ਬਠਿੰਡਾ: ਬਾਦਲਾਂ ਦਾ ਰੋਜ਼ਾਨਾ ਔਸਤਨ ਡੇਢ ਘੰਟਾ ਹਵਾਈ ਸਫਰ ਵਿਚ ਲੰਘਦਾ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਇਕੋ ਸਰਕਾਰੀ ਹੈਲੀਕਾਪਟਰ ਵਰਤਦੇ ਹਨ। ਬੀਤੇ ਤਿੰਨ ਵਰ੍ਹਿਆਂ ਦੀ ਔਸਤ ਹੈ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰੰਤਰੀ ਰੋਜ਼ਾਨਾ ਡੇਢ ਘੰਟਾ ਅਸਮਾਨੀ ਚੜ੍ਹੇ ਹੁੰਦੇ ਹਨ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਪ੍ਰਤੀ ਮਹੀਨਾ ਔਸਤਨ 40 ਘੰਟੇ ਹਵਾ ਵਿਚ ਉਡਦੇ ਹਨ।
ਸ਼ਹਿਰੀ ਹਵਾਬਾਜ਼ੀ ਵਿਭਾਗ ਤੋਂ ਆਰæਟੀæਆਈæ ਤਹਿਤ ਮਿਲੇ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਦਾ ਹੈਲੀਕਾਪਟਰ ਪਹਿਲੀ ਮਈ 2013 ਤੋਂ 31 ਮਾਰਚ 2016 ਤੱਕ 1391 ਘੰਟੇ ਉਡਿਆ ਹੈ। ਭਾਵ ਤਕਰੀਬਨ 1061 ਦਿਨਾਂ ਵਿਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ 1391 ਘੰਟੇ ਦਾ ਹਵਾਈ ਸਫਰ ਕੀਤਾ ਹੈ। ਇਹ ਉਡਾਣਾਂ ਸਿਰਫ ਸਰਕਾਰੀ ਹੈਲੀਕਾਪਟਰ ਦੀਆਂ ਹਨ। ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਉਤੇ ਪ੍ਰਾਈਵੇਟ ਹੈਲੀਕਾਪਟਰ ਵੀ ਵਰਤਿਆ ਜਾਂਦਾ ਹੈ।
ਭਾਵੇਂ ਪ੍ਰਾਈਵੇਟ ਹੈਲੀਕਾਪਟਰ ਦੇ ਉਡਣ ਘੰਟਿਆਂ ਦੀ ਸੂਚਨਾ ਨਹੀਂ ਦਿੱਤੀ ਗਈ ਹੈ, ਪਰ ਪ੍ਰਾਈਵੇਟ ਹੈਲੀਕਾਪਟਰ ਦੀ ਵਰਤੋਂ ਵੀ ਸਰਕਾਰੀ ਹੈਲੀਕਾਪਟਰ ਵਾਂਗ ਹੀ ਹੋ ਰਹੀ ਹੈ। ਪੰਜਾਬ ਸਰਕਾਰ ਨੇ ਦਸੰਬਰ 2012 ਵਿਚ ਆਪਣਾ ਬੈੱਲ-429 ਹੈਲੀਕਾਪਟਰ ਖਰੀਦ ਲਿਆ ਸੀ। ਨਵਾਂ ਹੈਲੀਕਾਪਟਰ ਖਰੀਦਣ ਦੇ ਬਾਵਜੂਦ ਸਰਕਾਰ ਦੇ ਹੈਲੀਕਾਪਟਰ ਦੇ ਖਰਚੇ ਘਟੇ ਨਹੀਂ ਹਨ। ਪ੍ਰਾਈਵੇਟ ਹੈਲੀਕਾਪਟਰ ਦਾ ਖਰਚਾ ਵੀ ਜਿਉਂ ਦਾ ਤਿਉਂ ਹੀ ਹੈ।ਵੇਰਵਿਆਂ ਅਨੁਸਾਰ ਸਰਕਾਰੀ ਹੈਲੀਕਾਪਟਰ ਦਾ ਸਾਲ 2013-14 ਤੋਂ ਫਰਵਰੀ 2016 ਤੱਕ ਦਾ ਖਰਚਾ 13æ10 ਕਰੋੜ ਰੁਪਏ ਰਿਹਾ। ਇਸੇ ਦੌਰਾਨ ਭਾੜੇ ਦੇ ਹੈਲੀਕਾਪਟਰ ਦਾ ਖਰਚਾ ਕਰੀਬ 12 ਕਰੋੜ ਰੁਪਏ ਰਿਹਾ। ਦੋ ਵਰ੍ਹਿਆਂ ਦੀ ਤੁਲਨਾ ਕਰੀਏ ਤਾਂ ਸਰਕਾਰੀ ਹੈਲੀਕਾਪਟਰ ਦਾ ਖਰਚਾ 9æ50 ਕਰੋੜ ਰੁਪਏ ਹੈ ਜਦਕਿ ਭਾੜੇ ਦੇ ਹੈਲੀਕਾਪਟਰ ਦਾ ਖਰਚਾ 12 ਕਰੋੜ ਹੈ। ਸਰਕਾਰੀ ਹੈਲੀਕਾਪਟਰ ਹਰ ਵਰ੍ਹੇ 480 ਘੰਟੇ ਉੱਡ ਰਿਹਾ ਹੈ। ਸੂਤਰ ਦੱਸਦੇ ਹਨ ਕਿ ਪਿਛਲੇ ਵਰ੍ਹਿਆਂ ਦੌਰਾਨ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਸੜਕੀ ਸਫਰ ਕਾਫੀ ਘਟਿਆ ਹੈ। ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਾਲੇ ਵਰ੍ਹਿਆਂ ਦੌਰਾਨ ਤਾਂ ਲੋਕਲ ਸਫਰ ਲਈ ਵੀ ਹੈਲੀਕਾਪਟਰ ਹੀ ਵਰਤਿਆ ਜਾਂਦਾ ਹੈ। ਇਸੇ ਲਈ ਪ੍ਰਸ਼ਾਸਨ ਨੂੰ ਪਿੰਡ ਪਿੰਡ ਨਵੇਂ ਹੈਲੀਪੈਡ ਬਣਾਉਣੇ ਪੈਂਦੇ ਹਨ।
ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਪ੍ਰਧਾਨ ਪਿਰਮਲ ਸਿੰਘ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਹੁਣ ਧਰਤੀ ਉਤੇ ਆ ਕੇ ਪੰਜਾਬ ਦੇ ਹਾਲਾਤ ਦੇਖਣੇ ਚਾਹੀਦੇ ਹਨ। ਦੱਸਣਯੋਗ ਹੈ ਕਿ ਆਡਿਟ ਵਿਭਾਗ ਵੱਲੋਂ ਹਰ ਵਰ੍ਹੇ ਸਰਕਾਰ ਵੱਲੋਂ ਪ੍ਰਾਈਵੇਟ ਹੈਲੀਕਾਪਟਰ ਵਰਤੇ ਜਾਣ ਉਤੇ ਇਤਰਾਜ਼ ਕੀਤਾ ਜਾਂਦਾ ਹੈ।