ਸੁਖਬੀਰ ਦੇ ਸੁਪਨਮਈ ਪ੍ਰਾਜੈਕਟ ਤੋਂ ਭਾਜਪਾ ਔਖੀ

ਚੰਡੀਗੜ੍ਹ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੇ ਸੁੰਦਰੀਕਰਨ ਲਈ ਉਲੀਕੀ ਯੋਜਨਾ ਤਹਿਤ ਇਥੇ ਸ੍ਰੀ ਹਰਮਿੰਦਰ ਸਾਹਿਬ ਦੇ ਪ੍ਰਮੁੱਖ ਰਸਤੇ ਨੂੰ ਪੈਦਲ ਜ਼ੋਨ ਬਣਾਉਣ ਦੇ ਫੈਸਲੇ ਖਿਲਾਫ਼ ਭਾਜਪਾ ਸੜਕਾਂ ‘ਤੇ ਆ ਗਈ। ਪੈਦਲ ਜ਼ੋਨ ਬਣਾਉਣ ਵਾਸਤੇ ਇਥੇ ਲਾਈਆਂ ਜਾ ਰਹੀਆਂ ਰੋਕਾਂ ਦਾ ਵਿਰੋਧ ਕਰਦਿਆਂ ਭਾਜਪਾ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਅਤੇ ਇਸ ਖਿਲਾਫ਼ ਚੱਲ ਰਹੇ ਧਰਨੇ ਵਿਚ ਵੀ ਸ਼ਮੂਲੀਅਤ ਕੀਤੀ। ਸਰਕਾਰ ਵੱਲੋਂ ਸੁੰਦਰੀਕਰਨ ਯੋਜਨਾ ਹੇਠ ਫੁਹਾਰਾ ਚੌਕ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਦੇ ਰਸਤੇ ਨੂੰ ਪੈਦਲ ਜ਼ੋਨ ਬਣਾਇਆ ਜਾ ਰਿਹਾ ਹੈ।

ਇਸ ਰਸਤੇ ‘ਤੇ ਵਾਹਨਾਂ ਨੂੰ ਰੋਕਣ ਵਾਸਤੇ ਕਈ ਥਾਵਾਂ ਉਤੇ ਬੈਰੀਕੇਡ ਲਾਏ ਜਾ ਰਹੇ ਹਨ। ਇਸ ਰਸਤੇ ਨੂੰ ਪੈਦਲ ਜ਼ੋਨ ਬਣਾਉਣ ਨਾਲ ਇਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਆਉਂਦੇ ਸ਼ਰਧਾਲੂਆਂ ਨੂੰ ਰਾਹਤ ਮਿਲੇਗੀ।
ਵਪਾਰੀਆਂ ਦਾਅਵਾ ਕਰ ਰਹੇ ਹਨ ਕਿ ਰੋਕਾਂ ਕਾਰਨ ਉਨ੍ਹਾਂ ਦਾ ਵਪਾਰ ਪ੍ਰਭਾਵਿਤ ਹੋਵੇਗਾ ਜਦੋਂ ਕਿ ਰਿਹਾਇਸ਼ੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਚਾਰ ਪਹੀਆ ਵਾਹਨ ਘਰਾਂ ਤਕ ਨਹੀਂ ਪਹੁੰਚ ਸਕਣਗੇ। ਸਰਕਾਰ ਦੀ ਇਸ ਯੋਜਨਾ ਖਿਲਾਫ਼ ਕੁਝ ਦਿਨ ਪਹਿਲਾਂ ਕੁੱਝ ਲੋਕਾਂ ਨੇ ਉਸਾਰੀ ਅਧੀਨ ਕੰਮ ਦੀ ਭੰਨ ਤੋੜ ਕੀਤੀ ਸੀ। ਠੇਕੇਦਾਰਾਂ ਤੇ ਕਰਮਚਾਰੀਆਂ ਨੂੰ ਧਮਕਾਇਆ ਵੀ ਸੀ। ਇਸ ‘ਤੇ ਪ੍ਰਸ਼ਾਸਨ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਸਰਕਾਰੀ ਕੰਮ ਵਿਚ ਵਿਘਨ ਪਾਉਣ ਅਤੇ ਚੋਰੀ ਕਰਨ ਦੇ ਦੋਸ਼ ਹੇਠ ਕੇਸ ਵੀ ਦਰਜ ਕੀਤਾ ਹੈ। ਵਪਾਰੀਆਂ ਅਤੇ ਲੋਕਾਂ ਵੱਲੋਂ ਇਸੇ ਮਾਮਲੇ ਨੂੰ ਲੈ ਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਦੱਸਣਯੋਗ ਹੈ ਕਿ 2010 ਵਿਚ ਵੀ ਇਸ ਰਸਤੇ ਨੂੰ ਪੈਦਲ ਜ਼ੋਨ ਬਣਾਉਣ ਦੀ ਯੋਜਨਾ ਬਣਾਈ ਗਈ ਸੀ। ਉਸ ਵੇਲੇ ਵੀ ਭਾਜਪਾ ਦੇ ਸਮਰਥਨ ਨਾਲ ਵਪਾਰੀਆਂ ਤੇ ਲੋਕਾਂ ਨੇ ਵਿਰੋਧ ਕੀਤਾ ਸੀ।
ਭਾਜਪਾ ਆਗੂਆਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਪ੍ਰੋæ ਲਕਸ਼ਮੀ ਕਾਂਤਾ ਚਾਵਲਾ, ਡਾæ ਬਲਦੇਵ ਰਾਜ ਚਾਵਲਾ ਅਤੇ ਜ਼ਿਲ੍ਹਾ ਪ੍ਰਧਾਨ ਰਜੇਸ਼ ਹਨੀ ਨੇ ਇਸ ਮਸਲੇ ‘ਤੇ ਡੀæਸੀæ ਨਾਲ ਮੁਲਾਕਾਤ ਕਰ ਕੇ ਇਸ ਰਸਤੇ ਤੋਂ ਰੋਕਾਂ ਹਟਾਉਣ ਵਾਸਤੇ ਕਿਹਾ। ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਵਪਾਰੀਆਂ ਨੂੰ ਉਜਾੜਨ ਵਾਲਾ ਹੈ। ਪਹਿਲਾਂ ਹੀ ਵੱਡੀ ਗਿਣਤੀ ਸਨਅਤਕਾਰ ਪੰਜਾਬ ਤੋਂ ਬਾਹਰ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਸਦੀਆਂ ਤੋਂ ਲੋਕ ਵਸੇ ਹੋਏ ਹਨ। ਇਸ ਫੈਸਲੇ ਨਾਲ ਉਨ੍ਹਾਂ ਦੇ ਘਰਾਂ ਨੂੰ ਜਾਣ ਵਾਲੇ ਰਾਹ ਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਨੇ ਦੇਸ਼ ਭਰ ਤੋਂ ਵਪਾਰੀਆਂ ਨੂੰ ਇਥੇ ਲਿਆ ਕੇ ਵਸਾਇਆ ਸੀ ਅਤੇ ਸ਼ਹਿਰ ਦੀ ਰੌਣਕ ਵਧਾਈ ਸੀ ਪਰ ਮੌਜੂਦਾ ਸਰਕਾਰ ਖਾਸ ਕਰ ਕੇ ਉਪ ਮੁੱਖ ਮੰਤਰੀ ਸਿਰਫ ਸੈਰ ਸਪਾਟੇ ਨੂੰ ਤਰਜੀਹ ਦੇ ਰਹੇ ਹਨ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਉਹ ਇਸ ਇਲਾਕੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਸਮਰਥਨ ਕਰਦੇ ਹਨ ਪਰ ਕਿਸੇ ਵੀ ਕੀਮਤ ‘ਤੇ ਲੋਕਾਂ ਦੀ ਰੋਜ਼ੀ ਰੋਟੀ ਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਸਰਕਾਰ ਨੇ ਰੋਕਾਂ ਲਾਉਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਇਹ ਰੋਕਾਂ ਹਟਾ ਦਿੱਤੀਆਂ ਜਾਣਗੀਆਂ। ਵਪਾਰੀ ਅਨਿਲ ਮਹਿਰਾ ਨੇ ਕਿਹਾ ਕਿ ਸਰਕਾਰ ਨਾ ਮੰਨੀ ਤਾਂ ਉਹ ਇਸ ਖਿਲਾਫ਼ ਹਾਈ ਕੋਰਟ ਜਾਣਗੇ। ਹੋਟਲ ਐਸੋਸੀਏਸ਼ਨ ਦੇ ਆਗੂ ਸਤਨਾਮ ਸਿੰਘ ਕੰਡਾ ਨੇ ਪੈਦਲ ਜ਼ੋਨ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਨਾਲ ਵਪਾਰ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਸਗੋਂ ਲੋਕ ਇਲਾਕੇ ਵਿਚ ਸੌਖ ਨਾਲ ਘੁੰਮ ਸਕਣਗੇ ਤੇ ਖਰੀਦੋ ਫਰੋਖਤ ਕਰ ਸਕਣਗੇ। ਇਸ ਫੈਸਲੇ ਨਾਲ ਆਮ ਲੋਕ ਵੀ ਪ੍ਰਭਾਵਿਤ ਨਹੀਂ ਹੋਣਗੇ।
_____________________________________________
ਯੋਜਨਾ ਸਿਰਫ ਸ਼ਰਧਾਲੂਆਂ ਦੀ ਸਹੂਲਤ ਲਈ: ਬੇਦੀ
ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਲੋਕਾਂ ਦੀ ਸੌਖ ਲਈ ਮੁੱਖ ਰਸਤੇ ਨੂੰ ਪੈਦਲ ਜ਼ੋਨ ਬਣਾਉਣ ਦਾ ਫੈਸਲਾ ਕੀਤਾ ਹੈ, ਜਿਸ ‘ਚ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਕਰੋੜਾਂ ਲੋਕਾਂ ਦੀਆਂ ਆਸਥਾ ਦਾ ਕੇਂਦਰ ਹੈ ਅਤੇ ਇਥੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਦਾ ਧਿਆਨ ਰੱਖਣਾ ਸ਼ਹਿਰ ਵਾਸੀਆਂ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਪੈਦਲ ਜ਼ੋਨ ਬਣਨ ਨਾਲ ਨਾ ਤਾਂ ਰਿਹਾਇਸ਼ੀ ਲੋਕ ਤੇ ਨਾ ਹੀ ਵਪਾਰ ਪ੍ਰਭਾਵਿਤ ਹੋਵੇਗਾ।