ਨਵੀਂ ਦਿੱਲੀ: ਭਾਰਤ ਦੇ ਜਲ ਭੰਡਾਰ ਤੇਜ਼ੀ ਨਾਲ ਸੁੱਕ ਰਹੇ ਹਨ। ਦੇਸ਼ ਦੇ ਮੁੱਖ 91 ਜਲ ਭੰਡਾਰਾਂ ਵਿਚ ਪਾਣੀ ਸਿਰਫ 17 ਫੀਸਦੀ ਰਹਿ ਗਿਆ ਹੈ। ਕੇਂਦਰੀ ਜਲ ਸਰੋਤਾਂ ਬਾਰੇ ਮੰਤਰਾਲੇ ਮੁਤਾਬਕ 26 ਮਈ ਤੱਕ ਦੇਸ਼ ਦੇ 91 ਜਲ ਭੰਡਾਰਾਂ ਵਿਚ ਪਾਣੀ 157æ799 ਅਰਬ ਘਣ ਮੀਟਰ ਦੀ ਥਾਂ 26æ816 ਅਰਬ ਘਣ ਮੀਟਰ ਰਹਿ ਗਿਆ ਹੈ। ਬੀਤੇ ਸਾਲ ਇਸ ਸਮੇਂ ਜਲ ਭੰਡਾਰਾਂ ਵਿਚ ਪਾਣੀ ਮੌਜੂਦਾ ਸਮੇਂ ਤੋਂ 45 ਫੀਸਦੀ ਵੱਧ ਸੀ, ਜੇ ਦਸ ਸਾਲਾਂ ਦੀ ਔਸਤ ਕੱਢੀਏ ਤਾਂ ਇਹ ਪੱਧਰ 21 ਫੀਸਦੀ ਹੇਠਾਂ ਹੈ।
ਦੇਸ਼ ਦੇ ਪੰਜਾਬ, ਹਿਮਾਚਲ ਪ੍ਰਦੇਸ਼, ਤਿਲੰਗਾਨਾ, ਪੱਛਮੀ ਬੰਗਾਲ, ਉੜੀਸਾ, ਝਾਰਖੰਡ, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤਾਮਿਲ ਨਾਡੂ, ਕਰਨਾਟਕ ਅਤੇ ਕੇਰਲਾ ਵਿਚਲੇ ਜਲ ਭੰਡਾਰਾਂ ਦੇ ਪਾਣੀ ਦਾ ਪੱਧਰ ਹੇਠਾਂ ਡਿੱਗ ਗਿਆ ਹੈ, ਜਦ ਕਿ ਆਂਧਰਾ ਪ੍ਰਦੇਸ਼, ਤ੍ਰਿਪੁਰਾ ਅਤੇ ਰਾਜਸਥਾਨ ਦੇ ਜਲ ਭੰਡਾਰਾਂ ਦੀ ਹਾਲਤ ਹੋਰਾਂ ਨਾਲੋਂ ਬਿਹਤਰ ਹੈ। ਦੇਸ਼ ਵਿਚ 37 ਵੱਡੇ ਜਲ ਭੰਡਾਰ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ 253æ88 ਅਰਬ ਘਣ ਮੀਟਰ ਪਾਣੀ ਦੀ ਹੈ।
ਦੇਸ਼ ਵਿਚ ਆਮ ਨਾਲੋਂ ਘੱਟ ਬਰਸਾਤ ਹੋਣ ਕਾਰਨ 13 ਰਾਜਾਂ ਵਿਚ ਪਾਣੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ ਤੇ ਪੰਜਾਬ ਵੀ ਹੌਲੀ-ਹੌਲੀ ਇਸ ਸੰਕਟ ਵੱਲ ਵਧ ਰਿਹਾ ਹੈ। ਪੰਜਾਬ ਦੇ ਤਿੰਨ ਡੈਮਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਪਾਣੀ ਘਟਣ ਕਾਰਨ ਹਾਲਾਤ ਚਿੰਤਾਜਨਕ ਬਣ ਰਹੇ ਹਨ। ਦੂਜੇ ਪਾਸੇ ਇਸ ਵਾਰ ਮੌਨਸੂਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਕਾਰਨ ਆਸਾਂ ਹਾਲੇ ਹਰੀਆਂ ਹਨ। ਡੈਮਾਂ ਵਿਚ ਪਾਣੀ ਘਟਣ ਦੇ ਮੱਦੇਨਜ਼ਰ ਜੂਨ ਮਹੀਨੇ ਲਈ ਸਬੰਧਤ ਰਾਜਾਂ ਲਈ ਪਾਣੀ ਦੀ ਮਾਤਰਾ ਨਿਸ਼ਚਿਤ ਕਰਨ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀæਬੀæਐਮæਬੀæ) ਵੱਲੋਂ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ।
ਬੀæਬੀæਐਮæਬੀæ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਭਾਖੜਾ ਡੈਮ ਵਿਚ ਪਾਣੀ ਪਿਛਲੇ ਸਾਲ ਦੇ ਮੁਕਾਬਲੇ ਲਗਪਗ 98 ਫੁੱਟ ਨੀਵਾਂ ਹੈ। ਪਿਛਲੇ ਸਾਲ 26 ਮਈ ਨੂੰ ਇਸ ਵਿਚ 1665æ55 ਫੁੱਟ ਪਾਣੀ ਸੀ ਪਰ ਇਸ ਵਾਰ ਇਸ ਦਾ ਪੱਧਰ 1567æ66 ਫੁੱਟ ਹੈ। ਪੌਂਗ ਡੈਮ ਵਿਚ ਵੀ ਪਿਛਲੇ ਸਾਲ ਪਾਣੀ 1331æ12 ਫੁੱਟ ਦੇ ਮੁਕਾਬਲੇ 1284æ93 ਫੁੱਟ ਹੈ। ਰਣਜੀਤ ਸਾਗਰ ਡੈਮ (ਥੀਨ ਡੈਮ) ਦੀ ਸਥਿਤੀ ਵੀ ਵੱਖਰੀ ਨਹੀਂ ਹੈ। ਪਿਛਲੇ ਸਾਲ ਥੀਨ ਡੈਮ ਵਿਚ ਪਾਣੀ ਦਾ ਪੱਧਰ 522æ12 ਮੀਟਰ ਸੀ ਪਰ ਇਸ ਵਾਰ ਘਟ ਕੇ ਇਹ 504æ16 ਮੀਟਰ ਰਹਿ ਗਿਆ ਹੈ। ਅਧਿਕਾਰੀ ਇਸ ਸਥਿਤੀ ਨੂੰ ਗੰਭੀਰ ਨਹੀਂ ਮੰਨ ਰਹੇ ਕਿਉਂਕਿ ਅਗਲੇ ਦਿਨਾਂ ਵਿਚ ਬਰਫ ਦੇ ਪਿਘਲਣ ਅਤੇ ਬਰਸਾਤ ਦੀ ਵੱਧ ਸੰਭਾਵਨਾ ਕਰ ਕੇ ਪਾਣੀ ਪੂਰਾ ਹੋਣ ਦੀ ਉਮੀਦ ਹੈ।
ਬੀæਬੀæਐਮæਬੀæ ਮੁਤਾਬਕ ਆਮ ਨਾਲੋਂ ਵੱਧ ਮੌਨਸੂਨ ਦਾ ਅਨੁਮਾਨ ਦੇਸ਼ ਭਰ ਦੇ ਔਸਤ ਉੱਤੇ ਆਧਾਰਤ ਹੁੰਦਾ ਹੈ। ਦੇਸ਼ ਵਿਚ ਪਿਛਲੇ ਦੋ ਸਾਲ ਬੇਸ਼ੱਕ ਬਰਸਾਤ ਆਮ ਨਾਲੋਂ ਘੱਟ ਸੀ ਪਰ ਹਿਮਾਚਲ ਪ੍ਰਦੇਸ਼ ਵਿਚ ਜ਼ਿਆਦਾ ਬਰਸਾਤ ਕਾਰਨ ਡੈਮਾਂ ਵਿਚ ਪਾਣੀ ਦਾ ਸੰਕਟ ਨਹੀਂ ਪੈਦਾ ਨਹੀਂ ਹੋਇਆ। ਹੁਣ ਵੀ ਡੈਮਾਂ ਦੇ ਪਾਣੀ ਦਾ ਪੱਧਰ ਹਿਮਾਚਲ ਵਿਚਲੀ ਬਰਸਾਤ ਉੱਤੇ ਨਿਰਭਰ ਕਰੇਗਾ। ਪੰਜਾਬ ਦੇ ਸਿੰਜਾਈ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦੀ ਮੁਰੰਮਤ ਕਾਰਨ ਪਾਣੀ ਦਾ ਪੱਧਰ ਨੀਵਾਂ ਹੋ ਸਕਦਾ ਹੈ ਤੇ ਅਗਲੇ ਦਿਨਾਂ ਵਿਚ ਇਹ ਪੱਧਰ ਉੱਚਾ ਹੋ ਸਕਦਾ ਹੈ।
ਸੂਤਰਾਂ ਅਨੁਸਾਰ ਪੰਜਾਬ ਵਿਚ ਭਾਗਸਰ ਤੇ ਲੰਬੀ ਮਾਈਨਰਾਂ ਦੀ ਮੁਰੰਮਤ ਲਈ ਪੈਸਾ ਦੇਰੀ ਨਾਲ ਜਾਰੀ ਹੋਣ ਕਾਰਨ ਕੰਮ ਸਮੇਂ ਸਿਰ ਸ਼ੁਰੂ ਨਹੀਂ ਹੋਇਆ ਅਤੇ ਖੇਤੀ ਵਿਭਾਗ ਅਨੁਸਾਰ 50 ਤੋਂ 60 ਹਜ਼ਾਰ ਹੈਕਟੇਅਰ ਰਕਬਾ ਕਪਾਹ ਦੀ ਬਿਜਾਈ ਤੋਂ ਰਹਿ ਗਿਆ ਹੈ।
ਸਿੰਜਾਈ ਵਿਭਾਗ ਦਾ ਮੰਨਣਾ ਹੈ ਕਿ ਇਹ ਖੇਤਰ ਝੋਨੇ ਵਾਲਾ ਹੀ ਹੈ, ਜਿਥੇ 15 ਜੂਨ ਤੋਂ ਬਾਅਦ ਪਾਣੀ ਦੀ ਲੋੜ ਪਵੇਗੀ। ਪੰਜਾਬ ਵਿਚ ਲਗਪਗ 73 ਫੀਸਦੀ ਰਕਬਾ ਟਿਊਬਵੈੱਲਾਂ ਰਾਹੀਂ ਸਿੰਜਿਆ ਜਾਂਦਾ ਹੈ ਅਤੇ ਸਿਰਫ 27 ਫੀਸਦੀ ਰਕਬਾ ਹੀ ਨਹਿਰੀ ਪਾਣੀ ਉੱਤੇ ਨਿਰਭਰ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਕਰਨ ਪੰਜਾਬ ਵਿਚ ਪਾਣੀ ਦਾ ਸੰਕਟ ਵਧਦਾ ਜਾ ਰਿਹਾ ਹੈ ਅਤੇ ਇਸ ਦਾ ਸਿੱਧਾ ਸਬੰਧ ਨਹਿਰੀ ਪਾਣੀ ਨਾਲ ਵੀ ਹੈ।
__________________________________________________
ਪੀਣਯੋਗ ਨਹੀਂ ਰਿਹਾ ਪੰਜਾਬ ਦਾ ਪਾਣੀ
ਚੰਡੀਗੜ੍ਹ: ਜੇਕਰ ਤੁਹਾਡੇ ਘਰ ਵੀ ਆਰæਓæ ਨਹੀਂ ਤੇ ਤੁਸੀਂ ਵੀ ਪਾਣੀ ਦੀ 20 ਲੀਟਰ ਵਾਲੀ ਬੋਤਲ ਖਰੀਦ ਕੇ ਇਹ ਸੋਚ ਰਹੇ ਹੋ ਕਿ ਤੁਸੀਂ ਸਾਫ ਪਾਣੀ ਪੀ ਰਹੇ ਹੋ, ਤਾਂ ਤੁਸੀਂ ਗਲਤ ਹੋ। ਕਿਉਂਕਿ ਪੰਜਾਬ ਭਰ ਵਿਚ ਵੱਡੀ ਗਿਣਤੀ ਵਿਚ ਪਾਣੀ ਤੇ ਸਰੋਂ ਦੇ ਤੇਲ ਦੇ ਸੈਂਪਲ ਫੇਲ ਹੋ ਰਹੇ ਹਨ। ਇਹ ਖੁਲਾਸਾ ਖੁਦ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚੋਂ ਕਈ ਥਾਵਾਂ ਤੋਂ ਲਏ ਗਏ ਪਾਣੀ ਤੇ ਸਰੋਂ ਦੇ ਤੇਲ ਦੇ ਸੈਂਪਲ ਫੇਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਸੈਂਪਲ ਫੇਲ੍ਹ ਰਹੇ ਹਨ, ਉਨ੍ਹਾਂ ਕੰਪਨੀਆਂ ਨੂੰ 30 ਦਿਨ ਦੇ ਸਮੇਂ ਵਿਚ ਆਪਣਾ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ। ਮੰਤਰੀ ਨੇ ਕਿਹਾ ਹੈ ਕਿ ਇਸ ਨੋਟਿਸ ਪੀਰੀਅਡ ਤੋਂ ਬਾਅਦ ਕੰਪਨੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਹਾਲੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਵਿਭਾਗ ਵੱਲੋਂ ਕਿਸੇ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਮਾਮਲੇ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸਰਕਾਰ ਕੀ ਕਦਮ ਚੁੱਕਦੀ ਹੈ।