ਗੁਰੂ ਕੀ ਨਗਰੀ ਸੰਭਾਲੇਗੀ ਸੰਤਾਲੀ ਵਾਲਾ ਦਰਦ

ਜਗਜੀਤ ਸਿੰਘ ਸੇਖੋਂ
1947 ਦੀ ਵੰਡ ਬਾਰੇ ਅਜਾਇਬ ਘਰ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਸਥਿਤ 19ਵੀਂ ਸਦੀ ਦੀ ਇਮਾਰਤ ਟਾਊਨ ਹਾਲ ਵਿਚ ਬਣਾਇਆ ਜਾਵੇਗਾ। ਆਰਟਸ ਐਂਡ ਕਲਚਰਲ ਹੈਰੀਟੇਜ ਟਰਸਟ ਦੀ ਮੁਖੀ ਲਿਖਾਰੀ-ਪੱਤਰਕਾਰ ਕਿਸ਼ਵਰ ਦੇਸਾਈ ਨੇ ਇਹ ਐਲਾਨ ਲੰਡਨ ਵਿਚ ਕੀਤਾ ਹੈ। ਯਾਦ ਰਹੇ, ਵੰਡ ਦੌਰਾਨ ਤਕਰੀਬਨ 1æ50 ਕਰੋੜ ਲੋਕ ਉਜੜ ਗਏ ਸਨ ਅਤੇ ਲੱਖਾਂ ਲੋਕ ਫਿਰਕੂ ਹਨੇਰੀ ਦੀ ਭੇਟ ਚੜ੍ਹ ਗਏ ਸਨ। ਇਤਿਹਾਸ ਵਿਚ ਇਸ ਤਰ੍ਹਾਂ ਦਾ ਉਜਾੜਾ ਪਹਿਲਾਂ ਕਦੇ ਨਹੀਂ ਸੀ ਵੇਖਿਆ-ਸੁਣਿਆ। ਇਸ ਉਜਾੜੇ ਨੇ ਸੰਸਾਰ ਭਰ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਬੀਬੀ ਕਿਸ਼ਵਰ ਦੇਸਾਈ ਮੁਤਾਬਕ, ਉਸ ਵੇਲੇ ਦੇ ਦਰਦ ਨੂੰ ਸਾਂਭਣ ਲਈ ਇਹ ਅਜਾਇਬ ਘਰ ਬਣਾਇਆ ਜਾ ਰਿਹਾ ਹੈ ਤਾਂ ਕਿ ਅਗਲੀਆਂ ਪੀੜ੍ਹੀਆਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਹੋ ਸਕੇ ਅਤੇ ਉਹ ਇਸ ਤੋਂ ਸਬਕ ਸਿੱਖ ਸਕਣ। ਇਸ ਪ੍ਰਾਜੈਕਟ ਲਈ ਪਿਛਲੇ ਕੁਝ ਸਮੇਂ ਤੋਂ ਪੈਰਵੀ ਕੀਤੀ ਜਾ ਰਹੀ ਸੀ ਅਤੇ ਹੁਣ ਪੰਜਾਬ ਸਰਕਾਰ ਨੇ ਇਸ ਪ੍ਰਾਜੈਕਟ ਲਈ ਟਾਊਨ ਹਾਲ ਦਾ ਇਕ ਹਿੱਸਾ ਦੇ ਦਿੱਤਾ ਹੈ। ਟਾਊਨ ਹਾਲ ਦੇ ਨਾਲ-ਨਾਲ ਚਾਰ ਹੋਰ ਥਾਂਵਾਂ ਵੀ ਇਸ ਪ੍ਰਾਜੈਕਟ ਲਈ ਵਿਚਾਰੀਆਂ ਗਈਆਂ ਸਨ। ਇਨ੍ਹਾਂ ਵਿਚ ਰਾਮ ਬਾਗ ਗਰਡਨਜ਼ (ਕੰਪਨੀ ਬਾਗ ਵਜੋਂ ਮਸ਼ਹੂਰ), ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ, ਗੋਬਿੰਦਗੜ੍ਹ ਕਿਲ੍ਹਾ ਅਤੇ ਚਾਲੀ ਖੂਹ ਸ਼ਾਮਲ ਹਨ। ਪ੍ਰਾਜੈਕਟ ਨਾਲ ਸਬੰਧਤ ਸੰਸਾਰ ਬੈਂਕ ਦੀ ਟੀਮ ਨੇ ਇਨ੍ਹਾਂ ਪੰਜਾਂ ਥਾਂਵਾਂ ਦਾ ਵਿਸਥਾਰ ਸਹਿਤ ਜਾਇਜ਼ਾ ਲਿਆ ਅਤੇ ਬਾਅਦ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਕੀਤੀ। ਫਿਰ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਅਜਾਇਬ ਘਰ ਲਈ ਟਾਊਨ ਹਾਲ ਵਾਲੀ ਇਮਾਰਤ ਦੀ ਚੋਣ ਕਰ ਲਈ ਗਈ। ਕਿਸ਼ਵਰ ਦੇਸਾਈ ਨੇ ਇਸ ਪ੍ਰਾਜੈਕਟ ਵਿਚ ਸਹਿਯੋਗ ਲਈ ਪੰਜਾਬ ਸਰਕਾਰ ਦਾ ਉਚੇਚਾ ਧੰਨਵਾਦ ਕੀਤਾ ਹੈ।
ਵੰਡ ਨਾਲ ਸਬੰਧਤ ਇਸ ਅਜਾਇਬ ਘਰ ਵਿਚ ਵੰਡ ਨਾਲ ਵਾਬਸਤਾ ਹਰ ਕਿਸਮ ਦੇ ਦਸਤਾਵੇਜ਼ ਮੁਹੱਈਆ ਕਰਵਾਏ ਜਾਣਗੇ। ਇਸ ਪ੍ਰਾਜੈਕਟ ਨਾਲ ਕਈ ਹੋਰ ਉਘੇ ਅਦਾਰਿਆਂ ਨੂੰ ਵੀ ਨਾਲ ਜੋੜਿਆ ਜਾ ਰਿਹਾ ਹੈ ਜਿਨ੍ਹਾਂ ਤੋਂ ਵੰਡ ਨਾਲ ਸਬੰਧਤ ਸਮੱਗਰੀ ਹਾਸਲ ਕਰਨ ਦੇ ਯਤਨ ਕੀਤੇ ਜਾਣਗੇ। ਇਨ੍ਹਾਂ ਅਦਾਰਿਆਂ ਅਤੇ ਸੰਸਥਾਵਾਂ ਵਿਚ ਬ੍ਰਿਟਿਸ਼ ਲਾਇਬਰੇਰੀ, ਯੂæਕੇæ ਪਾਰਲੀਮੈਂਟ ਲਾਇਬਰੇਰੀ, ਨੈਸ਼ਨਲ ਆਰਕਾਈਵਜ਼, ਪੰਜਾਬ ਆਰਕਾਈਵਜ਼, ਪੰਜਾਬ ਡਿਜੀਟਲ ਲਾਇਬਰੇਰੀ, ਕੈਂਬਰਿਜ ਯੂਨੀਵਰਸਿਟੀ, ਲੰਡਨ ਸਕੂਲ ਆਫ ਇਕਨਾਮਿਕਸ, ਸਾਊਥੈਂਪਟਨ ਯੂਨੀਵਰਸਿਟੀ ਅਤੇ ਐਮਿਟੀ ਯੂਨੀਵਰਸਿਟੀ ਸ਼ਾਮਲ ਹਨ।
ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ ਦੇ ਮੈਂਬਰਾਂ ਵਿਚ ਰਿਤੂ ਕੁਮਾਰ, ਅੰਜਲੀ ਈਲਾ ਮੈਨਨ, ਵਰਖਾ ਦੱਤ, ਕਿਸ਼ਵਰ ਦੇਸਾਈ, ਬਿੰਦੂ ਮਨਚੰਦਾ, ਵਿਕਰਮਜੀਤ ਸਾਹਨੀ, ਦਿਪਾਲੀ ਖੰਨਾ, ਬੇਲਾ ਸੇਠੀ, ਮਲਿਕਾ ਅਹੂਲਵਾਲੀਆ, ਸੁਨਯਨਾ ਆਨੰਦ ਸ਼ਾਮਲ ਹਨ। ਪੱਤਰਕਾਰ ਕੁਲਦੀਪ ਨੱਈਅਰ ਦੀ ਅਗਵਾਈ ਵਿਚ ਸਲਾਹਕਾਰ ਤੇ ਸਰਪ੍ਰਸਤ ਬੋਰਡ ਵੀ ਬਣਾਇਆ ਗਿਆ ਹੈ। ਇਸ ਬੋਰਡ ਵਿਚ ਹੋਰਨਾਂ ਤੋਂ ਇਲਾਵਾ ਫਿਲਮਸਾਜ਼ ਸ਼ਿਆਮ ਬੈਨੇਗਲ, ਲਾਰਡ ਮੇਘਨਾਥ ਦੇਸਾਈ, ਆਭਾ ਬੰਟੀ ਸਾਹਨੀ ਨੂੰ ਸ਼ਾਮਲ ਕੀਤਾ ਗਿਆ ਹੈ। ਕੁਝ ਹੋਰ ਨਾਮੀ ਸ਼ਖਸੀਅਤਾਂ ਨੂੰ ਵੀ ਇਸ ਪ੍ਰਾਜੈਕਟ ਨਾਲ ਜੋੜਿਆ ਜਾ ਰਿਹਾ ਹੈ। ਅਜਾਇਬ ਘਰ ਬਾਰੇ ਇਸ ਪ੍ਰਾਜੈਕਟ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਬੀਬੀ ਕਿਸ਼ਵਰ ਦੇਸਾਈ ਨਾਲ ਫੋਨ ਨੰਬਰ +91-98104-06230 ਉਤੇ ਸੰਪਰਕ ਕੀਤਾ ਜਾ ਸਕਦਾ ਹੈ।
_______________________________________
ਕਿਸ਼ਵਰ ਦਾ ਕਿੱਸਾ
ਕਿਸ਼ਵਰ ਦੇਸਾਈ ਨੇ ਆਪਣਾ ਕਰੀਅਰ ਪੱਤਰਕਾਰ ਵਜੋਂ ਅਰੰਭ ਕੀਤਾ ਸੀ। ਉਹ ਇੰਡੀਅਨ ਐਕਸਪ੍ਰੈਸ ਲਈ ਰਿਪੋਰਟਰ ਬਣੀ। ਫਿਰ ਜ਼ੀ ਟੈਲੀਫਿਲਮਜ਼, ਤਾਰਾ ਪੰਜਾਬੀ, ਐਨæਡੀæਟੀæਵੀæ ਲਈ ਕੰਮ ਕੀਤਾ। ਅੱਜ ਕੱਲ੍ਹ ਉਹ ‘ਦਿ ਵੀਕ’, ‘ਏਸ਼ੀਅਨ ਏਜ’ ਅਤੇ ‘ਦਿ ਟ੍ਰਿਬਿਊਨ’ ਲਈ ਕਾਲਮ ਲਿਖਦੀ ਹੈ। ਉਹਦੀਆਂ ਚਾਰ ਪੁਸਤਕਾਂ ਛਪੀਆਂ ਹਨ- ਦਿ ਸੀ ਆਫ਼ ਇਨੋਸੈਂਸ, ਓਰਿਜ਼ਨ ਆਫ਼ ਲਵ, ਵਿਟਨੈੱਸ ਦਿ ਨਾਈਟ ਤੇ ਡਾਰਲਿੰਗਜੀ: ਦਿ ਲਵ ਸਟੋਰੀ ਆਫ਼ ਨਰਗਸ ਐਂਡ ਸੁਨੀਲ ਦੱਤ।