ਸੱਤਾਧਾਰੀ ਅਕਾਲੀ ਦਲ ਲਈ ਵੰਗਾਰ ਬਣੀ ਆਮ ਆਦਮੀ ਪਾਰਟੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਾਡਰ ਨੂੰ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ‘ਆਪ’ ਵਿਚਾਲੇ ਹੀ ਮੁੱਖ ਮੁਕਾਬਲਾ ਹੋਣ ਦੇ ਆਸਾਰ ਹਨ।

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਤੇ ਸਰਕਲ ਪ੍ਰਧਾਨਾਂ ਦੀ ਮੀਟਿੰਗ ਵਿਚ ਦਾਅਵਾ ਕੀਤਾ ਕਿ ਅਕਾਲੀ ਦਲ ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ ਹਾਕਮ ਪਾਰਟੀ ਅੱਜ ਦੀ ਘੜੀ ਪੈਰਾਂ ਸਿਰ ਹੈ ਪਰ ‘ਆਪ’ ਨੂੰ ਹਰ ਪੱਧਰ ‘ਤੇ ਟੱਕਰ ਦੇਣ ਦੀ ਜ਼ਰੂਰਤ ਹੈ। ਸੂਤਰਾਂ ਮੁਤਾਬਕ ਇਸ ਮੀਟਿੰਗ ਦੌਰਾਨ ਸਰਕਲ ਪ੍ਰਧਾਨਾਂ ਨੇ ਮਾਲ ਵਿਭਾਗ ਦੇ ਦਫਤਰਾਂ ਖਾਸ ਕਰ ਕੇ ਤਹਿਸੀਲਾਂ ‘ਚ ਥਾਣਿਆਂ ਅਤੇ ਹੋਰਨਾਂ ਥਾਂਵਾਂ, ਜਿਥੇ ਲੋਕਾਂ ਦਾ ਨਿੱਤ ਦਾ ਵਾਹ ਹੈ, ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ। ਪਾਰਟੀ ਅਹੁਦੇਦਾਰਾਂ ਨੇ ਕਿਹਾ ਕਿ ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਕਾਰਨ ਆਮ ਜਨਤਾ ਸਰਕਾਰ ਤੋਂ ਦੂਰ ਹੋ ਰਹੀ ਹੈ। ਇਸੇ ਕਾਰਨ ਆਮ ਜਨਤਾ ‘ਆਪ’ ਨਾਲ ਜੁੜ ਰਹੀ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਸਰਕਾਰੀ ਦਫਤਰਾਂ ਵਿਚ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਅਤੇ ਸਿਰਫ ਪੈਸੇ ਦੇ ਕੇ ਹੀ ਕੰਮ ਹੁੰਦਾ ਹੈ। ਇਕ ਸਰਕਲ ਪ੍ਰਧਾਨ ਨੇ ਦੱਸਿਆ ਕਿ ਮੀਟਿੰਗ ਵਿਚ ਸ਼ਾਮਲ ਆਗੂਆਂ ਨੇ ਬਹੁ-ਗਿਣਤੀ ਹਲਕਾ ਇੰਚਾਰਜਾਂ ਦਾ ਰਵੱਈਆ ਤਾਨਾਸ਼ਾਹ ਹੋਣ ਦਾ ਮਾਮਲਾ ਚੁੱਕਦਿਆਂ ਕਿਹਾ ਕਿ ਸਰਕਲ ਪ੍ਰਧਾਨਾਂ ਨੂੰ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ। ਅਕਾਲੀ ਦਲ ਦੇ ਪ੍ਰਧਾਨ ਨੇ ਹਲਕਾ ਇੰਚਾਰਜਾਂ ਦਾ ਰਵੱਈਆ ਸੁਧਾਰਨ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦਾ ਭਰੋਸਾ ਦਿੱਤਾ।
ਸ਼ ਬਾਦਲ ਨੇ ਜ਼ਿਲ੍ਹਾ ਤੇ ਸਰਕਲ ਪ੍ਰਧਾਨਾਂ ਨੂੰ ਇਸ ਗੱਲੋਂ ਵੀ ਸੁਚੇਤ ਕੀਤਾ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਕੀਤੇ ਵਿਕਾਸ ਤੇ ਭਲਾਈ ਸਕੀਮਾਂ ਦਾ ਪ੍ਰਚਾਰ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਲੋਕ ਭਲਾਈ ਸਕੀਮਾਂ ਨੂੰ ਸਹੀ ਲਾਭਪਾਤਰੀ ਤੱਕ ਪਹੁੰਚਾਉਣ ਲਈ ਪਾਰਟੀ ਵਰਕਰਾਂ ਨੂੰ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਪੱਧਰ”ਤੇ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਇਸ ਦੀ ਜਾਣਕਾਰੀ ਤੁਰਤ ਸਰਕਾਰ ਨੂੰ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਇਕ ਕਿਤਾਬਚਾ ਵੀ ਸਾਰੇ ਆਗੂਆਂ ਅਤੇ ਵਰਕਰਾਂ ਦਰਮਿਆਨ ਵੰਡਿਆਂ ਜਾਵੇਗਾ, ਤਾਂ ਜੋ ਵਰਕਰ ਲੋਕਾਂ ਨੂੰ ਦੱਸ ਸਕਣ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਖੁਸ਼ਹਾਲੀ, ਭਲਾਈ ਅਤੇ ਤਰੱਕੀ ਲਈ ਕਿਹੜੇ ਕਿਹੜੇ ਕੰਮ ਕੀਤੇ।
______________________________________________
ਅਕਾਲੀਆਂ ਨੂੰ ਲੋਕ ਮੁੱਦਿਆਂ ‘ਤੇ ਘਿਰਨ ਦਾ ਡਰ
ਚੰਡੀਗੜ੍ਹ: ਹਾਕਮ ਪਾਰਟੀ ਨੂੰ ਇਹ ਵੀ ਖ਼ਦਸ਼ਾ ਹੈ ਕਿ ਚੋਣਾਂ ਦਾ ਐਲਾਨ ਹੁੰਦਿਆਂ ਹੀ ਨਸ਼ਿਆਂ ਦੀ ਸਮਗਲਿੰਗ, ਰੇਤ ਬਜਰੀ ਦੀ ਕਾਲਾਬਾਜ਼ਾਰੀ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ਭਾਰੀ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਮੁੱਦਿਆਂ ਉਤੇ ‘ਆਪ’ ਹੱਥੋਂ ਘਿਰਨ ਦਾ ਡਰ ਸਤਾ ਰਿਹਾ ਹੈ। ਸੂਤਰਾਂ ਮੁਤਾਬਕ ਸ਼ ਬਾਦਲ ਨੇ ਪਾਰਟੀ ਕਾਡਰ ਨੂੰ ਕਾਂਗਰਸ ਦਾ ਜ਼ਿਆਦਾ ਸਿਆਸੀ ਨੁਕਸਾਨ ਨਾ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ ਹਨ ਕਿਉਂਕਿ ਕਾਂਗਰਸ ਦੀਆਂ ਵੋਟਾਂ ਘਟਣ ਨਾਲ ਅਕਾਲੀ ਦਲ ਨੂੰ ਹੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਪਾਰਟੀ ਵੱਲੋਂ ਸੀਨੀਅਰ ਆਗੂਆਂ ਨੂੰ ਜ਼ੋਨਲ ਇੰਚਾਰਜ ਵਜੋਂ ਵੀ ਤਾਇਨਾਤ ਕੀਤਾ ਜਾ ਰਿਹਾ ਹੈ। ਕੋਰ ਕਮੇਟੀ ਦੇ ਫੈਸਲੇ ਮੁਤਾਬਕ ਸੀਨੀਅਰ ਆਗੂਆਂ ਦੇ ਜ਼ੋਨਲ ਇੰਚਾਰਜ ਦੀ ਨਿਯੁਕਤੀ ਨਾਲ ਹੇਠਲੇ ਪੱਧਰ ‘ਤੇ ਧੜੇਬੰਦੀ ਨੂੰ ਨੱਥ ਪੈਣ ਦੇ ਆਸਾਰ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਆਧੁਨਿਕ ਤਕਨੀਕਾਂ ਅਤੇ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਚਾਹੀਦਾ ਹੈ।