ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਵਾਰ-ਵਾਰ ‘ਮਰਨ ਵਰਤ’ ਰੱਖ ਕੇ ਕੌਮ ਦਾ ਜਲੂਸ ਕਢਾਉਣ ਵਾਲੇ ਸੰਤ ਫਤਿਹ ਸਿੰਘ ਵੱਲੋਂ ਲਾਇਆ ਕਲੰਕ ਤਾਂ ਭਾਵੇਂ ਭਾਈ ਦਰਸ਼ਨ ਸਿੰਘ ਫੇਰੂਮਾਨ ਨੇ ਸ਼ਹੀਦੀ ਦੇ ਕੇ ਧੋ ਦਿੱਤਾ ਸੀ, ਪਰ ਸੰਤ ਫਤਿਹ ਸਿੰਘ ਦੇ ਮਰਨ ਵਰਤਾਂ ਨਾਲ ਸਬੰਧਤ ਕਈ ਕਿੱਸੇ ਇਤਿਹਾਸ ਦੀਆਂ ਕਿਤਾਬਾਂ ਵਿਚ ਦਰਜ ਹੋ ਗਏ। ਜਦੋਂ ਉਸ ਨੇ ਵਰਤਾਂ ਤੋਂ ਵੀ ਅਗਾਂਹ ਟੱਪ ਕੇ ਅਗਨ-ਕੁੰਡ ਵਿਚ ਸੜ ਮਰਨ ਦਾ ਐਲਾਨ ਕਰ ਦਿੱਤਾ ਤਾਂ ਤਤਕਾਲੀ ਸਿਆਸਤ ਵਿਚ ਤਰਥੱਲੀ ਮੱਚ ਗਈ; ਕਿਉਂਕਿ ਉਸ ਨੇ ਪੰਜਾਬੀ ਸੂਬੇ ਦੀ ਮੰਗ ਨਾ ਮੰਨੇ ਜਾਣ ਦੀ ਸੂਰਤ ਵਿਚ ਸੜ ਮਰਨ ਦੀ ਤਰੀਕ ਦਾ ਐਲਾਨ ਵੀ ਕਰ ਦਿੱਤਾ ਸੀ।
ਇਥੇ ਹੀ ਬੱਸ ਨਹੀਂ, ਸ੍ਰੀ ਅਕਾਲ ਤਖ਼ਤ ‘ਤੇ ਅਗਨ-ਕੁੰਡ ਵੀ ਬਣਨ ਲੱਗ ਪਿਆ ਤੇ ਉਥੇ ਬਾਲਣ ਵੀ ਪਹੁੰਚਾ ਦਿੱਤਾ ਗਿਆ। ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਸਾਰੇ ਪੰਜਾਬ ਵਿਚ ਸਹਿਮ ਛਾ ਗਿਆ। ਚੋਟੀ ਦੇ ਪੰਥਕ ਲੀਡਰ ਸੰਤ ਫਤਿਹ ਸਿੰਘ ਦੀ ‘ਜਾਨ ਬਚਾਉਣ’ ਦੇ ਉਪਰਾਲਿਆਂ ਵਜੋਂ ਕੇਂਦਰ ਸਰਕਾਰ ਨਾਲ ਸੰਪਰਕ ਸਾਧਣ ਲੱਗ ਪਏ।
ਜਦੋਂ ਸ੍ਰੀ ਅਕਾਲ ਤਖ਼ਤ ‘ਤੇ ਤਿਆਰ ਹੋ ਚੁੱਕੇ ਅਗਨ-ਕੁੰਡ ਪਾਸ ‘ਦਾਹ ਸੰਸਕਾਰ’ ਵੇਲੇ ਵਰਤੋਂ ਵਿਚ ਲਿਆਂਦੇ ਜਾਣ ਲਈ ਘਿਓ ਦੇ ਪੀਪੇ ਵੀ ਪਹੁੰਚ ਗਏ ਤੇ ਮਿਥੀ ਤਰੀਕ ਵੀ ਨੇੜੇ ਆ ਗਈ ਤਾਂ ਹੋਰ ਵੀ ਸੰਨਾਟਾ ਛਾ ਗਿਆ। ਅਜਿਹੇ ਕਰੁਣਾਮਈ ਹਾਲਾਤ ਵਿਚ ਸ਼੍ਰੋਮਣੀ ਕਮੇਟੀ ਦੇ ਕੁਝ ਫਿਕਰਮੰਦ ਆਗੂ ਸਿਰਦਾਰ ਕਪੂਰ ਸਿੰਘ ਕੋਲ ਗਏ ਕਿ ਉਹ ਵੀ ਸੰਤ ਜੀ ਨੂੰ ‘ਬਚਾਉਣ’ ਲਈ ਆਪਣਾ ਕੋਈ ਅਸਰ-ਰਸੂਖ ਵਰਤਣ। ਕਹਿੰਦੇ ਨੇ ਸਿਰਦਾਰ ਕਪੂਰ ਸਿੰਘ ਨੇ ਮੁਸਕਰਾਉਂਦਿਆਂ ਭਵਿੱਖਵਾਣੀ ਕੀਤੀ, “ਸਿੰਘੋ ਘਬਰਾਉ ਨਾ, ਮੇਰੀ ਗੱਲ ਯਾਦ ਰੱਖਿਉ, ਯਿਹ ਸਾਧ ‘ਸੜ ਕਰ’ ਨਹੀਂ ਮਰੇਗਾ, ‘ਮਰ ਕਰ’ ਹੀ ਸੜੇਗਾ।”
—
ਧਰਮ ਯੁੱਧ ਮੋਰਚਾ ਪੂਰੀ ਚੜ੍ਹਦੀ ਕਲਾ ਵਿਚ ਚੱਲ ਰਿਹਾ ਸੀ। ਗ੍ਰਿਫਤਾਰੀਆਂ ਦੇਣ ਵਾਲਿਆਂ ਨਾਲ ਜੇਲ੍ਹਾਂ ਭਰ ਜਾਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਸਨ। ਉਨ੍ਹਾਂ ਦਿਨਾਂ ਵਿਚ ਅਖਬਾਰਾਂ ਸਾਡੇ ਪਿੰਡਾਂ ਵਿਚ ਤਾਂ ਘੱਟ-ਵੱਧ ਹੀ ਪਹੁੰਚਦੀਆਂ ਹੁੰਦੀਆਂ ਸਨ। ਆਲੇ-ਦੁਆਲੇ ਦੇ ਪਿੰਡਾਂ ਦੇ ਪੰਥਕ ਸੋਚ ਨੂੰ ਪ੍ਰਣਾਏ ਸੱਜਣਾਂ ਦਾ ‘ਅੱਡਾ’ ਹੁੰਦੀ ਸੀ ਜਾਡਲੇ ਦੀ ਇਕ ਦੁਕਾਨ। ਚਾਹ-ਦੁੱਧ ਦੀ ਸਾਧਾਰਨ ਜਿਹੀ ਇਸ ਦੁਕਾਨ ਵਾਲਿਆਂ ਦਾ ਇਕ ਨੌਜਵਾਨ ਇਲਾਕੇ ਦੇ ਗੱਭਰੂਆਂ ਦਾ ਜਥਾ ਮੋਰਚੇ ਵਿਚ ਲੈ ਕੇ ਗਿਆ ਹੋਇਆ ਸੀ। ਸੋ, ਇਕ ਤਰ੍ਹਾਂ ਨਾਲ ਸਾਡੇ ਇਲਾਕੇ ਦੀਆਂ ਪੰਥਕ ਸਰਗਰਮੀਆਂ ਦਾ ਕੇਂਦਰ ਇਹ ਦੁਕਾਨ ਹੀ ਬਣੀ ਹੋਈ ਸੀ। ਇਥੇ ਬੈਂਚਾਂ ਉਪਰ ਦੋ ਤਿੰਨ ਅਖਬਾਰਾਂ ਪਈਆਂ ਰਹਿੰਦੀਆਂ ਅਤੇ ਸਾਡੇ ਵਰਗੇ ਉਥੇ ਆ ਕੇ ਅਕਸਰ ਚਾਹ ਦੀਆਂ ਚੁਸਕੀਆਂ ਭਰਦੇ ਰਹਿੰਦੇ, ਨਾਲ ਹੀ ਰੋਜ਼-ਮਰ੍ਹਾ ਦੀਆਂ ਘਟਨਾਵਾਂ ਬਾਰੇ ‘ਜਾਭਾਂ ਦੇ ਭੇੜ’ ਕਰਦੇ ਰਹਿੰਦੇ।
ਇਨ੍ਹਾਂ ਦਿਨਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਅਖਬਾਰਾਂ ਵਿਚ ਲੇਖ ਵੀ ਧੜਾ-ਧੜ ਛਪਦੇ ਸਨ ਅਤੇ ਹਰ ਛੋਟੇ-ਬੜੇ ਅਕਾਲੀ ਆਗੂ ਦੇ ਬਿਆਨਾਂ ਵਿਚ ਵੀ ਇਸੇ ‘ਮਤੇ’ ਦੀ ‘ਹਰ ਹਾਲ ਪ੍ਰਾਪਤੀ’ ਦੇ ਦਾਅਵੇ-ਵਾਅਦੇ ਜ਼ਰੂਰ ਹੁੰਦੇ ਸਨ। ਉਥੋਂ ਪੜ੍ਹ-ਸੁਣ ਕੇ ਸਾਡੇ ਵਰਗੇ ਵੀ ਅਗਾਂਹ ਇਹੀ ਪ੍ਰਚਾਰ ਕਰਦੇ ਕਿ ਅਨੰਦਪੁਰ ਦਾ ਮਤਾ, ਪ੍ਰਵਾਨ ਹੋਇਆ ਕਿ ਹੋਇਆ! ਚਾਰੇ ਪਾਸੇ ‘ਮਤਾ ਮਤਾ’ ਹੀ ਹੁੰਦੀ ਰਹਿੰਦੀ।
ਮੈਨੂੰ ਯਾਦ ਨੇ ਉਹ ਪਲ, ਜਦ ਮੈਂ ਇਕ ਵਾਰ ਇਸ ਮਹਿਫਿਲ ਵਿਚ ਅਚਾਨਕ ਜ਼ੋਰ ਦੀ ਠਹਾਕਾ ਮਾਰ ਕੇ ਸਭ ਦਾ ਧਿਆਨ ਖਿੱਚਿਆ। ਉਚੀ-ਉਚੀ ਹੱਸਦਿਆਂ ਜਦੋਂ ਮੈਂ ‘ਆਹ ਸੁਣੋ ਬਈ ਸੁਣੋ!’ ਕਹਿ ਕੇ ਹੱਥ ਵਿਚ ਫੜਿਆ ਅਖਬਾਰੀ ਸਫ਼ਾ ‘ਤਾਂਹ ਨੂੰ ਲਹਿਰਾਇਆ ਤਾਂ ਸਾਰੇ ਜਣੇ ਉਤਸੁਕਤਾ ਨਾਲ ਮੇਰੇ ਵੱਲ ਦੇਖਣ ਲੱਗੇ। ਅਸਲ ਵਿਚ ਮੇਰੀ ਨਿਗ੍ਹਾ ਪੈ ਗਈ ਸੀ ‘ਜੱਗ ਬਾਣੀ’ ਦੇ ਸੰਪਾਦਕੀ ਪੰਨੇ ਉਤੇ, ਜਿਥੇ ਲਾਲਾ ਜਗਤ ਨਰਾਇਣ (ਉਸ ਵੇਲੇ ‘ਜੱਗ ਬਾਣੀ’ ਦੇ ਸੰਪਾਦਕ) ਨੇ ਕੁਝ ਉਹ ਗੱਲਾਂ ਲਿਖੀਆਂ ਹੋਈਆਂ ਸਨ ਜਿਨ੍ਹਾਂ ਨੂੰ ਅਸੀਂ ਉਦੋਂ ‘ਲਾਲੇ ਦੀਆਂ ਝੱਲ-ਵਲੱਲੀਆਂ’ ਕਿਹਾ ਸੀ ਤੇ ਉਸ ਸੱਥ ਵਿਚ ਇਨ੍ਹਾਂ ਦਾ ਖੂਬ ਮਜ਼ਾਕ ਉਡਾਇਆ ਸੀ। ਪੰਜਾਬ ਦੀ ਸਿਆਸਤ ਬਾਰੇ ਆਪਣੇ ਨਜ਼ਰੀਏ ਨਾਲ ਕੁਝ ਗੱਲਾਂ ਲਿਖਦਿਆਂ, ਉਸ ਨੇ ਇਹ ਦੋ ਭਵਿੱਖਵਾਣੀਆਂ ਵੀ ਕੀਤੀਆਂ ਹੋਈਆਂ ਸਨ- “ਅੱਜ ਜਿਸ ਅਨੰਦਪੁਰ ਮਤੇ ਦੀ ਚਰਚਾ ਸਭ ਤੋਂ ਵੱਧ ਹੋ ਰਹੀ ਹੈ, ਇਹ ਇਕ ਦਿਨ ‘ਭੁੱਲੀ ਵਿਸਰੀ ਯਾਦ’ ਹੀ ਬਣ ਕੇ ਰਹਿ ਜਾਵੇਗਾ।æææ ਆਹ ਸਾਡੀਆਂ ਸੜਕਾਂ ‘ਤੇ ਫਿਰਦੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ, ਇਕ ਦਿਨ ਪੰਜਾਬ ਵਿਚੋਂ ਲੋਪ ਹੀ ਹੋ ਜਾਣਗੀਆਂ।”
—
ਜੂਨ ਚੁਰਾਸੀ ਦੇ ਚੜ੍ਹਦਿਆਂ ਸ੍ਰੀ ਅੰਮ੍ਰਿਤਸਰ ਤੋਂ ਮਨਹੂਸ ਖਬਰਾਂ ਆਉਣ ਲੱਗੀਆਂ। ਫਿਰ ਦਰਬਾਰ ਸਾਹਿਬ ਕੰਪਲੈਕਸ ਵਿਚ ਫੌਜ ਵੜ ਜਾਣ ਅਤੇ ਘਮਸਾਣ ਦੀ ਲੜਾਈ ਹੋਣ ਦੇ ਸਮਾਚਾਰ ਆਉਣ ਲੱਗੇ। ਪਿੰਡਾਂ-ਸ਼ਹਿਰਾਂ ਵਿਚ ਤਾਂ ਕਰਫਿਊ ਵਰਗੇ ਹਾਲਾਤ ਬਣੇ ਹੋਏ ਸਨ। ਸਾਡੇ ਪਿੰਡ ਦੇ ਡਰੇ ਸਹਿਮੇ ਕਈ ਸਿੱਖ ਭਰਾ, ਸਾਡੀ ਨਿੰਮ ਥੱਲੇ ਰੋਜ਼ ਹੀ ਆ ਜੁੜਦੇ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਅੰਸ-ਵੰਸ ਵਿਚੋਂ ਸਾਡੇ ਪਿੰਡ ਦੇ ਵਸਨੀਕ ਬਾਬਾ ਬਲਦੇਵ ਸਿੰਘ ਸੋਢੀ ਵੀ ਰੋਜ਼ ਹੀ ਆ ਜਾਂਦੇ। ਅਸੀਂ ਰੇਡੀਓ ਦਾ ਐਨਟੀਨਾ ਖਿੱਚ-ਖਿੱਚ ਕੇ ਬੀæਬੀæਸੀæ ਸਟੇਸ਼ਨ ਤੋਂ ਖਬਰਾਂ ਸੁਣਨ ਦੀ ਕੋਸ਼ਿਸ਼ ਕਰਦੇ। ਪਰਿਕਰਮਾ ਵਿਚ ਹੋ ਰਹੀ ਗੋਲਾਬਾਰੀ ਦੀਆਂ ਅਤਿ ਦੁਖਦਾਈ ਖਬਰਾਂ ਸੁਣ ਕੇ ਸਾਰੀ ਉਮਰ ਕੱਟੜ ਅਕਾਲੀ ਰਹੇ ਮੇਰੇ ਭਾਈਆ ਜੀ ਭੋਲੇ-ਭਾਅ ਪੁੱਛਣ ਲੱਗੇ ਕਿ ਟੌਹੜਾ ਸਾਹਬ ਤੇ ਬਾਦਲ ਸਾਹਬ ਵੀ ਜਿਉਂਦੇ ਨਹੀਂ ਛੱਡੇ ਹੋਣੇ ਐਸੇ ਹਿਸਾਬ ਤਾਂ? ਉਥੇ ਬੈਠੇ ਸਾਰਿਆਂ ਨੇ ਉਦਾਸ ਚਿਹਰਿਆਂ ਨਾਲ ਭਾਈਆ ਜੀ ਦੇ ਸਵਾਲ ਪ੍ਰਤੀ ‘ਹਾਂ’ ਦਾ ਇਸ਼ਾਰਾ ਕੀਤਾ, ਪਰ ਸੋਢੀ ਸਾਹਿਬ ਗੰਭੀਰ ਜਿਹੇ ਵਿਅੰਗਾਤਮਕ ਸੁਰ ਵਿਚ ਬੋਲੇ, “ਗਿਆਨੀ ਜੀ, ਫਿਕਰ ਨਾ ਕਰੋæææ ਕੁਝ ਨੀ ਹੋਣਾ ਤੁਹਾਡੇ ਬਾਦਲਾਂ-ਸ਼ਾਦਲਾਂ ਨੂੰ।æææ ਉਨ੍ਹਾਂ ਦੇ ਰਾਹ ਵਿਚੋਂ ਰੋੜਾ ਹਟਾਉਣਾ ਸੀ, ਅਗਲਿਆਂ ਨੇ ਹਟਾ’ਤਾ!æææ ਕਿਸੇ ਰੈਸਟ ਹਾਊਸ ਵਿਚ ਬਿਠਾ ਕੇ ਕੋਕਾ ਕੋਲਾ ਪਿਲਾ ਰਹੇ ਹੋਣਗੇ ਉਨ੍ਹਾਂ ਨੂੰ!æææ ਆ ਜਾਣੈ ਉਨ੍ਹਾਂ ਨੇ, ਹੱਥ ਜੋੜ ਜੋੜ ਫਿਰਨਗੇ, ਕਰ ਲਿਓ ‘ਦਰਸ਼ਨ’ ਬਾਦਲ ਸਾਹਬ ਦੇ।”
ਉਨ੍ਹਾਂ ਦਿਨਾਂ ਵਿਚ ਵੀ ਬਾਦਲ-ਟੌਹੜੇ ਸਮੇਤ ਸਾਰੇ ਅਕਾਲੀਆਂ ਨੂੰ ਬੇਬਾਕ ਹੋ ਕੇ ਬੁਰਾ-ਭਲਾ ਕਹਿੰਦੇ ਰਹਿੰਦੇ ਸੋਢੀ ਸਾਹਿਬ ਦੀ ਇਹ ਟਿੱਪਣੀ ਸਾਨੂੰ ਉਦੋਂ ਕੌੜੀ ਵੀ ਲੱਗੀ ਸੀ ਤੇ ਚੁਭਵੀਂ ਜਾਂ ਝੂਠੀ ਵੀ; ਪਰæææ?
—
ਸੰਨ 1998 ਦੀ 27 ਤੋਂ 29 ਨਵੰਬਰ ਤੱਕ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਵਾਲਿਆਂ ਦੀ ਸੱਠਵੀਂ ਸਰਬ ਹਿੰਦ ਸਿੱਖ ਵਿਦਿਅਕ ਕਾਨਫਰੰਸ ਸਾਡੇ ਜ਼ਿਲ੍ਹੇ ਨਵਾਂ ਸ਼ਹਿਰ ਦੇ ਢਾਹਾਂ ਕਲੇਰਾਂ ਹਸਪਤਾਲ (ਨੇੜੇ ਬੰਗਾ) ਵਿਖੇ ਹੋਈ ਸੀ। ਕੌਮਾਂਤਰੀ ਪੱਧਰ ਦੀ ਇਸ ਵਿਸ਼ਾਲ ਕਾਨਫਰੰਸ ਦਾ ਸਹਾਇਕ ਸਕੱਤਰ ਅਤੇ ਸਟੇਜ ਸਕੱਤਰ ਮੈਨੂੰ ਬਣਾਇਆ ਗਿਆ ਸੀ। ਇਸ ਮੌਕੇ ਸੋਵੀਨਾਰ ਛਾਪਣ ਵਰਗੇ ਹੋਰ ਕਈ ਕਾਰਜਾਂ ਦੀ ਜ਼ਿੰਮੇਵਾਰੀ ਮੇਰੀ ਹੋਣ ਕਾਰਨ, ਮੁੱਢ ਤੋਂ ਲੈ ਕੇ ਸਮਾਪਤੀ ਤੱਕ, ਮੈਂ ਇਸ ਕਾਨਫਰੰਸ ਨਾਲ ਜੁੜਿਆ ਰਿਹਾ। ਚੀਫ ਖਾਲਸਾ ਦੀਵਾਨ ਦੇ ਪ੍ਰਬੰਧਕਾਂ ਨਾਲ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕਰਨ ਲਈ ਸਾਡੀ ਪਹਿਲੀ ਮੀਟਿੰਗ ਢਾਹਾਂ ਕਲੇਰਾਂ ਕੰਪਲੈਕਸ ਵਿਚ ਹੋਈ। ਪ੍ਰਧਾਨ ਸ਼ ਕ੍ਰਿਪਾਲ ਸਿੰਘ (ਜੋ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਵੀ ਰਹੇ) ਸਮੇਤ ਚੀਫ਼ ਖਾਲਸਾ ਦੀਵਾਨ ਦੇ ਸਰਕਰਦਾ ਆਗੂ ਡੈਪੂਟੇਸ਼ਨ ਲੈ ਕੇ ਪਹੁੰਚੇ। ਉਨ੍ਹਾਂ ਦੇ ਨਾਲ ‘ਸੇਠੀ’ ਉਪ ਨਾਮ ਵਾਲੇ ਇਕ ਐਸੇ ਬਜ਼ੁਰਗ ਸਰਦਾਰ ਜੀ ਸਨ ਜਿਨ੍ਹਾਂ ਨੇ ਪੁਰਾਣੇ ਕਾਂਗਰਸੀਆਂ ਵਰਗਾ ਪਹਿਰਾਵਾ ਪਹਿਨਿਆ ਹੋਇਆ ਸੀ। ਇਥੋਂ ਤੱਕ ਕਿ ਉਨ੍ਹਾਂ ਸਿਰ ‘ਤੇ ਪਗੜੀ ਵੀ ਚਿਤ-ਕਬਰੇ ਜਿਹੇ ਰੰਗ ਵਾਲੀ ਸ਼ੁੱਧ ਖੱਦਰ ਹੀ ਸਜਾਈ ਹੋਈ ਸੀ।
ਰਾਤ ਨੂੰ ਮੀਟਿੰਗ ਉਪਰੰਤ ਹਾਸ-ਬਿਨੋਦੀ ਮਾਹੌਲ ਵਿਚ ਗੱਲਾਂ ਕਰਦਿਆਂ ਮੈਂ ਝਕਦਿਆਂ-ਝਕਦਿਆਂ ਸ਼ ਕ੍ਰਿਪਾਲ ਸਿੰਘ ਨੂੰ ਪੁੱਛ ਹੀ ਲਿਆ ਕਿ ਸੇਠੀ ਜੀ ਕਾਂਗਰਸੀ ਹਨ? ਆਲਮ-ਫਾਜ਼ਲ ਸ਼ ਕ੍ਰਿਪਾਲ ਸਿੰਘ ਨੇ ਮੈਨੂੰ ਜਦੋਂ ‘ਹਾਂ’ ਵਿਚ ਉੱਤਰ ਦਿੱਤਾ ਤਾਂ ਮੈਂ ਸੇਠੀ ਜੀ ਦੀ ਬਜ਼ੁਰਗ ਉਮਰ ਦਾ ਖਿਆਲ ਭੁਲਾ ਕੇ ਐਵੇਂ ਜੋਸ਼ ਵਿਚ ਆਏ ਨੇ ਉਨ੍ਹਾਂ ਨੂੰ ਪੁੱਛ ਲਿਆ, “ਸੇਠੀ ਜੀ, ਤੁਹਾਨੂੰ ਸਿੱਖ ਪੰਥ ਦੀ ਸੰਸਥਾ ਚੀਫ ਖਾਲਸਾ ਦੀਵਾਨ ਨਾਲ ਸਬੰਧਤ ਹੁੰਦਿਆਂ, ਆਪਣੇ ਕਾਂਗਰਸੀ ਹੋਣ ‘ਤੇ ਸ਼ਰਮਿੰਦਗੀ ਨਹੀਂ ਆਉਂਦੀ?”
“ਤੁਸੀਂ ਕਿਸ ਪਾਰਟੀ ਨਾਲ ਸਬੰਧਤ ਹੋ?” ਉਨ੍ਹਾਂ ਮੈਨੂੰ ਪੁੱਛਿਆ।
“ਮੈਂ ਤਾਂ ਅਕਾਲੀ ਦਲ ਨਾਲ ਹਾਂ, ਜਮਾਂਦਰੂ।”
“ਫਿਰ ਪੜ੍ਹੇ-ਲਿਖੇ ਸੂਝਵਾਨ ਤੇ ਲੇਖਕ ਹੁੰਦਿਆਂ, ਤੁਹਾਨੂੰ ਨਹੀਂ ਸ਼ਰਮਿੰਦਗੀ ਆਉਂਦੀ ‘ਕਾਲੀਆਂ ਨਾਲ ਸਬੰਧ ਰੱਖਦਿਆਂ?” ਉਨ੍ਹਾਂ ਦੇ ਇਸ ਸਵਾਲ ਨੇ ਮੈਨੂੰ ਹੋਰ ਖਿਝ ਚੜ੍ਹਾ ਦਿੱਤੀ।
“ਕਿਉਂ ਜੀ, ਅਕਾਲੀ ਹੋਣ ‘ਤੇ ਕਾਹਦੀ ਸ਼ਰਮਿੰਦਗੀ ਹੋਵੇ ਮੈਨੂੰ?”
“ਕੋਈ ਨਾ ਕਾਕਾ ਜੀਉ, ਠਹਿਰ ਲਉ ਹਾਲੇæææ ਤੁਹਾਨੂੰ ਸ਼ਰਮਿੰਦਗੀ ਵੀ ਆਊ ਤੇ ਮੇਰਾ ਕਿਹਾ ਵੀ ਯਾਦ ਆਊ।” ਮੇਰੇ ਲਈ ਇਹ ਵਾਕ ਬੋਲ ਕੇ ਸੇਠੀ ਜੀ ਬਿਸਤਰੇ ਵਿਚ ਵੜ ਗਏ।
—
ਜਨਵਰੀ-ਫਰਵਰੀ 2015 ਨੂੰ ਮੈਂ ਕੁਦਰਤੀ ਕੈਲੀਫੋਰਨੀਆ ਤੋਂ ਆਪਣੇ ਪਿੰਡ ਗਿਆ ਹੋਇਆ ਸਾਂ। ਉਨ੍ਹਾਂ ਦਿਨਾਂ ਵਿਚ ਦਿੱਲੀ ਅਸੈਂਬਲੀ ਦੀਆਂ ਚੋਣਾਂ ਹੋ ਰਹੀਆਂ ਸਨ। ਚੋਣਾਂ ਕਾਹਦੀਆਂ, ਭਰ ਸਿਆਲ ਵਿਚ ਕੌਰਵਾਂ-ਪਾਂਡਵਾਂ ਦਾ ਯੁੱਧ ਮਚਿਆ ਹੋਇਆ ਸੀ। ਇਕ ਪਾਸੇ ਵਰ੍ਹਿਆਂ ਪੁਰਾਣੀ ਅਤੇ ਪੂਰੇ ਦੇਸ਼ ਵਿਚ ਸ਼ਾਨਦਾਰ ਜਿੱਤ ਦੇ ਝੰਡੇ ਗੱਡਣ ਵਾਲੀ ਸਿਆਸੀ ਪਾਰਟੀ (ਭਾਜਪਾ), ਦੂਜੇ ਪਾਸੇ ਸਿਰਫ ਇਮਾਨਦਾਰੀ ਅਤੇ ਸਿਸਟਮ ਸੁਧਾਰ ਦੀਆਂ ਬਾਤਾਂ ਪਾਉਣ ਵਾਲਾ ਨਵ-ਗਠਿਤ ਮਲੰਗ ਟੋਲਾ ‘ਆਪ’; ਪਰ ਨਵਾਂ ਹੋਣ ਦੇ ਬਾਵਜੂਦ ਉਹ ਸੱਤਾਧਾਰੀ ਧਿਰ ਨੂੰ ਵਾਹਣੀਂ ਪਾਈ ਬੈਠਾ ਸੀ।
ਸੋਫੇ ‘ਤੇ ਬੈਠਿਆਂ ਕੰਬਲ ਓੜ ਕੇ ਮੈਂ ਵੱਖ-ਵੱਖ ਚੈਨਲਾਂ ਤੋਂ ਦੋਹਾਂ ਧਿਰਾਂ ਦਾ ਪ੍ਰਚਾਰ ਯੁੱਧ ਪੂਰੇ ਗਹੁ ਨਾਲ ਦੇਖਦਾ ਰਿਹਾ। ਵੋਟਾਂ ਪੈਣ ਤੋਂ ਦੋ-ਚਾਰ ਕੁ ਦਿਨ ਪਹਿਲਾਂ ਇਕ ਰਾਤ ‘ਆਪ’ ਆਗੂ ਅਰਵਿੰਦ ਕੇਜਰੀਵਾਲ ਮਫਲਰ ਲਪੇਟੀ ਆਪਣੇ ਘਰ ਨੂੰ ਆ ਰਿਹਾ ਸੀ। ਗੱਡੀ ਦੀ ਵਿਚਕਾਰਲੀ ਸੀਟ ‘ਤੇ ਉਹਦੇ ਨਾਲ ਕਿਸੇ ਚੈਨਲ ਦਾ ਰਿਪੋਰਟਰ ਬੈਠਾ ਸੀ। ਦੋਹਾਂ ਜਣਿਆਂ ਦੀ ਗੱਲਬਾਤ ਸਮਾਪਤੀ ਉਤੇ ਪਹੁੰਚਣ ਹੀ ਵਾਲੀ ਸੀ ਕਿ ਪੱਤਰਕਾਰ ਨੇ ਸ੍ਰੀ ਕੇਜਰੀਵਾਲ ਨੂੰ ਪੁੱਛ ਲਿਆ ਕਿ ਭਾਜਪਾ ਨੂੰ ਕਿੰਨੀਆਂ ਸੀਟਾਂ ਦੇ ਰਹੇ ਹੋ? ਕੇਜਰੀਵਾਲ ਨੇ ਦ੍ਰਿੜ੍ਹਤਾ ਨਾਲ ਜਵਾਬ ਦਿੱਤਾ, “ਦੋ ਅੰਕੜੋਂ ਮੇ ਨਹੀਂ, ਕੇਵਲ ਏਕ ਅੰਕੜੇ ਪਰ ਸਿਮਟ ਜਾਏਗੀ ਬੀæਜੇæਪੀæ!”
ਅੱਖਾਂ ਅੱਡਦਿਆਂ ਪੱਤਰਕਾਰ ਨੇ ਫਿਰ ਕਾਂਗਰਸ ਬਾਰੇ ਪੁੱਛਿਆ ਤਾਂ ਫੜੱਕ ਦੇਣੀ ਕੇਜਰੀਵਾਲ ਬੋਲੇ, “ਸਰ, ਜ਼ੀਰੋ।”
“ਪੱਕਾ!” ਪੱਤਰਕਾਰ ਨੇ ਹੈਰਾਨ ਹੁੰਦਿਆਂ ਪੁੱਛਿਆ।
“ਜੀ ਸਰ, ਐਬਸਿਲਿਊਟਲੀ।”
“ਕਿਆ ਆਪ ਐਸਾ ਲਿਖ ਕਰ ਦੇ ਸਕਤੇ ਹੈਂ?” ਪੱਤਰਕਾਰ ਸ਼ਾਇਦ ਕੇਜਰੀਵਾਲ ਨੂੰ ਯਰਕਾਉਣਾ ਚਾਹੁੰਦਾ ਸੀ।
ਉਸੇ ਵਕਤ ਸ੍ਰੀ ਕੇਜਰੀਵਾਲ ਨੇ ਚਿੱਟੇ ਕਾਗ਼ਜ਼ ‘ਤੇ ਪ੍ਰੈਸ ਰਿਪੋਰਟਰ ਦੇ ਪੈਨ ਨਾਲ ‘ਭਾਜਪਾ ਏਕ ਅੰਕੜਾ ਅਤੇ ਕਾਂਗਰਸ ਜ਼ੀਰੋ’ ਲਿਖ ਦਿੱਤਾ। ਇਹ ਭਵਿੱਖਵਾਣੀ ਕਰਨ ਦੇ ਨਾਲ ਹੀ ਉਸ ਨੇ ਰਿਪੋਰਟਰ ਨੂੰ ਚੋਣ ਨਤੀਜਿਆਂ ਤੋਂ ਬਾਅਦ ਭਵਿੱਖਵਾਣੀ ਸੱਚ ਸਾਬਤ ਹੋਣ ‘ਤੇ ਡਿਨਰ ਦੀ ਪੇਸ਼ਕਸ਼ ਵੀ ਕਰ ਦਿੱਤੀ।