ਬੇ-ਬਸੀ

ਉਰਦੂ ਲੇਖਕ ਤਸਕੀਨ ਜੈਦੀ ਕਾਨ੍ਹਪੁਰ ਦੀ ਕਹਾਣੀ ‘ਬੇ-ਬਸੀ’ ਉਸ ਬੇਬਸੀ ਦੀ ਬਾਤ ਪਾਉਂਦੀ ਹੈ ਜਿਹੜੀ ਕਦੀ ਮੁੱਕਦੀ ਨਹੀਂ। ਇਹ ਬੇਬਸੀ ਪੀੜ੍ਹੀ-ਦਰ-ਪੀੜ੍ਹੀ ਪਿੱਛਾ ਕਰਦੀ ਹੈ ਅਤੇ ਜ਼ਿੰਦਗੀ ਨਾਲ ਜੂਝ ਰਹੇ ਜਿਊੜਿਆਂ ਨੂੰ ਲਗਾਤਾਰ ਪੱਛੀ ਜਾਂਦੀ ਹੈ। ਕਹਾਣੀ ਦੇ ਪਾਤਰਾਂ ਨਾਲ ਹਰ ਕਿਸੇ ਦੀ ਹਮਦਰਦੀ ਤਾਂ ਜਾਗਦੀ ਹੈ, ਪਰ ਇਨ੍ਹਾਂ ਜਿਊੜਿਆਂ ਨੂੰ ਬੇ-ਬਸੀ ਦੀ ਇਸ ਦਲਦਲ ਵਿਚੋਂ ਕੱਢਣ ਦੀ ਕੋਈ ਸਬੀਲ ਨਹੀਂ; ਇਹ ਪਾਤਰ ਸਗੋਂ ਇਸ ਦਲਦਲ ਵਿਚ ਹੋਰ ਡੂੰਘੇ ਧਸਦੇ ਚਲੇ ਜਾਂਦੇ ਹਨ। ਇਸ ਕਹਾਣੀ ਦਾ ਤਰਜਮਾ ਸੁਰਜੀਤ ਸਿੰਘ ਪੰਛੀ ਨੇ ਕੀਤਾ ਹੈ।

-ਸੰਪਾਦਕ

ਤਸਕੀਨ ਜੈਦੀ ਕਾਨ੍ਹਪੁਰ
ਤਰਜ਼ਮਾ: ਸੁਰਜੀਤ ਸਿੰਘ ਪੰਛੀ
“ਹਾਏ ਰਾਮ! ਮੈਂ ਲੁੱਟ ਗਈ, ਬਰਬਾਦ ਹੋ ਗਈæææ ਇਕੱਲੀ ਰਹਿ ਗਈæææ।”
ਗੁਆਂਢ ਵਿਚ ਕਿਸੇ ਇਸਤਰੀ ਦੀਆਂ ਦਰਦੀਲੀਆਂ, ਅਸਮਾਨ ਪਾੜ ਦੇਣ ਵਾਲੀਆਂ ਚੀਕਾਂ ਨਾਲ ਵਾਯੂਮੰਡਲ ਵਿਚ ਕੋਈ ਗੂੰਜ, ਗੂੰਜ ਰਹੀ ਸੀ। ਮੈਂ ਆਪਣੀ ਕਲਾਸ ਦੇ ਲੈਕਚਰ ਦੀ ਤਿਆਰੀ ਵਿਚ ਮਗਨ ਸੀ, ਤਦੇ ਹੀ ਪਤਨੀ ਨੇ ਦੱਸਿਆ ਕਿ ਘਰ ਦੀ ਨੌਕਰਾਣੀ ‘ਮੁੰਨੀ ਦੀ ਮਾਂ’ ਦਾ ਪਤੀ ਕੱਲੂ ਗੁਜ਼ਰ ਗਿਆ ਹੈ।
“ਚੱਲੋ, ਚੰਗਾ ਹੋਇਆ, ਮਰ ਗਿਆ। ਭੜੂਆ ਮੋਇਆ, ਚੰਗਾ ਹੋਇਆ। ਮੁੰਨੀ ਦੀ ਮਾਂ ਲਈ ਬੋਝ ਹੀ ਸੀ।” ਪਤਨੀ ਨੇ ਵਿਅੰਗ ਕੱਸਦਿਆਂ ਕਿਹਾ। ਮੈਂ ਬਾਹਰ ਸੜਕ ‘ਤੇ ਆ ਗਿਆ। ਉਸ ਦੇ ਘਰ ਅੱਗੇ ਆਦਮੀਆਂ ਦਾ ਇਕੱਠ ਸੀ। ਥੋੜ੍ਹੇ ਸਮੇਂ ਵਿਚ ਹੀ ਸੈਂਕੜੇ ਲੋਕ ਇਕੱਠੇ ਹੋ ਗਏ। ਸਾਹਮਣੇ ਕੱਲੂ ਦੀ ਲਾਸ਼ ਪਈ ਸੀ। ਚਿੱਟੇ ਕਫ਼ਨ ਵਿਚ ਉਹ ਚੁੱਪ-ਚਾਪ ਜਿਹਾ ਪਲੰਘ ‘ਤੇ ਪਿਆ ਮੁਸਕਰਾ ਰਿਹਾ ਸੀæææ ਕਿਸ ‘ਤੇæææ,ਦਿਖਾਵੇ ਵਾਲੀ ਇਸ ਦੁਨੀਆ ‘ਤੇ, ਜਾਂ ਆਪਣੇ ਆਪ ‘ਤੇ? ਉਸ ਦੀ ਪਤਨੀ ਪਲੰਘ ਤੇ ਇਸ ਦੇ ਪੈਂਦੀ ਸਿਰ ਢਕੀ ਰੋ ਰਹੀ ਸੀ। ਮੈਂ ਸੋਚਣ ਲੱਗਿਆ- ‘ਕੱਲੂ ਸ਼ਰਾਬੀ ਸੀ, ਬਦਚਲਨ ਤੇ ਜੁਆਰੀ ਸੀ; ਫਿਰ ਵੀ ਮੁੰਨੀ ਦੀ ਮਾਂ ਇਸ ਨੂੰ ਕਿਉਂ ਚਾਹੁੰਦੀ ਸੀ। ਉਹ ਵੀ ਨਸ਼ੇ ਵਿਚ ਇਸ ਨੂੰ ਲੋਹੜੇ ਦਾ ਮਾਰਦਾ ਸੀ ਤੇ ਪਹਿਲੀ ਤਾਰੀਖ ਨੂੰ ਇਸ ਤੋਂ ਤਨਖਾਹ ਦੇ ਰੁਪਈਏ ਵੀ ਖੋਹ ਲੈਂਦਾ ਸੀ।’
ਮੇਰੇ ਸਾਹਮਣੇ ਕੱਲੂ ਦੀ ਸਾਰੀ ਸ਼ਖ਼ਸੀਅਤ ਪਸਰ ਗਈ। ਉਹ ਸੱਠ ਸਾਲ ਦਾ ਮੋਟਾ, ਚੌੜਾ ਤੇ ਬਦਸੂਰਤ ਆਦਮੀ ਸੀ। ਹਰ ਸਮੇਂ ਨਸ਼ੇ ਵਿਚ ਧੁੱਤ ਹੋ ਕੇ ਪਿਆ ਰਹਿੰਦਾ ਸੀ। ਇਹਨੇ ਆਪਣੇ ਸਾਰੇ ਸ਼ੌਕ ਪੂਰੇ ਕਰ ਲਏ ਸੀ, ਪਰ ਜਦੋਂ ਉਹ ਨਸ਼ੇ ਵਿਚ ਨਾ ਹੁੰਦਾ ਤਾਂ ਉਹ ਹਰ ਇਕ ਨਾਲ ਪਿਆਰ ਤੇ ਹਮਦਰਦੀ ਨਾਲ ਮਿਲਦਾ। ਹਰ ਇਕ ਦੇ ਦੁੱਖ-ਸੁੱਖ ਵਿਚ ਹਿੱਸਾ ਲੈਂਦਾ ਅਤੇ ਆਪਣੀ ਪਤਨੀ ਨਾਲ ਬੜਾ ਨਰਮ ਹੋ ਕੇ ਗੱਲ ਕਰਦਾ। ਸਭ ਤੋਂ ਵੱਡੀ ਖਾਮੀ ਇਹ ਸੀ ਕਿ ਇਸ ਨੇ ਕਿਤੇ ਵੀ ਦਿਲ ਲਾ ਕੇ ਕੰਮ ਨਹੀਂ ਕੀਤਾ। ਚਪੜਾਸੀ ਬਣਿਆ, ਡਰਾਈਵਰ, ਰਿਕਸ਼ਾ ਚਾਲਕ ਬਣਿਆ ਪਰ ਕੁਝ ਹੀ ਦਿਨਾਂ ਵਿਚ ਸਾਰੇ ਕੰਮ ਛੱਡ ਦਿੱਤੇ। ਜਦੋਂ ਤੋਂ ਇਸ ਦੀ ਪਤਨੀ ਘਰਾਂ ਵਿਚ ਨੌਕਰਾਣੀ ਦਾ ਕੰਮ ਕਰਨ ਲੱਗੀ, ਇਸ ਨੂੰ ਘਰ ਦੇ ਹੋਰ ਖਰਚਿਆਂ ਦੀ ਬਿਲਕੁਲ ਪ੍ਰਵਾਹ ਨਹੀਂ ਸੀ। ਹੁਣ ਕੁਝ ਕਰਨ ਦੀ ਕੀ ਲੋੜ ਸੀ!
ਇਕ ਦਿਨ ਇਸ ਨੇ ਦੱਸਿਆ ਸੀ ਕਿ ਇਹ ਇਸ ਦੀ ਦੂਸਰੀ ਪਤਨੀ ਹੈ। ਪਹਿਲੀ ਪਤਨੀ ਦਸ ਸਾਲ ਪਹਿਲਾਂ ਚਾਰ ਬੱਚੇ ਛੱਡ ਕੇ ਮਰ ਗਈ ਸੀ। ਮੁੰਨੀ ਦੀ ਮਾਂ ਦਾ ਪਹਿਲਾ ਪਤੀ ਕਿਸੇ ਦੁਰਘਟਨਾ ਵਿਚ ਮਾਰਿਆ ਗਿਆ ਸੀ। ਕੱਲੂ ਦਾ ਇਹ ਦੂਜਾ ਵਿਆਹ ਸੀ। ਇਹ ਸੇਠ ਦੇ ਘਰ ਨੌਕਰਾਣੀ ਸੀ। ਕੱਲੂ ਸੇਠ ਦੀ ਕਾਰ ਚਲਾਉਂਦਾ ਸੀ। ਦੋਵਾਂ ਨੇ ਇਕ ਦੂਜੇ ਨੂੰ ਪਸੰਦ ਕੀਤਾ ਤੇ ਚਾਹੁਣ ਲੱਗੇ। ਫਿਰ ਇਕ ਦਿਨ ਸ਼ੀਲਾ ਨੇ ਇਸ ਦੇ ਘਰ ਆ ਕੇ ਘਰ ਅਤੇ ਬੱਚਿਆਂ ਨੂੰ ਸੰਭਾਲ ਲਿਆ। ਉਹ ਇਕੱਲਪੁਣੇ ਕਰ ਕੇ ਅੱਕ ਚੁੱਕੀ ਸੀ। ਕੱਲੂ ਦੀ ਛਾਂ ਵਿਚ ਇਸ ਨੂੰ ਰੱਖਿਆ ਤੇ ਸ਼ਰਨ ਮਿਲ ਗਈ ਅਤੇ ਉਹ ਬਿਨਾਂ ਫੇਰਿਆਂ ਦੇ ਹੀ ਉਸ ਦੇ ਘਰ ਆ ਗਈ, ਉਸ ਦੀ ਬਣ ਗਈ। ਉਸ ਦੇ ਨਾਂ ਦੀ ਚੂੜੀ ਪਹਿਨ ਲਈ। ਬੱਚਿਆਂ ਨੂੰ ਸੀਨੇ ਨਾਲ ਲਾਇਆ ਅਤੇ ਮਾਂ ਦਾ ਪਿਆਰ ਦਿੱਤਾ।
ਕੱਲੂ ਦੀ ਸੁਸਤੀ ਅਤੇ ਬੇਕਾਰੀ ਤੋਂ ਤੰਗ ਆ ਕੇ ਉਸ ਨੇ ਘਰ-ਘਰ ਜਾ ਕੇ ਕੰਮ ਕਰਨਾ ਸ਼ੁਰੂ ਕੀਤਾ। ਘਰ ਚਲਾਉਣ ਨਾਲ ਕੱਲੂ ਦੇ ਨਸ਼ੇ ਦਾ ਪ੍ਰਬੰਧ ਵੀ ਕਰਦੀ। ਕੱਲੂ ਦੇ ਹਰ ਜ਼ੁਲਮ ਅਤੇ ਵਧੀਕੀ ਨੂੰ ਹੱਸ ਕੇ ਸਹਿ ਲੈਂਦੀ, ਪਰ ਹੌਲੀ ਹੌਲੀ ਕੱਲੂ ਚਿੜਚਿੜਾ ਹੋ ਗਿਆ। ਜਦੋਂ ਤੱਕ ਉਹ ਘਰੇ ਰਹਿੰਦੀ, ਗੱਲ ਗੱਲ ‘ਤੇ ਉਸ ਨੂੰ ਡਾਂਟਦਾ ਰਹਿੰਦਾ ਤੇ ਉਹ ਗਾਲ਼ਾਂ ਸੁਣਦੀ ਰਹਿੰਦੀ। ਮੈਂ ਸੋਚਦਾ ਰਹਿ ਜਾਂਦਾ ਕਿ ਇਹ ਇਸਤਰੀ ਕਿਸ ਖਮੀਰ ਦੀ ਬਣੀ ਹੋਈ ਹੈ! ਕਿੰਨੀ ਸਹਿਣਸ਼ੀਲਤਾ ਹੈ। ਆਪਣੀ ਫਿਕਰ ਹੀ ਨਹੀਂ। ਪਤੀ ਅਤੇ ਇਸ ਦੇ ਬੱਚਿਆਂ ਦੇ ਫਿਕਰ ਵਿਚ ਦਿਨ ਭਰ ਕਮਾਉਂਦੀ ਹੈ। ਮੈਂ ਇਸ ਦਾ ਟਾਕਰਾ ਆਪਣੀ ਪਤਨੀ ਨਾਲ ਕਰਦਾ ਜੋ ਹਰ ਸਮੇਂ ਫੈਸ਼ਨ ‘ਤੇ ਜਾਨ ਦਿੰਦੀ ਹੈ ਅਤੇ ਨਿਗ੍ਹਾ ਸਦਾ ਮੇਰੇ ਬਟੂਏ ‘ਤੇ ਲੱਗੀ ਰਹਿੰਦੀ ਹੈ। ਪਤਾ ਨਹੀਂ ਕਿਉਂ ਮੈਂ ਇਸ ਤੋਂ ਡਰਿਆ ਰਹਿੰਦਾ ਹਾਂ।
“ਅਜੀ, ਚੱਲੋ ਰੋਟੀ ਖਾਓ, ਕਾਲਜ ਜਾਣ ਦਾ ਸਮਾਂ ਹੋ ਰਿਹਾ ਹੈ।” ਅੰਦਰੋਂ ਪਤਨੀ ਦੀ ਗਰਜਵੀਂ ਆਵਾਜ਼ ਨੇ ਮੈਨੂੰ ਚੌਂਕਾ ਦਿਤਾ, ਮੈਨੂੰ ਅੰਦਰ ਜਾਣਾ ਪਿਆ। ਖਾਣੇ ਦੇ ਮੇਜ਼ ‘ਤੇ ਵੀ ਮੇਰਾ ਦਿਮਾਗ ਕੱਲੂ ਅਤੇ ਉਸ ਦੀ ਪਤਨੀ ਵੱਲੋਂ ਨਹੀਂ ਹਟ ਰਿਹਾ ਸੀ। ਮੈਂ ਬੇਦਿਲੀ ਨਾਲ ਦੋ ਤਿੰਨ ਬੁਰਕੀਆਂ ਛੇਤੀ ਛੇਤੀ ਖਾ ਕੇ ਆਪਣਾ ਬੈਗ ਸੰਭਾਲਦਿਆਂ ਕਾਲਜ ਜਾਣ ਲਈ ਘਰੋਂ ਬਾਹਰ ਚਲਿਆ ਗਿਆ।
“ਅੱਜ ਛੇਤੀ ਆਉਣਾ, ਸ਼ਬਨਮ ਦੇ ਘਰ ਜਾਣਾ ਹੈ। ਉਸ ਦਾ ਬਰਥ ਡੇਅ ਹੈ। ਕੋਈ ਨਾ ਕੋਈ ਤੋਹਫਾ ਲੈਂਦੇ ਆਉਣਾ। ਕੈਨੀਕੋ ਤੋਂ ਮੇਰੀ ਸਾੜੀ ਵੀ ਲੈਂਦੇ ਆਇਓ, ਡਾਈ ਕਰਵਾਇਆ ਹੈ। ਦੇਖਦੇ ਆਂ ਕਿਹਾ ਰੰਗ ਚੜ੍ਹਿਆ ਹੈ। ਹਾਂ, ਲੈਕਮੇ ਫੇਸ ਪਾਊਡਰ ਵੀ।” ਚਲਦਿਆਂ ਚਲਦਿਆਂ ਉਸ ਦੀ ਆਵਾਜ਼ ਮੇਰੇ ਕੰਨਾਂ ਵਿਚ ਪਈ। ਮੈਂ ਸੋਚਣ ਲੱਗਿਆ ਕਿ ਇਸ ਨੂੰ ਗੁਆਂਢ ਵਿਚ ਹੋਈ ਮੌਤ ਦਾ ਰਤਾ ਭਰ ਵੀ ਅਹਿਸਾਸ ਨਹੀਂ। ਆਪਣੇ ਐਸ਼ੋ-ਆਰਾਮ ਅਤੇ ਘੁੰਮਣ ਦਾ ਫਿਕਰ ਹਰ ਸਮੇਂ ਲੱਗਿਆ ਰਹਿੰਦਾ ਹੈ।
ਅੱਜ ਕਾਲਜ ਵਿਚ ਦਿਲ ਨਹੀਂ ਲੱਗਿਆ। ਕਈ ਪੀਰੀਅਡਾਂ ਵਿਚ ਜਾ ਨਹੀਂ ਹੋਇਆ। ਕੱਲੂ ਅਤੇ ਉਸ ਦੀ ਪਤਨੀ ਦਾ ਖਿਆਲ ਦਿਮਾਗ ਵਿਚੋਂ ਨਾ ਨਿਕਲ ਸਕਿਆ। ਕਾਲਜ ਤੋਂ ਮੁੜ ਕੇ ਘਰ ਅੰਦਰ ਜਾਣ ਤੋਂ ਪਹਿਲਾਂ ਮੁੰਨੀ ਦੀ ਮਾਂ ਨੂੰ ਮੈਂ ਉਸ ਦੇ ਬੂਹੇ ‘ਤੇ ਗਮਗੀਨ ਅਤੇ ਉਦਾਸ ਖੜ੍ਹੀ ਦੇਖਿਆ। ਲਾਸ਼ ਸ਼ਮਸ਼ਾਨਘਾਟ ਜਾ ਚੁੱਕੀ ਸੀ। ਬਾਹਰ ਗਲੀ ਸੁੰਨਸਾਨ ਸੀ। ਉਦਾਸੀ ਦੀ ਲਹਿਰ ਮੇਰੇ ‘ਤੇ ਵੀ ਛਾ ਗਈ।
ਫਿਰ ਕਈ ਦਿਨਾਂ ਪਿਛੋਂ ਉਹ ਕੰਮ ‘ਤੇ ਆਈ। ਮੈਂ ਉਸ ਨੂੰ ਆਪਣੇ ਕਮਰੇ ਵਿਚੋਂ ਰਸੋਈ ਵਿਚ ਕੰਮ ਕਰਦਿਆਂ ਦੇਖਿਆ। ਨਿਢਾਲ ਸੀ। ਹਫਤਾ ਪਹਿਲਾਂ ਵਾਲੀ ਤਾਜ਼ਗੀ ਅਤੇ ਚਮਕ ਗਾਇਬ ਸੀ। ਖੰਘ ਵੀ ਰਹੀ ਸੀ। ਮੈਨੂੰ ਤਰਸ ਆਇਆ। ਮੈਂ ਉਸ ਦੀ ਸਹਾਇਤਾ ਕਰਨਾ ਚਾਹੁੰਦਾ ਸੀ। ਪਤਨੀ ਤੋਂ ਡਰਦਾ ਸੀ ਕਿ ਉਹ ਆਦਤ ਅਨੁਸਾਰ ਕੋਈ ਸ਼ੱਕ ਨਾ ਕਰ ਲਵੇ।
ਕੱਲੂ ਦੀ ਬਿਮਾਰੀ ਦੇ ਦਿਨਾਂ ਵਿਚ ਪਤਨੀ ਨੇ ਉਸ ਨੂੰ ਡਾਂਟਿਆ ਵੀ ਸੀ, “ਜਦੋਂ ਮੈਂ ਘਰ ਨਾ ਹੋਵਾਂ, ਤੂੰ ਸਾਹਬ ਦੇ ਕਮਰੇ ਵਿਚ ਨਹੀਂ ਜਾਣਾ।” ਤੇ ਮੈਨੂੰ ਸਮਝਾਉਂਦੀ, “ਤੁਸੀਂ ਇਹਨੂੰ ਨਹੀਂ ਜਾਣਦੇ, ਬੜੀ ਚਾਲੂ ਹੋ ਗਈ ਹੈ। ਸੁਣਿਆ, ਮੁਹੱਲੇ ਦੇ ਪਾਨਵਾਲੇ ਅਤੇ ਪੰਸਾਰੀ ਨਾਲ ਇਹਦੀ ਯਾਰੀ ਹੈ। ਪਹਿਲੇ ਪਤੀ ਨੂੰ ਤਾਂ ਖਾ ਹੀ ਗਈ ਸੀ, ਹੁਣ ਕੱਲੂ ਨੂੰ ਵੀ ਇਹਨੇ ਖਤਮ ਕਰ ਦਿੱਤਾ, ਕਿ ਏਕਾਂਤ ਵਿਚ ਐਸ਼ ਕਰੇ। ਅਜੀ, ਮੈਂ ਕਹਿੰਦੀ ਹਾਂæææ ਇਹਨੂੰ ਕੰਮ ਤੋਂ ਹਟਾ ਦੇਵੋ, ਇਹਨੂੰ ਰੱਖ ਕੇ ਅਸੀਂ ਵੀ ਕਿਤੇ ਬਦਨਾਮ ਨਾ ਹੋ ਜਾਈਏ। ਮੈਂ ਤਾਂ ਕੱਲ੍ਹ ਨੂੰ ਹੀ ਦੂਜੀ ਨੌਕਰਾਣੀ ਦੀ ਭਾਲ ਕਰਦੀ ਹਾਂ।”
ਮੈਂ ਪਤਨੀ ਦੇ ਕੁਸੈਲੇ ਵਾਕਾਂ ਦੀ ਸਚਾਈ ਨੂੰ ਪਰਖਦਿਆਂ ਸੋਚਣ ਲੱਗਿਆ ਸੀ, ਕੀ ਅਸਲ ਵਿਚ ਇਸ ਨੇ ਆਪਣਾ ਸਰੀਰ ਵੇਚਣਾ ਸ਼ੁਰੂ ਕਰ ਦਿੱਤਾ ਹੈ। ਯਾਦ ਆਇਆ, ਇਕ ਰਾਤ ਸੁੱਤੇ ਪਿਆਂ ਮੇਰੀ ਅੱਖ ਖੁੱਲ੍ਹ ਗਈ। ਗੁਆਂਢ ਵਿਚ ਮੁੰਨੀ ਦੀ ਮਾਂ ਦੀਆਂ ਹਿਚਕੀਆਂ ਵਾਲੇ ਰੋਣ ਦੀ ਆਵਾਜ਼ ਆ ਰਹੀ ਹੈ। ਕਿਸੇ ਗੱਲ ‘ਤੇ ਕੱਲੂ ਉਸ ਦੀ ਮਾਰ-ਕੁੱਟ ਕਰ ਰਿਹਾ ਸੀ।
ਕੱਲੂ ਇਹ ਨਹੀਂ ਭੁੱਲਦਾ ਸੀ ਕਿ ਉਹ ਪਤੀ ਹੈ ਤੇ ਉਸ ਦੀ ਪਤਨੀ ਨੂੰ ਉਸ ਤੋਂ ਬਿਨਾਂ ਕਿਸੇ ਨੂੰ ਨਹੀਂ ਮਿਲਣਾ ਚਾਹੀਦਾ। ਮੁੰਨੀ ਦੀ ਮਾਂ ਰੋ-ਰੋ ਕੇ ਉਸ ਨੂੰ ਕਹਿ ਰਹੀ ਸੀ, “ਮੈਂ ਘਰ ਕਿਵੇਂ ਚਲਾ ਰਹੀ ਹਾਂ, ਤੈਨੂੰ ਨਸ਼ਾ ਕਿਵੇਂ ਕਰਵਾਉਂਦੀ ਹਾਂ, ਤੇਰੇ ਬੱਚਿਆਂ ਨੂੰ ਕਿਵੇਂ ਪਾਲ ਰਹੀ ਹਾਂ। ਕੀ ਘਰਾਂ ਦੇ ਜੂਠੇ ਭਾਂਡੇ ਮਾਂਜ ਮਾਂਜ ਕੇ, ਤੇ ਲਾਹੀਆਂ ਸਾੜੀਆਂ ਤੇ ਕੱਪੜੇ ਪਹਿਨ ਕੇ ਹੀ ਸਾਡਾ ਗੁਜ਼ਾਰਾ ਹੋ ਜਾਵੇਗਾ। ਤੂੰ ਤਾਂ ਨਕਾਰਾ ਹੋ ਗਿਆ ਏਂ। ਨਸ਼ੇ ਵਿਚ ਧੁੱਤ ਰਹਿੰਨਾ ਏਂ, ਤੈਨੂੰ ਤਾਂ ਵੇਲੇ ਸਿਰ ਭੋਜਨ ਤੇ ਸ਼ਰਾਬ ਮਿਲਣੀ ਚਾਹੀਦੀ ਐ। ਕਦੇ ਸੋਚਿਆ, ਕਦੇ ਪੁੱਛਿਐ, ਇਹ ਸਭ ਕਿਥੋਂ ਆਉਂਦਾ। ਪਤਾ ਈ ਸਾਲ ਭਰ ਵਿਚ ਲੋਕਾਂ ਦਾ ਜਿਹੜਾ ਪੰਜ ਸੌ ਰੁਪਏ ਬਕਾਇਆ ਹੋ ਗਿਆ ਹੈ, ਇਹ ਕਿਵੇਂ ਉਤਰੇਗਾ। ਇਹ ਤਾਂ ਮੇਰਾ ਹੀ ਹੌਸਲਾ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਸਭ ਲੋੜਾਂ ਪੂਰੀਆਂ ਕਰ ਰਹੀ ਹਾਂ। ਕੱਲੂ ਅਜੇ ਵੀ ਉਸ ਨੂੰ ਮਾਰੀ-ਕੁੱਟੀ ਜਾ ਰਿਹਾ ਸੀ, “ਹਰਾਮਜ਼ਾਦੀ, ਆਵਾਰਾ, ਬਦਚਲਨ। ਮੇਰਾ ਨਾਂ ਡਬੋ ਰਹੀ ਏਂ।”
ਉਹ ਮਾਰ ਖਾ ਰਹੀ ਸੀ। ਚੋਟਾਂ ਨਾਲ ਉਸ ਦਾ ਅੰਦਰਲਾ ਦਰਦ ਵਧਦਾ ਜਾ ਰਿਹਾ ਸੀ।
ਸਵੇਰ ਸਮੇਂ ਘੁੰਮਦਿਆਂ ਮੈਂ ਉਸ ਨੂੰ ਕੰਮ ‘ਤੇ ਜਾਂਦਿਆਂ ਦੇਖਿਆ। ਸ਼ਾਇਦ ਉਹ ਸੇਠ ਜੀ ਦੇ ਘਰ ਜਾ ਰਹੀ ਸੀ। ਉਹੀ ਪੂਰੀ ਤਰ੍ਹਾਂ ਸ਼ਾਂਤ ਚਿਹਰਾ, ਰਾਤ ਦੇ ਝਗੜੇ ਦੀ ਕੋਈ ਵੀ ਝਲਕ ਚਿਹਰੇ ‘ਤੇ ਦਿਖਾਈ ਨਹੀਂ ਸੀ ਦਿੰਦੀ। ਉਸ ਨੇ ਮੈਨੂੰ ਦੇਖ ਕੇ ਸਲਾਮ ਕਰਦਿਆਂ ਸਿਰ ਝੁਕਾਇਆ। ਉਸ ਪਿਛੋਂ ਫਿਰ ਕੱਲੂ ਨੇ ਉਸ ‘ਤੇ ਹੱਥ ਨਹੀਂ ਚੁੱਕਿਆ ਅਤੇ ਹੁਣ ਉਹ ਹੱਥ ਚੁੱਕਣ ਦੇ ਕਾਬਲ ਹੀ ਨਹੀਂ ਸੀ ਰਿਹਾ।
ਕੱਲੂ ਨੂੰ ਟੀæਬੀæ ਹੋ ਗਈ ਸੀ। ਸਾਰੀ ਰਾਤ ਖੰਘਦਿਆਂ ਲੰਘ ਜਾਂਦੀ। ਮੁੰਨੀ ਦੀ ਮਾਂ ਨੇ ਬਿਮਾਰੀ ਵਿਚ ਉਸ ਦੀ ਪੂਰੀ ਸੇਵਾ ਕੀਤੀ। ਪੂਰਾ-ਪੂਰਾ ਧਿਆਨ ਰੱਖਿਆ। ਸਿਵਲ ਹਸਪਤਾਲ ਵਿਚ ਆਰਾਮ ਨਾ ਆਇਆ ਤਾਂ ਚੈਸਟ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ, ਪਰ ਕੱਲੂ ਉਥੇ ਹੋਰ ਪ੍ਰੇਸ਼ਾਨ ਕਰਨ ਲੱਗਿਆ, ਸ਼ਰਾਬ ਜੋ ਬੰਦ ਕਰ ਦਿੱਤੀ ਗਈ ਸੀ। ਉਹ ਆਪਣਾ ਕੰਮ ਛੱਡ ਕੇ ਦਿਨ ਭਰ ਉਸ ਕੋਲ ਬੈਠ ਨਹੀਂ ਸੀ ਸਕਦੀ ਅਤੇ ਉਹ ਇਕੱਲਾ ਉਥੇ ਰਹਿ ਨਹੀਂ ਸੀ ਸਕਦਾ। ਆਥਣ ਨੂੰ ਉਹ ਆਪ ਹੀ ਬਿਨਾ ਡਿਸਚਾਰਜ ਕੀਤਿਆਂ ਚੁੱਪ-ਚਾਪ ਘਰ ਆ ਗਿਆ।
ਮਰਦੇ ਦਮ ਤੱਕ ਉਸ ਦੀ ਨਸ਼ੇ ਦੀ ਲਤ ਨਾ ਗਈ। ਉਹ ਕਿਤਿਓਂ ਨਾ ਕਿਤਿਓਂ ਉਸ ਦੇ ਨਸ਼ੇ ਦਾ ਪ੍ਰਬੰਧ ਕਰਦੀ ਜਿਵੇਂ ਇਹ ਉਸ ਦਾ ਫਰਜ਼ ਹੋਵੇ। ਹੁਣ ਨਸ਼ਾ ਉਸ ਵਾਸਤੇ ਲਾਜ਼ਮੀ ਹੋ ਗਿਆ ਸੀ। ਨਸ਼ਾ ਕੁਝ ਸਮੇਂ ਲਈ ਉਸ ਦੀ ਪੀੜ ਬੰਦ ਕਰ ਦਿੰਦਾ ਸੀ। ਇਹੀ ਇਸ ਦੀ ਦਵਾਈ ਸੀ ਅਤੇ ਇਹੀ ਭੋਜਨ, ਤੇ ਇਹੀ ਉਸ ਦੀ ਮੌਤ ਦਾ ਕਾਰਨ ਬਣਿਆ। ਸ਼ੀਲਾ ਦੀ ਗੈਰਹਾਜ਼ਰੀ ਵਿਚ ਕਿਸੇ ਆਉਣ ਜਾਣ ਵਾਲੇ ਤੋਂ ਨਵੇਂ ਠੇਕੇ ਤੋਂ ਦੇਸੀ ਸ਼ਰਾਬ ਦਾ ਅਧੀਆ ਮੰਗਵਾ ਲਿਆ, ਪਰ ਗਲਾਸ ਪੀਂਦਿਆਂ ਹੀ ਉਸ ਦੇ ਸਰੀਰ ਨੂੰ ਅੱਗ ਲੱਗ ਗਈ, ਅੱਖਾਂ ਬਾਹਰ ਆਉਣ ਲੱਗੀਆਂ, ਜ਼ਬਾਨ ਬੰਦ ਹੋ ਗਈ। ਇਉਂ ਲੱਗਿਆ ਜਿਵੇਂ ਕੋਈ ਜ਼ਹਿਰ ਸਾਰੇ ਸਰੀਰ ਵਿਚ ਫੈਲ ਗਈ ਹੋਵੇ। ਸ਼ੀਲਾ ਜਦੋਂ ਘਰ ਆਈ ਤਾਂ ਮਰਿਆ ਹੀ ਦੇਖਿਆ। ਇਸ ਦਿਨ ਸੇਠ ਜੀ ਨੇ ਪੰਜਾਹ ਦਾ ਨੋਟ ਕੱਲੂ ਦੇ ਇਲਾਜ ਲਈ ਪੇਸ਼ਗੀ ਦਿੱਤਾ ਸੀ। ਇਸ ਇਸ਼ਾਰੇ ਨੂੰ ਉਹ ਚੰਗੀ ਤਰ੍ਹਾਂ ਸਮਝਦੀ ਸੀ। ਇਹੀ ਇਸ ਦੇ ਕਿਰਿਆ-ਕਰਮ ਦੇ ਕੰਮ ਆਇਆ। ਬਾਕੀ ਮੁਹੱਲੇ ਵਾਲਿਆਂ ਨੇ ਤਰਸ ਖਾ ਕੇ ਕਫ਼ਨ ਦਾ ਪ੍ਰਬੰਧ ਕਰ ਦਿਤਾ। ਮੈਂ ਵੀ ਕੁਝ ਰੁਪਏ ਪਤਨੀ ਤੋਂ ਚੋਰੀ ਉਸ ਨੂੰ ਭੇਜ ਦਿਤੇ। ਹੁਣ ਉਹ ਆਪਣੇ ਆਪ ਨੂੰ ਅਸੁਰੱਖਿਅਤ ਸਮਝਣ ਲੱਗ ਪਈ ਸੀ। ਫਿਰ ਉਸ ਦੀ ਸਿਹਤ ਡਿੱਗਣ ਲੱਗੀ। ਬੱਚਿਆਂ ਦੀ ਦੇਖ-ਭਾਲ ਕਰਦਿਆਂ ਆਪਣਾ-ਆਪ ਭੁੱਲ ਗਈ। ਉਹ ਇਸ ਤਰ੍ਹਾਂ ਦੀ ਮਸ਼ੀਨ ਬਣ ਗਈ ਜਿਸ ਨੂੰ ਕਦੇ ਵੀ ਤੇਲ ਨਾ ਦਿੱਤਾ ਗਿਆ ਹੋਵੇ, ਬਸ ਚਲਣਾ ਹੀ ਉਸ ਦਾ ਕੰਮ ਹੋਵੇ। ਬੱਚਿਆਂ ਨੂੰ ਖੁਆ-ਪਿਆ ਕੇ ਆਪ ਭੁੱਖੀ ਸੌਂ ਜਾਂਦੀ। ਭੁੱਖ ਅਤੇ ਬਹੁਤੇ ਕੰਮ ਕਰ ਕੇ ਉਸ ਨੂੰ ਬੁਖਾਰ ਰਹਿਣ ਲੱਗਿਆ। ਪਤੀ ਵਾਲੀ ਖੰਘ ਵੀ ਲੱਗ ਗਈ। ਉਹ ਬੁੱਢੀ ਲੱਗਣ ਲੱਗੀ। ਵਾਲਾ ਚਿੱਟੇ ਹੋ ਗਏ ਤੇ ਮੂੰਹ ਬੇ-ਰੌਣਕ। ਇਸਤਰੀ ਲਈ ਮਰਦ ਹੀ ਸ਼ਰਨ ਵਾਲੀ ਥਾਂ ਰੱਖਦਾ ਹੈ। ਚਾਹੇ ਉਹ ਬੇਕਾਰ ਹੀ ਹੋਵੇ, ਜ਼ਾਲਮ ਹੋਵੇ। ਮਰਦ ਮਰਦ ਹੀ ਹੈ। ਉਹ ਦਿਨੋ-ਦਿਨ ਕਮਜ਼ੋਰ ਦਿਸਣ ਲੱਗੀ, ਟੁੱਟਣ ਲੱਗੀ। ਹੁਣ ਇਸ ਨੂੰ ਚਾਹੁਣ ਵਾਲੇ ਵੀ ਇਸ ਕੋਲੋਂ ਦੂਰ ਰਹਿਣ ਲੱਗੇ। ਜ਼ਿੰਮੇਵਾਰੀ ਦਾ ਅਨੁਭਵ ਵਧਦਾ ਗਿਆ। ਬੱਚਿਆਂ ਦੇ ਭਵਿੱਖ ਦਾ ਧਿਆਨ ਵੱਧ ਰਹਿਣ ਲੱਗਿਆ। ਬਿਮਾਰੀ ਨੇ ਸਰੀਰ ਪਿਘਲਾ ਦਿੱਤਾ। ਹੱਡੀਆਂ ਦਾ ਢਾਂਚਾ ਬਣ ਗਈ। ਲੋਕਾਂ ਨੇ ਘਰ ਦਾ ਕੰਮ ਦੇਣਾ ਬੰਦ ਕਰ ਦਿੱਤਾ। ਟੀæਬੀæ ਦੇ ਮਰੀਜ਼ ਨੂੰ ਘਰ ਸੱਦ ਕੇ ਕਿਹੜਾ ਬਿਮਾਰੀ ਮੁੱਲ ਲੈਂਦੈ! ਘਰ ਦਾ ਸਾਮਾਨ ਵਿਕ ਗਿਆ, ਬੱਚੇ ਅਵਾਰਾ ਹੋ ਗਏ, ਚੋਰ ਬਣ ਗਏ।
ਕੱਲੂ ਦੀ ਬਰਸੀ ਦਾ ਪ੍ਰਬੰਧ ਇਸ ਨੇ ਕਿਸੇ ਤੋਂ ਕਰਜ਼ ਲੈ ਕੇ ਕੀਤਾ, ਕੇਵਲ ਉਸ ਦੀ ਰੂਹ ਖੁਸ਼ ਕਰਨ ਲਈ। ਇਸ ਦਿਨ ਸਭ ਇਕੱਠੇ ਹੋਏ, ਖਾ-ਪੀ ਕੇ ਤੁਰਦੇ ਬਣੇ। ਉਹ ਫਿਰ ਇਕੱਲੀ ਰਹਿ ਗਈ। ਕੱਲੂ ਦੀ ਥਾਂ ਖਾਲੀ ਸੀ। ਉਹ ਸੋਚਣ ਲੱਗੀ, ਹੁਣ ਉਹੀ ਦੁਨੀਆ ਤੇ ਪੈਸਾ ਤੇ ਉਹ ਇਕੱਲੀ! ਕੋਈ ਹਮਦਰਦ ਨਹੀਂ, ਦੁੱਖ-ਸੁੱਖ ਦਾ ਕੋਈ ਸਾਂਝੀ ਨਹੀਂ। ਸਿਰ ਦੀ ਛਾਂ ਚਲੀ ਗਈ, ਮਰਦ ਚਲਿਆ ਗਿਆ। ਸਮੇਂ ਦੀਆਂ ਠੋਕਰਾਂ ਖਾਣ ਲਈ ਛੱਡ ਗਿਆ। ਵਿਧਵਾ ਇਸਤਰੀ ਦੀ ਸਮਾਜ ਵਿਚ ਕੀ ਇੱਜ਼ਤ ਹੈ? ਫਿਰ ਵਿਧਵਾ ਦੀ ਜਵਾਨ ਧੀ, ਇਸ ਲਈ ਜਾਨ ਦਾ ਜੰਜਾਲ ਹੀ ਤਾਂ ਹੈ। ਹੁਣ ਉਹ ਅਤੇ ਉਸ ਦੀ ਮੁੰਨੀ ਸਮਾਜੀ ਬਘਿਆੜਾਂ ਦੇ ਵਿਚਕਾਰ ਇਕੱਲੀਆਂ ਸਨ। ਇਨ੍ਹਾਂ ਨੇ ਜ਼ਿੰਦਗੀ ਦਾ ਲੰਬਾ ਅਤੇ ਕਠਨ ਰਾਹ ਸਰ ਕਰਨਾ ਹੈ। ਉਹ ਥੱਕ ਕੇ ਪਲੰਘ ‘ਤੇ ਲੇਟ ਗਈ ਅਤੇ ਸੋਚਣ ਲੱਗੀ। ਸਰੀਰ ਤਾਂ ਕਮਜ਼ੋਰ ਹੋ ਗਿਆ ਹੈ। ਕੇਵਲ ਹਿੰਮਤ ਬਚੀ ਹੈ। ਜ਼ਿੰਮੇਵਾਰੀ ਦਾ ਅਹਿਸਾਸ ਹੀ ਇਸ ਨੂੰ ਜਿਉਂਦਾ ਰੱਖ ਰਿਹਾ ਸੀ।
“ਮੁੰਨੀ ਅਜੇ ਤੱਕ ਕਿਉਂ ਨਹੀਂ ਆਈ?” ਇਕ ਸਵਾਲ ਉਸ ਨੇ ਆਪਣੇ ਆਪ ਨੂੰ ਕੀਤਾ। ਹੁਣ ਉਸ ਨੂੰ ਇਕੱਲਿਆਂ ਨਹੀਂ ਭੇਜੇਗੀ। ਪੱਪੂ ਨੂੰ ਵੀ ਨਾਲ ਭੇਜਿਆ ਕਰੂੰਗੀ। ਫਿਰ ਤ੍ਰੇਹ ਨਾਲ ਉਸ ਦਾ ਗਲ ਸੁੱਕਣ ਲੱਗਿਆ। ਉਸ ਨੇ ਪਾਣੀ ਮੰਗਿਆ। ਉਥੇ ਕੋਈ ਨਹੀਂ ਸੀ। ਕੁਝ ਪਲਾਂ ਪਿਛੋਂ ਮੁੰਨੀ ਬਾਹਰੋਂ ਆਉਂਦੀ ਦਿਖਾਈ ਦਿੱਤੀ। ਉਸ ਦੇ ਹੱਥਾਂ ਵਿਚ ਖਾਣੇ ਦਾ ਸਾਮਾਨ ਅਤੇ ਦਵਾਈ ਦੀ ਸ਼ੀਸ਼ੀ ਸੀ। ‘ਪਾਣੀ-ਪਾਣੀ’ ਦੀ ਆਵਾਜ਼ ਉਸ ਨੇ ਸੁਣੀ, ਫਿਰ ਸਾਮਾਨ ਮੇਜ਼ ‘ਤੇ ਰੱਖ ਕੇ ਉਸ ਨੇ ਪਾਣੀ ਲਿਆ ਅਤੇ ਮਾਂ ਵੱਲ ਡਰਦੀ-ਡਰਦੀ ਵਧੀ। ਪਤਾ ਨਹੀਂ ਅੱਜ ਉਹ ਮਾਂ ਦੀਆਂ ਅੱਖਾਂ ਤੋਂ ਕਿਉਂ ਬਚ ਰਹੀ ਸੀ। ਮਾਂ ਨੇ ਵੀ ਉਸ ਨੂੰ ਧਿਆਨ ਨਾਲ ਦੇਖਿਆ ਅਤੇ ਉਹ ਕੰਬ ਗਈ।
ਉਸ ਨੇ ਪੁੱਛਿਆ, “ਇਹ ਸਭ ਕੁਝ ਅੱਜ ਕਿਥੋਂ ਲਿਆਈ ਏਂ। ਦੁਪੱਟੇ ਦੇ ਲੜ ਕੀ ਬੰਨ੍ਹਿਆ?”
ਮੁੰਨੀ ਨੇ ਝਿਜਕਦਿਆਂ ਹੌਲੀ ਜਿਹੀ ਕਿਹਾ, “ਸੇਠ ਜੀ ਨੇ ਪੰਜਾਹ ਰੁਪਏ ਦਾ ਨੋਟ ਤੇਰੇ ਇਲਾਜ ਲਈ ਦਿੱਤਾ ਸੀ। ਇਸ ਵਿਚੋਂ ਇਹ ਸਭ ਕੁਝ ਲਿਆਈ ਹਾਂ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਤੂੰ ਹੁਣ ਕੰਮ ‘ਤੇ ਨਹੀਂ ਆਉਣਾ, ਹੁਣ ਆਰਾਮ ਕਰੋ, ਤੇ ਹਾਂ, ਅੱਜ ਉਨ੍ਹਾਂ ਦੇ ਘਰ ਕਿਸੇ ਲਈ ਡਿਨਰ ਹੈ, ਮੈਂ ਹੁਣੇ ਜਾਣਾ ਹੈ।”
ਪੰਜਾਹ ਦਾ ਨੋਟ, ਸੇਠ ਜੀ ਅਤੇ ਮੁੰਨੀæææ ਸੋਚਦਿਆਂ ਸੋਚਦਿਆਂ ਸਿਰ ਨੂੰ ਚੱਕਰ ਆ ਗਿਆ। ਪਾਣੀ ਦਾ ਗਲਾਸ ਫੜਦਿਆਂ ਫੜਦਿਆਂ ਹੱਥ ਕੰਬ ਗਿਆ। ਗਲਾਸ ਡਿੱਗ ਕੇ ਚੂਰ ਚੂਰ ਹੋ ਗਿਆ ਅਤੇ ਉਹ ਤਿਹਾਈ ਰਹਿ ਗਈ।
ਮੁੰਨੀ, ਮਾਂ ਦੀ ਇਹ ਹਾਲਤ ਦੇਖ ਕੇ ਸੁੰਨ ਹੋ ਕੇ ਖੜ੍ਹ ਗਈ। ਫਿਰ ਉਹ ਵੀ ਉਸ ਨੂੰ ਲਿਪਟ ਕੇ ਰੋ ਪਈ। ਅੱਜ ਉਹ ਵੀ ਮਾਂ ਵਾਂਗ ਬੇਬਸ ਸੀ।