ਪੰਜਾਬ ਵਿਚ ਸਵਰਾਜ ਲਹਿਰ ਬਾਗੀ; ਪਾਰਟੀ ਬਣਾਈ

ਚੰਡੀਗੜ੍ਹ: ਸਵਰਾਜ ਲਹਿਰ ਮੋਰਚੇ ਨੇ ਸਿਆਸੀ ਪਾਰਟੀ ਦਾ ਰੂਪ ਧਾਰਨ ਕਰ ਲਿਆ ਹੈ। ਸਵਰਾਜ ਪਾਰਟੀ ਦਾ ਐਲਾਨ ਚੰਡੀਗੜ੍ਹ ਵਿਚ ਮੀਟਿੰਗ ਦੌਰਾਨ ਕੀਤਾ ਗਿਆ ਹੈ। ਪਾਰਟੀ ਦਾ ਪ੍ਰਧਾਨ ਪ੍ਰੋਫੈਸਰ ਮਨਜੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਪ੍ਰੋਫੈਸਰ ਮਨਜੀਤ ਸਿੰਘ ਨੇ ਆਖਿਆ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਘੇਰਾ ਫਿਲਹਾਲ ਪੰਜਾਬ ਪੱਧਰ ਤੱਕ ਹੈ ਅਤੇ 2017 ਦੀਆਂ ਚੋਣਾਂ ਵਿਚ ਪਾਰਟੀ ਹਿੱਸਾ ਲਵੇਗੀ। ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਇਸ ਪਾਰਟੀ ਨਾਲ ਯੋਗਿੰਦਰ ਯਾਦਵ ਦਾ ਫਿਲਹਾਲ ਕੋਈ ਸਬੰਧ ਨਹੀਂ ਹੈ ਅਤੇ ਪਾਰਟੀ ਪੂਰੀ ਤਰ੍ਹਾਂ ਪੰਜਾਬ ਪੱਧਰ ਦੀ ਹੈ।

ਮਨਜੀਤ ਸਿੰਘ ਨੇ ਆਖਿਆ ਹੈ ਕਿ ਪਟਿਆਲਾ ਤੋਂ ਐਮæਪੀæ ਡਾਕਟਰ ਧਰਮਵੀਰ ਗਾਂਧੀ ਅਤੇ ਫ਼ਤਿਹਗੜ੍ਹ ਤੋਂ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਦਾ ਉਨ੍ਹਾਂ ਨੂੰ ਸਮਰਥਨ ਹਾਸਲ ਹੈ। ਸਵਰਾਜ ਅਭਿਆਨ ਦੀ ਪੰਜਾਬ ਇਕਾਈ ਦੀ ਇਥੇ ਕਨਵੈਨਸ਼ਨ ਦੌਰਾਨ ਹਾਈ ਕਮਾਨ ਦੀ ਮਨਜ਼ੂਰੀ ਬਿਨਾਂ ਹੀ ‘ਸਵਰਾਜ ਪਾਰਟੀ’ ਬਣਾ ਕੇ ਸਾਲ 2017 ਦੀਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਗਿਆ। ਪਾਰਟੀ ਦਾ ਪ੍ਰਧਾਨ ਪ੍ਰੋæ ਮਨਜੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਪ੍ਰੋæ ਸੰਤੋਖ ਸਿੰਘ ਔਜਲਾ ਨੂੰ ਸੀਨੀਅਰ ਮੀਤ ਪ੍ਰਧਾਨ, ਜੀæਬੀæ ਸਹੋਤਾ ਨੂੰ ਮੀਤ ਪ੍ਰਧਾਨ, ਹਰਬੰਸ ਸਿੰਘ ਢੋਲੇਵਾਲ ਨੂੰ ਜਨਰਲ ਸਕੱਤਰ, ਗੁਰਮੀਤ ਸਿੰਘ ਪ੍ਰਜਾਪਤ ਨੂੰ ਸਕੱਤਰ, ਚਰਨਜੀਤ ਸਿੰਘ ਨੂੰ ਜੁਆਇੰਟ ਸਕੱਤਰ ਅਤੇ ਪ੍ਰੀਤਮ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ ਹੈ।
ਮਾਨਿਕ ਗੋਇਲ, ਪ੍ਰਤੀਕ ਅਤੇ ਗਗਨਦੀਪ ਆਧਾਰਿਤ ਤਿੰਨ ਮੈਂਬਰੀ ਸੋਸ਼ਲ ਮੀਡੀਆ ਟੀਮ ਵੀ ਬਣਾਈ ਗਈ ਹੈ। ਸ਼ਮਸ਼ੇਰ ਸਿੰਘ ਭਾਰਦਵਾਜ, ਗੁਰਨਾਮ ਸਿੰਘ, ਹਰਤੇਜ ਸਿੰਘ ਅਤੇ ਕੁਲਦੀਪ ਸ਼ਰਮਾ ਨੂੰ ਤਰਜਮਾਨ ਨਿਯੁਕਤ ਕੀਤਾ ਗਿਆ ਹੈ।
ਪ੍ਰੋæ ਮਨਜੀਤ ਸਿੰਘ ਨੇ ਦੱਸਿਆ ਕਿ ਸਵਰਾਜ ਅਭਿਆਨ ਦੀ ਹਾਈ ਕਮਾਨ ਵੱਲੋਂ ਭਾਵੇਂ ਪੰਜਾਬ ਇਕਾਈ ਨੂੰ ਸਿਆਸੀ ਪਾਰਟੀ ਬਣਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਪਰ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਪਣੇ ਪੱਧਰ ‘ਤੇ ਹੀ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਵਰਾਜ ਅਭਿਆਨ ਦੇ ਮੁਖੀ ਯੋਗੇਂਦਰ ਯਾਦਵ ਤੇ ਹੋਰ ਟੀਮ ਮੈਂਬਰਾਂ ਨਾਲ ਪੰਜਾਬ ਇਕਾਈ ਦੇ ਕੋਈ ਮੱਤਭੇਦ ਨਹੀਂ ਹਨ ਅਤੇ ਸਵਰਾਜ ਅਭਿਆਨ ਦੇ ਸੰਵਿਧਾਨ ਵਿਚਲੀਆਂ ਮੱਦਾਂ ਕਾਰਨ ਹਾਈ ਕਮਾਨ ਪੰਜਾਬ ਇਕਾਈ ਨੂੰ ਸਿਆਸੀ ਪਾਰਟੀ ਬਣਾਉਣ ਦੀ ਇਜਾਜ਼ਤ ਦੇਣ ਦੇ ਸਮਰੱਥ ਨਹੀਂ ਸੀ।
ਉਨ੍ਹਾਂ ਕਿਹਾ ਕਿ ਫਿਲਹਾਲ ਉਹ ਸਵਰਾਜ ਅਭਿਆਨ ਦਾ ਹਿੱਸਾ ਬਣੇ ਰਹਿਣਗੇ। ਪੰਜਾਬ ਚੋਣਾਂ ਥੋੜ੍ਹੀਆਂ ਸੀਟਾਂ ‘ਤੇ ਲੜਨ ਦਾ ਫੈਸਲਾ ਕੀਤਾ ਗਿਆ ਹੈ। ਜਿਹੜੇ ਹਲਕੇ ਵਿਚ ਪਾਰਟੀ ਨੂੰ ਚੰਗਾ ਆਧਾਰ ਅਤੇ ਵਧੀਆ ਉਮੀਦਵਾਰ ਮਿਲੇਗਾ ਉਥੇ ਪਾਰਟੀ ਖੁਦ ਚੋਣ ਲੜੇਗੀ ਅਤੇ ਹਮਖਿਆਲ ਪਾਰਟੀਆਂ ਨਾਲ ਚੋਣ ਸਾਂਝ ਵੀ ਪਾਈ ਜਾ ਸਕਦੀ ਹੈ। ਪ੍ਰੋæ ਮਨਜੀਤ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ 23 ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿਚ ਉਤਰਨਗੇ। ਇਨ੍ਹਾਂ ਵਿਚ ਛੇ ਲੱਖ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਡਿਗਰੀ ਪੱਧਰ ਤੱਕ ਮੁਫਤ ਪੜ੍ਹਾਈ ਕਰਵਾਉਣਾ ਵੀ ਸ਼ਾਮਲ ਹੈ। ਸਵਰਾਜ ਅਭਿਆਨ ਦੇ ਕੌਮੀ ਮੀਡੀਆ ਇੰਚਾਰਜ ਅਨੁਪਮ ਨੇ ਬਿਆਨ ਜਾਰੀ ਕੀਤਾ ਹੈ ਕਿ ਪੰਜਾਬ ਇਕਾਈ ਨੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਸਿਆਸੀ ਪਾਰਟੀ ਬਣਾਉਣ ਦਾ ਫੈਸਲਾ ਨਹੀਂ ਕੀਤਾ, ਜਿਸ ਕਾਰਨ ਹਾਈ ਕਮਾਨ ਮਾਨਤਾ ਦੇਣ ਦੇ ਸਮਰੱਥ ਨਹੀਂ ਹੈ।