ਪੰਜਾਬੀ ਸਾਹਿਤ ਜਗਤ ਵਿਚ ‘ਬਾਬਾ ਬੋਹੜ’ ਦੇ ਨਾਂ ਨਾਲ ਜਾਣੇ ਜਾਂਦੇ ਸੰਤ ਸਿੰਘ ਸੇਖੋਂ ਨੇ ਨਾ ਸਿਰਫ ਪਾਏਦਾਰ ਸਾਹਿਤ ਦੀ ਰਚਨਾ ਕੀਤੀ, ਸਗੋਂ ਪੰਜਾਬੀ ਵਿਚ ਪਹਿਲੀ ਵਾਰ ਮਾਰਕਸਵਾਦੀ ਨਜ਼ਰੀਏ ਤੋਂ ਸਾਹਿਤਕ ਆਲੋਚਨਾ ਦਾ ਵੀ ਮੁੱਢ ਬੰਨ੍ਹਿਆ। ਗੁਲਜ਼ਾਰ ਸਿੰਘ ਸੰਧੂ ਨੇ ਹਥਲੀ ਲਿਖਤ ਵਿਚ ਇਸ ਮਹਾਨ ਹਸਤੀ ਦੇ ਅਨੇਕਾਂ ਅਣਦੱਸੇ ਪਹਿਲੂਆਂ ਉਤੇ ਰੋਸ਼ਨੀ ਪਾਈ ਹੈ। ਇਹ ਲਿਖਤ ਪੰਜਾਬ ਟਾਈਮਜ਼ ਦੇ ਪਾਠਕਾਂ ਦੀ ਨਜ਼ਰ ਹੈ।
-ਸੰਪਾਦਕ
-ਗੁਲਜ਼ਾਰ ਸਿੰਘ ਸੰਧੂ
ਕਿਸੇ ਸਮੇਂ ਪੰਜਾਬੀ ਸਾਹਿਤਕਾਰਾਂ ਦਾ ਮੱਕਾ ਰਹੇ ਖਾਲਸਾ ਕਾਲਜ, ਅੰਮ੍ਰਿਤਸਰ ਨੂੰ ਉਜਾੜਨ ਵਾਲਿਆਂ ਨੇ ਮੁੜ ਖਬਰਾਂ ‘ਚ ਲਿਆਂਦਾ ਹੈ। ਪਿਛਲੀ ਸਦੀ ਦੇ ਤੀਜੇ ਤੇ ਚੌਥੇ ਦਹਾਕੇ ਵਿਚ ਸਾਹਿਤ ਮਹਾਂਰਥੀ ਤੇਜਾ ਸਿੰਘ, ਮੋਹਨ ਸਿੰਘ, ਸੰਤ ਸਿੰਘ ਸੇਖੋਂ ਤੇ ਗੁਰਬਚਨ ਸਿੰਘ ਤਾਲਿਬ ਇੱਥੇ ਪੜ੍ਹਾਉਂਦੇ ਸਨ ਅਤੇ ਪ੍ਰੀਤਮ ਸਿੰਘ ਸਫੀਰ ਤੇ ਗੋਪਾਲ ਸਿੰਘ ਦਰਦੀ ਉਨ੍ਹਾਂ ਕੋਲੋਂ ਪੜ੍ਹਦੇ ਸਨ। ਇਨ੍ਹਾਂ ਵਿਚੋਂ ਜੋ ਸਥਾਨ ਤੇਜਾ ਸਿੰਘ ਤੇ ਸੰਤ ਸਿੰਘ ਸੇਖੋਂ ਨੂੰ ਮਿਲਿਆ, ਉਸ ਦਾ ਕੋਈ ਸਾਨੀ ਨਹੀਂ ਹੈ। ਮੋਹਨ ਸਿੰਘ ਦੀ ‘ਸਾਵੇ ਪੱਤਰ’ ਦਾ ਛਪਣ ਤੋਂ ਪਹਿਲਾਂ ਇੱਕ-ਇੱਕ ਸ਼ਬਦ ਤੇਜਾ ਸਿੰਘ ਨੇ ਉਸ ਦੇ ਮੂੰਹੋਂ ਸੁਣ ਕੇ ਸਲਾਹਿਆ ਹੀ ਨਹੀਂ, ਸੋਧਿਆ ਵੀ ਸੀ। ਸੰਤ ਸਿੰਘ ਸੇਖੋਂ ਦਾ ਪਹਿਲਾ ਇਕਾਂਗੀ ਸੰਗ੍ਰਿਹ ‘ਛੇ ਘਰ’ ਤੇ ਕਹਾਣੀ ਸੰਗ੍ਰਿਹ ‘ਸਮਾਚਾਰ’ ਵੀ ਇਨ੍ਹਾਂ ਦਿਨਾਂ ਵਿਚ ਹੀ ਛਪੇ। ‘ਪੇਮੀ ਦੇ ਨਿਆਣੇ’ ਨਾਂ ਦੀ ਕਹਾਣੀ ਨੇ ਪੰਜਾਬੀ ਕਹਾਣੀ ਨੂੰ ਨਵੀਆਂ ਲੀਹਾਂ ਉਤੇ ਪਾਇਆ। ਕਰਤਾਰ ਸਿੰਘ ਦੁੱਗਲ ਦੇ ਕਹਿਣ ਅਨੁਸਾਰ ਸੇਖੋਂ ਦੀ ਵਡਿੱਤਣ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਆਪਣੇ ਪਹਿਲੇ ਕਹਾਣੀ ਸੰਗ੍ਰਿਹ ਦੀ ਸਾਰੀ ਸਮੱਗਰੀ ਸੇਖੋਂ ਸਾਹਿਬ ਦੇ ਚਰਨਾਂ ਵਿਚ ਬਹਿ ਸੁਣਾਈ ਤੇ ਉਨ੍ਹਾਂ ਤੋਂ ਸ਼ਾਬਾਸ਼ ਪ੍ਰਾਪਤ ਕੀਤੀ।
ਸੰਤ ਸਿੰਘ ਸੇਖੋਂ ਨਾਲ ਮੇਰੀ ਪਹਿਲੀ ਮੁਲਾਕਾਤ 1956 ਦੇ ਅੰਤਲੇ ਦਿਨਾਂ ਵਿਚ ਹੋਈ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਚ ਏਸ਼ਿਆਈ ਲੇਖਕਾਂ ਦੀ ਇਕ ਬਹੁਤ ਵੱਡੀ ਕਾਨਫਰੰਸ ਸੀ ਜਿਸ ਦਾ ਉਦਘਾਟਨ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕੀਤਾ। ਮੁਲਕ ਰਾਜ ਆਨੰਦ ਦਾ ਮੁੱਖ ਭਾਸ਼ਣ ਸੀ। ਮੁਲਕ ਰਾਜ ਆਨੰਦ ਤੇ ਪੰਡਿਤ ਜਵਾਹਰ ਲਾਲ ਨਹਿਰੂ ਮੰਚ ਉਤੇ ਬੈਠੇ ਇੱਕ-ਦੂਜੇ ਨਾਲ ਮਖੌਲ ਕਰਦੇ ਮੈਂ ਪਹਿਲੀ ਵਾਰ ਤੱਕੇ ਸਨ। ਮੇਰੇ ਮਨ ਵਿਚ ਲੇਖਕ ਦੀ ਪਦਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਰਾਬਰ ਹੋ ਗਈ। ਮੈਂ 22 ਕੁ ਸਾਲਾਂ ਦਾ ਨੌਜਵਾਨ ਸਾਂ, ਪਰ ਡਾæ ਮਹਿੰਦਰ ਸਿੰਘ ਰੰਧਾਵਾ ਦੇ ਦਫਤਰ ਵਿਚ ਸਬ-ਐਡੀਟਰ ਲੱਗਿਆ ਹੋਣ ਕਾਰਨ ਮੈਨੂੰ ਸਾਰੇ ਵੱਡੇ ਲੇਖਕ ਜਾਣਨ ਲੱਗ ਪਏ ਸਨ। ਗੁਰਬਖਸ਼ ਸਿੰਘ ਪ੍ਰੀਤਲੜੀ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ ਤੇ ਜਗਜੀਤ ਸਿੰਘ ਆਨੰਦ।
ਸੇਖੋਂ ਨੇ ਕੋਟ ਪਤਲੂਨ ਤੇ ਟਾਈ ਤੋਂ ਬਿਨਾਂ ਬਣਾ ਸੰਵਾਰ ਕੇ ਬੰਨ੍ਹੀ ਪੱਗ ਵਾਲੇ ਚਿਹਰੇ ਉਤਲੀ ਦਾੜ੍ਹੀ ਨੂੰ ਸੱਜਰੀ ਕਲਫ ਲਾ ਰੱਖੀ ਸੀ। ਉਹ ਮਿੱਤਰਾਂ ਦੀ ਮਹਿਫਿਲ ਵਿਚੋਂ ਬਾਹਰ ਨਿਕਲਿਆ ਤਾਂ ਮੈਂ ਉਸ ਨੂੰ ਆਪਣੇ ਕੰਮ ਦੇ ਸਾਥੀਆਂ ਡੀæ ਮੁਤੂਸਵਾਮੀ ਤੇ ਟੀæ ਰਾਮਚੰਦਰਾ ਰਾਓ ਨਾਲ ਮਿਲਾ ਕੇ ਆਪਣਾ ਨਾਂ ਵੀ ਦੱਸਿਆ। ਅਸੀਂ ਚਾਹ ਵਾਲੇ ਮੇਜ਼ ਵੱਲ ਹੋ ਤੁਰੇ। “ਤੂੰ ਮੇਰਾ ਵਿਦਿਆਰਥੀ ਸੀ?” ਉਸ ਨੇ ਉਨ੍ਹਾਂ ਤੋਂ ਹਟ ਕੇ ਮੈਨੂੰ ਪੁਛਿਆ। “ਵਿਦਿਆਰਥੀ ਨਹੀਂ ਪਾਠਕ,” ਕਹਿ ਕੇ ਮੈਂ ਉਹਦੇ ਸਾਹਮਣੇ ਕੁਰਸੀ ਉਤੇ ਬੈਠ ਗਿਆ। ਗੁਰੂ ਤੋਂ ਸਬਕ ਲੈਣ ਵਾਲੇ ਸ਼ਿਸ਼ਾਂ ਵਾਂਗ। ਮੇਰੀ ਉਮਰ ਸਬਕ ਸਿੱਖਣ ਦੀ ਸੀ। ਮੇਰੇ ਸਾਥੀਆਂ ਲਈ ਇਹ ਮਾਣ ਦੀ ਗੱਲ ਸੀ ਕਿ ਪੰਜਾਬੀ ਦੇ ਇੱਕ ਵੱਡੇ ਲੇਖਕ ਨੇ ਉਨ੍ਹਾਂ ਨਾਲ ਬੈਠਣਾ ਮੰਨ ਲਿਆ ਸੀ। ਮੇਰੇ ਸਾਥੀ ਸੇਖੋਂ ਦੀਆਂ ਸੰਖੇਪ ਤੇ ਭਾਵਪੂਰਤ ਟਿੱਪਣੀਆਂ ਤੋਂ ਬੜੇ ਪ੍ਰਭਾਵਿਤ ਹੋਏ। ਉਹ ਦੋਵੇਂ ਮੇਰੇ ਨਾਲੋਂ ਦੁੱਗਣੀ ਤੇ ਡਿਉਢੀ ਉਮਰ ਦੇ ਸਨ। ਪਰ ਸੇਖੋਂ ਦੀ ਸੰਗਤ ਨੇ ਮੈਨੂੰ ਉਨ੍ਹਾਂ ਦਾ ਹਾਣੀ ਬਣਾ ਦਿੱਤਾ। ਸਾਥੋਂ ਜੁਦਾ ਹੋਣ ਤਕ ਸੇਖੋਂ ਮੇਰਾ ਕੱਦ ਉਨ੍ਹਾਂ ਨਾਲੋਂ ਉਚਾ ਕਰ ਗਿਆ ਸੀ।
ਸੇਖੋਂ ਨਾਲ ਸਾਹਿਤਕ ਰਿਸ਼ਤਾ ਗੂੜ੍ਹਾ ਹੁੰਦਿਆਂ ਦੇਰ ਨਹੀਂ ਲੱਗੀ। ਉਹ ਦਿੱਲੀ ਆਉਂਦਾ ਤਾਂ ਆਪਣੇ ਨਾਟਕਕਾਰ ਮਿੱਤਰਾਂ ਹਰਚਰਨ ਸਿੰਘ ਤੇ ਬਲਵੰਤ ਗਾਰਗੀ ਦੇ ਘਰ ਠਹਿਰਦਾ। ਉਸ ਨੇ ਛੇਤੀ ਹੀ ਇਨ੍ਹਾਂ ਠਾਹਰਾਂ ਵਿਚ ਮੇਰਾ ਘਰ ਵੀ ਸ਼ਾਮਲ ਕਰ ਲਿਆ। ਮੇਰੇ ਕੋਲ 3 ਕਮਰੇ ਦਾ ਵੱਡਾ ਘਰ ਸੀ ਤੇ ਆਉਣ ਜਾਣ ਲਈ ਛੋਟਾ ਮੋਟਰ ਸਾਈਕਲ। ਇਸ ‘ਤੇ ਬੈਠ ਕੇ ਮਜਨੂੰ ਟਿੱਲਾ ਦੇ ਗੁਰਦੁਆਰੇ ਰਾਹੀਂ ਰਾਸ਼ਟਰਪਤੀ ਭਵਨ ਜਾਂਦੇ। ਮੇਰੀ ਰਿਹਾਇਸ਼ ਦਿੱਲੀ ਯੂਨੀਵਰਸਿਟੀ ਨੇੜੇ ਮਾਡਲ ਟਾਊਨ ਵਿਚ ਸੀ। ਰਾਸ਼ਟਰਪਤੀ ਭਵਨ ਵਿਚ ਪ੍ਰਭਜੋਤ ਕੌਰ ਦਾ ਪਤੀ ਕਰਨਲ ਨਰਿੰਦਰਪਾਲ ਸਿੰਘ ਕੰਪਟਰੋਲਰ ਤੇ ਡਿਪਟੀ ਮਿਲਟਰੀ ਸੈਕਰੇਟਰੀ ਦੇ ਤੌਰ ‘ਤੇ ਤਾਇਨਾਤ ਸੀ। ਇੱਕ ਵਾਰ ਉੁਰਦੂ ਲੇਖਕ ਕ੍ਰਿਸ਼ਨ ਚੰਦਰ ਵੀ ਸੰਤ ਸਿੰਘ ਸੇਖੋਂ ਨੂੰ ਮਿਲਣ ਮੇਰੇ ਘਰ ਚੱਲ ਕੇ ਆਇਆ ਸੀ। ਉਹ ਮਾਡਲ ਟਾਊਨ ਹੀ ਰਹਿੰਦਾ ਸੀ। ਉਸ ਸਮੇਂ ਦੇ ਲੇਖਕਾਂ ਦੇ ਵਡੱਪਣ ਦਾ ਇੱਕ ਕਾਰਨ ਪਿੰਡਾਂ ਦੇ ਜੰਮਪਲ ਤੇ ਅੰਗਰੇਜ਼ੀ ਸਾਹਿਤ ਦੇ ਵਿਦਿਆਰਥੀ ਹੋਣਾ ਸੀ। ਤੇਜਾ ਸਿੰਘ, ਸੇਖੋਂ, ਤਾਲਿਬ, ਦਰਦੀ ਤੇ ਦੁੱਗਲ ਅੰਗਰੇਜ਼ੀ ਦੀ ਐਮæਏæ ਸਨ ਤੇ ਪਿੰਡ ਦੀ ਤ੍ਰੇਲ ਧੋਤੀ ਤੇ ਸੱਜਰੀ ਜ਼ਿੰਦਗੀ ਤੋਂ ਜਾਣੂ। ਇਨ੍ਹਾਂ ਦੀਆਂ ਦੁੱਧ-ਧੋਤੀਆਂ ਰਚਨਾਵਾਂ ਨੇ ਵਰਤਮਾਨ ਪੰਜਾਬੀ ਸਾਹਿਤ ਨੂੰ ਉਸਾਰਨ ਵਿਚ ਕਮਾਲ ਦਾ ਹਿੱਸਾ ਪਾਇਆ।
ਜੇ ਤੇਜਾ ਸਿੰਘ ਦਾ ਨਾਂ ਰਾਹ-ਦਸੇਰਿਆਂ ਦੀ ਸੂਚੀ ‘ਚ ਸਭ ਤੋਂ ਉਤੇ ਹੈ ਤਾਂ ਉਸ ਦੇ ਤੁਰ ਜਾਣ ਪਿੱਛੋਂ ਇਹ ਮਾਣ ਸੇਖੋਂ ਨੂੰ ਮਿਲਿਆ। ਅੱਧੀ ਸਦੀ ਪੰਜਾਬੀ ਦਾ ਸ਼ਾਇਦ ਹੀ ਕੋਈ ਲੇਖਕ ਹੋਵੇ ਜਿਸ ਨੇ ਆਪਣੀ ਪਹਿਲੀ ਕਿਤਾਬ ਸੰਤ ਸਿੰਘ ਸੇਖੋਂ ਦੀ ਸ਼ਾਬਾਸ਼ੀ ਤੋਂ ਬਿਨਾਂ ਮਾਰਕੀਟ ‘ਚ ਠੇਲ੍ਹੀ ਹੋਵੇ। ਨਾਮੀ ਪੰਜਾਬੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਨੇ ਤੇਜਾ ਸਿੰਘ ਤੇ ਸੰਤ ਸਿੰਘ ਸੇਖੋਂ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਉਸਰੱਈਏ ਗਰਦਾਨਿਆ ਸੀ। ਸੇਖੋਂ ਦੇ ਚਲਾਣੇ ਪਿੱਛੋਂ ਨਵੇਂ ਲੇਖਕਾਂ ਨੂੰ ਕੋਈ ਵੀ ਅਜਿਹਾ ਮਾਰਗਦਰਸ਼ਕ ਨਹੀਂ ਮਿਲਿਆ ਜਿਹੜਾ ਉਨ੍ਹਾਂ ਦੀ ਰਚਨਾ ਦੇ ਕੂਲੇਪਣ ਨੂੰ ਪਛਾਣ ਕੇ ਉਨ੍ਹਾਂ ਦੇ ਵਡੱਪਣ ਨੂੰ ਖੁੱਲ੍ਹੇ ਦਿਲ ਨਾਲ ਉਭਾਰਦਾ ਹੋਵੇ। ਤੇਜਾ ਸਿੰਘ ਪਾਕਿਸਤਾਨ ਵਿਚ ਰਹਿ ਗਏ ਜ਼ਿਲ੍ਹਾ ਰਾਵਲਪਿੰਡੀ ਦੇ ਨਿੱਕੇ ਜਿਹੇ ਪਿੰਡ ਅਡਿਆਲ ਵਿਚ ਜੰਮਿਆ ਸੀ ਤੇ ਸੇਖੋਂ ਲਾਇਲਪੁਰ ਜ਼ਿਲ੍ਹੇ ਦੀ ਝੰਗ ਬ੍ਰਾਂਚ ਦੇ ਚੱਕ ਨੰਬਰ 70 ਵਿਚ।
ਸੰਤ ਸਿੰਘ ਸੇਖੋਂ ਦੀ ਕਲਗੀ ਵਿਚ ਸਿਰਜਣਾ ਦਾ ਖੰਭ ਹੋਣ ਕਾਰਨ ਉਹ ਨਵੀਨ ਪੰਜਾਬੀ ਸਾਹਿਤ ਦੀ ਉਸਾਰੀ ਵਿਚ ਤੇਜਾ ਸਿੰਘ ਨੂੰ ਵੀ ਮਾਤ ਪਾ ਗਿਆ। ਉਸ ਨੂੰ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਦਾ ਲਕਬ ਮਿਲਣ ਵਿਚ ਉਸ ਦੇ ਬਹੁ-ਵਿਧਾਈ ਲੇਖਕ ਹੋਣ ਦਾ ਹੱਥ ਹੈ, ਪਰ ਉਸ ਦੀ ਪ੍ਰਮੁੱਖ ਪ੍ਰਾਪਤੀ ਉਸ ਦੀ ਕਹਾਣੀ ਕਲਾ ਮੰਨੀ ਜਾਂਦੀ ਹੈ। ਉਸ ਦੀਆਂ ਕਹਾਣੀਆਂ ਵਿਚ ਉਚ ਸ਼੍ਰੇਣੀ ਦੇ ਪਾਤਰਾਂ ਪ੍ਰਤੀ ਵਿਅੰਗ ਹੈ ਤੇ ਨੀਵੀਂ ਵਾਲਿਆਂ ਲਈ ਹਮਦਰਦੀ ਤੇ ਉਦਾਰਤਾ। ਜਿੱਥੋਂ ਤਕ ਵਹਿਮਾਂ-ਭਰਮਾਂ ਤੇ ਧਾਰਮਿਕ ਵਖਰੇਵਿਆਂ ਦਾ ਸਬੰਧ ਹੈ, ਸੇਖੋਂ ਕਿਸੇ ਵੀ ਸ਼੍ਰੇਣੀ ਦੇ ਲੋਕਾਂ ਨੂੰ ਖਿਮਾ ਨਹੀਂ ਕਰਦਾ। ਉਸ ਦੇ ਬਹੁਤੇ ਪਾਤਰ ਖੱਬੇ ਪੱਖੀ ਵਿਚਾਰਾਂ ਨੂੰ ਪ੍ਰਣਾਏ ਹੋਏ ਹਨ। ‘ਜੱਗ ‘ਤੇ ਜਿਊਣਾ ਕੂੜ ਉਨ੍ਹਾਂ ਦਾ’ ਕਹਾਣੀ ਵਿਚ ਇੱਕ ਗ਼ਰੀਬ ਜੱਟ ਦਾ ਛੜਾ ਪੁੱਤ ਆਪਣੇ ਭਰਾ ਤੇ ਭਰਜਾਈ ਉਤੇ ਬੋਝ ਬਣਨ ਦੀ ਥਾਂ ਸਾਧੂ ਬਣ ਕੇ ਗੰਗਾ ਕੰਢੇ ਰਹਿਣ ਲੱਗਦਾ ਹੈ ਤਾਂ ਸੇਖੋਂ ਉਸ ਦਾ ਪੱਖ ਪੂਰਦਾ ਹੈ।
‘ਲਹੂ ਮਿੱਟੀ’ ਪੰਜਾਬੀ ਦਾ ਪਹਿਲਾ ਨਾਵਲ ਹੈ ਜਿਹੜਾ ਗ਼ਰੀਬ ਕਿਸਾਨ ਵੱਲੋਂ ਆਪਣਾ ਘਰ-ਘਾਟ ਛੱਡ ਕੇ ਵਧੇਰੇ ਜ਼ਮੀਨ ਦੀ ਹੋੜ ਵਿਚ ਗੋਰੀ ਸਰਕਾਰ ਵੱਲੋਂ ਵਸਾਈਆਂ ਬਾਰਾਂ ਵਿਚ ਰਹਿਣ ਤੁਰ ਜਾਂਦਾ ਹੈ। ਨਾਇਕ ਦੇ ਮਾਤਾ-ਪਿਤਾ ਖੁਦ ਅਨਪੜ੍ਹ ਤੇ ਗ਼ਰੀਬ ਹੋਣ ਕਾਰਨ ਆਪਣੇ ਪੁੱਤ ਨੂੰ ਸਕੂਲ ਕਾਲਜ ਤੋਂ ਵੀ ਉਚੇਰੀ ਵਿੱਦਿਆ ਦਿਵਾਉਂਦੇ ਆਪਣੀ ਜੱਦੀ ਭੌਂ ਤੋਂ ਵਾਂਝੇ ਹੋ ਜਾਂਦੇ ਹਨ ਤੇ ਨਹਿਰੀ ਬਸਤੀਆਂ ਦੇ ਵਸਨੀਕ ਹੋ ਕੇ ਇਹ ਧੋਣਾ ਧੋਣ ਦੀ ਓਹੜ-ਪੋਹੜ ਵਿਚ ਸੰਘਰਸ਼ ਕਰਦੇ ਵਿਖਾਏ ਗਏ ਹਨ। ਨਾਵਲੀ ਅੰਸ਼ ਘੱਟ ਹੋਣ ਦੇ ਬਾਵਜੂਦ ਪਾਤਰਾਂ ਦੇ ਤਨਾਂ-ਮਨਾਂ ਵਿਚੋਂ ਲੰਘਦੀ ਖਿੱਚੋਤਾਣ ਦਾ ਨਕਸ਼ਾ ਪਾਠਕ ਨੂੰ ਝੰਜੋੜ ਕੇ ਰੱਖ ਦਿੰਦਾ ਹੈ।
ਉਸ ਦੇ ਦੂਜੇ ਨਾਵਲ ‘ਬਾਬਾ ਆਸਮਾਨ’ ਦਾ ਨਾਇਕ ਸੇਵਾ ਸਿੰਘ ਵੀ ਨਵੀਆਂ ਚਰਾਂਦਾਂ ਦੀ ਭਾਲ ‘ਚ ਸ਼ੰਘਈ ਰਾਹੀਂ ਅਮਰੀਕਾ ਜਾ ਕੇ ਮਜ਼ਦੂਰੀ ਕਰਨ ਲੱਗਦਾ ਹੈ ਤਾਂ ਗ਼ਦਰ ਪਾਰਟੀ ਦਾ ਮੈਂਬਰ ਬਣ ਕੇ ਵਾਪਸ ਲੁਦੇਹਾਣਾ ਵਾਲੇ ਜੱਦੀ ਪਿੰਡ ਰਹਿਣ ਲੱਗਦਾ ਹੈ। ਉਹ ਇੱਥੇ ਆ ਕੇ ਖੁਸ਼ ਤਾਂ ਨਹੀਂ, ਪਰ ਹੋਰ ਚਾਰਾ ਵੀ ਕੋਈ ਨਹੀਂ। ਲੇਖਕ ਦੀ ਸਵੈ-ਜੀਵਨੀ ਦੀ ਝਲਕ ਵਾਲੇ ਇਹ ਨਾਵਲ ਇੰਨੇ ਮਕਬੂਲ ਨਹੀਂ ਹੋਏ, ਜਿੰਨੀ ਉਸ ਦੀ ਚਾਹਨਾ ਸੀ।
ਸੰਤ ਸਿੰਘ ਸੇਖੋਂ ਨੇ ਨਿੱਕੇ ਤੇ ਵੱਡੇ ਨਾਟਕ ਵੀ ਲਿਖੇ। ‘ਛੇ ਘਰ’ ਵਿਚਲੇ ਕਾਵਿ ਨਾਟਕ ‘ਬਾਬਾ ਬੋਹੜ’ ਵਿਚ ਸੇਖੋਂ ਨੇ ਇੱਕ ਪੁਰਾਣੇ ਤੇ ਲੰਮੀ ਉਮਰ ਵਾਲੇ ਬੋਹੜ ਦੀ ਜ਼ਬਾਨੀ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਸੁਤੰਤਰਤਾ ਸੰਗਰਾਮ ਦੇ ਸਿੱਖਾਂ ਤਕ ਦਾ ਇਤਿਹਾਸ ਪੇਸ਼ ਕੀਤਾ। ਇਸ ਨੇ ਲੇਖਕ ਨੂੰ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਦਾ ਦਰਜਾ ਵੀ ਦਿਵਾਇਆ। ਦੇਸ਼ ਦੇ ਇਤਿਹਾਸ ਤੇ ਮਿਥਿਹਾਸ ਦੀਆਂ ਪੈੜਾਂ ਨੱਪਦੇ ਇਹ ਇਕਾਂਗੀ ਤੇ ਨਾਟਕ ਸੇਖੋਂ ਨਾਲ ਅੰਤ ਤਕ ਨਿਭੇ। ਉਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਉਚਤਮ ਸਨਮਾਨ ਦਿਵਾਉਣ ਵਾਲਾ ਵੀ ਉਸ ਦਾ ਨਾਟਕ ‘ਮਿੱਤਰ ਪਿਆਰਾ’ ਸੀ ਜਿਸ ਵਿਚ ਹਿਟਲਰੀ ਨਾਜ਼ੀਵਾਦ ਦੇ ਝੰਬਿਆਂ ਨੂੰ ਰਾਹਤ ਦਿਵਾਉਣ ਵਾਲਾ ਸਿਰਫ ਤੇ ਸਿਰਫ ਲੈਨਿਨ ਹੀ ਦਿਖਾਇਆ ਗਿਆ ਹੈ। ਸੰਤ ਸਿੰਘ ਸੇਖੋਂ ਦੇ ਸਮੁੱਚੇ ਪਾਤਰ ਅਰਸ਼ੀ ਭਾਵਨਾਵਾਂ ਵਾਲੇ ਹਨ। ਕਿਧਰੇ-ਕਿਧਰੇ ਦੇਵੀ-ਦੇਵਤਿਆਂ ਦੀ ਪਾਤਰ ਉਸਾਰੀ ਵਿਚ ਲੇਖਕ ਦੇ ਨਿਜੀ ਵਿਸ਼ਲੇਸ਼ਣ ਕਾਰਨ ਉਸ ਦੀ ਰਚਨਾਕਾਰੀ ਵਾਦ-ਵਿਵਾਦ ਦਾ ਵਿਸ਼ਾ ਵੀ ਬਣੀ, ਪਰ ਇਸ ਸਭ ਦੇ ਬਾਵਜੂਦ ਸੰਤ ਸਿੰਘ ਸੇਖੋਂ ਦਾ ਕੱਦ ਨਹੀਂ ਘਟਿਆ। ਕਾਰਨ ਇਹ ਕਿ ਸੇਖੋਂ ਨੇ ਜੋ ਕੁਝ ਵੀ ਲਿਖਿਆ ਉਸ ਨੇ ਪ੍ਰਗਤੀਵਾਦੀ ਉਤਮਤਾਈ ਦਾ ਪੱਲਾ ਨਹੀਂ ਛੱਡਿਆ।
ਮੈਂ ਉਸ ਦੇ ਜੀਵਨ ਦੀਆਂ ਹੋਰ ਗੱਲਾਂ ਦਾ ਵੀ ਚਸ਼ਮਦੀਦ ਗਵਾਹ ਹਾਂ। ਉਹ ਰੂਸ ਤੇ ਚੀਨ ਦੀ ਕ੍ਰਾਂਤੀ ਦੇ ਹਵਾਲੇ ਨਾਲ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦਾ ਆਪ ਅੰਗਰੇਜ਼ੀ ਸਾਹਿਬਾਂ ਦੀ ਤਰਜ਼-ਏ-ਜ਼ਿੰਦਗੀ ਜਿਊਣ ਦਾ ਚਾਹਵਾਨ ਸੀ। ਮੈਂ ਉਸ ਨੂੰ ਇੰਗਲੈਂਡ ਦੇ ਪ੍ਰਗਤੀਸ਼ੀਲ ਲੇਖਕਾਂ ਵੱਲੋਂ ਸੱਦੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਇੱਕ ਪਾਸੇ ਮਾਰਕਸ ਦੀ ਕਬਰ ਤੇ ਦੂਜੇ ਪਾਸੇ ਅੰਗਰੇਜ਼ੀ ਕਵੀਆਂ ਦੀਆਂ ਯਾਦਗਾਰਾਂ ਦੇਖਦਿਆਂ ਇੱਕੋ ਜਿੰਨੇ ਉਤਸ਼ਾਹ ਤੇ ਸ਼ਰਧਾ ਨਾਲ ਤੁਰਦਿਆਂ ਤੱਕਿਆ ਹੈ।
ਉਸ ਦੇ ਧਰਮ ਦੀ ਪੌੜੀ ਵੀ ਪਿਤਾ-ਪੁਰਖੀ ਤੇ ਡੰਡਿਆਂ ਵਾਲੀ ਸੀ। ਉਹਦੇ ਲਈ ਉਹਦੇ ਪੁਰਖੇ ਮਹਾਨ ਯੋਧੇ ਸਨ। ਉਹ ਆਪਣੇ ਮਾਪਿਆਂ ਦੀ ਚਾਹਨਾ ਉਤੇ ਕਿੰਨਾ ਕੁ ਪੂਰਾ ਉਤਰਿਆ, ਇਹ ਤਾਂ ਉਸ ਦਾ ਪਰਿਵਾਰ ਹੀ ਦੱਸ ਸਕਦਾ ਹੈ, ਪਰ ਉਸ ਦੇ ਮਨ ਵਿਚ ਮਾਪਿਆਂ ਦਾ ਆਦਰ ਬੜਾ ਸੀ। ਉਸ ਲਈ ਪਿਤਾ ਹੁਕਮ ਸਿੰਘ ਇੱਕ ਯੋਧਾ ਸੀ ਤੇ ਮਾਤਾ ਪ੍ਰੇਮੀ ਵਾਹਿਗੁਰੂ ਦੀ ਸ਼ਕਤੀ ਦੇ ਹਾਣ ਦੀ। ਦਾਦੇ-ਪੜਦਾਦੇ ਉਨ੍ਹਾਂ ਤੋਂ ਉਚੇਰੇ। ਉਨ੍ਹਾਂ ਦੇ ਸਮਿਆਂ ਦਾ ਮਹਾਰਾਜਾ ਰਣਜੀਤ ਸਿੰਘ ਹੋਰ ਵੀ ਉਤੇ। ਬੰਦਾ ਬਹਾਦਰ ਤੇ ਗੁਰੂ ਸਾਹਿਬਾਨ ਤਾਂ ਅਰਸ਼ਾਂ ਦੇ ਵਾਲੀ ਹੋ ਨਿੱਬੜੇ ਸਨ। ਸੇਖੋਂ ਦੇ ਨਾਟਕ, ਨਾਵਲ ਤੇ ਕਹਾਣੀਆਂ ਇਸ ਧਾਰਨਾ ਉਤੇ ਮੋਹਰ ਲਾਉਂਦੇ ਹਨ। ਮਹਾਰਾਜਾ ਰਣਜੀਤ ਸਿੰਘ, ਬੰਦਾ ਬਹਾਦਰ, ਕਾਰਲ ਮਾਰਕਸ ਤੇ ਅਬਰਾਹਮ ਲਿੰਕਨ ਇਨ੍ਹਾਂ ਪੁਰਖਿਆਂ ਦਾ ਸੁਪਨਈ ਸਰੂਪ ਸਨ। ਸ਼ਾਇਦ ਇਹੀ ਕਾਰਨ ਹੈ ਕਿ ਉਹ ਕਾਬਲ ਕੰਧਾਰ ਵਿਚ ਠੇਕੇਦਾਰੀ ਕਰਕੇ ਅਤੇ ਇੰਗਲੈਂਡ, ਅਮਰੀਕਾ ਤੇ ਰੂਸ ਵਿਚ ਵਿਚਰਦਾ ਲਾਹੌਰ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ ਰਾਹੀਂ ਆਪਣੇ ਪਿੰਡ ਵੱਲ ਵਧਦਾ ਰਿਹਾ ਸੀ।
ਸੰਤ ਸਿੰਘ ਸੇਖੋਂ ਦਾ ਮਿਜਾਜ਼ ਮੁੱਢ ਤੋਂ ਆਸ਼ਿਕਾਨਾ ਸੀ। ਜਵਾਨੀ ਦੀ ਉਮਰੇ ਹੈਲਮੀ ਨਾਂ ਦੀ ਇੱਕ ਅੰਗਰੇਜ਼ ਮਹਿਲਾ ਨਾਲ ਉਸ ਦੀ ਨੇੜਤਾ ਦੇ ਕਿੱਸੇ ਉਸ ਦੇ ਸਮਕਾਲੀਆਂ ਦੀ ਜ਼ੁਬਾਨ ‘ਤੇ ਸਨ। ਉਸ ਨੂੰ ਆਪਣੀ ਆਸ਼ਕੀ ਦੇ ਜੱਗ-ਜ਼ਾਹਿਰ ਹੋਣ ਦੀ ਖੁਸ਼ੀ ਹੁੰਦੀ ਸੀ। ਉਹ ਆਪਣੀ ਮੁਹੱਬਤ ਦੀਆਂ ਗੱਲਾਂ ਆਪਣੇ ਤੋਂ ਉਮਰ ਵਿਚ ਬਹੁਤ ਛੋਟੇ ਸਾਥੀਆਂ ਨਾਲ ਵੀ ਕਰ ਲੈਂਦਾ ਸੀ। ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਦਾ ਪ੍ਰਿੰਸੀਪਲ ਹੁੰਦਿਆਂ ਉਹ ਕਾਲਜ ਦੀ ਇੱਕ ਅਧਿਆਪਕਾ ਉਤੇ ਇੰਨਾ ਫਿਦਾ ਸੀ ਕਿ ਆਪਣੀ ਆਸ਼ਕੀ ਨੂੰ ਜ਼ੁਬਾਨ ਦੇਣ ਵਾਸਤੇ ਉਸ ਨੇ ਹੀਰ-ਰਾਂਝੇ ਦੇ ਵੱਡੇ ਕਿੱਸੇ ਨੂੰ ਅੰਗਰੇਜ਼ੀ ਕਵਿਤਾ ਵਿਚ ਉਲਥਾਉਣ ਦਾ ਕੰਮ ਸੰਭਾਲ ਲਿਆ ਸੀ। ਵਾਰਿਸ ਦੇ ਕੁਝ ਬੰਦ ਸੇਖੋਂ ਨੇ ਅੰਗਰੇਜ਼ੀ ਵਿਚ ਇੰਨੇ ਸੁਭਾਵਿਕ ਬਣਾ ਦਿੱਤੇ ਸਨ ਕਿ ਉਨ੍ਹਾਂ ਵਿਚੋਂ ਮੂਲ ਅੰਗਰੇਜ਼ੀ ਰਚਨਾ ਦਾ ਭੁਲੇਖਾ ਪੈਂਦਾ ਹੈ।
ਸੇਖੋਂ ਨੂੰ ਸੂਬਾਈ ਤੇ ਰਾਸ਼ਟਰੀ ਸਨਮਾਨ ਵੀ ਮਿਲੇ। ਭਾਵੇਂ ਆਖਰੀ ਉਮਰੇ ਹੀ ਸਹੀ, ਉਸ ਨੂੰ ਸਾਹਿਤ ਅਕਾਦਮੀ ਦਾ ਉਹ ਪੁਰਸਕਾਰ ਮਿਲਿਆ ਜਿਸ ਤੋਂ ਕਿਸੇ ਕਾਰਨ ਗੁਰਬਖਸ਼ ਸਿੰਘ ਪ੍ਰੀਤਲੜੀ ਵੀ ਵਾਂਝਾ ਰਹਿ ਗਿਆ ਸੀ। ਗੁਰਬਖਸ਼ ਸਿੰਘ ਤੋਂ ਪਿੱਛੋਂ ਉਹ ਦੂਜਾ ਮਹਾਂਰਥੀ ਸੀ ਜਿਸ ਨੂੰ ਇਸ ਅਕਾਦਮੀ ਦੀ ਆਦਰਯੋਗ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਫਿਰ ਵੀ ਉਸ ਦੀ ਆਪਣੇ ਅੱਧੀ ਦਰਜਨ ਨਾਟਕਾਂ ਤੇ ਇਕਾਂਗੀਆਂ, ਦੋ ਨਾਵਲਾਂ ਤੇ ਸੱਠ-ਸੱਤਰ ਕਹਾਣੀਆਂ ਨਾਲ ਸੰਤੁਸ਼ਟੀ ਨਹੀਂ ਹੋਈ ਸੀ। ਉਹ ਸੌ ਸਾਲ ਦੀ ਉਮਰ ਭੋਗਣ ਅਤੇ ਇੱਕ ਹਜ਼ਾਰ ਸਫੇ ਦੀ ਵੱਡ-ਅਕਾਰੀ ਰਚਨਾ ਕਰਨ ਦਾ ਚਾਹਵਾਨ ਸੀ। ਉਹ ਇਸ ਰਚਨਾ ਵਿਚ ਬਰਤਾਨਵੀ ਰਾਜ ਦੀਆਂ ਸੇਂਜੂ ਬਾਰਾਂ ਦੀ ਆਬਾਦੀ ਤੋਂ ਲੈ ਕੇ ਸੰਤਾਲੀ ਸਮੇਂ ਦੀ ਬਰਬਾਦੀ ਦੇ ਹਾਲਾਤ ਕਲਮਬੰਦ ਕਰਨਾ ਚਾਹੁੰਦਾ ਸੀ। ਉਸ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ। ਇੱਕ ਤਰ੍ਹਾਂ ਨਾਲ ਇਹ ਭਾਣਾ ਵੀ ਠੀਕ ਹੀ ਵਰਤਿਆ। ਅੱਜ ਦੇ ਦਿਨ ਮੌਲਿਕ ਲੇਖਕਾਂ ਨੇ ਉਸ ਦੇ ਪੱਲੇ ਉਹ ਕੁਝ ਨਹੀਂ ਸੀ ਪਾਉਣਾ, ਜਿਸ ਦਾ ਉਹ ਆਦੀ ਹੋ ਚੁਕਾ ਸੀ। ਸ਼ਾਇਦ ਉਪਰ ਵਾਲਾ ਉਸ ਦੇ ਸੁਪਨੇ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਉਹ ਆਦਰਯੋਗ ਸਥਾਨ ਦੇ ਬੈਠਾ ਹੋਵੇ, ਜਿਸ ਲਈ ਇੱਥੋਂ ਵਾਲੇ ਜੀਵਨ ਦਿਨ ਰਾਤ ਜੂਝਦੇ ਰਹਿੰਦੇ ਹਨ।
ਸੇਖੋਂ ਦੀ ਆਧੁਨਿਕ ਪੰਜਾਬੀ ਸਾਹਿਤ ਨੂੰ ਵੱਡੀ ਦੇਣ ਵਾਸਨਾ ਵਰਗੇ ਵਰਜਿਤ ਵਿਸ਼ਿਆਂ ਉਤੇ ਲਿਖਣਾ ਸੀ। ਉਸ ਦੀ ਸੋਚ ਪੱਛਮੀ ਤੇ ਉਦਾਰ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਸ ਨੇ ਖਾਲਸਾ ਕਾਲਜ ਵਿਚ ਪੜ੍ਹਾਉਂਦਿਆਂ ਅੰਗਰੇਜ਼ੀ ਵਿਚ ਕਵਿਤਾਵਾਂ ਵੀ ਲਿਖੀਆਂ ਜਿਹੜੀਆਂ ਇੰਗਲੈਂਡ ਦੇ ਰਸਾਲਿਆਂ ਵਿਚ ਛਪੀਆਂ। 1937 ‘ਚ ਉਸ ਨੇ ‘ਨਾਰਦਰਨ ਰੀਵਿਊ’ ਨਾਂ ਦਾ ਇੱਕ ਰਸਾਲਾ ਵੀ ਕੱਢਿਆ ਸੀ ਜਿਸ ਵਿਚ ਆਪਣੀਆਂ ਅੰਗਰੇਜ਼ੀ ਰਚਨਾਵਾਂ ਛਾਪੀਆਂ। ਉਸ ਨੂੰ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੀਆਂ ਸਾਹਿਤਕ ਸੰਸਥਾਵਾਂ ਨੇ ਆਪਣੇ ਖਰਚ ਉਤੇ ਸੱਦਿਆ ਤੇ ਨਿਵਾਜਿਆ। 1958 ਵਿਚ ਉਹ ਐਫਰੋ-ਏਸ਼ੀਅਨ ਰਾਈਟਰਜ਼ ਵੱਲੋਂ ਸੋਵੀਅਤ ਯੂਨੀਅਨ ਵੀ ਗਿਆ। ਆਪਣੇ ਸਮੇਂ ਦੇ ਦੂਜੇ ਲੇਖਕਾਂ ਵਾਂਗ ਉਸ ਨੇ ਟਕਸਾਲੀ ਸਾਹਿਤਕ ਰਚਨਾਵਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤਾ। ਗੁਰੂ ਗੋਬਿੰਦ ਸਿੰਘ ਦੇ ‘ਬਚਿੱਤਰ ਨਾਟਕ’ ਹੀ ਨਹੀਂ, ਵਾਰਿਸ ਦੀ ਹੀਰ ਦਾ ਕਾਵਿਕ ਅਨੁਵਾਦ ਵੀ ਕੀਤਾ। ਉਸ ਨੇ ਅੰਤਲੇ ਦਮ ਤਕ ਪੰਜਾਬੀ ਦੇ ਵਿਕਾਸ ਲਈ ਅੰਗਰੇਜ਼ੀ ਰਚਨਾਵਾਂ ਨੂੰ ਆਪਣੇ ਗਲ ਲਾਈ ਰੱਖਿਆ। ਇਨ੍ਹਾਂ ਵਿਚ ਆਲਡੂਅਸ ਹਕਸਲੇ, ਈæਐਮæ ਫੌਸਟਰ ਤੇ ਥੌਮਸ ਮਾਨ ਵਰਗੇ ਮਾਰਕਸਵਾਦੀ ਚਿੰਤਨ ਵਾਲੇ ਹੀ ਨਹੀਂ ਸਗੋਂ ਜਾਰਜ ਬਰਨਾਰਡ ਸ਼ਾਅ ਤੇ ਐਚæਜੀæ ਵੈਲਜ਼ ਵਰਗੇ ਉਦਾਰਵਾਦੀ ਵੀ ਸ਼ਾਮਲ ਸਨ।
ਨਵੀਨ ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਲਈ ਇੰਨਾ ਕੁਝ ਕਰਨ ਵਾਲੇ ਸੇਖੋਂ ਨੂੰ ਜੀਵਨ ਭਰ ਨਿੱਕੇ-ਵੱਡੇ ਕਾਲਜਾਂ ਵਿਚ ਪੜ੍ਹਾਉਣਾ ਪਿਆ। ਲੁਧਿਆਣੇ ਆਪਣੇ ਜੱਦੀ ਪਿੰਡ ਨੇੜੇ ਰਹਿਣ ਲਈ ਉਹ ਗੁਰੂਸਰ ਸਧਾਰ ਵਰਗੇ ਆਮ ਕਾਲਜ ਵਿਚ ਪੜ੍ਹਾਉਣ ਵਾਸਤੇ ਹਰ ਰੋਜ਼ ਬਸ ਵਿਚ ਸਫਰ ਕਰਦਾ ਰਿਹਾ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਛੋਟੇ ਤੋਂ ਛੋਟੇ ਕਾਲਜ ਵਿਚ ਪੜ੍ਹਾਉਂਦੇ ਸਮੇਂ ਵੀ ਉਹ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਜਾਂ ਆਕਸਫੋਰਡ ਦੇ ਪ੍ਰੋਫੈਸਰਾਂ ਵਾਂਗ ਵਿਚਰਦਾ। ਅਧਿਆਪਕੀ ਜੀਵਨ ਦੇ ਅੰਤਲੇ ਸਾਲਾਂ ਵਿਚ ਉਸ ਨੇ ਫਤਿਹਗੜ੍ਹ ਸਾਹਿਬ, ਜੰਡਿਆਲਾ ਤੇ ਪਟਿਆਲਾ ਦੇ ਕਾਲਜਾਂ ਵਿਚ ਪ੍ਰਿੰਸੀਪਲੀ ਵੀ ਕੀਤੀ, ਪਰ ਉਸ ਦਾ ਸਮੁੱਚਾ ਵਰਤ-ਵਰਤਾਰਾ ਅਜਿਹਾ ਸੀ ਜਿਵੇਂ ਉਹ ਵਿਸ਼ਵਵਿਦਿਆਲੇ ਦਾ ਮੁਖੀ ਹੋਵੇ। ਬਲਵੰਤ ਗਾਰਗੀ ਨੇ ਮਿੱਤਰਾਂ ਦੇ ਰੇਖਾ ਚਿੱਤਰ ਲਿਖਦਿਆਂ ਸੇਖੋਂ ਵਾਲੇ ਲੇਖ ਨੂੰ ‘ਕਾਲਜ ਦਾ ਵਾਈਸ ਚਾਂਸਲਰ’ ਨਾਂ ਦਿੱਤਾ ਸੀ।
ਸੰਤ ਸਿੰਘ ਸੇਖੋਂ ਨੂੰ ਆਪਣੇ ਅੰਦਰਲੇ ਗੁਣਾਂ ਉਤੇ ਇੰਨਾ ਮਾਣ ਸੀ ਕਿ ਉਸ ਨੂੰ ਗੰਢ-ਤੁੱਪ ਕਰਨੀ ਉਕਾ ਹੀ ਨਹੀਂ ਸੀ ਆਉਂਦੀ। ਜੇ ਕਿਸੇ ਕਾਲਜ ਵਿਚ ਪ੍ਰਿੰਸੀਪਲ ਦੀ ਨੌਕਰੀ ਖਾਲੀ ਹੁੰਦੀ ਤਾਂ ਉਹ ਕਾਲਜ ਦੀ ਗਵਰਨਿੰਗ ਬਾਡੀ ਦੇ ਮੈਂਬਰ ਤਕ ਰਸਾਈ ਕਰਨ ਦੀ ਥਾਂ ਕਿਸੇ ਰਹਿ ਚੁੱਕੇ ਵਿਦਿਆਰਥੀ ਨੂੰ ਕਹਿੰਦਾ ਕਿ ਉਹ ਉਸ ਦੀ ਮਦਦ ਕਰੇ। ਇਸੇ ਵਿਧਾ ਵਿਧਾਵਲੀ ਕਾਰਨ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ 1972 ਵਿਚ ਉਦੋਂ ਮਿਲਿਆ ਜਦੋਂ ਉਸ ਤੋਂ ਪਿੱਛੋਂ ਵਾਲੇ ਲੇਖਕ ਇਸ ਸੂਚੀ ਵਿਚ ਸ਼ਾਮਲ ਹੋ ਚੁੱਕੇ ਸਨ। ਇਹੋ ਕਾਰਨ ਹੈ ਕਿ ਜਦੋਂ ਵੀ ਅਜਿਹਾ ਐਲਾਨ ਹੁੰਦਾ ਤਾਂ ਉਸ ਦੇ ਮਿੱਤਰ ਪਿਆਰੇ ਅਫਸੋਸ ਕਰਨ ਉਸ ਦੇ ਘਰ ਪਹੁੰਚ ਜਾਂਦੇ ਜਾਂ ਚਿੱਠੀ ਪੱਤਰ ਦੁਆਰਾ ਆਪਣੀ ਹਮਦਰਦੀ ਜਤਾਉਂਦੇ। ਜਦੋਂ ਉਸ ਨੂੰ ਪੁਰਸਕਾਰ ਮਿਲ ਗਿਆ ਤਾਂ ਉਸ ਦੇ ਹਮਦਰਦਾਂ ਤੋਂ ਇਹ ਪੁੱਛੇ ਬਿਨਾਂ ਨਾ ਰਿਹਾ ਗਿਆ ਕਿ ਉਸ ਨੂੰ ਕਿਵੇਂ ਲੱਗ ਰਿਹਾ ਹੈ। ਉਸ ਦਾ ਇੱਕ ਸਤਰਾ ਉਤਰ ਸੀ, “ਇਸ ਵਿਚ ਪੈਸਾ ਵੀ ਹੈ ਜਿਸ ਦੀ ਮੈਨੂੰ ਸਦਾ ਹੀ ਲੋੜ ਰਹਿੰਦੀ ਹੈ। ਪਰ ਵੱਡੀ ਗੱਲ ਇਹ ਕਿ ਅੱਗੇ ਤੋਂ ਮੇਰੇ ਘਰ ਉਹ ਫੂਹੜੀ ਨਹੀਂ ਵਿਛੇਗੀ ਜਿਹੜੀ ਹਰ ਵਾਰੀ ਮੇਰੇ ਚਾਹੁਣ ਵਾਲੇ ਮੇਰੇ ਵਿਹੜੇ ਵਿਛਾ ਲੈਂਦੇ ਸਨ।”
ਸੰਤ ਸਿੰਘ ਸੇਖੋਂ ਸੱਚਮੁੱਚ ਹੀ ਵੱਡਾ ਸਾਹਿਤਕਾਰ ਸੀ। ਗੋਪਾਲ ਸਿੰਘ ਦਰਦੀ ਉਸ ਦੀ ਗੱਲ ਕਰਦੇ ਸਮੇਂ ਉਸ ਲਈ ‘ਟਾਲ ਮੈਨ’ ਭਾਵ ਕੱਦ ਬੁੱਤ ਵਾਲਾ ਇਨਸਾਨ ਸ਼ਬਦਾਂ ਦੀ ਵਰਤੋਂ ਕਰਦਾ। ਪਰ ਵਿਡੰਬਣਾ ਇਹ ਹੈ ਕਿ ਉਹ ਸਾਹਿਤਕਾਰੀ ਨਾਲੋਂ ਰਾਜਨੀਤੀ ਨੂੰ ਵੱਡੀ ਮੰਨਦਾ ਸੀ। ਲੈਨਿਨ ਨੂੰ ਟਾਲਸਟਾਏ ਨਾਲੋਂ ਵੱਡਾ ਮੰਨਣ ਵਾਂਗ। ਉਸ ਨੇ ਦੋ ਵਾਰ ਵਿਧਾਨ ਸਭਾ ਤੇ ਇੱਕ ਵਾਰ ਲੋਕ ਸਭਾ ਚੋਣ ਲੜੀ, ਪਰ ਤਿੰਨੋਂ ਵਾਰ ਜ਼ਮਾਨਤ ਜ਼ਬਤ ਹੋਈ।
ਦੁੱਖ ਦੀ ਗੱਲ ਹੈ ਕਿ ਪੰਜਾਬੀ ਦੇ ਇੰਨੇ ਵੱਡੇ ਬੁੱਧੀਜੀਵੀ ਨੂੰ ਅਕਾਲ ਚਲਾਣੇ ਤੋਂ ਪਹਿਲਾਂ ਚੇਤੇ ਦੇ ਖੋਰੇ ਨੇ ਮਾਰ ਲਿਆ। ਦੇਹਾਂਤ ਤੋਂ ਮਹੀਨਾ ਕੁ ਪਹਿਲਾਂ ਮੈਂ ਉਸ ਨੂੰ ਹਸਪਤਾਲ ਮਿਲਣ ਗਿਆ ਤਾਂ ਮੇਰੇ ਪ੍ਰਵੇਸ਼ ਕਰਨ ‘ਤੇ ਕੋਲ ਬੈਠੇ ਸੱਜਣ ਨੇ ਉਸ ਨੂੰ ਪੁੱਛਿਆ ਕਿ ਦੱਸੋ ਕੌਣ ਹੈ ਤਾਂ ਉਸ ਨੇ ਫਟਾਕ ਉਤਰ ਦਿੱਤਾ ਕਿ ‘ਗੁਲਜ਼ਾਰ ਹੈ’ ਪਰ ਜਦੋਂ 15 ਕੁ ਮਿੰਟ ਪਿੱਛੋਂ ਉਸ ਦਾ ਪੁੱਤ ਦਾਖਲ ਹੋਇਆ ਤਾਂ ਉਸ ਨੇ ਉਸੇ ਪ੍ਰਸ਼ਨ ਦੇ ਉਤਰ ਵਿਚ ਕਿਹਾ ‘ਮੇਰਾ ਪੁੱਤ ਹੈ’। ਜਦੋਂ ਪੁੱਛਣ ਵਾਲੇ ਨੇ ਕਿਹਾ ਕਿ ਇਸ ਦਾ ਨਾਂ ਦੱਸੋ ਤਾਂ ਸੇਖੋਂ ਨੇ ਥੋੜ੍ਹਾ ਸਿਰ ਹਿਲਾ ਕੇ ਬੇਵਸੀ ਜਤਾਈ ‘ਬਈ ਨਾ ਨਹੀਂ ਮੈਨੂੰ ਅਹੁੜ ਰਿਹਾ।’ ਪੂਰਾ ਨਾਂ ਕਰਨਬੀਰ ਤਾਂ ਕੀ ਚੇਤੇ ਹੋਣਾ ਸੀ ਉਸ ਨੂੰ ਕਾਕੂ ਵੀ ਨਹੀਂ ਸੀ ਅਹੁੜਿਆ। ਆਪਣੇ ਸੀਨੀਅਰ ਮਿੱਤਰ ਸੰਤ ਸਿੰਘ ਸੇਖੋਂ ਨਾਲ ਮੇਰੀ ਇਹ ਅੰਤਲੀ ਮਿਲਣੀ ਸੀ ਜਿਸ ਨੇ ਮੈਨੂੰ ਪਹਿਲਾਂ ਨਾਲੋਂ ਵੱਧ ਨਾਸਤਕ ਬਣਾ ਕੇ ਤੋਰਿਆ।
ਸੰਤ ਸਿੰਘ ਸੇਖੋਂ ਦੇ ਦੇਹਾਂਤ ਦੀ ਖਬਰ ਮੈਨੂੰ ਰੋਜ਼ਾਨਾ ‘ਦੇਸ਼ ਸੇਵਕ’ ਦੇ ਦਫਤਰ ਵਿਚ ਮਿਲੀ। ਮੈਂ ਇਸ ਪਰਚੇ ਦਾ ਸੰਪਾਦਕ ਸਾਂ। ਅਸਲ ਵਿਚ ਉਹਦੇ ਨਾਲ ਅੰਤਲੀ ਮਿਲਣੀ ਪਿੱਛੋਂ ਮੈਨੂੰ ਜਾਪਦਾ ਸੀ ਕਿ ਇਹ ਖਬਰ ਕਦੇ ਵੀ ਆ ਸਕਦੀ ਸੀ। ਦਫਤਰ ਵਾਲਿਆਂ ਨੂੰ ਤੁਰ ਗਏ ਦਾ ਮਹੱਤਵ ਜਤਾ ਕੇ ਚੰਡੀਗੜ੍ਹ ਤੋਂ ਸੇਖੋਂ ਦੇ ਜੱਦੀ ਪਿੰਡ ਦਾਖਾ ਲਈ ਰਵਾਨਾ ਹੋ ਗਿਆ। ਵਾਰ-ਵਾਰ ਨੌਕਰੀਆਂ ਤੋਂ ਕੱਢਿਆ ਜਾਣ ਵਾਲਾ ਸੰਤ ਸਿੰਘ ਸੇਖੋਂ ਸਰਕਾਰੀ ਮਾਣ-ਸਨਮਾਨ ਨਾਲ ਵਿਦਾ ਹੋਇਆ।
ਉਸ ਦੇ ਚਲਾਣੇ ਪਿੱਛੋਂ ਕਿਸੇ ਨੇ ਉਸ ਨੂੰ ‘ਪੇਮੀ ਦਾ ਨਿਆਣਾ’ ਕਹਿ ਕੇ ਚੇਤੇ ਕੀਤਾ ਤੇ ਕਿਸੇ ਨੇ ਯੋਧੇ ਦਾ ਚਲਾਣਾ ਮੰਨ ਕੇ। ਪੰਜਾਬੀ ਦੇ ਹੱਸਾਸ ਸ਼ਾਇਰ ਸੁਰਜੀਤ ਪਾਤਰ ਨੇ ਉਸ ਦੇ ਤੁਰ ਜਾਣ ਨੂੰ ਇੱਕ ਭਰੇ ਭੁਕੰਨੇ ਸਮੁੰਦਰ ਦੇ ਸੁੱਕ ਜਾਣ ਦੀ ਉਪਮਾ ਦਿੱਤੀ।