ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਨੂੰ ਲੈ ਕੇ ਸਿਆਸਤ ਮਘੀ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਮਨਾਏ ਜਾਣ ਦੌਰਾਨ ਬੰਦਾ ਸਿੰਘ ਬਹਾਦਰ ਦਾ ਬੁੱਤ ਲਾਉਣ ਦੀ ਆਗਿਆ ਨਾ ਮਿਲਣ ਦਾ ਮਾਮਲਾ ਗਰਮਾ ਗਿਆ ਹੈ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵਾਲੇ ਖੇਤਰ ਮਹਿਰੌਲੀ ਦੇ 7æ5 ਏਕੜ ਪਾਰਕ ਵਿਚ ਬੁੱਤ ਲਾਉਣ ਦੇ ਮੁੱਦੇ ‘ਤੇ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਹਰਵਿੰਦਰ ਸਿੰਘ ਸਰਨਾ ਨੇ ਬੁੱਤ ਲਾਉਣ ਦੀ ਆਗਿਆ ਨਾ ਮਿਲਣ ਦੇ ਮੁੱਦੇ ‘ਤੇ ਕਿਹਾ ਕਿ ਦਿੱਲੀ ਦੀ ਸੰਗਤ ਹੁਣ ਬਣਨ ਵਾਲਾ ਬੁੱਤ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀæਕੇæ ਦੇ ਘਰ ਜਾਂ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਪੰਜਾਬੀ ਬਾਗ ਵਾਲੀ ਕੋਠੀ ਵਿਚ ਲਾਵੇ ਤੇ ਸਾਰੇ ਖਰਚੇ ਦਾ ਆਗੂਆਂ ਤੋਂ ਹਿਸਾਬ ਮੰਗੇ। ਇਸ ਤੋਂ ਪਹਿਲਾਂ ਬਾਦਲ ਧੜੇ ਤੋਂ ਨਰਾਜ਼ ਚੱਲ ਰਹੇ ਦਿੱਲੀ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਵੀ ਬੰਦਾ ਬਹਾਦਰ ਦਾ ਬੁੱਤ ਲਾਉਣ ਦੀ ਆਗਿਆ ਨਾ ਮਿਲਣ ਦੇ ਦੋਸ਼ ਲਾਏ ਸਨ।
ਦੂਜੇ ਪਾਸੇ ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਤੇ ਕਮੇਟੀ ਦੇ ਸਾਬਕਾ ਸੰਯੁਕਤ ਸਕੱਤਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਬੜੀ ਮਾੜੀ ਗੱਲ ਹੈ ਕਿ ਦੋਵੇਂ ਧਿਰਾਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਪੂਰੀ ਵਾਹ ਲਾ ਦਿੰਦੀਆਂ ਹਨ ਪਰ ਕੌਮ ਨੂੰ ਨਮੋਸ਼ੀ ਤੋਂ ਬਚਾਉਣ ਲਈ ਮਿਲ ਕੇ ਕੋਈ ਤਰੱਦਦ ਨਹੀਂ ਕਰ ਰਹੀਆਂ। ਸ੍ਰੀ ਕੋਛੜ ਨੇ ਕਿਹਾ ਕਿ ਪਹਿਲਾਂ ਹੀ ਦੋਵਾਂ ਧਿਰਾਂ ਦੀ ‘ਨੱਕ ਦੀ ਲੜਾਈ’ ਕਾਰਨ 300 ਸਾਲਾ ਸ਼ਹੀਦੀ ਸਮਾਗਮਾਂ ਵੇਲੇ ਪਾਲਕੀ ਲੈ ਜਾਣ ਦਾ ਮਾਮਲਾ ਉਲਝਿਆ। ਗੁਰਦੁਆਰਾ ਰਕਾਬ ਗੰਜ ਦੀ ਬਣਨ ਵਾਲੀ ਪਾਰਕਿੰਗ ਦੇ ਮੁੱਦੇ ਨੇ ਨਮੋਸ਼ੀ ਦਿੱਤੀ।
ਆਪਸੀ ਖਹਿਬਾਜ਼ੀ ਕਾਰਨ ਸਕੂਲਾਂ ਦੀ ਲੀਜ਼ ਡੀਡ ਤੱਕ ਰੱਦ ਹੋਣ ਦੀ ਨੌਬਤ ਆਈ। ਬਾਲਾ ਸਾਹਿਬ ਹਸਪਤਾਲ ਦਾ ਅਹਿਮ ਪ੍ਰਾਜੈਕਟ ਵਿਚੇ ਰੁਕਿਆ, ਵਸੰਤ ਵਿਹਾਰ ਪੋਲੀ ਟੈਕਨੀਕ ਸਮੇਤ ਇੰਜੀਨੀਅਰਿੰਗ ਕਾਲਜ ਦਾ ਭਵਿੱਖ ਦਾਅ ਉਪਰ ਲੱਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬੀ ਬਾਗ ਵਿਖੇ ਵੀ ਇਕ ਪਾਰਕ ਦਾ ਨਾਮਕਰਨ ਨਵੰਬਰ 1984 ਦੇ ਸਿੱਖ ਸ਼ਹੀਦਾਂ ਉਪਰ ਕਰਨ ਦਾ ਮਾਮਲਾ ਸਿਆਸਤ ਦੀ ਭੱਠੀ ਵਿਚ ਝੋਕਿਆ ਗਿਆ ਸੀ।
ਸ੍ਰੀ ਕੋਛੜ ਨੇ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਬੰਦਾ ਸਿੰਘ ਬਹਾਦਰ ਬਾਰੇ ਜੋ ਸ਼ਬਦਾਵਲੀ ਵਰਤੀ ਹੈ, ਉਹ ਨਿੰਦਣਯੋਗ ਹੈ । ਬਾਦਲ ਧੜੇ ਵੱਲੋਂ ਇਸ ਬੁੱਤ ਬਾਰੇ ਸਹੀ ਸਥਿਤੀ ਸੰਗਤ ਅੱਗੇ ਨਾ ਰੱਖਣਾ ਵੀ ਗਲਤ ਹੈ ਜਿਸ ਨਾਲ ਕੌਮ ਦੀ ਹੇਠੀ ਹੋਣ ਵਾਲੀ ਹਾਲਤ ਭਵਿੱਖ ਵਿਚ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬੰਦਾ ਸਿੰਘ ਬਹਾਦਰ ਦਾ ਦਿਵਸ ਸਹੀ ਸੋਚ ਤੇ ਰਲ-ਮਿਲ ਕੇ ਮਨਾਇਆ ਜਾਣਾ ਚਾਹੀਦਾ ਹੈ, ਨਾ ਕਿ ਸਿਆਸੀ ਕਿੜਾਂ ਕੱਢਣ ਲਈ ਹੇਠਲੀ ਪੱਧਰ ਦੀ ਰਾਜਨੀਤੀ ਕੀਤੀ ਜਾਵੇ।
_________________________________________
ਗੈਰ ਸਿੱਖਾਂ ਤੱਕ ਸਿੱਖ ਇਤਿਹਾਸ ਪਹੁੰਚਾਉਣ ਦੇ ਯਤਨ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁਨਾਂ ਦੀ ਕੀਤੀ ਬੈਠਕ ਦੌਰਾਨ ਪ੍ਰਧਾਨ ਮਨਜੀਤ ਸਿੰਘ ਜੀæਕੇæ ਨੇ ਕਿਹਾ ਕਿ ਕਮੇਟੀ ਨਗਰ ਕੀਰਤਨਾਂ ਤੇ ਲੰਗਰਾਂ ਤੋਂ ਬਾਹਰ ਨਿਕਲ ਕੇ ਸਿੱਖ ਇਤਿਹਾਸ ਨੂੰ ਗ਼ੈਰਸਿੱਖਾਂ ਤੱਕ ਪੁੱਜਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਗੁਰਦੁਆਰਾ ਰਕਾਬ ਗੰਜ ਕੰਪਲੈਕਸ ਵਿਖੇ ਦਲ ਦੇ ਸੂਬਾ ਦਫਤਰ ਵਿਖੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਜੀæਕੇæ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਦੁਨੀਆਂ ਵਿਚ ਰੋਸ਼ਨ ਕਰਨ ਦੀ ਕੋਸ਼ਿਸ਼ ਦਿੱਲੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੰਦਾ ਸਿੰਘ ਬਹਾਦਰ ਅਜਿਹਾ ਯੋਧਾ ਤੇ ਆਗੂ ਹੋਇਆ ਜਿਸ ਨੇ ਮੁਗਲ ਰਾਜ ਨੂੰ ਉਖਾੜਨ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੋਸ਼ ਲਾਇਆ ਕਿ ਇਤਿਹਾਸਕਾਰਾਂ ਕੋਲੋਂ ਬੰਦਾ ਬਹਾਦਰ ਦੀ ਸ਼ਹਾਦਤ ਤੇ ਕਾਰਜਾਂ ਨੂੰ ਲਿਖਣ ਵੇਲੇ ਹੋਈ ਕੁਤਾਹੀ ਹੋਈ ਹੈ ਤੇ ਸ਼ਤਾਬਦੀ ਦੌਰਾਨ ਇਤਿਹਾਸ ਸਮਾਰੋਹਾਂ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ ਨੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਪਰਮਜੀਤ ਸਿੰੰਘ ਸਰਨਾ ਨੇ ਫ਼ਤਿਹ ਨਗਰ ਗੁਰਦੁਆਰੇ ਵਿਖੇ ਸੰਗਤ ਨੂੰ ਨਵੰਬਰ 1984 ਦੇ ਵਾਅਕੇ ਨੂੰ ਭੁੱਲ ਜਾਣ ਦੀ ਦਿੱਤੀ ਸਲਾਹ ਦੀ ਨਿੰਦਾ ਕੀਤੀ ਤੇ ਇਸ ਪਿਛਲੀ ਮਨਸ਼ਾ ਤੇ ਸੋਚ ਉਪਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਵਿਰੋਧੀ ਧਿਰਾਂ ਵੱਲੋਂ ਦਿੱਲੀ ਕਮੇਟੀ ਦੇ ਵਿਦਿਅਕ ਅਦਾਰਿਆਂ ਨੂੰ ਅਦਾਲਤਾਂ ਰਾਹੀਂ ਬੰਦ ਕਰਵਾਉਣ ਦੀਆਂ ਚਾਲਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ ਤੇ ਕਿਹਾ ਕਿ ਗੁਰੂਆਂ ਦੇ ਨਾਂ ਉਤੇ ਬਣੇ ਅਦਾਰੇ ਕੋਈ ਵੀ ਬੰਦ ਨਹੀਂ ਕਰਵਾ ਸਕਦਾ। ਉਨ੍ਹਾਂ ਆਪਣੇ ਜਜ਼ਬਾਤੀ ਭਾਸ਼ਣ ਦੌਰਾਨ ਆਪਣਾ ਰੰਗ ਦਿਖਾਇਆ ਤੇ ਕਾਰਕੁਨਾਂ ਵਿਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਨੂੰ ਮੌਜੂਦਾ ਪੀੜ੍ਹੀ ਲਈ ਸ਼ੁਭ ਮੌਕਾ ਦੱਸਿਆ ਤੇ ਸਹਿਯੋਗ ਕਰਨ ਲਈ ਕਿਹਾ।