ਚੰਡੀਗੜ੍ਹ: ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਪੰਜਾਬ ਵਿਚ ਮੁੜ ਖਾੜਕੂਵਾਦ ਦੀਆਂ ਸਰਗਰਮੀਆਂ ਤੇਜ਼ ਹੋਣ ਦਾ ਦਾਅਵਾ ਕੀਤਾ ਹੈ। ਏਜੰਸੀਆਂ ਦਾ ਦਾਅਵਾ ਹੈ ਕਿ ਪਠਾਨਕੋਟ ਤੋਂ ਬਾਅਦ ਮੁੜ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇੰਟੈਲੀਜੈਂਸ ਦੀ ਰਿਪੋਰਟ ਮੁਤਾਬਕ ਕੈਨੇਡਾ ਸਥਿਤ ਖਾਲਿਸਤਾਨ ਟਾਈਗਰਜ਼ ਫੋਰਸ ਨਾਂ ਦੀ ਜਥੇਬੰਦੀ ਪੰਜਾਬ ਵਿਚ ਹਮਲੇ ਦੀ ਫਿਰਾਕ ਵਿਚ ਹੈ। ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਸਿਟੀ ਕੋਲ ਕੈਂਪਸ ਵਿਚ ਖਾੜਕੂਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਏਜੰਸੀਆਂ ਨੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੂੰ ਅਲਰਟ ਭੇਜਿਆ ਹੈ।
ਇੰਟੈਲੀਜੈਂਸ ਦੀ ਰਿਪੋਰਟ ਮੁਤਾਬਕ ਇਕ ਕੈਨੇਡੀਅਨ ਸਿੱਖ ਖਾਲਿਸਤਾਨੀ ਟਾਰੀਗਰਜ਼ ਫੋਰਸ ਦਾ ਆਪਰੇਸ਼ਨ ਹੈੱਡ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਥੇਬੰਦੀ ਭਾਰਤ ਵਿਚ ਹਮਲਾ ਕਰਨ ਲਈ ਸਿੱਖ ਨੌਜਵਾਨਾਂ ਦੀ ਭਰਤੀ ਕਰ ਰਹੀ ਹੈ। ਪੰਜਾਬ ਸਰਕਾਰ ਨੇ ਇੰਟੈਲੀਜੈਂਸ ਰਿਪੋਰਟ ਗ੍ਰਹਿ ਤੇ ਵਿਦੇਸ਼ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਇਸ ਵਿਚ ਸਿੱਖ ਲੀਡਰ ਦੀ ਹਵਾਲਗੀ ਦੀ ਮੰਗ ਕੀਤੀ ਗਈ ਹੈ। ਰਿਪੋਰਟ ਵਿਚ ਦੋ ਜਨਵਰੀ ਨੂੰ ਹੋਏ ਪਠਾਨਕੋਟ ਹਮਲੇ ਦਾ ਵੀ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਤੋਂ ਹਥਿਆਰ ਮੰਗਵਾਏ ਗਏ ਸਨ, ਪਰ ਪਠਾਨਕੋਟ ਹਮਲੇ ਤੋਂ ਬਾਅਦ ਸੁਰੱਖਿਆ ਵਧਣ ਕਾਰਨ ਉਹ ਸਫਲ ਨਾ ਹੋ ਸਕੇ। ਦੋ ਹਫਤੇ ਪਹਿਲਾਂ ਲੁਧਿਆਣਾ ਦੇ ਚੱਕ ਕਲਾਂ ਪਿੰਡ ਤੋਂ ਖਾਲਿਸਤਾਨ ਟਾਈਗਰਜ਼ ਫੋਰਸ ਦੇ ਮੈਂਬਰ ਮਨਦੀਪ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਸ ਦੇ ਫੋਨ-ਕਾਲ ਡਿਟੇਲ ਵਿਚ ਪਾਕਿਸਤਾਨ ਵਿਚ ਦਲ ਖਾਲਸਾ ਇੰਟਰਨੈਸ਼ਨਲ ਦੇ ਚੀਫ ਗਜਿੰਦਰ ਸਿੰਘ ਤੇ ਹਰਦੀਪ ਸਿੰਘ ਨਿੱਝਰ ਦਾ ਨਾਂ ਸੀ। ਰਿਪੋਰਟ ਮੁਤਾਬਕ 1981 ਵਿਚ ਸ੍ਰੀਨਗਰ-ਦਿੱਲੀ ਦੀ ਏਅਰ ਇੰਡੀਆ ਫਲਾਈਟ ਦੀ ਹਾਈਜੈਕਿੰਗ ਪਿਛੇ ਗਜਿੰਦਰ ਸਿੰਘ ਸੀ। ਨਿੱਜਰ ਤੇ ਮਨਦੀਪ ਟ੍ਰੇਨਿੰਗ ਲਈ ਕਈ ਵਾਰ ਪਾਕਿਸਤਾਨ ਜਾ ਚੁੱਕੇ ਹਨ ਤੇ ਆਈæਐਸ਼ਆਈæ ਨੇ ਇਨ੍ਹਾਂ ਨੂੰ ਟ੍ਰੇਨਿੰਗ ਵੀ ਦਿੱਤੀ ਸੀ। 2007 ਵਿਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਧਮਾਕਾ ਮਾਮਲੇ ਵਿਚ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇਸ ਧਮਾਕੇ ਵਿਚ ਛੇ ਲੋਕ ਮਾਰੇ ਗਏ ਸਨ। ਖਾਲਿਸਤਾਨੀ ਟਾਈਗਰਜ਼ ਫੋਰਸ ਦੇ ਚੀਫ ਜਗਤਾਰ ਸਿੰਘ ਤਾਰਾ ਦੀ ਪਿਛਲੇ ਸਾਲ ਹੋਈ ਗ੍ਰਿਫਤਾਰੀ ਤੋਂ ਬਾਅਦ ਹੁਣ ਨਿੱਜਰ ਹੀ ਹਥਿਆਰਾਂ ਦੀ ਟ੍ਰੇਨਿੰਗ ਦੇ ਰਿਹਾ ਹੈ।
ਪਠਾਨਕੋਟ ਹਮਲੇ ਤੋਂ ਤਕਰੀਬਨ ਛੇ ਮਹੀਨੇ ਪਿਛੋਂ ਦੇਸ਼ ਦੀਆਂ ਖੁਫ਼ੀਆ ਏਜੰਸੀਆਂ ਨੇ ਕੈਨੇਡਾ ਸਰਕਾਰ ਨੂੰ ਉਥੇ ਚੱਲ ਰਹੇ ਖਾਲਿਸਤਾਨੀ ਖਾੜਕੂ ਕੈਂਪਾਂ ਨੂੰ ਬਾਰੇ ਅਲਰਟ ਭੇਜਿਆ ਹੈ। ਇਸ ਅਲਰਟ ਵਿਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿਸ਼ਨ ਸ਼ਹਿਰ ਵਿਚ ਪੰਜਾਬ ‘ਤੇ ਹਮਲਾ ਕਰਨ ਦੀ ਤਿਆਰੀ ਲਈ ਖਾਲਿਸਤਾਨ ਪੱਖੀ ਖਾੜਕੂਆਂ ਵੱਲੋਂ ਕੈਂਪ ਚਲਾਇਆ ਜਾ ਰਿਹਾ ਹੈ। ਇਸ ਰਿਪੋਰਟ ਨੂੰ ਪੰਜਾਬ ਇੰਟੈਲੀਜੈਂਸ ਨੇ ਤਿਆਰ ਕੀਤਾ ਹੈ। ਰਿਪੋਰਟ ਮੁਤਾਬਕ ਕੈਨੇਡਾ ਵਿਚ ਹਰਦੀਪ ਨਿੱਝਰ ਨੇ ਖਾਲਿਸਤਾਨ ਖਾੜਕੂ ਫੋਰਸ ਦੇ ਆਪ੍ਰੇਸ਼ਨਲ ਮੁਖੀ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ। ਕੈਂਪ ਵਿਚ ਨੌਜਵਾਨਾਂ ਦੀ ਭਰਤੀ ਲਈ ਮਡਿਊਲ ਵੀ ਤਿਆਰ ਕੀਤਾ ਗਿਆ ਹੈ। ਇਨ੍ਹਾਂ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਪੰਜਾਬ ਵਿਚ ਹਮਲੇ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿਚ ਪੰਜਾਬ ਸਰਕਾਰ ਨੇ ਨਿੱਝਰ ਦੀ ਹਵਾਲਗੀ ਸਬੰਧੀ ਰਿਪੋਰਟ ਪਹਿਲਾਂ ਹੀ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਪੰਜਾਬ ਸਰਕਾਰ ਮੁਤਾਬਕ ਸੂਬੇ ਵਿਚ ਹਮਲੇ ਲਈ ਪਹਿਲਾਂ ਪਾਕਿਸਤਾਨ ਤੋਂ ਹਥਿਆਰਾਂ ਦਾ ਪ੍ਰਬੰਧ ਕੀਤਾ ਜਾਣਾ ਸੀ ਪਰ ਦੋ ਜਨਵਰੀ ਨੂੰ ਪਠਾਨਕੋਟ ਹਮਲੇ ਕਾਰਨ ਪੰਜਾਬ ਅਤੇ ਪਾਕਿਸਤਾਨ ਨਾਲ ਲਗਦੀ ਸਰਹੱਦ ‘ਤੇ ਚੌਕਸੀ ਕਾਰਨ ਹਮਲਾ ਨਹੀਂ ਹੋ ਸਕਿਆ।
ਜਾਂਚ ਏਜੰਸੀਆਂ ਮੁਤਾਬਕ ਮਨਦੀਪ ਸਿੰਘ ਨੇ ਪਾਕਿਸਤਾਨ ਸਥਿਤ ਦਲ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਭਾਈ ਗਜਿੰਦਰ ਸਿੰਘ ਅਤੇ ਨਿੱਝਰ ਨਾਲ ਕਈ ਵਾਰ ਟੈਲੀਫੋਨ ‘ਤੇ ਗੱਲਬਾਤ ਕੀਤੀ ਸੀ। ਮਨਦੀਪ ਅਤੇ ਕਈ ਹੋਰ ਨੌਜਵਾਨਾਂ ਨੂੰ ਹਾਲ ਹੀ ਵਿਚ ਖਾਲਿਸਤਾਨ ਖਾੜਕੂ ਫੋਰਸ ਵਿਚ ਭਰਤੀ ਕੀਤਾ ਗਿਆ ਸੀ। ਇਨ੍ਹਾਂ ਨੂੰ ਏæਕੇæ 47 ਤੇ ਹੋਰ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਪੁਲਿਸ ਵੱਲੋਂ ਕਾਬੂ ਅਰਵਿੰਦਰ ਨੇ ਦੱਸਿਆ ਕਿ ਉਸ ਨੂੰ ਫੇਸਬੁੱਕ ‘ਤੇ ਅਕਾਲ ਰੂਪ ਨਾਂ ਦੇ ਨੌਜਵਾਨ ਨਾਲ ਦੋਸਤੀ ਹੋਈ ਸੀ। ਬਾਅਦ ਵਿਚ ਪਤਾ ਚਲਿਆ ਕਿ ਇਹ ਆਈæਡੀæ ਇੰਗਲੈਂਡ ਤੋਂ ਸਤਿਨਾਮ ਸਿੰਘ ਦੇ ਨਾਂ ਤੋਂ ਚੱਲ ਰਹੀ ਹੈ।
ਬਾਅਦ ਵਿਚ ਉਸ ਬੰਦੇ ਨੇ ਧਾਰਮਿਕ ਸਾਹਿਤ ਤੇ ਉਕਸਾਊ ਭਾਸ਼ਨ ਭੇਜਣੇ ਸ਼ੁਰੂ ਕਰ ਦਿੱਤੇ। ਇਸ ਤੋਂ ਪ੍ਰਭਾਵਿਤ ਹੋ ਕੇ ਉਹ ਪਾਕਿਸਤਾਨ ਧਾਰਮਿਕ ਯਾਤਰਾ ‘ਤੇ ਚਲਾ ਗਿਆ ਜਿਥੇ ਉਸ ਦੀ ਮੁਲਾਕਾਤ ਬੱਬਰ ਖਾਲਸਾ ਦੇ ਚੀਫ਼ ਵਧਾਵਾ ਸਿੰਘ ਬੱਬਰ ਨਾਲ ਹੋਈ। ਇਸ ਮੁਲਾਕਾਤ ਤੋਂ ਬਾਅਦ ਅਰਵਿੰਦਰ ਨੇ ਕੰਮ ਸ਼ੁਰੂ ਕਰ ਦਿੱਤਾ। ਇਸ ਲਈ ਉਸ ਨੇ ਬਟਾਲਾ ਤੇ ਆਦਮਪੁਰ ਤੋਂ ਦੋ ਹੋਰ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਸੀ।
__________________________________
ਕੱਟੜ ਹਿੰਦੂ ਸੰਗਠਨ ਨਿਸ਼ਾਨੇ ਉਤੇ
ਚੰਡੀਗੜ੍ਹ: ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬੱਬਰ ਖਾਲਸਾ ਦੇ ਨਿਸ਼ਾਨੇ ਉਤੇ ਕੱਟੜ ਹਿੰਦੂ ਸੰਗਠਨਾਂ ਦੇ ਆਗੂ, ਕੁਝ ਡੇਰਾ ਪ੍ਰਮੁੱਖ ਤੇ ਕਈ ਰਿਟਾਇਰਡ ਆਈæਏæਐਸ਼ ਅਫਸਰ ਸ਼ਾਮਲ ਸਨ। ਪੁਲਿਸ ਮੁਤਾਬਕ ਬੱਬਰ ਖਾਲਸਾ ਦੇ ਫੜੇ ਗਏ ਦੋ ਕਾਰਕੁਨਾਂ ਨੇ ਇਹ ਸਨਸਨੀਖੇਜ ਖੁਲਾਸਾ ਕੀਤਾ ਹੈ। ਇਨ੍ਹਾਂ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਮਾਰਨ ਦੀ ਯੋਜਨਾ ਬਣ ਗਈ ਸੀ, ਬੱਸ ਹਥਿਆਰਾਂ ਦਾ ਇੰਤਜ਼ਾਰ ਸੀ। ਮੁਲਜ਼ਮ ਸੰਦੀਪ ਸਿੰਘ ਤੇ ਅਰਵਿੰਦਰ ਸਿੰਘ ਨੇ ਦੱਸਿਆ ਕਿ ਹਥਿਆਰਾਂ ਦੀ ਖੇਪ ਦੇ ਇਸਤੇਮਾਲ ਲਈ ਉਹ ਇਕ ਪ੍ਰਮੁੱਖ ਧਾਰਮਿਕ ਸਥਾਨ ‘ਤੇ ਮਿਲੇ ਸਨ। ਲੁਧਿਆਣਾ ਦੇ ਐਸ਼ਐਸ਼ਪੀæ (ਦਿਹਾਤੀ) ਉਪਿੰਦਰਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਦੋਵਾਂ ਤੋਂ ਇਕੱਠਿਆਂ ਹੀ ਸੀæਆਈæਏæ ਪੁੱਛਗਿਛ ਕੀਤੀ ਗਈ ਹੈ, ਜਿਸ ਦੇ ਆਧਾਰ ‘ਤੇ ਖੁਫੀਆ ਏਜੰਸੀਆਂ ਨੂੰ ਅਲਰਟ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਲੀਪਰ ਸੈੱਲਾਂ ਦੀ ਲਿਸਟ ਬਣਾਉਣੀ ਸ਼ੁਰੂ ਕਰ ਦਿੱਤੀ ਗਈ ਹੈ।