ਪੰਜਾਬ ਨਾਲ ਅਣਦੇਖੀ ‘ਤੇ ਬਾਦਲ ਨੇ ਮੋਦੀ ਸਰਕਾਰ ਨੂੰ ਘੇਰਿਆ

ਜਲੰਧਰ: ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਦਲਿਤ ਵਿਦਿਆਰਥੀਆਂ ਨੂੰ ਪਿਛਲੇ ਦੋ ਸਾਲਾਂ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਨਾ ਮਿਲਣ ਉਤੇ ਕੇਂਦਰ ਸਰਕਾਰ ਉਪਰ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਈ ਵਾਰ ਚਿੱਠੀਆਂ ਲਿਖਣ ਦੇ ਬਾਵਜੂਦ ਕੇਂਦਰ ਸਰਕਾਰ ਪੈਸੇ ਜਾਰੀ ਨਹੀਂ ਕਰ ਰਹੀ, ਜਦੋਂ ਕਿ ਪੰਜਾਬ ਸਰਕਾਰ ਨੇ ਆਪਣਾ ਬਣਦਾ ਹਿੱਸਾ ਜਮ੍ਹਾਂ ਕਰਵਾ ਦਿੱਤਾ ਹੈ।

ਸੰਗਤ ਦਰਸ਼ਨ ਦੌਰਾਨ ਜਦੋਂ ਇਹ ਸਵਾਲ ਕੀਤਾ ਗਿਆ ਕਿ ਕੇਂਦਰ ਵਿਚ ਐਨæਡੀæਏæ ਦੀ ਸਰਕਾਰ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਉਸ ਵਿਚ ਭਾਈਵਾਲ ਹੈ ਤਾਂ ਵੀ ਦਲਿਤਾਂ ਦੀ ਭਲਾਈ ਲਈ ਸਕੀਮ ਦੇ ਪੈਸੇ ਕਿਉਂ ਨਹੀਂ ਆ ਰਹੇ? ਤਾਂ ਸ਼ ਬਾਦਲ ਨੇ ਕਿਹਾ ਕਿ ਉਹ ਕੋਈ ਹੁਕਮ ਤਾਂ ਜਾਰੀ ਨਹੀਂ ਕਰ ਸਕਦੇ, ਸਿਰਫ ਕੇਂਦਰ ਨੂੰ ਕਹਿ ਹੀ ਸਕਦੇ ਹਨ। ਇਸ ਮਾਮਲੇ ‘ਤੇ ਕੇਂਦਰ ਵੱਲੋਂ ਪੰਜਾਬ ਨਾਲ ਵਿਤਕਰਾ ਕਰਨ ਸਬੰਧੀ ਸਵਾਲ ਨੂੰ ਉਹ ਟਾਲ ਗਏ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਉਤੇ ਪਹਿਲੀ ਵਾਰ ਸਿੱਧੇ ਤੌਰ ‘ਤੇ ਉਦੋਂ ਹਮਲਾ ਕੀਤਾ ਹੈ, ਜਦੋਂ ਭਾਜਪਾ ਹਾਈਕਮਾਂਡ ਨੇ ਵਿਜੈ ਸਾਂਪਲਾ ਨੂੰ ਪੰਜਾਬ ਦਾ ਪ੍ਰਧਾਨ ਬਣਾ ਕੇ ਸੂਬੇ ਵਿਚ ਦਲਿਤ ਚਿਹਰੇ ਵਜੋਂ ਪੇਸ਼ ਕੀਤਾ ਹੈ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਜਾਰੀ ਕਰਨ ਵਾਲਾ ਵਿਭਾਗ ਵੀ ਸ੍ਰੀ ਸਾਂਪਲਾ ਕੋਲ ਹੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਗਟ ਸਿੰਘ ਵੱਲੋਂ ਪੰਜਾਬ ਸਰਕਾਰ ਨਾਲ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਨੂੰ ਲੈ ਕੇ ਦਿਖਾਈ ਜਾ ਰਹੀ ਨਾਰਾਜ਼ਗੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ਼ ਬਾਦਲ ਨੇ ਕਿਹਾ ਕਿ ਜਿਵੇਂ ਪਰਗਟ ਸਿੰਘ ਕਹਿਣਗੇ, ਉਹ ਉਸੇ ਤਰ੍ਹਾਂ ਕਰ ਲੈਣਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾਈ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਏ ਦੋਸ਼ ਕਿ ਬਰਗਾੜੀ ਵਿਚ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਸਰਕਾਰ ਸੀ ਅਤੇ ਹੁਣ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ‘ਤੇ ਹੋਏ ਹਮਲੇ ਪਿੱਛੇ ਵੀ ਸਰਕਾਰ ਦਾ ਹੱਥ ਹੈ, ਇਸ ਸਵਾਲ ਬਾਰੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ। ਪੁਲਿਸ ਇਸ ਦੀ ਤਹਿ ਤੱਕ ਜਾਵੇਗੀ।
_________________________________________
ਅਕਾਲੀ ਦਲ ਦੀ ਰਣਨੀਤੀ ‘ਤੇ ਪਹਿਰਾ ਦੇਵੇਗੀ ਭਾਜਪਾ
ਨਵੀਂ ਦਿੱਲੀ: ਭਾਜਪਾ ਪੰਜਾਬ ਦੇ ਮਿਸ਼ਨ 2017 ਲਈ ਆਪਣੇ ਸਹਿਯੋਗੀ ਅਕਾਲੀ ਦਲ ਦੀ ਰਣਨੀਤੀ ਤਹਿਤ ਹੀ ਚੋਣ ਲੜੇਗੀ। ਦੋਵੇਂ ਪਾਰਟੀਆਂ ਆਪਣੇ ਪੁਰਾਣੇ ਤੇ ਮਜ਼ਬੂਤ ਗੱਠਜੋੜ ਨੂੰ ਜਾਰੀ ਰੱਖਦਿਆਂ ਮਿਲ ਕੇ ਹੀ ਚੋਣ ਲੜਨਗੀਆਂ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਇਸ ਬਾਰੇ ਸਪੱਸ਼ਟ ਕੀਤਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਆਪਣੇ ਰਵਾਇਤੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਮਿਲ ਕੇ ਹੀ ਸੂਬੇ ਵਿਚ 2017 ਵਿਧਾਨ ਸਭਾ ਚੋਣਾਂ ਲੜੇਗੀ। ਸ਼ਾਹ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਦਾ ਕੋਈ ਆਧਾਰ ਨਹੀਂ ਹੈ। ਜਿਹੜੀ ਪਾਰਟੀ ਹੇਠਲੇ ਪੱਧਰ ‘ਤੇ ਲੋਕਾਂ ਨਾਲ ਜੁੜੀ ਹੋਈ ਹੈ, ਉਸੇ ਨੂੰ ਲੋਕਾਂ ਦਾ ਸਾਥ ਮਿਲੇਗਾ। ਭਾਜਪਾ ਪ੍ਰਧਾਨ ਨੇ ਕਿਹਾ, ‘ਪੰਜਾਬ ਦਿਲੀ ਨਹੀਂ ਹੈ, ਜ਼ਰੂਰੀ ਗੱਲ ਇਹ ਹੈ ਕਿ ਕੀ ਪਾਰਟੀ ਦਾ ਇਥੇ ਕੋਈ ਅਧਾਰ ਹੈ।’ ਪੰਜਾਬ ਵਿਚ ਪਾਰਟੀ ਦੀ ਚੋਣ ਰਣਨੀਤੀ ‘ਤੇ ਬੋਲਦਿਆਂ ਸ਼ਾਹ ਨੇ ਕਿਹਾ ਕਿ ਉਹ ਗਠਜੋੜ ਦੇ ਮੁੱਖ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਰਣਨੀਤੀ ਮੁਤਾਬਕ ਹੀ ਚੱਲਣਗੇ।
__________________________________________
ਪੰਜਾਬ ਦੇ ਮਾੜੇ ਹਾਲਾਤ ਤੋਂ ਭਾਜਪਾ ਫਿਕਰਮੰਦ
ਚੰਡੀਗੜ੍ਹ: ਪੰਜਾਬ ਵਿਚ ਅਮਨ-ਕਾਨੂੰਨ ਦੀ ਲਗਾਤਾਰ ਵਿਗੜ ਰਹੀ ਸਥਿਤੀ ‘ਤੇ ਭਾਜਪਾ ਦੇ ਮੱਥੇ ਉਤੇ ਵੀ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ ਹਨ। ਸੂਬੇ ਵਿਚ ਨਿੱਤ ਅਪਰਾਧ-ਗਿਰੋਹਾਂ ਦੀਆਂ ਖੂਨੀ ਲੜਾਈਆਂ (ਗੈਂਗਵਾਰ) ਤੇ ਹੋਰ ਘਟਨਾਵਾਂ ਭਾਜਪਾ ਕੋਰ ਕਮੇਟੀ ਦੀ ਬੈਠਕ ਵਿਚ ਗੰਭੀਰ ਚਰਚਾ ਦਾ ਵਿਸ਼ਾ ਬਣੀਆਂ। ਕੋਰ ਕਮੇਟੀ ਨੇ ਸੂਬੇ ਦੀ ਅਜੋਕੀ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਤੇ ਸੂਬੇ ਦੇ ਗ੍ਰਹਿ ਮੰਤਰੀ ਤੋਂ ਅਜਿਹੀਆਂ ਸਥਿਤੀਆਂ ਪੈਦਾ ਕਰਨ ਵਾਲੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ। ਕੋਰ ਕਮੇਟੀ ਵਿਚ ਸ਼ਾਮਲ ਸੀਨੀਅਰ ਭਾਜਪਾ ਨੇਤਾਵਾਂ ਦਾ ਇਹ ਵੀ ਕਹਿਣਾ ਸੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਵਿਚ ਅਮਨ ਸ਼ਾਂਤੀ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਬੈਠਕ ਦੀ ਪ੍ਰਧਾਨਗੀ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਠਕ ਵਿਚ ਕੇਂਦਰ ਵਿਚਲੀ ਭਾਜਪਾ ਸਰਕਾਰ ਦੇ ਦੋ ਸਾਲ ਪੂਰੇ ਹੋਣ ਸਬੰਧੀ ਪੰਜਾਬ ਵਿਚ ਮਨਾਏ ਜਾਣ ਵਾਲੇ ਜਸ਼ਨਾਂ ਬਾਰੇ ਚਰਚਾ ਹੋਈ।