ਢੱਡਰੀਆਂ ਵਾਲੇ ਤੇ ਧੁੰਮਾ ਦੀ ਲੜਾਈ ‘ਚ ਘਿਰੀ ਸਰਕਾਰ

ਚੰਡੀਗੜ੍ਹ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵਿਚਾਲੇ ਵਿਵਾਦ ਨੂੰ ਲੈ ਕੇ ਪੰਜਾਬ ਸਰਕਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਦੀ ਹਾਲਤ ਕਸੂਤੀ ਬਣ ਗਈ ਹੈ। ਢੱਡਰੀਆਂ ਵਾਲੇ ਤੇ ਧੁੰਮਾ ਦੋਵੇਂ ਹੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖਫ਼ਾ ਹਨ।

ਦੋਵਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਰਕਾਰ ‘ਤੇ ਭਰੋਸਾ ਨਹੀਂ, ਕਿਉਂਕਿ ਪੁਲਿਸ ਸ਼ਰੇਆਮ ਪੱਖਪਾਤ ਕਰ ਰਹੀ ਹੈ। ਉਧਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਸੀ, ਪਰ ਢੱਡਰੀਆਂ ਵਾਲੇ ਤੇ ਧੁੰਮਾ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਢੱਡਰੀਆਂ ਵਾਲੇ ਨੇ ਕਿਹਾ ਹੈ ਕਿ ਉਨ੍ਹਾਂ ਦਾ ਅਕਾਲ ਤਖ਼ਤ ਸਾਹਿਬ ‘ਤੇ ਭਰੋਸਾ ਹੈ ਪਰ ਜਥੇਦਾਰਾਂ ਉਤੇ ਨਹੀਂ। ਇਸ ਤਰ੍ਹਾਂ ਜਥੇਦਾਰ ਦੀ ਹਾਲਤ ਹਾਸੋਹੀਣੀ ਬਣ ਗਈ ਹੈ। ਦਰਅਸਲ ਬੇਅਦਬੀ ਕਾਂਡ ਤੋਂ ਬਾਅਦ ਕਾਫੀ ਸਿੱਖ ਜਥੇਬੰਦੀਆਂ ਸਰਕਾਰ ਤੇ ਜਥੇਦਾਰ ਤੋਂ ਨਾਰਾਜ਼ ਹਨ। ਢੱਡਰੀਆਂ ਵਾਲੇ ਤੇ ਧੁੰਮਾ ਵਿਚਾਲੇ ਵਿਵਾਦ ਵੀ ਇਸ ਕਾਂਡ ਤੋਂ ਹੀ ਵਧਿਆ ਸੀ। ਹੁਣ ਪੰਥਕ ਕਹਾਉਣ ਵਾਲੀ ਅਕਾਲੀ ਸਰਕਾਰ ਅਤੇ ਸਿੱਖਾਂ ਦੀ ਸਰਬਉੱਚ ਸੰਸਥਾ ਦੇ ਜਥੇਦਾਰ ‘ਤੇ ਸਿੱਖ ਜਥੇਬੰਦੀਆਂ ਵੀ ਭਰੋਸਾ ਕਰਨ ਲਈ ਤਿਆਰ ਨਹੀਂ ਹਨ। ਹੈਰਾਨੀ ਦੀ ਗੱਲ ਹੈ ਕਿ ਧੁੰਮਾ ਨੂੰ ਤਾਂ ਬਾਦਲਾਂ ਦੇ ਕਰੀਬੀ ਮੰਨਿਆ ਜਾਂਦਾ ਰਿਹਾ ਹੈ, ਪਰ ਉਨ੍ਹਾਂ ਨੂੰ ਵੀ ਸਰਕਾਰ ‘ਤੇ ਯਕੀਨ ਨਹੀਂ ਹਨ। ਸਿੱਖ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਿੱਖਾਂ ਦੀ ਸਰਬਉੱਚ ਸੰਸਥਾ ਹੈ। ਉਸ ਦੇ ਜਥੇਦਾਰ ਦੀ ਸਿੱਖ ਜਥੇਬੰਦੀਆਂ ਵੱਲੋਂ ਗੱਲ ਨਕਾਰ ਦੇਣ ਨਾਲ ਸੰਸਥਾ ਦੇ ਵਕਾਰ ਨੂੰ ਢਾਹ ਲਾਏਗੀ।
ਇਸ ਤੋਂ ਇਲਾਵਾ ਅਕਾਲੀ ਦਲ ਦੀ ਵੀ ਅਜਿਹੀ ਹਾਲਤ ਬਣ ਗਈ ਹੈ ਕਿ ਉਹ ਹੁਣ ਪੰਥਕ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਉਧਰ, ਦੋਵਾਂ ਧਿਰਾਂ ਵਿਚ ਸੁਲ੍ਹਾ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਦੋਵਾਂ ਧਿਰਾਂ ਵਿਚ ਵਿਵਾਦ ਨੂੰ ਸੁਲਝਾਉਣ ਲਈ ਸ਼੍ਰੋਮਣੀ ਕਮੇਟੀ ਕਮੇਟੀ ਬਣਾਏਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਕਮੇਟੀ ਦੋਹਾਂ ਧਿਰਾਂ ਕੋਲ ਜਾ ਕੇ ਉਨ੍ਹਾਂ ਦਾ ਪੱਖ ਸੁਣੇਗੀ ਤੇ ਇਸ ਮਸਲੇ ਦਾ ਹੱਲ ਲੱਭ ਕੇ ਇਸ ਵਿਵਾਦ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਵੇਗਾ।
__________________________________
ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ
ਚੰਡੀਗੜ੍ਹ: ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਉਚ ਪੁਲਿਸ ਅਧਿਕਾਰੀਆਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਭਰੋਸਿਆਂ ਦੇ ਬਾਵਜੂਦ ਹਮਲੇ ਦੀ ਸਾਜ਼ਿਸ਼ ਤੇ ਸਾਜ਼ਿਸ਼ਕਾਰ ਨੂੰ ਬੇਪਰਦ ਕਰਨ ਵਿਚ ਨਾਕਾਮ ਰਹਿਣ ਉਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸੀæਬੀæਆਈæ ਜਾਂਚ ਦੀ ਮੰਗ ਕਰਨ ਨਾਲ ਪੰਜਾਬ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ ਵਿਚ ਘਿਰ ਗਈ ਹੈ। ਸੰਤ ਸਮਾਜ ਤੇ ਦਮਦਮੀ ਟਕਸਾਲ ਦਾ ਮੁਖੀ ਹਰਨਾਮ ਸਿੰਘ ਧੁੰਮਾ ਨਾ ਸਿਰਫ ਸੰਤ ਢੱਡਰੀਆਂ ਵਾਲੇ ‘ਤੇ ਹਮਲੇ ਨੂੰ ਦਰੁਸਤ ਹੀ ਠਹਿਰਾ ਰਿਹਾ ਹੈ ਬਲਕਿ ਹਮਲਾਵਰਾਂ ਦੀ ਪਿੱਠ ਵੀ ਠੋਕ ਰਿਹਾ ਹੈ। ਹਮਲੇ ਲਈ ਵਰਤੀਆਂ ਗਈਆਂ ਗੱਡੀਆਂ ਵਿਚੋਂ ਇਕ ਗੱਡੀ ਵੀ ਉਸ ਦੇ ਨਾਂ ਬੋਲਦੀ ਹੈ ਅਤੇ ਉਹ ਸੰਤ ਢੱਡਰੀਆਂ ਵਾਲੇ ਨੂੰ ਦਮਦਮੀ ਟਕਸਾਲ ਦੀ ਦਸਤਾਰ ਸਬੰਧੀ ਕੀਤੀਆਂ ਟਿੱਪਣੀਆਂ ਲਈ ਮੁਆਫ਼ੀ ਨਾ ਮੰਗਣ ਦੀ ਸੂਰਤ ਵਿਚ ਸਬਕ ਸਿਖਾਉਣ ਦੀ ਧਮਕੀ ਵੀ ਦੇ ਰਿਹਾ ਹੈ।