ਗੁਰਦੀਪ (ਦੇਹਰਾਦੂਨ)
ਫੋਨ: +91-81264-90298
ਸਿਰਫ਼ ਥੋੜ੍ਹੀ ਸੀ ਸੁਖਨਫ਼ਹਿਮੀ ਅਗਰ ਦੇ ਦੇ ਖੁਦਾ,
ਜ਼ਿੰਦਗੀ ਕਾ ਲੁਤਫ਼ ਗਾਲਿਬ ਕੀ ਤਰਫਦਾਰੀ ਮੇਂ ਹੈ। (ਸ਼ੁਜਾ ਅਖ਼ਾਵਰ)
ਗ਼ਾਲਿਬ ਦੀ ਤਰਫ਼ਦਾਰੀ ਲਈ ਕਲਮ ਚੁੱਕਦਿਆਂ ਇਹ ਖਿਆਲ ਆਉਂਦਾ ਹੈ ਕਿ ਮੈਂ ਇਹ ਤਰਫ਼ਦਾਰੀ ਉਥੇ ਕਰ ਰਿਹਾ ਹਾਂ ਜਿਥੇ ਸੱਤਰਵਿਆਂ ਵਿਚ ਸ਼ੁਹਰਤ ਵੱਲ ਵਧ ਰਹੇ ਇਕ ਸ਼ਾਇਰ ਨੇ ਗਾਲਿਬ ਨੂੰ ਗਾਲ੍ਹਾਂ ਕੱਢੀਆਂ ਸਨ ਤੇ ਉਹ ਸ਼ਾਇਰ ਮਗਰੋਂ ਸਾਡਾ ਮਹਾਨ ਸ਼ਾਇਰ ਗਿਣ ਹੋਇਆ ਸੀ। ਇਸ ਸ਼ਾਇਰ ਨੇ ਜਾਂ ਤਾਂ ਗਾਲਿਬ ਪੜ੍ਹਿਆ ਨਹੀਂ ਸੀ, ਜਾਂ ਉਸ ਕੋਲ ਸੁਖਨਫ਼ਹਿਮੀ ਨਹੀਂ ਸੀ, ਤੇ ਉਹ ਨਹੀਂ ਸੀ ਜਾਣਦਾ ਕਿ ਗਾਲਿਬ ਨੂੰ ਗਾਲ੍ਹਾਂ ਕੱਢਣਾ ਸ਼ਾਇਰੀ ਨੂੰ ਗਾਲ੍ਹਾਂ ਕੱਢਣ ਬਰਾਬਰ ਹੈ;
ਗਾਲਿਬ ਜਿਸ ਨੇ ਇਸ ਧਰਤੀ ‘ਤੇ ਉਸਰੀ ਜ਼ਿੰਦਗੀ ਦੀ ਵਫ਼ਾ ਲਈ ਉਚੇ ਅਸਮਾਨ ਨਾਲ ਆਢਾ ਲਾਇਆ ਸੀ:
ਐ ਚਰਖ ਖਾਕ ਬਰਸਰੇ ਤਾਅਮੀਰੇ ਕਾਇਨਾਤ
ਲੇਕਿਨ ਬਿਨਾਏ ਅਹਿਦੇ ਵਫ਼ਾ ਇਸਤਵਾਰ ਤਰ।
ਗਾਲਿਬ ਨੇ ਅਸਮਾਨ ਵੱਲ ਵੇਖਿਆ; ਬੜਾ ਉਚਾ, ਸਾਫ਼-ਸ਼ਫਾਫ ਤੇ ਮਹਾਨ ਸੀ, ਦਿਲ ਵਿਚ ਆਪਣੀ ਦੁਨੀਆਂ ਲਈ ਪਿਆਰ ਅਤੇ ਮਾਣ ਜਾਗਿਆ ਤੇ ਇਹ ਸ਼ਿਅਰ ਅਤਾ ਹੋਇਆ। ਮਤਲਬ ਹੈ: ਐ ਅਰਸ਼! ਮੇਰੀ ਇਸ ਦੁਨੀਆਂ ਦੀ ਉਸਾਰੀ ਤਾਂ ਮਿੱਟੀ ਉਤੇ ਹੋਈ ਹੈ, ਪਰ ਇਥੇ ਇਸ ਨਾਲ ਵਫਾ ਦੀਆਂ ਤੰਦਾਂ ਬਹੁਤ ਡੂੰਘੀਆਂ ਤੇ ਮਜ਼ਬੂਤ ਹਨ।
ਗਾਲਿਬ ਜ਼ਿੰਦਗੀ ਦੇ ਦਰਦ ਨਾਲ ਮਚਦੇ ਦਿਲ ਨੂੰ ਹੀ ਸ਼ਾਇਰੀ ਦੀ ਪਹਿਲੀ ਲੋੜ ਮੰਨਦਾ ਹੈ:
ਹੁਸਨੇ ਫਰੋਗੇ ਸ਼ਮਾਅ-ਇ-ਸੁਖਨ ਦੂਰ ਹੈ ਅਸਦ,
ਪਹਿਲੇ ਦਿਲੇ ਗੁਦਾਖਤਾ ਪੈਦਾ ਕਰੇ ਕੋਈ।
ਅਰਥਾਤ ਸ਼ਾਇਰੀ ਦੇ ਚਿਰਾਗ/ਲਾਟ ਦੀ ਖੂਬਸੂਰਤੀ ਵਧਾਉਣਾ ਤਾਂ ਦੂਰ ਦੀ ਗੱਲ ਹੈ, ਪਹਿਲੋਂ ਮੱਚਦਾ ਦਿਲ ਪੈਦਾ ਕਰਨਾ ਪੈਂਦਾ ਹੈ।
ਇਸ ਲੇਖ ਦਾ ਮੰਤਵ ਪਾਠਕਾਂ ਨੂੰ ਗਾਲਿਬ ਦੀ ਸ਼ਾਇਰੀ ਦਾ ਲੁਤਫ਼ ਦੇਣਾ ਤੇ ਇੰਜ ਗਾਲਿਬ ਪੜ੍ਹਨ ਵੱਲ ਲਿਜਾਣਾ ਹੈ। ਹਾਲੀ ਵੀ ਸਾਡੇ ਕੋਲ ਕੁਝ ਪੁਖਤਾ ਪਾਠਕ ਹੋਣਗੇ ਜਿਨ੍ਹਾਂ ਗਾਲਿਬ ਪੜ੍ਹਿਆ ਹੈ। ਇਹ ਲੇਖ ਉਨ੍ਹਾਂ ਲਈ ਹੈ, ਜਿਨ੍ਹਾਂ ਨਹੀਂ ਪੜ੍ਹਿਆ।
ਕਾਲੀ ਜਿਨ੍ਹਾਂ ਨਾ ਰਾਵਿਆ
ਧੌਲੀ ਰਾਵੇ ਨਾ ਕੋਇ।
ਪਰ ਨਵੀਂ ਪੀੜ੍ਹੀ ਨੂੰ ਗਾਲਬੀਅਤ ਦੇ ਜਲਵੇ ਤੋਂ ਜਾਣੂ ਕਰਵਾਉਣਾ ਸਾਰਥਕ ਕੰਮ ਹੈ। ਗਾਲਿਬ ਉਤੇ ਬੜੀ ਖੋਜ ਹੋਈ ਹੈ। ਗਾਲਬੀਅਤ ਦੇ ਦਫ਼ਤਰ ਭਰੇ ਪਏ ਨੇ, ਪਰ ਇਹ ਸਾਨੂੰ ਗਾਲਿਬ ਦੇ ਨੇੜੇ ਲਿਆਉਣ ਦੀ ਥਾਂ ਉਸ ਤੋਂ ਹੋਰ ਵੀ ਦੂਰ ਲੈ ਜਾਂਦੇ ਨੇ, ਕਿਉਂਕਿ ਇਸ ਵਿਸ਼ੇ ਉਤੇ ਕਲਮ ਚੁੱਕਦੇ ਹੀ ਹਰ ਕੋਈ ਗਾਲਿਬ ਹੋ ਜਾਂਦਾ ਹੈ, ਆਪਣੀ ਅਕਲ ਦੇ ਜੌਹਰ ਦਿਖਾਉਣ ਲਗਦਾ ਹੈ; ਨਤੀਜਾ ਇਹ ਹੈ ਕਿ ਗਾਲਿਬ ਦੀ ਮਹਾਨਤਾ ਅੱਜ ਵੀ ਕਹਾਵਤ ਹੀ ਹੈ।
ਗਾਲਿਬ ਦੇ ਸੁਹਜ ਦੇ ਬਹੁਤ ਪਹਿਲੂ ਨੇ। ਖਾਸਤਰੀਨ ਹੈ ਉਸ ਦੇ ਤਸੱਵਰ ਦੀ ਖੂਬਸੂਰਤੀ ਤੇ ਇਹ ਖੂਬਸੂਰਤੀ ਵੀ ਬੜੀਆਂ ਸ਼ਕਲਾਂ ਵਿਚ ਜ਼ਾਹਰ ਹੁੰਦੀ ਹੈ। ਏਥੇ ਖਿਆਲ ਅਤੇ ਤਸੱਵਰ ਨੂੰ ਨਿਖੇੜ ਲੈਣਾ ਜ਼ਰੂਰੀ ਹੈ। ਖਿਆਲ ਸੋਸ਼ਲ ਹੈ, ਸਭ ਨਾਲ ਸਾਂਝਾ ਹੈ; ਅਸੀਂ ਉਸ ਨੂੰ ਆਪਣੇ ਤੌਰ ‘ਤੇ ਅਪਨਾ ਕੇ ਆਪਣੀ ਗੱਲ ਆਖ ਸਕਦੇ ਹਾਂ। ਤਸੱਵਰ ਖਿਆਲ ਨਵੀਂ ਚੀਜ਼ ਪੈਦਾ ਕਰ ਲੈਂਦਾ ਹੈ ਜਿਸ ਨੂੰ ਅਸੀਂ ਪਛਾਣ ਸਕਦੇ ਹਾਂ, ਜਿਸ ਤਰ੍ਹਾਂ ਕਹਿੰਦੇ ਨੇ:
ਹੈ ਬਹੁਤ ਸੱਚੀ ਅਗਰਚੇ ਸ਼ਾਇਰੋਂ ਕੀ ਬਾਤ ਹੈ।
ਇਸ ਪਛਾਣ ਵਿਚ ਖੂਬਸੂਰਤੀ ਹੈ। ਗਾਲਿਬ ਕਹਿੰਦਾ ਏ:
ਪੁਰ ਹੂੰ ਮੈਂ ਸ਼ਿਕਵਾ ਸੇ ਯੂੰ ਰਾਗ ਸੇ ਜੈਸੇ ਬਾਜਾ
ਇਕ ਜ਼ੱਰ੍ਹਾ ਛੇੜੀਏ ਫਿਰ ਦੇਖੀਏ ਕਿਆ ਹੋਤਾ ਹੈ।
ਸ਼ਾਇਰ ਸਤਾਉਣ ਵਾਲੇ ਦੇ ਖਿਲਾਫ਼ ਸ਼ਿਕਾਇਤ ਨਾਲ ਭਰਿਆ ਪਿਆ ਹੈ, ਜ਼ਰਾ ਜਿੰਨੀ ਹਰਕਤ ‘ਤੇ ਉਸ ਨੇ ਛਿੜ ਪੈਣਾ ਹੈ। ਅਸੀਂ ਏਥੇ ਐਨ ਮੰਨ ਲੈਂਦੇ ਹਾਂ ਕਿ ਵਾਜੇ ਵਿਚ ਬੇਅੰਤ ਰਾਗ ਹੁੰਦਾ ਹੈ ਅਤੇ ਸਾਨੂੰ ਸ਼ਿਕਾਇਤ ਕਰਨ ਵਾਲੇ ਦੇ ਦਿਲ ਵਿਚ ਸੰਭਾਲੇ ਤੂਫ਼ਾਨ ਦਾ ਅੰਦਾਜ਼ਾ ਹੋ ਜਾਂਦਾ ਏ। ਵਾਜੇ ਵਿਚ ਭਰੇ ਬੇਓੜਕ ਰਾਗ ਦਾ ਤਸੱਵਰ ਗਾਲਬੀਅਤ ਹੈ। ਹੋਰ ਇਕ ਥਾਂ ਕਿਹਾ ਏ:
ਮੌਤ ਬਸ ਉਨਕੀ ਹੈ ਜੋ ਮਰ ਕੇ ਵਹਾਂ ਦਫ਼ਨ ਹੂਏ,
ਜ਼ੀਸਤ ਉਨਕੀ ਹੈ ਜੋ ਉਸ ਕੂਚੇ ਸੇ ਘਾਇਲ ਆਏ।
ਏਥੇ ਗਾਲਬੀਅਤ ਇਸ ਬਿਆਨ ਵਿਚ ਹੈ ਕਿ ਆਮ ਮੌਤ ਵੀ ਕਿਸੇ ਗਿਣਤੀ ਵਿਚ ਨਹੀਂ। ਮੌਤ ਉਹ ਹੈ ਜਿਹੜੀ ਉਹਦੀ ਗਲੀ ਵਿਚ ਮਰ ਕੇ ਦਫ਼ਨ ਹੋਣ ਤੱਕ ਪਹੁੰਚੇ ਤੇ ਜ਼ਿੰਦਗੀ ਦਾ ਇਰਫ਼ਾਨ ਸਿਰਫ਼ ਉਨ੍ਹਾਂ ਨੂੰ ਹੈ ਜੋ ਉਨ੍ਹਾਂ ਜ਼ਖ਼ਮਾਂ ਨੂੰ ਸਹਿਲਾਏ ਤੇ ਜਿਹੜੇ ਉਨ੍ਹਾਂ ਜ਼ਖਮਾਂ ਨੂੰ ਲਈ ਫਿਰਦੇ ਨੇ, ਉਨ੍ਹਾਂ ਨੂੰ ਹੁਣ ਕਿਹੜੀ ਮੌਤ ਨੇ ਮਾਰਨਾ ਹੈ! ਇਕ ਸ਼ਿਅਰ ਹੋਰ ਦੇਖੋ:
ਕਿਸਕਾ ਖਿਆਲ ਆਇਨੇ ਇੰਤਜ਼ਾਰ ਥਾ
ਹਰ ਬਰਗੇ ਗੁਲ ਕੇ ਪਰਦੇ ਮੇਂ ਦਿਲ ਬੇਕਰਾਰ ਥਾ
ਜੇ ਇਹ ਸ਼ਿਅਰ ਗਾਲਿਬ ਦਾ ਨਾ ਹੁੰਦਾ ਤਾਂ ਇਹ ਇੰਜ ਵੀ ਹੋ ਸਕਦਾ ਸੀ:
ਕਿਸ ਮਾਹਲਕਾ ਕਾ ਗੁਲਿਸਤਾਂ ਕੋ ਇੰਤਜ਼ਾਰ ਥਾ।
ਹਰ ਫੂਲ ਕੇ ਸੀਨੇ ਮੇਂ ਇਕ ਦਿਲ ਬੇਕਰਾਰ ਥਾ।
ਇਸ ਸ਼ਿਅਰ ਵਿਚ ਬਾਗ਼ ਨੂੰ ਕਿਸੇ ਚੰਦਰਮੁਖੀ ਦੀ ਉਡੀਕ ਤੇ ਉਸ ਉਡੀਕ ਵਿਚ ਹਰ ਫੁੱਲ ਦੇ ਦਿਲ ਦੀ ਤੜਪ ਦੇ ਤਸੱਵਰ ਵਿਚ ਸ਼ਾਇਰੀ ਹੈ ਪਰ ਗਾਲਿਬ ਦਾ ਸ਼ਿਅਰ ਹਰ ਫੁੱਲ ਦੀ ਪੱਤੀ-ਪੱਤੀ ਨੂੰ ਆਉਣ ਵਾਲੇ ਦੇ ਖਿਆਲ ਦਾ ਸ਼ੀਸ਼ਾ ਫੜਾ ਦਿੰਦਾ ਏ ਤੇ ਉਸ ਸੂਰਤ ਦੀ ਆਮਦ ਵਿਚ ਪੱਤੀ-ਪੱਤੀ ਤੜਫਦੀ ਹੈ। ਉਡੀਕ ਵਿਚ ਉਡੀਕੇ ਜਾਣ ਵਾਲੇ ਦਾ ਖਿਆਲ ਤਾਂ ਹੁੰਦਾ ਹੈ, ਪਰ ਉਸ ਖਿਆਲ ਨੂੰ ਸ਼ੀਸ਼ਾ ਬਣਾ ਕੇ ਉਡੀਕਵਾਨ ਪੱਤੀ-ਪੱਤੀ ਨੂੰ ਫੜਾ ਦੇਣਾ ਗਾਲਬੀਅਤ ਹੈ।
ਗਾਲਿਬ ਦੀ ਸ਼ਾਇਰੀ ਵਿਚ ਕਲਪਨਾ ਨੂੰ ਟੁੰਬਣ ਵਾਲੇ ਸ਼ਿਅਰਾਂ ਦੀ ਗਿਣਤੀ ਏਨੀ ਹੈ ਕਿ ਉਸ ਦੇ ਸਿਹਰਿਆਂ, ਕਸੀਦਿਆਂ, ਫਰਮਾਇਸ਼ੀ ਕਲਾਮ ਤੇ ਮੁਨਫ਼ਰਦ ਸ਼ਿਅਰਾਂ ਤੇ ਕੱਤਿਆਂ ਵਗੈਰਾ ਨੂੰ ਛੱਡ ਕੇ ਦੀਵਾਨ ਵਿਚ ਦਰਜ ਲਗਭਗ 235 ਗਜ਼ਲਾਂ ਦੇ ਖੂਬਸੂਰਤ ਸ਼ਿਅਰਾਂ ਦਾ ਹੀ ਜ਼ਿਕਰ ਕਰੀਏ ਤਾਂ ਦੀਵਾਨ ਤੋਂ ਵੱਡੀ ਕਿਤਾਬ ਲਿਖਣ ਦੀ ਲੋੜ ਪਵੇਗੀ। ਮੈਂ ਇਕ-ਦੋ ਮਿਸਾਲਾਂ ਤੋਂ ਬਾਅਦ ਗਾਲਿਬ ਦੀਆਂ ਹੋਰ ਖੂਬੀਆਂ ਦੀ ਗੱਲ ਕਰਾਂਗਾ।
ਮਿਸਾਲਾਂ:
ਹੋ ਗਏ ਹੈਂ ਜਮਾਅ ਅਜਜ਼ਾਏ ਨਿਗਾਹੇ ਆਫ਼ਤਾਬ,
ਜ਼ੱਰੇ ਉਸ ਕੇ ਘਰ ਕੀ ਦੀਵਾਰੋਂ ਕੇ ਰੌਜ਼ਨ ਮੇਂ ਨਹੀਂ।
ਯਾਦ ਦੇ ਘਰ ਦੇ ਰੌਸ਼ਨਦਾਨ ਵਿਚ ਆਉਂਦੀਆਂ ਕਿਰਨਾਂ ਵਿਚ ਨੱਚਦੇ ਰੌਸ਼ਨ ਧੂੜ ਕਣਾਂ ਨੂੰ ਦੇਖ ਕੇ ਸ਼ਾਇਰ ਕਹਿੰਦਾ ਏ, ਇਹ ਧੂਲ ਕਣ ਨਹੀਂ, ਇਹ ਤਾਂ ਉਸ ਨੂੰ ਦੇਖਣ ਲਈ ਸੂਰਜ ਦੀ ਨਜ਼ਰ ਟੋਟਾ-ਟੋਟਾ ਹੋਈ ਫਿਰਦੀ ਹੈ, ਯਾਨਿ ਸੂਰਜ ਉਹਨੂੰ ਹਜ਼ਾਰ ਅੱਖਾਂ ਨਾਲ ਦੇਖਣ ਲਈ ਬੇਤਾਬ ਹੈ। ਅੱਗੇ ਕਹਿੰਦਾ ਏ:
ਨਾ ਹੋਗਾ ਯਕ ਬੀਆਬਾਂ ਮਾਂਦਗੀ ਸੇ ਜ਼ੌਕ ਕਮ ਮੇਰਾ,
ਹੁਬਾਬੇ ਮੌਜ ਏ ਰਫ਼ਤਾਰ ਹੈ ਨਕਸ਼ੇ ਕਦਮ ਮੇਰਾ।
ਅਰਥਾਤ ਕਿਸੇ ਇਕ ਅੱਧੇ ਬੀਆਬਾਨ ਨੂੰ ਗਹੁਣ ਦੀ ਥਕਾਵਟ ਨਾਲ ਮੈਂ ਅੱਗੇ ਤੋਂ ਅੱਗੇ ਜਾਣ ਤੋਂ ਹਾਰਨ ਵਾਲਾ ਨਹੀਂ। ਜਿਸ ਤਰ੍ਹਾਂ ਪਾਣੀ ਦੀ ਲਹਿਰ ਉਤੇ ਬੁਲਬੁਲੇ ਨੇ, ਏਸੇ ਤਰ੍ਹਾਂ ਰਫ਼ਤਾਰ ਦੀ ਲਹਿਰ ਉਤੇ ਮੇਰੀਆਂ ਪੈੜਾਂ ਨੇ; ਮੈਂ ਰਫ਼ਤਾਰ ਦੀ ਲਹਿਰ ‘ਤੇ ਸਵਾਰ ਹਾਂ, ਮੈਨੂੰ ਥਕਾਵਟ ਕੀ? ਰਫ਼ਤਾਰ ਦੀ ਲਹਿਰ ‘ਤੇ ਸਵਾਰ ਹੋਣ ਦਾ ਤਸੱਵਰ ਖੂਬ ਹੈ। ਇਕ ਹੋਰ ਸ਼ਿਆਰ ਹੈ:
ਜਜ਼ਬਾ-ਇ-ਬੇਅਖਤਿਆਰੇ ਸ਼ੌਕ ਦੇਖਾ ਚਾਹੀਏ,
ਸੀਨਾ-ਇ-ਸ਼ਮਸ਼ੀਰ ਸੇ ਬਾਹਰ ਹੈ ਦਮ ਸ਼ਮਸ਼ੀਰ ਕਾ।
ਸ਼ਿਅਰ ਦੀ ਖੂਬਸੂਰਤੀ ਸ਼ਮਸ਼ੀਰ ਦੇ ਦਮ ਦੇ ਬਿਆਨ ਵਿਚ ਹੈ। ਸ਼ਮਸ਼ੀਰ ਦਾ ਦਮ ਤਲਵਾਰ ਦੀ ਪਾਣ ਨੂੰ ਕਹੀਦਾ ਏ। ਗਾਲਿਬ ਕਹਿੰਦਾ ਏ, ਕਾਤਲ ਦੀ ਤਲਵਾਰ ਮੇਰੀ ਜਾਨ ਲੈਣ ਲਈ ਏਨੀ ਕਾਹਲੀ ਹੈ ਕਿ ਉਸ ਦਾ ਦਮ ਸੀਨੇ ਤੋਂ ਬਾਹਰ ਆਇਆ ਫਿਰਦਾ ਹੈ। ਆਮ ਦਮ ਸੀਨੇ ਦੇ ਅੰਦਰ ਹੁੰਦਾ ਏ, ਪਰ ਤਲਵਾਰ ਦਾ ਦਮ ਬਾਹਰ ਹੁੰਦਾ ਹੈ ਤੇ ਗਾਲਿਬ ਨੇ ਇਹ ਗੱਲ ਫੜ੍ਹ ਕੇ ਖੂਬਸੂਰਤ ਸ਼ਿਅਰ ਵਿਚ ਬੰਨ੍ਹ ਦਿੱਤੀ ਹੈ। ਆਪਣੇ ਕਤਲ ਬਾਰੇ ਗਾਲਿਬ ਦਾ ਸ਼ਿਅਰ ਹੈ:
ਕੀ ਮੇਰੇ ਕਤਲ ਕੇ ਬਾਅਦ ਉਸ ਨੇ ਜਫ਼ਾ ਸੇ ਤੌਬਾ,
ਹਾਏ! ਉਸ ਜ਼ੂਦ ਪਸ਼ੇਮਾਂ ਕਾ ਪਸ਼ੇਮਾਂ ਹੋਨਾ।
ਇਸ ਸ਼ਿਅਰ ਵਿਚ ਗੱਲ ਜ਼ੂਦ ਪਸ਼ੇਮਾਨੀ ਦੀ ਹੈ। ਗਾਲਿਬ ਆਪਣੇ ਕਤਲ ਨੂੰ ਬਹੁਤ ਮਾਮੂਲੀ ਗੱਲ ਸਮਝਦਾ ਹੈ ਤੇ ਕਹਿੰਦਾ ਏ- ਦੇਖੋ, ਉਹ ਨਾਜ਼ਕ ਤਬਾਅ ਕਿੱਡੀ ਛੇਤੀ ਸ਼ਰਮਿੰਦਾ ਹੋ ਜਾਂਦਾ ਏ। ਮੇਰੇ ਵਰਗੇ ਦਾ ਕਤਲ ਵੀ ਕੋਈ ਸ਼ਰਮਿੰਦਗੀ ਵਾਲੀ ਗੱਲ ਹੈ ਭਲਾਂ!
ਗੁਲਜ਼ਾਰ, ਫੁੱਲਾਂ, ਮਹਿਲਾਂ ਬਾਰੇ ਬਹੁਤ ਸ਼ਾਇਰੀ ਹੋਈ ਹੈ। ਗੁਲਜ਼ਾਰ ਵਿਚ ਖੁਸ਼ਬੂ ਦੀ ਕਾਰਫਰਮਾਈ ਬਾਰੇ ਗਾਲਿਬ ਦਾ ਬਿਆਨ ਦੇਖਣ ਵਾਲਾ ਹੈ:
ਆਜ਼ਾਦੀ-ਏ-ਨਸੀਮ ਮੁਬਾਰਕ ਕਿ ਹਰ ਤਰਫ਼
ਟੂਟੇ ਪੜੇ ਹੈਂ ਹਲਕ-ਏ-ਦਾਮੇ-ਹਵਾਏ ਗੁਲ।
ਗੁਲਸ਼ਨ ਦੀ ਹਵਾ ਮਹਿਕ ਰਹੀ ਹੈ, ਫੁੱਲ ਪੱਤੀਆਂ ਖਿਲਰੀਆਂ ਫਿਰਦੀਆਂ ਨੇ। ਗਾਲਿਬ ਨੂੰ ਇਹ ਫੁੱਲ ਪੱਤੀਆਂ ਉਸ ਜ਼ੰਜੀਰ ਦੀਆਂ ਕੜੀਆਂ ਜਾਪਦੀਆਂ ਨੇ ਜਿਸ ਵਿਚ ਖੁਸ਼ਬੂ ਜਕੜੀ ਹੋਈ ਸੀ ਤੇ ਉਹ ਦੀਵਾਨਾਵਾਰ ਸਭ ਨੂੰ ਖੁਸ਼ਬੂ ਦੇ ਕੇ ਆਜ਼ਾਦ ਹੋਣ ਦੀ ਵਧਾਈ ਦਿੰਦਾ ਫਿਰਦਾ ਹੈ। ਖੁਸ਼ਬੂ ਦੀ ਆਜ਼ਾਦੀ ਦੀ ਵਧਾਈ ਦੇਣਾ ਗਾਲਬੀਅਤ ਹੈ।
ਕੁਝ ਖਾਸ ਹੀ ਮਜ਼ਮੂਨ ਨੇ ਜੋ ਹਰ ਗਜ਼ਲਗੋ ਆਪਣੇ ਸ਼ਿਅਰਾਂ ਵਿਚ ਬੰਨ੍ਹਦਾ ਏ। ਗਾਲਿਬ ਦੀ ਖਾਸੀਅਤ ਇਹ ਹੈ ਕਿ ਉਹ ਇਨ੍ਹਾਂ ਮਜ਼ਮੂਨਾਂ ਨੂੰ ਸਮਾਜ, ਵਕਤ ਜਾਂ ਜ਼ਮਾਨੇ ਨਾਲ ਜੋੜ ਦਿੰਦਾ ਹੈ।
ਸ਼ਿਅਰ ਦੇਖੋ:
ਜੀ ਢੂੰਡਤਾ ਹੈ ਫਿਰ ਵਹੀ ਫੁਰਸਤ ਕੇ ਰਾਤ ਦਿਨ,
ਬੈਠੇ ਰਹੇਂ ਤਸੱਵਰੇ ਜਾਨਾਂ ਕੀਏ ਹੂਏ।
ਇਸ ਮਜ਼ਮੂਨ ਨੂੰ ਇਕ ਹੋਰ ਸ਼ਾਇਰ ਨੇ ਇੰਜ ਬਿਆਨ ਕੀਤਾ ਏ:
ਰਖ ਕਰ ਨਜ਼ਰ ਕੇ ਸਾਮਨੇ ਤਸਵੀਰੇ ਖਵਾਬੇ ਨਾਜ਼,
ਪਹਿਰੋਂ ਤੇਰੇ ਖਿਆਲ ਮੇਂ ਬੈਠਾ ਰਹਾ ਹੂੰ ਮੈਂ।
ਸ਼ਿਅਰ ਸਿਰਫ਼ ਏਨਾ ਬਿਆਨ ਕਰਦਾ ਏ ਕਿ ਸ਼ਾਇਰ ਬਹੁਤ ਚਿਰ ਯਾਰ ਦੇ ਨਾਜ਼ੋ-ਅਦਾ ਦੇ ਖਿਆਲ ਵਿਚ ਡੁੱਬਿਆ ਰਿਹਾ।
ਗਾਲਿਬ ਯਾਰ ਦੇ ਤਸੱਵਰ ਦੀ ਜੰਨਤ, ਹਾਲਾਤ ਵੱਲੋਂ ਖੋਹ ਲਏ ਜਾਣ ਦਾ ਸਾਖੀ ਹੈ। ਦੌੜ-ਭੱਜ ਦੇ ਜ਼ਮਾਨੇ ਵਿਚ ਗਾਲਿਬ ਦਾ ਸ਼ਿਅਰ ਹੋਰ ਵੀ ਪਿਆਰਾ ਹੋ ਗਿਆ ਏ। ਸ਼ਿਅਰ ਹੈ:
ਮਾਰਾ ਜ਼ਮਾਨੇ ਨੇ ਅਸਦਉਲਾਹ ਖਾਂ ਤੁਮਹੇਂ
ਵੋ ਵਲਵਲੇ ਕਹਾਂ ਵੋਹ ਜਵਾਨੀ ਕਿਧਰ ਗਈ।
ਗੱਲ ਦੀ ਖੂਬਸੂਰਤੀ ਇਹ ਕਹਿਣ ਵਿਚ ਹੈ ਕਿ ਅਸੀਂ ਕਿਤੇ ਬੁੱਢੇ ਹੋਣਾ ਸੀ! ਇਹ ਤਾਂ ਜ਼ਮਾਨੇ ਨੇ ਇਹ ਹਾਲ ਕਰ ਦਿੱਤਾ; ਸਾਡੇ ਵਲਵਲੇ ਖੋਹ ਲਏ, ਜਵਾਨੀ ਲੁੱਟ ਲਈ।
ਅੱਜ ਦੇ ਗਜ਼ਲਗੋ ਕੋਲ ਬਹੁਤ ਸਾਰੇ ਨਵੇਂ ਵਿਸ਼ੇ ਨੇ, ਗਾਲਿਬ ਦੇ ਵੇਲੇ ਨਹੀਂ ਸਨ। ਗਮੇ-ਦੌਰਾਂ ਦੀ ਹਕਾਇਤ ਨੂੰ ਤਰੱਕੀਪਸੰਦ ਲਹਿਰ ਦੇ ਅਸਰ ਨਾਲ ਜੋ ਥਾਂ ਮਿਲੀ, ਉਹ ਉਸ ਵੇਲੇ ਨਹੀਂ ਸੀ। ਹਾਂ ਰੁਜ਼ਗਾਰ ਦਾ ਗਮ ਉਦੋਂ ਵੀ ਸੀ, ਸਗੋਂ ਇਸ ਗਮ ਦਾ ਬਿਆਨ ਮੀਰ ਵਿਚ ਹੈ। ਮੀਰ ਸਾਹਿਬ ਫਰਮਾਉਂਦੇ ਨੇ:
ਜਿੰਨ ਬਲਾਓਂ ਕੋ ਮੀਰ ਸੁਨਤੇ ਥੇ
ਉਨ ਕੋ ਇਸ ਰੋਜ਼ਗਾਰ ਮੇਂ ਦੇਖਾ।
ਪਰ ਗਾਲਿਬ ਆਪਣੇ ਰੁਜ਼ਗਾਰ ਦੇ ਗਮ ਨੂੰ ਗਮੇ ਜਾਨਾ ਨਾਲ ਜੋੜ ਕੇ ਖੂਸਸੂਰਤੀ ਪੈਦਾ ਕਰ ਦਿੰਦਾ ਏ:
ਗੋ ਮੈਂ ਰਹਾ ਰਹੀਨੇ ਸਿਤਮਹਾਏ ਰੋਜ਼ਗਾਰ
ਲੇਕਿਨ ਤੇਰੇ ਖਿਆਲ ਸੇ ਗਾਫ਼ਲ ਨਹੀਂ ਰਹਾ।
ਉਹ ਤਾਂ ਆਪਣੀਆਂ ਨਾਉਮੀਦੀਆਂ ਨੂੰ ਵੀ ਯਾਰ ਦੇ ਪੱਲੇ ਨਾਲ ਜੋੜ ਦਿੰਦਾ ਏ:
ਠਹਿਰਨੇ ਦੇ ਮੁਝੇ ਐ ਨਾਉਮੀਦੀ ਕਯਾ ਕਯਾਮਤ ਹੈ
ਕਿ ਦਾਮਾਨੇ ਖਿਆਲੇ ਯਾਰ ਛੂਟਾ ਜਾਏ ਹੈ ਮੁਝ ਸੇ।
ਤੇ ਦਾਮਨ ਵੀ ਯਾਰ ਦਾ ਨਹੀਂ, ਖਿਆਲੇ ਯਾਰ ਦਾ ਹੈ। ਗਮੇ-ਦੌਰਾਂ ਦਾ ਮੁਢਲਾ ਮੁੱਦਾ ਤੇ ਉਰਦੂ ਦੇ ਪਹਿਲੇ ਵੱਡੇ ਗਜ਼ਲਗੋ ਵਲੀ ਦਕਨੀ ਦੇ ਵੇਲੇ ਤੋਂ ਹੀ ਜ਼ਿਕਰ ਵਿਚ ਰਿਹਾ ਏ:
ਬਾਇਸੇ ਰੁਸਵਾਈ ਏ ਆਲਮ ਵਲੀ
ਮੁਫ਼ਲਸੀ ਹੈ। ਮੁਫ਼ਲਸੀ ਹੈ!! ਮੁਫ਼ਲਸੀ!
ਯਾਨਿ ਦੁਨੀਆਂ ਦੀ ਖਵਾਰੀ ਦਾ ਕਾਰਨ ਗਰੀਬੀ ਹੈ ਤੇ ਗਰੀਬੀ ਹੀ ਹੈ; ਪਰ ਗਾਲਿਬ ਨੇ ਗਰੀਬੀ ਦੀ ਲਾਅਨਤ ਨੂੰ ਜਿਹੜੇ ਪੁਰ ਤਾਸੀਰ ਲਫ਼ਜ਼ਾਂ ਵਿਚ ਬੰਨ੍ਹਿਆ ਏ, ਉਸ ਦੀ ਮਿਸਾਲ ਨਹੀਂ:
ਸਰ ਪਰ ਹਜ਼ੂਮੇ ਦਰਦੇ ਗਰੀਬੀ ਸੇ ਡਾਲੀਏ
ਵੋ ਏਕ ਮੁਸ਼ਤੇ ਖਾਕ ਕਿ ਸਹਰਾ ਕਹੇਂ ਜਿਸੇ।
ਅਰਥਾਤ ਗਰੀਬੀ ਦੇ ਦੁੱਖ ਏਨੇ ਵਡੇ ਨੇ ਕਿ ਦੁਨੀਆਂ ਦੇ ਸਿਰ ਚੜ੍ਹ ਕੇ ਜੇ ਆਪਣੇ ਸਿਰ ਵਿਚ ਮਿੱਟੀ ਪਾਏ ਤਾਂ ਸਾਰਾ ਮਾਰੂਥਲ ਇਸ ਲਈ ਕਾਫ਼ੀ ਨਹੀਂ, ਇਹ ਤਾਂ ਸਿਰਫ਼ ਮਿੱਟੀ ਦੀ ਇਕ ਮੁੱਠ ਲਗਦਾ ਏ।
ਦੁਨੀਆਂ ਨੇ ਮਜਨੂੰ ਨੂੰ ਲੈਲਾ ਦੀ ਚਾਹਤ ਵੱਟੇ ਜੋ ਵਹਿਸ਼ਤ ਦਿੱਤੀ, ਉਸ ਦਾ ਗੁਬਾਰ ਸਾਰੀ ਦੁਨੀਆਂ ਵਿਚ ਇਸ ਸਿਰੇ ਤੋਂ ਉਸ ਸਿਰੇ ਤੱਕ ਫੈਲਿਆ ਹੋਇਆ ਹੈ ਤੇ ਇਹ ਆਲਮ ਕਿਸੇ ਨੂੰ ਵੀ ਲੈਲਾ ਦੇ ਤੁਰੇ ਦਾ ਨਜ਼ਾਰਾ ਬਹੁਤ ਚਿਰ ਤੱਕ ਦਿਸਣ ਨਹੀਂ ਦਿੰਦਾ, ਯਾਨਿ ਦੁਨੀਆਂ ਦੀ ਕਰੂਰ ਅਸਲੀਅਤ ਸਾਥੋਂ ਛੇਤੀ ਹੀ ਜੀਵਨ ਦਾ ਰੁਮਾਂਸ ਖੋਹ ਲੈਂਦੀ ਹੈ। ਸ਼ਿਅਰ ਇਸ ਤਰ੍ਹਾਂ ਹੈ:
ਆਲਮ ਗੁਬਾਰੇ ਵਹਿਸ਼ਤੇ ਮਜਨੂੰ ਹੈ ਸਰਬਸਰ
ਕਬ ਤਕ ਖਿਆਲੇ ਤੁਰੱਏ ਲੈਲਾ ਕਰੇ ਕੋਈ।
ਪਰ ਨਹੁੰਆਂ ਨਾਲੋਂ ਮਾਸ ਕਦੋਂ ਟੁੱਟਦਾ ਏ, ਗਾਲਿਬ ਫਰਮਾਉਂਦੇ ਨੇ:
ਫਿਰ ਉਸੀ ਬੇਵਫ਼ਾ ਪੇ ਮਰਤੇ ਹੈਂ
ਫਿਰ ਵਹੀ ਜ਼ਿੰਦਗੀ ਹਮਾਰੀ ਹੈ।
ਜਾਂ
ਮੁਹੱਬਤ ਮੇਂ ਨਹੀਂ ਕੁਛ ਫਰਕ ਜੀਨੇ ਔਰ ਮਰਨੇ ਮੇਂ,
ਉਸੀ ਕੇ ਦੇਖ ਕਰ ਜੀਤੇ ਹੈਂ ਜਿਸ ਕਾਫ਼ਰ ਪੇ ਦਮ ਨਿਕਲੇ।
ਤੇ ਇੰਜ ਜ਼ਿੰਦਗੀ ਦੀ ਸ਼ਮਾ ਹਰ ਰੰਗ ਵਿਚ ਸਵੇਰ ਤੱਕ ਜਗਦੀ ਹੈ:
ਗਮੇ ਹਸਤੀ ਕਾ ਅਸਦ ਕਿਸ ਸੇ ਹੋ ਜੁਜ਼ ਮਰਗ ਇਲਾਜ
ਸ਼ਮਾ ਹਰ ਰੰਗ ਜਲਤੀ ਹੈ ਸਹਰ ਹੋਨੇ ਤੱਕ।
‘ਸ਼ਮਾ ਹਰ ਰੰਗ ਮੇਂ ਜਲਤੀ ਹੈ ਸਹਰ ਹੋਨੇ ਤੱਕ’ ਗਾਲਬੀਅਤ ਹੈ।
ਉਰਦੂ ਸ਼ਾਇਰੀ ਵਿਚ ਇਨਸਾਨ ਦੀ ਵਡਿੱਤਣ ਨੂੰ ਬਹੁਤ ਥਾਂ ਮਿਲਿਆ ਏ। ਮੀਰ ਸਾਹਿਬ ਫਰਮਾਉਂਦੇ ਨੇ:
ਮਤ ਸਹਲ ਹਮੇਂ ਜਾਨੋ ਫਿਰਤਾ ਹੈ ਫਲਕ ਬਰਸੋਂ
ਤਬ ਖਾਕ ਕੇ ਪਰਦੇ ਸੇ ਇਨਸਾਨ ਨਿਕਲਤੇ ਹੈਂ।
ਗਾਲਿਬ ਨੂੰ ਏਥੇ ਵੀ ਆਦਮੀ ਨੂੰ ਮੁਕੰਮਲ ਇਨਸਾਨ ਨਾ ਬਣਨ ਦੇਣ ਵਾਲੇ ਹਾਲਾਤ ਦਾ ਚੇਤਾ ਆ ਜਾਂਦਾ ਏ। ਉਹ ਕਹਿੰਦਾ ਏ:
ਬਸਕੇ ਦੁਸ਼ਵਾਰ ਹੈ ਹਰ ਕਾਮ ਕਾ ਆਸਾਂ ਹੋਨਾ
ਆਦਮੀ ਕੋ ਭੀ ਮਯੱਸਰ ਨਹੀਂ ਇਨਸਾਂ ਹੋਨਾ।
ਗਾਲਿਬ ਦੇ ਇਸ ਸ਼ਿਅਰ ਦੀ ਵਿਆਖਿਆ ਆਪੋ ਆਪਣੇ ਢੰਗ ਨਾਲ ਹੋਈ ਹੈ; ਦਰਅਸਲ ਗਾਲਿਬ ਦੀ ਇਹ ਬਦਕਿਸਮਤੀ ਹੈ ਕਿ ਉਸ ਦੇ ਹਿੱਸੇ ਉਹ ਵਿਆਖਿਆਕਾਰ ਆਏ ਜੋ ਉਹਦੇ ਹਰ ਸ਼ਿਅਰ ਵਿਚੋਂ ਤਸੱਵਫ਼ ਅਤੇ ਅਧਿਆਤਮਿਕਤਾ ਲੱਭਣ ਉਤੇ ਤੁਲੇ ਹੋਏ ਸਨ। ਇਹ ਸ਼ਿਅਰ ਮਯੱਸਰ ਨਹੀਂ ਏ ਮੁੱਦੇ ‘ਤੇ ਕੇਂਦਰਤ ਹੈ, ਯਾਨਿ ਹਾਲਾਤ ਆਦਮੀ ਨੂੰ ਇਨਸਾਨ ਨਹੀਂ ਬਣਨ ਦਿੰਦੇ।
ਆਪਣੇ ਵੇਲੇ ਦੇ ਆਗਰੇ ਦੇ ਸੂਬੇਦਾਰ ਦੇ ਭਤੀਜੇ ਗਾਲਿਬ ਨੇ ਸਾਰੀ ਉਮਰ ਗਰੀਬੀ ਵਿਚ ਗੁਜ਼ਾਰੀ, ਕਰਜ਼ ਦੀ ਸ਼ਰਾਬ ਪੀਤੀ ਤੇ ਆਸ ਰੱਖੀ ਕਿ ਇਹ ਫਾਕਾਮਸਤੀ ਇਕ ਦਿਨ ਰੰਗ ਲਿਆਵੇਗੀ:
ਕਰਜ਼ ਕੀ ਪੀਤੇ ਥੇ ਮੈਅ ਲੇਕਿਨ ਸਮਝਤੇ ਥੇ ਕਿ ਹਾਂ
ਰੰਗ ਲਾਏਗੀ ਹਮਾਰੀ ਫਾਕਾਮਸਤੀ ਏਕ ਦਿਨ।
ਗਾਲਿਬ ਦੀ ਫਾਕਾਮਸਤੀ ਕਦੀ ਰੰਗ ਨਾ ਲਿਆਈ! ਉਸ ਨੇ ਚਾਹਿਆ ਸੀ ਕਿ ਆਪਣੀ ਨਾਰਾਜ਼ ਰਹਿਣ ਵਾਲੀ ਕਿਸਮਤ ਤੋਂ ਇਕ ਸੋਹਣਾ ਖਵਾਬ ਉਧਾਰ ਲਵੇ, ਪਰ ਇਹ ਸੋਚ ਕੇ ਚੁੱਪ ਕਰ ਕੇ ਰਹਿ ਗਿਆ ਕਿ ਉਧਾਰ ਲੈ ਕੇ ਮੋੜਨਾ ਕਿਥੋਂ ਹੈ:
ਲੂ ਵਾਮ ਬਖਤੇ ਖਫ਼ਤਾ ਸੇ ਯਕ ਖਵਾਬੇ ਖੁਸ਼ ਵਲੇ
ਗਾਲਿਬ ਯੇ ਖੌਫ਼ ਹੈ ਕਿ ਕਹਾਂ ਸੇ ਅਦਾ ਕਰੂੰ
ਅਰਥ: ਵਾਮ-ਉਧਾਰ।
ਪੰਜਾਬੀ ਵਿਚ ਲੋਕ ਗੀਤ ਹੈ:
ਮੁੱਲ ਵਿਕਦਾ ਸੱਜਣ ਮਿਲ ਜਾਵੇ
ਲੈ ਲਵਾਂ ਮੈਂ ਜਿੰਦ ਵੇਚ ਕੇ।
ਤੇ ਗਾਲਿਬ ਵੀ ਜਾਨ ਵੇਚ ਕੇ ਖੁਸ਼ੀ ਦੇ ਖਵਾਬ ਦੀ ਅਦਾਇਗੀ ਕਰ ਸਕਦਾ ਸੀ, ਪਰ ਉਸ ਗਰੀਬ ਦੀ ਤਾਂ ਜਾਨ ਵੀ ਆਪਣੀ ਨਹੀਂ ਸੀ:
ਜਾਨ ਦੀ, ਹੂਈ ਉਸੀ ਕੀ ਥੀ
ਹਕ ਤੋ ਯੂੰ ਹੈ ਕਿ ਹਕ ਅਦਾ ਨਾ ਹੂਆ।
ਪਰ ਸਾਰੀਆਂ ਦਿਲਸ਼ਿਕਨੀਆਂ, ਨਾਕਾਮੀਆਂ ਤੇ ਨਾਉਮੀਦੀਆਂ ਦੇ ਬਾਵਜੂਦ ਉਹ ਜ਼ਿੰਦਗੀ ਤੋਂ ਕਿਨਾਰਾਕਸ਼ੀ ਨਹੀਂ ਕਰਦਾ:
ਹਮ ਕੋਈ ਤਰਕੇ ਵਫਾ ਕਰਤੇ ਹੈਂ
ਨਾ ਸਹੀ ਇਸ਼ਕ ਮੁਸੀਬਤ ਹੀ ਸਹੀ।
ਯਾਨਿ ਵਫਾ ਨਿਭਾਉਣ ਲਈ ਉਹ ਮੁਸੀਬਤ ਵਿਚ ਪੈਣ ਨੂੰ ਵੀ ਤਿਆਰ ਹੈ। ਵਫਾ ਦੇ ਰਾਹ ਦੀਆਂ ਮੁਸੀਬਤਾਂ ਨੂੰ ਉਹ ਲੋਕ ਜਾਣਦੇ ਨੇ ਜੋ ਇਸ ਦੁਨੀਆਂ ਦੀ ਵਿਆਖਿਆ ਕਰਨ ਦੀ ਥਾਂ ਇਸ ਨੂੰ ਬਦਲਣ ਲਈ ਜਦੋ-ਜਹਿਦ ਕਰ ਰਹੇ ਨੇ।
ਜ਼ਿੰਦਗੀ ਅਤੇ ਉਸ ਦੀਆਂ ਖੁਸ਼ੀਆਂ ਨਾਲ ਗਾਲਿਬ ਦਾ ਦਰਦ ਦਾ ਰਿਸ਼ਤਾ ਹੈ ਤੇ ਉਹ ਸਮਝਦਾ ਏ ਕਿ ਜ਼ਖ਼ਮਾਂ ਦਾ ਮੂੰਹ ਖੋਲ੍ਹੇ ਬਿਨਾਂ ਜ਼ਿੰਦਗੀ ‘ਮਹਿਬੂਬ’ ਨਾਲ ਗੱਲ ਨਹੀਂ ਹੋ ਸਕਦੀ:
ਜਬ ਤਕ ਦਹਾਨੇ ਜ਼ਖ਼ਮ ਨਾ ਪੈਦਾ ਕਰੇ ਕੋਈ
ਮੁਸ਼ਕਲ ਕਿ ਤੁਝ ਸੇ ਰਾਹੇਂ ਸੁਖਨ ਵਾ ਕਰੇ ਕੋਈ।
ਗਾਲਿਬ ਦੀ ਸ਼ਾਇਰੀ ਵਫ਼ਾ ਨੂੰ ਫਾਂਸੀ ਦੇ ਤਖ਼ਤੇ ਦੇ ਇਮਤਿਹਾਨ ਵਿਚ ਉਤਾਰਦੀ ਹੈ, ਉਹ ਮਜਨੂੰ ਤੇ ਫਰਹਾਦ ਨੂੰ ਜ਼ੁਲਫ਼ ਦੇ ਫੰਦੇ ਦੇ ਇਮਤਿਹਾਨ ਤੱਕ ਹੀ ਸੀਮਤ ਦੇਖਦਾ ਹੈ:
ਕਦਹ ਗੇਸੂ ਮੇ ਕੈਸੋ ਕੋਹਕੁੰਨ ਕੀ ਆਜ਼ਮਾਇਜ਼ ਹੈ,
ਜਹਾਂ ਹਮ ਹੈ ਵਹਾਂ ਦਾਰੋ ਰਸਨ ਕੀ ਆਜ਼ਮਾਇਸ਼ ਹੈ।
ਤੇ ਉਹ ਵਫ਼ਾ ਲਈ ਸਿਰ ਦੇਣ ਜਾਂਦਾ ਖੁਸ਼ੀ ਨਾਲ ਭਰਿਆ ਹੋਇਆ ਏ। ਉਸ ਦੀ ਨਜ਼ਰ ਦੀ ਝੋਲੀ ਜ਼ਖ਼ਮਾਂ ਦੇ ਸੁਰਖ ਗੁਲਾਬਾਂ ਨਾਲ ਭਰੀ ਹੋਈ ਹੈ:
ਮਕਤਲ ਕੋ ਇਸ ਨਿਸ਼ਾਤ ਸੇ ਜਾਤਾ ਹੂੰ ਮੈਂ ਕਿ ਹੈ
ਪੁਰ ਗੁਲ ਖਯਾਲੇ ਜ਼ਖ਼ਮ ਸੇ ਦਾਮਨ ਨਿਗਾਹ ਕਾ।
ਮਿਸਰਾ ਸਾਨੀ ਗਾਲਬੀਅਤ ਦੀ ਮਿਸਾਲ ਹੈ। ਇਸ ਸ਼ਿਅਰ ਨੇ ਜ਼ਿੰਦਗੀ ਲਈ ਸਿਰ ਕਟਾਉਣ ਵਾਲਿਆਂ ਦੀ ਤਰਜਮਾਨੀ ਕੀਤੀ ਹੈ ਤੇ ਅੱਜ ਵੀ ਕੁਰਬਾਨੀਆਂ ਦੇਣ ਵਾਲਿਆਂ ਨੂੰ ਉਤਸ਼ਾਹ ਦਿੰਦਾ ਹੈ ਤੇ ਇਸ ਦੇ ਮੁਕਾਬਲੇ ਲੋਕਾਂ ਨੂੰ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਬੰਬਰਾਂ ਕੋਲ ਆਪਣੇ ਜ਼ਾਤੀ ਸਵਾਬ ਤੋਂ ਛੁਟ ਜ਼ਿੰਦਗੀ ਦੀ ਵਫਾ ਦਾ ਕੋਈ ਤਸੱਵਰ ਨਹੀਂ। ਗਾਲਿਬ ਦੀ ਸ਼ਾਇਰੀ ਜ਼ਿੰਦਗੀ-ਏ-ਸੁਹੱਪਣ ਦੇ ਅਜਿਹੇ ਖੂੰਖਾਰ ਦੁਸ਼ਮਣਾਂ ਲਈ ਨਹੀਂ।
ਆਮੀਨ!