ਪੁਲਿਸ ਮੁਕਾਬਲੇ ਵਿਚ ਨੌਜਵਾਨ ਦੀ ਮੌਤ ਉਤੇ ਉਠੇ ਸਵਾਲ

ਜੈਤੋ: ਪੁਲਿਸ ਨਾਲ ਹੋਏ ਮੁਕਾਬਲੇ ਵਿਚ ਮੁਕਤਸਰ ਵਾਸੀ ਅਜਮੇਰ ਸਿੰਘ ਉਰਫ ਜਿੰਮੀ ਦੇ ਮਾਰੇ ਜਾਣ ਮਗਰੋਂ ਪੁਲਿਸ ਦੀ ਭੂਮਿਕਾ ਉਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਪੁਲਿਸ ਦਾ ਦਾਅਵਾ ਹੈ ਕਿ ਆਹਮੋ-ਸਾਹਮਣੇ ਹੋਈ ਗੋਲੀਬਾਰੀ ਕਾਰਨ ਨੌਜਵਾਨ ਮਾਰਿਆ ਗਿਆ ਹੈ ਜਦਕਿ ਪਰਿਵਾਰ ਨੇ ਨੌਜਵਾਨ ਨੂੰ ਨਿਰਦੋਸ਼ ਕਰਾਰ ਦਿੰਦਿਆਂ ਮੁਕਾਬਲੇ ਨੂੰ ਫ਼ਰਜ਼ੀ ਕਰਾਰ ਦਿੱਤਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ ਚਿੱਟੇ ਰੰਗ ਦੀ ਸ਼ੱਕੀ ਸਵਿਫ਼ਟ ਕਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਤੋਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਦਬੜ੍ਹੀਖਾਨਾ ਵੱਲ ਆਉਣ ਦੀ ਸੂਚਨੀ ਮਿਲੀ ਸੀ। ਪੁਲਿਸ ਪਾਰਟੀ ਜਦੋਂ ਜੀਦਾ-ਦਬੜ੍ਹੀਖਾਨਾ ਦਰਮਿਆਨ ਸੰਪਰਕ ਸੜਕ ‘ਤੇ ਪਹੁੰਚੀ ਤਾਂ ਸਾਹਮਣਿਓਂ ਆ ਰਹੀ ਕਾਰ ਉਨ੍ਹਾਂ ਦੀ ਗੱਡੀ ਤੋਂ ਕੁਝ ਵਿੱਥ ‘ਤੇ ਆ ਕੇ ਰੁਕ ਗਈ ਅਤੇ ਉਸ ਵਿਚੋਂ ਦੋ ਹਥਿਆਰਬੰਦ ਨੌਜਵਾਨ ਉਤਰੇ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿਚੋਂ ਇਕ ਨੌਜਵਾਨ ਨੇ ਆਪਣੀ ਬੰਦੂਕ ਨਾਲ ਪੁਲਿਸ ਪਾਰਟੀ ‘ਤੇ ਗੋਲੀ ਚਲਾਈ। ਆਪਣੀ ਹਿਫ਼ਾਜ਼ਤ ਲਈ ਪੁਲਿਸ ਪਾਰਟੀ ਨੇ ਵੀ ਜਵਾਬੀ ਫਾਇਰਿੰਗ ਕੀਤੀ ਜਿਸ ਨਾਲ ਨੌਜਵਾਨ ਜ਼ਮੀਨ ‘ਤੇ ਡਿੱਗ ਪਿਆ।
ਇਸੇ ਦੌਰਾਨ ਜੀਦੇ ਵਾਲੇ ਪਾਸਿਓਂ ਇਕ ਬਲੈਰੋ ਗੱਡੀ ‘ਤੇ ਕੁਝ ਹਥਿਆਰਾਂ ਨਾਲ ਲੈਸ ਵਿਅਕਤੀ ਆਏ ਅਤੇ ਉਹ ਜ਼ਖ਼ਮੀ ਨੌਜਵਾਨ ਨੂੰ ਸਵਿਫ਼ਟ ਗੱਡੀ ਵਿੱਚ ਪਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਨੌਜਵਾਨ ਨੂੰ ਬਠਿੰਡਾ ਹਸਪਤਾਲ ਵਿਚ ਲਿਜਾਇਆ ਗਿਆ। ਪੁਲਿਸ ਨੂੰ ਘਟਨਾ ਸਥਾਨ ਤੋਂ ਇਕ 12 ਬੋਰ ਦੀ ਬੰਦੂਕ, ਉਸ ਦਾ ਕਾਰਤੂਸ ਅਤੇ ਇਕ ਖੋਲ੍ਹ ਬਰਾਮਦ ਹੋਏ ਹਨ। ਉਧਰ ਪਿੰਡ ਦੇ ਸਰਪੰਚ ਜਗਸੀਰ ਸਿੰਘ ਅਨੁਸਾਰ ਨੌਜਵਾਨ ਪਿੰਡ ਦੇ ਡੇਰੇ ਵੱਲੋਂ ਬਣਾਏ ਕਬੱਡੀ ਕਲੱਬ ਦਾ ਮੈਂਬਰ ਵੀ ਸੀ। ਪਿੰਡ ਵਿਚ ਉਸ ਨੇ ਕੋਈ ਹੁੱਲੜਬਾਜ਼ੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਵਾਰਦਾਤ ਵਿਚ ਉਹ ਸ਼ਾਮਲ ਸੀ। ਪਿੰਡ ਦੇ ਲੋਕ ਉਸ ਨੂੰ ਚੰਗੇ ਖਿਡਾਰੀ ਵਜੋਂ ਦੇਖਦੇ ਸਨ।
ਜਿੰਮੀ ਦੇ ਪਿਤਾ ਗੁਰਦੇਵ ਸਿੰਘ, ਮਾਤਾ ਮਨਜੀਤ ਕੌਰ, ਪਨਤੀ ਅਮਨਦੀਪ ਕੌਰ ਅਤੇ ਸਹੁਰਾ ਜਗਸੀਰ ਸਿੰਘ ਨੇ ਪੁਲਿਸ ਮੁਕਾਬਲੇ ਨੂੰ ਫ਼ਰਜ਼ੀ ਕਰਾਰ ਦਿੰਦਿਆਂ ਖ਼ੁਲਾਸਾ ਕੀਤਾ ਕਿ ਘਟਨਾ ਤੋਂ ਕੁਝ ਮਿੰਟ ਪਹਿਲਾਂ ਜਿੰਮੀ ਨੇ ਆਪਣੀ ਮਾਂ ਨੂੰ ਫੋਨ ‘ਤੇ ਦੱਸਿਆ ਸੀ ਕਿ ਉਹ ਆਪਣੇ ਸਹੁਰਾ ਪਿੰਡ ਜੀਦੇ ਆਇਆ ਹੋਇਆ ਹੈ ਅਤੇ ਉਸ ਦੀ ਕਾਰ ਖਰਾਬ ਹੋ ਗਈ ਹੈ। ਤਕਰੀਬਨ ਦੋ ਕੁ ਸਾਲ ਪਹਿਲਾਂ ਵਿਆਹੇ ਗਏ ਜਿੰਮੀ ਨੇ ਦੱਸਿਆ ਸੀ ਕਿ ਉਹ ਕੁਝ ਸਮੇਂ ਬਾਅਦ ਹੀ ਆਪਣੇ ਸਹੁਰਿਆਂ ਦੀ ਕਾਰ ‘ਤੇ ਮੁਕਤਸਰ ਆਵੇਗਾ। ਫੋਨ ਆਉਣ ਤੋਂ ਕੁਝ ਮਿੰਟਾਂ ਮਗਰੋਂ ਹੀ ਇਹ ਭਾਣਾ ਵਰਤ ਗਿਆ।
_________________________________________
ਪੁਲਿਸ ਦੀਆਂ ‘ਭੁਲੇਖੇ’ ‘ਚ ਕੀਤੀਆਂ ਕਾਰਵਾਈਆਂ ਦੀ ਦਹਿਸ਼ਤ
ਫ਼ਰੀਦਕੋਟ: ਪੁਲਿਸ ਨੇ ਗੈਂਗਸਟਰ ਦੇ ਸ਼ੱਕ ਵਿਚ ਵਰਨਾ ਕਾਰ ਦਾ ਪਿੱਛਾ ਕਰਦਿਆਂ ਉਸ ਉਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਭੁਲੇਖੇ ਨਾਲ ਕੀਤੀ ਗਈ ਸੀ ਜਦ ਕਿ ਕਾਰ ਸਵਾਰ ਸ਼ਰਾਬੀ ਸਨ ਤੇ ਪੁਲਿਸ ਉਨ੍ਹਾਂ ਨੂੰ ਗੈਂਗਸਟਰ ਸਮਝ ਬੈਠੀ। ਬਾਸੀ ਚੌਕ ਨਜ਼ਦੀਕ ਕਾਰ ਨਹੀਂ ਰੁਕੀ ਅਤੇ ਕਰੀਬ 20 ਮਿੰਟਾਂ ਬਾਅਦ ਇਹ ਫੌਜੀ ਛਾਉਣੀ ਦੇ ਬਾਹਰ ਉਜਾੜ ਵਿਚ ਖੜ੍ਹੀ ਦੇਖੀ ਗਈ ਜਿਸ ਵਿਚ ਖੂਨ ਦੇ ਨਿਸ਼ਾਨ ਅਤੇ ਕਾਰ ਦੇ ਸ਼ੀਸ਼ੇ ਟੁੱਟੇ ਹੋਏ ਪਏ ਸਨ। ਸੂਤਰਾਂ ਅਨੁਸਾਰ ਪੁਲਿਸ ਨੂੰ ਖ਼ਦਸ਼ਾ ਸੀ ਕਿ ਕਾਰ ਵਿਚ ਗੈਂਗਸਟਰ ਦਵਿੰਦਰ ਬੰਬੀਹਾ ਭਾਈ ਹੈ ਪਰ ਪੁਲਿਸ ਦੀ ਇਹ ਸੂਚਨਾ ਗਲਤ ਸਾਬਤ ਹੋਈ। ਪੁਲਿਸ ਪਾਰਟੀ ਨੇ ਕਾਰ ਉਪਰ 9 ਗੋਲੀਆਂ ਚਲਾਈਆਂ। ਜ਼ਿਲ੍ਹਾ ਪੁਲਿਸ ਮੁਖੀ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਕਾਰ ਸਵਾਰ ਕੋਈ ਅਪਰਾਧੀ ਨਹੀਂ ਬਲਕਿ ਸ਼ਰਾਬੀ ਵਿਅਕਤੀ ਸਨ। ਉਨ੍ਹਾਂ ਗੋਲੀ ਚੱਲਣ ਅਤੇ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਘਟਨਾ ਤੋਂ ਅਣਜਾਣਤਾ ਪ੍ਰਗਟ ਕੀਤੀ। ਜਾਣਕਾਰੀ ਅਨੁਸਾਰ ਪੁਲਿਸ ਨੇ ਜ਼ਖ਼ਮੀ ਵਿਅਕਤੀਆਂ ਨੂੰ ਅਣਦੱਸੇ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਪੁਲਿਸ ਦੀ ਇਹ ਕਾਰਵਾਈ ਦੁਕਾਨਾਂ ਉਪਰ ਲੱਗੇ ਸੀæਸੀæਟੀæਵੀæ ਕੈਮਰਿਆਂ ਵਿਚ ਕੈਦ ਹੋ ਗਈ ਹੈ।
________________________________________
ਸਿਮਰਨਜੀਤ ਸਿੰਘ ਮਾਨ ਨੇ ਪੜਤਾਲ ਕਮੇਟੀ ਬਣਾਈ
ਫਤਹਿਗੜ੍ਹ ਸਾਹਿਬ: ਜ਼ਿਲ੍ਹਾ ਮੁਕਤਸਰ ਦੇ ਪਿੰਡ ਥਾਂਦੇਵਾਲ ਦੇ ਵਸਨੀਕ ਅਜਮੇਰ ਸਿੰਘ ਉਰਫ ਜਿੰਮੀ ਨੂੰ ਗੈਂਗਸਟਰ ਦੱਸ ਕੇ ਪੁਲਿਸ ਮੁਕਾਬਲੇ ਵਿਚ ਮਾਰਨ ਦੇ ਮਾਮਲੇ ਦੀ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਜਿੰਮੀ ਦੇ ਹੋਏ ਕਤਲ ਦੇ ਸੱਚ ਨੂੰ ਸਾਹਮਣੇ ਲਿਆਉਣ ਹਿੱਤ ਪਾਰਟੀ ਤਰਫੋਂ ਜ਼ਿਲ੍ਹਾ ਫ਼ਰੀਦਕੋਟ ਦੇ ਪਾਰਟੀ ਦੇ ਐਕਟਿੰਗ ਪ੍ਰਧਾਨ ਸੁਰਜੀਤ ਸਿੰਘ ਅਰਾਈਆਂਵਾਲਾ ਦੀ ਅਗਵਾਈ ਵਿਚ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਉਕਤ ਕਮੇਟੀ ਜਿੰਮੀ ਦੇ ਹੋਏ ਕਤਲ ਦੀ ਪੜਤਾਲ ਕਰਦੇ ਹੋਏ ਪਾਰਟੀ ਨੂੰ ਇਕ ਹਫਤੇ ਦੇ ਅੰਦਰ-ਅੰਦਰ ਆਪਣੀ ਰਿਪੋਰਟ ਭੇਜੇਗੀ। ਜੇਕਰ ਸਰਕਾਰ ਨੇ ਜਿੰਮੀ ਦੇ ਕਾਤਲਾਂ ਨੂੰ ਫੜਨ ਲਈ ਕਾਨੂੰਨ ਅਨੁਸਾਰ ਕਾਰਵਾਈ ਨਾ ਕੀਤੀ ਤਾਂ ਪਾਰਟੀ ਇਸ ਦਿਸ਼ਾ ਵੱਲ ਪੰਜਾਬ ਪੱਧਰ ‘ਤੇ ਅਗਲਾ ਪ੍ਰੋਗਰਾਮ ਉਲੀਕੇਗੀ।