਕਾਲ ਪੁਰਖ ਦਾ ਨਾ ਹੋ ਕੇ ਡੇਰੇਦਾਰਾਂ ਦੀ ਨਿਜੀ ਮਲਕੀਅਤ ਬਣ ਗਿਆ ਹੈ ਅਤੇ ਅੰਮ੍ਰਿਤ ਗੁਰੂ ਦਾ ਨਾ ਹੋ ਕੇ ਵੱਖਰੀਆਂ ਵੱਖਰੀਆਂ ਟਕਸਾਲਾਂ ਦਾ ਹੋ ਗਿਆ ਹੈ। ਅੱਜ ਪੰਜਾਬ ਜਿਸ ਰਸਤੇ ‘ਤੇ ਜਾ ਰਿਹਾ ਹੈ, ਉਸ ਲਈ ਜਿੱਥੇ ਸਿੱਖਾਂ ਦੀ ਨੁਮਾਇੰਦਾ ਸਿਆਸੀ ਪਾਰਟੀ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ, ਉਥੇ ਸਿੱਖੀ ਦੇ ਨਾਂ ‘ਤੇ ਉਸਰੇ ਇਹ ਡੇਰੇ ਵੀ ਓਨੇ ਹੀ ਜ਼ਿੰਮੇਵਾਰ ਹਨ। ਸਿੱਖ ਸੰਗਤ ਨੂੰ ਇਸ ਕਲਿਜੁਗੀ ਵਰਤਾਰੇ ਤੋਂ ਸੁਚੇਤ ਹੋਣ ਦੀ ਬਹੁਤ ਜ਼ਰੂਰਤ ਹੈ। ਨਹੀਂ ਤਾਂ ਭਾਈ ਗੁਰਦਾਸ ਦੇ ਸ਼ਬਦਾਂ ਵਿਚ, “ਅਉਸਰੁ ਚੁਕਾ ਹਥ ਨ ਆਵੈ।”